ਜਲੰਧਰ : ਭਾਰਤੀ ਹਾਕੀ ਜਗਤ ਲਈ ਇੱਕ ਬਹੁਤ ਹੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। 1980 ਦੀਆਂ ਮਾਸਕੋ ਓਲੰਪਿਕ ਖੇਡਾਂ ਵਿੱਚ ਸੋਨ ਤਮਗਾ ਜਿੱਤਣ ਵਾਲੀ ਭਾਰਤੀ ਟੀਮ ਦੇ ਮੈਂਬਰ ਅਤੇ ਦਿੱਗਜ ਖਿਡਾਰੀ ਦਵਿੰਦਰ ਸਿੰਘ ਗਰਚਾ ਦਾ ਸ਼ਨੀਵਾਰ ਨੂੰ ਦਿਹਾਂਤ ਹੋ ਗਿਆ। ਉਨ੍ਹਾਂ ਦੇ ਅਕਾਲ ਚਲਾਣੇ 'ਤੇ ਖੇਡ ਜਗਤ ਵਿੱਚ ਸੋਗ ਦੀ ਲਹਿਰ ਹੈ। ਸੁਰਜੀਤ ਹਾਕੀ ਸੁਸਾਇਟੀ ਦੇ ਮੁੱਖ ਕਾਰਜਕਾਰੀ ਇਕਬਾਲ ਸਿੰਘ ਸੰਧੂ ਨੇ ਗਰਚਾ ਦੇ ਪਰਿਵਾਰ ਨਾਲ ਡੂੰਘੀ ਹਮਦਰਦੀ ਪ੍ਰਗਟ ਕਰਦਿਆਂ ਇਸ ਨੂੰ ਭਾਰਤੀ ਹਾਕੀ ਲਈ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ ਹੈ।
ਸ਼ਾਨਦਾਰ ਖੇਡ ਕਰੀਅਰ
7 ਦਸੰਬਰ 1952 ਨੂੰ ਜਨਮੇ ਦਵਿੰਦਰ ਸਿੰਘ ਗਰਚਾ ਨੇ 1980 ਦੇ ਸਮਰ ਓਲੰਪਿਕ ਵਿੱਚ ਭਾਰਤ ਦੀ ਇਤਿਹਾਸਕ ਜਿੱਤ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਉਨ੍ਹਾਂ ਨੇ ਇਸ ਟੂਰਨਾਮੈਂਟ ਦੇ 6 ਮੈਚਾਂ ਵਿੱਚ 8 ਗੋਲ ਕੀਤੇ ਸਨ। ਆਪਣੇ ਪ੍ਰਭਾਵਸ਼ਾਲੀ ਅੰਤਰਰਾਸ਼ਟਰੀ ਕਰੀਅਰ ਵਿੱਚ ਉਨ੍ਹਾਂ ਨੇ 30 ਤੋਂ ਵੱਧ ਮੈਚ ਖੇਡੇ ਅਤੇ ਕੁੱਲ 19 ਗੋਲ ਦਾਗੇ। ਉਹ ਸਿਰਫ਼ ਇੱਕ ਬਿਹਤਰੀਨ ਖਿਡਾਰੀ ਹੀ ਨਹੀਂ ਸਨ, ਸਗੋਂ ਖੇਡ ਪ੍ਰਸ਼ਾਸਨ ਵਿੱਚ ਵੀ ਸਰਗਰਮ ਸਨ ਅਤੇ ਮਸ਼ਹੂਰ ਮਹਿੰਦਰ ਸਿੰਘ ਮੁਨਸ਼ੀ ਹਾਕੀ ਟੂਰਨਾਮੈਂਟ ਦੇ ਪ੍ਰਧਾਨ ਵਜੋਂ ਸੇਵਾਵਾਂ ਨਿਭਾ ਰਹੇ ਸਨ।
ਸੁਰਜੀਤ ਹਾਕੀ ਸੁਸਾਇਟੀ ਦੇ ਸਮੂਹ ਮੈਂਬਰਾਂ ਨੇ ਦੁਖੀ ਪਰਿਵਾਰ ਨਾਲ ਸੰਵੇਦਨਾ ਪ੍ਰਗਟ ਕਰਦਿਆਂ ਵਿਛੜੀ ਰੂਹ ਦੀ ਸ਼ਾਂਤੀ ਲਈ ਅਰਦਾਸ ਕੀਤੀ ਹੈ। ਫਿਲਹਾਲ ਉਨ੍ਹਾਂ ਦੇ ਅੰਤਿਮ ਸੰਸਕਾਰ ਦੀ ਤਾਰੀਖ ਅਤੇ ਸਮਾਂ ਤੈਅ ਨਹੀਂ ਹੋਇਆ ਹੈ।
ਕਿਸਮਤ ਦਾ ਲਿਖਿਆ ਕੋਈ ਮੈਥੋਂ ਨਹੀਂ ਖੋਹ ਸਕਦਾ : ਸ਼ੁਭਮਨ ਗਿੱਲ
NEXT STORY