ਜਲੰਧਰ/ਚੰਡੀਗੜ੍ਹ (ਵੈੱਬ ਡੈਸਕ)-ਭਾਜਪਾ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਸਾਬਕਾ ਦਿੱਲੀ ਮੁੱਖ ਮੰਤਰੀ ਆਤਿਸ਼ੀ ਵੱਲੋਂ ਆਪਣੀ ਵੀਡੀਓ ਬਾਰੇ ਦਿੱਤੇ ਗਏ ਸਪਸ਼ਟੀਕਰਨ ਆਪਣੇ ਆਪ ਵਿੱਚ ਹੀ ਦੋਸ਼ ਕਬੂਲ ਕਰਨ ਵਰਗੀ ਲੱਗਦੀ ਹੈ ਪਰ ਇਸ ਦੇ ਬਾਵਜੂਦ ਪੰਜਾਬ ਪੁਲਸ ਨੇ ਇਕ ਦਿਨ ਦੇ ਅੰਦਰ ਉਸ ਵੀਡੀਓ ਦੀ ਫੋਰੈਂਸਿਕ ਜਾਂਚ ਕਰਵਾ ਕੇ ਉਸ ਨੂੰ ਕਲੀਨ ਚਿੱਟ ਦੇ ਦਿੱਤੀ। ਵੀਡੀਓ ਦੀ ਫੋਰੈਂਸਿਕ ਜਾਂਚ ਨੂੰ ਲੈ ਕੇ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਕੀ ਤਿੰਨ ਦਿਨਾਂ ਦੇ ਵਿਚ ਫੋਰੈਂਸਿਕ ਜਾਂਚ ਦਾ ਨਤੀਜਾ ਵੀ ਆ ਗਿਆ ? ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਸਵਾਲ ਕੀਤਾ ਕਿ ਇਕ ਵੀਡੀਓ ਲਈ ਇਕ ਹੀ ਦਿਨ ਵਿੱਚ ਕਲੀਨ ਚਿੱਟ ਕਿਉਂ ਦੇ ਦਿੱਤੀ ਜਾਂਦੀ ਹੈ, ਜਦਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਵੀਡੀਓ ਅਤੇ ਐੱਸ. ਐੱਸ. ਪੀ. ਦੀ ਵੀਡੀਓ ਦੀ ਜਾਂਚ ਕਿਉਂ ਨਹੀਂ ਕੀਤੀ ਜਾ ਰਹੀ ਹੈ ? ਉਨ੍ਹਾਂ ਸਵਾਲ ਕੀਤਾ ਕਿ ਉਹੀ ਪੰਜਾਬ ਪੁਲਸ ਮੁੱਖ ਮੰਤਰੀ ਨਾਲ ਸੰਬੰਧਤ ਵੀਡੀਓ ਦੀ ਇਕ ਦਿਨ 'ਚ ਫੋਰੈਂਸਿਕ ਜਾਂਚ ਕਰਕੇ ਉਨ੍ਹਾਂ ਨੂੰ ਵੀ ਕਲੀਨ ਚਿੱਟ ਕਿਉਂ ਨਹੀਂ ਦੇ ਸਕੀ। ਉਨ੍ਹਾਂ ਕਿਹਾ ਕਿ ਕਾਫ਼ੀ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਨਾ ਤਾਂ ਪੁਲਸ ਵੱਲੋਂ ਜਾਂਚ ਕਰਵਾਈ ਜਾ ਰਹੀ ਹੈ ਅਤੇ ਨਾ ਹੀ ਮੁੱਖ ਮੰਤਰੀ ਖ਼ੁਦ ਇਸ ਦੀ ਜਾਂਚ ਦੇ ਹੁਕਮ ਦੇਣ ਦੀ ਹਿੰਮਤ ਵਿਖਾ ਰਹੇ ਹਨ, ਜੋ ਆਪਣੇ ਆਪ ਵਿੱਚ ਹੀ ਇਸ ਮਾਮਲੇ ਵਿੱਚ ਕੁਝ ਗੜਬੜ ਹੋਣ ਦਾ ਸੰਕੇਤ ਦਿੰਦਾ ਹੈ।
ਉਨ੍ਹਾਂ ਕਿਹਾ ਕਿ ਹਾਈਕੋਰਟ ਨੇ ਐੱਸ. ਐੱਸ. ਪੀ. ਵੀਡੀਓ 'ਤੇ ਵੀ ਹੁਕਮ ਜਾਰੀ ਕੀਤੇ ਹਨ। ਇਸ 'ਤੇ ਵੀ ਹਾਈਕੋਰਟ ਨੂੰ ਸੋ- ਮੋਟੋ ਨੋਟਿਸ ਲੈਣਾ ਚਾਹੀਦਾ ਹੈ। ਉਹ 16 ਜਨਵਰੀ ਨੂੰ ਮੁੱਖ ਮੰਤਰੀ ਦੇ ਘਰ ਦਾ ਘਿਰਾਓ ਕਰਨ ਦੀ ਯੋਜਨਾ ਬਣਾ ਰਹੇ ਹਨ। ਇਸ ਤੋਂ ਪਹਿਲਾਂ ਮੁੱਖ ਮੰਤਰੀ ਨੂੰ ਦੋਵਾਂ ਵੀਡੀਓਜ਼ ਦਾ ਜਵਾਬ ਦੇਣਾ ਪਵੇਗਾ। ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਬੇਅਦਬੀ ਦੇ ਅਤਿ ਸੰਵੇਦਨਸ਼ੀਲ ਮੁੱਦੇ 'ਤੇ ਪੰਜਾਬ ਵਿੱਚ ਪਹਿਲਾਂ ਵੀ ਸਰਕਾਰਾਂ ਡਿੱਗ ਚੁੱਕੀਆਂ ਹਨ ਪਰ ਇਸ ਦੇ ਬਾਵਜੂਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਗੰਭੀਰ ਨਹੀਂ ਜਾਪਦੀ।
ਭਾਜਪਾ ਆਗੂ ਨੇ ਕਿਹਾ ਕਿ ਗੁਰੂ ਸਾਹਿਬਾਨ ਵਿਰੁੱਧ ਕੋਈ ਵੀ ਟਿੱਪਣੀ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ। ਸਾਡਾ ਸਮਾਜ ਕਦੇ ਵੀ ਅਜਿਹੀਆਂ ਗੱਲਾਂ ਨੂੰ ਬਰਦਾਸ਼ਤ ਨਹੀਂ ਕਰਦਾ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਨੇ ਬੇਅਦਬੀ ਵਿਰੁੱਧ ਸਖ਼ਤ ਕਾਨੂੰਨ ਲਿਆਉਣ ਦਾ ਵਾਅਦਾ ਕਰਦੇ ਹੋਏ ਵਿਧਾਨ ਸਭਾ ਨੂੰ ਚੁਣੌਤੀ ਦਿੱਤੀ ਕਿ ਸਪੈਸ਼ਲ ਸੈਸ਼ਨ ਬੁਲਾਇਆ ਪਰ ਜਿਸ ਕਮੇਟੀ ਦੇ ਗਠਨ ਦਾ ਦਾਅਵਾ ਕੀਤਾ ਗਿਆ ਸੀ, ਉਸ ਦਾ ਅੱਜ ਤੱਕ ਕੁਝ ਪਤਾ ਨਹੀਂ। ਦੂਜੇ ਸੈਸ਼ਨਾਂ ਵਾਂਗ ਇਹ ਵੀ ਬਿਨਾਂ ਕਿਸੇ ਠੋਸ ਨਤੀਜੇ ਦੇ ਖ਼ਤਮ ਹੋ ਗਿਆ। ਭਾਜਪਾ ਨੇ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਆਤਿਸ਼ੀ 'ਤੇ ਗੁਰੂ ਸਾਹਿਬਾਨ ਵਿਰੁੱਧ ਬਿਆਨ ਦੇਣ ਦਾ ਦੋਸ਼ ਲਗਾਇਆ ਅਤੇ ਕਿਹਾ ਕਿ ਇਸ ਪੂਰੇ ਮਾਮਲੇ ਵਿੱਚ ਸਰਕਾਰ ਦੀ ਭੂਮਿਕਾ ਸ਼ੱਕੀ ਹੈ। ਭਾਜਪਾ ਨੇ ਇਸ ਮਾਮਲੇ ਵਿੱਚ ਜਲੰਧਰ ਪੁਲਸ ਵੱਲੋਂ ਕੀਤੀ ਗਈ ਫੋਰੈਂਸਿਕ ਜਾਂਚ 'ਤੇ ਵੀ ਸਵਾਲ ਉਠਾਏ। ਉਨ੍ਹਾਂ ਕਿਹਾ ਕਿ ਪੁਲਸ ਦਾਅਵਾ ਕਰ ਰਹੀ ਹੈ ਕਿ ਵੀਡੀਓ ਵਿੱਚ "ਗੁਰੂ" ਸ਼ਬਦ ਜੋੜਿਆ ਗਿਆ ਸੀ, ਜਦਕਿ ਆਤਿਸ਼ੀ ਕੁੱਤਿਆਂ ਦੇ ਸਤਿਕਾਰ ਸਬੰਧੀ ਟਿੱਪਣੀ ਨੂੰ ਸਵੀਕਾਰ ਕਰ ਰਹੀ ਹੈ ਪਰ ਗੁਰੂ ਸਾਹਿਬਾਨ ਸਬੰਧੀ ਬਿਆਨ ਤੋਂ ਇਨਕਾਰ ਕਰ ਰਹੀ ਹੈ। ਜਦਕਿ ਵਿਧਾਨ ਸਭਾ ਵਿਚ ਚਰਚਾ ਗੁਰੂ ਸਾਹਿਬਾਨਾਂ ਦੇ ਸਤਿਕਾਰ ਅਤੇ ਸਨਮਾਨ ਨੂੰ ਲੈ ਕੇ ਹੋ ਰਹੀ ਸੀ।
ਇਹ ਵੀ ਪੜ੍ਹੋ: ਕਹਿਰ ਓ ਰੱਬਾ! ਪੰਜਾਬ 'ਚ ਭਿਆਨਕ ਸੜਕ ਹਾਦਸੇ ਦੌਰਾਨ ASI ਦੀ ਮੌਤ, ਦੋ ਧੀਆਂ ਦੇ ਸਿਰੋਂ ਉੱਠਿਆ ਪਿਓ ਦਾ ਸਾਇਆ
ਸੁਨੀਲ ਜਾਖੜ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਚੁਣੌਤੀ ਦਿੱਤੀ ਕਿ ਉਹ ਜਾਂ ਤਾਂ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣ ਜਾਂ ਆਪਣੇ ਨਾਲ ਜੁੜੀ ਕਥਿਤ ਧਾਰਮਿਕ ਬੇਅਦਬੀ ਵਾਲੀ ਵੀਡੀਓ ਦੀ ਤੁਰੰਤ ਜਾਂਚ ਕਰਵਾਕੇ ਆਪਣੇ ਆਪ ਨੂੰ ਪੂਰੀ ਤਰ੍ਹਾਂ ਬੇਦੋਸ਼ ਸਾਬਤ ਕਰਨ। ਉਨ੍ਹਾਂ ਕਿਹਾ ਕਿ ਜੇ ਆਤਿਸ਼ੀ ਨਾਲ ਸੰਬੰਧਤ ਵੀਡੀਓ ਦੀ ਇਕ ਦਿਨ ਵਿੱਚ ਜਾਂਚ ਹੋ ਸਕਦੀ ਹੈ ਤਾਂ ਮੁੱਖ ਮੰਤਰੀ ਨਾਲ ਸੰਬੰਧਤ ਵੀਡੀਓ ਦੀ ਵੀ ਇਕ ਦਿਨ ਵਿੱਚ ਜਾਂਚ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਜੇ ਮੁੱਖ ਮੰਤਰੀ ਆਪਣੇ ਨਾਲ ਸੰਬੰਧਤ ਵੀਡੀਓ ਦੀ ਫੋਰੈਂਸਿਕ ਜਾਂਚ ਕਰਵਾਉਣ ਦੀ ਹਿੰਮਤ ਨਹੀਂ ਰੱਖਦੇ ਤਾਂ ਉਨ੍ਹਾਂ ਨੂੰ ਮੁੱਖ ਮੰਤਰੀ ਦੇ ਅਹੁਦੇ ’ਤੇ ਬਣੇ ਰਹਿਣ ਦਾ ਕੋਈ ਨੈਤਿਕ ਅਧਿਕਾਰ ਨਹੀਂ। ਜਲੰਧਰ ਪੁਲਸ ਵੱਲੋਂ ਆਤਿਸ਼ੀ ਦੇ ਬਿਆਨ ਵਾਲੀ ਵੀਡੀਓ ਦੀ ਇਕ ਦਿਨ ਵਿੱਚ ਫੋਰੈਂਸਿਕ ਜਾਂਚ ਕਰਨ ਦੀ ਤੇਜ਼ੀ ਬਾਰੇ ਗੱਲ ਕਰਦਿਆਂ ਭਾਜਪਾ ਦੇ ਸੂਬਾ ਪ੍ਰਧਾਨ ਨੇ ਕਿਹਾ ਕਿ ਸਿਰਫ਼ ਇਕ ਵੀਡੀਓ ਹੀ ਨਹੀਂ, ਸਗੋਂ ਦੋ ਹੋਰ ਆਡੀਓ-ਵੀਡੀਓ ਕਲਿੱਪ ਵੀ ਕਾਫ਼ੀ ਸਮੇਂ ਤੋਂ ਸਮਾਜ ਵਿੱਚ ਘੁੰਮ ਰਹੀਆਂ ਹਨ, ਜਿਨ੍ਹਾਂ ਦੀ ਜਾਂਚ ਕਰਵਾਉਣ ਤੋਂ ਸਰਕਾਰ ਗੁਰੇਜ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਆਤਿਸ਼ੀ ਨੇ ਆਪਣੇ ਸਪਸ਼ਟੀਕਰਨ ਵਿੱਚ ਵੀ ਇਹ ਗੱਲ ਮੰਨੀ ਹੈ ਕਿ ਉਸ ਨੇ ''ਕੁੱਤੇ'' ਸ਼ਬਦ ਵਰਤਿਆ। ਉਨ੍ਹਾਂ ਸਵਾਲ ਕੀਤਾ ਕਿ ਇਹ ਸ਼ਬਦ ਕਿਸ ਸੰਦਰਭ ਵਿੱਚ ਵਰਤਿਆ ਗਿਆ, ਕਿਉਂਕਿ ਇਹ ਬਹੁਤ ਮਹੱਤਵਪੂਰਨ ਹੈ। ਵਿਧਾਨ ਸਭਾ ਦੀ ਚੱਲ ਰਹੀ ਕਾਰਵਾਈ ਦੌਰਾਨ ਜਿਸ ਦੀ ਇੱਜ਼ਤ ਦੀ ਗੱਲ ਹੋ ਰਹੀ ਸੀ, ਉਸ ਸੰਦਰਭ ਵਿੱਚ ਆਤਿਸ਼ੀ ਦੇ ਬਿਆਨ ਨੂੰ ਸਮਝਿਆ ਜਾ ਸਕਦਾ ਹੈ ਅਤੇ ਪਾਰਟੀ ਦੇ ਨੇਤਾਵਾਂ ਦੀ ਘਟੀਆ ਸੋਚ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਗੁਰੂ ਤੇਗ਼ ਬਹਾਦੁਰ ਸਾਹਿਬ ਜੀ ਦੀ ਇੱਜ਼ਤ ਵਿੱਚ ਵਿਸ਼ੇਸ਼ ਵਿਧਾਨ ਸਭਾ ਸੈਸ਼ਨ ਬੁਲਾ ਰਹੇ ਹਨ ਅਤੇ ਦੂਜੇ ਪਾਸੇ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਵਿਧਾਨ ਸਭਾ ਵਿੱਚ ਇਸ ਤਰ੍ਹਾਂ ਦੀ ਨਿੰਦਨਯੋਗ ਭਾਸ਼ਾ ਵਰਤ ਰਹੀ ਹੈ।
ਸੁਨੀਲ ਜਾਖੜ ਨੇ ਕਿਹਾ ਕਿ ਜਿੱਥੇ ਇਕ ਪਾਸੇ ਆਤਿਸ਼ੀ ਦੀ ਵੀਡੀਓ ਨੂੰ ਇਕ ਦਿਨ ਵਿੱਚ ਫੋਰੈਂਸਿਕ ਜਾਂਚ ਤੋਂ ਬਾਅਦ ਕਲੀਨ ਚਿੱਟ ਮਿਲ ਜਾਂਦੀ ਹੈ, ਉੱਥੇ ਹੀ ਦੂਜੇ ਪਾਸੇ ਪਟਿਆਲਾ ਦੇ ਐਸਐਸਪੀ ਨਾਲ ਸੰਬੰਧਿਤ ਉਹ ਆਡੀਓ, ਜਿਸ ਵਿੱਚ ਕਥਿਤ ਤੌਰ ’ਤੇ ਜ਼ਿਲ੍ਹਾ ਪਰਿਸ਼ਦ ਚੋਣਾਂ ਵਿੱਚ ਹੇਰਾਫੇਰੀ ਦੀ ਯੋਜਨਾ ਬਣਾਈ ਜਾ ਰਹੀ ਹੈ ਅਤੇ ਮੁੱਖ ਮੰਤਰੀ ਨਾਲ ਸੰਬੰਧਤ ਕਥਿਤ ਧਾਰਮਿਕ ਬੇਅਦਬੀ ਵਾਲੀ ਵੀਡੀਓ ਸਮਾਜ ਵਿੱਚ ਘੁੰਮ ਰਹੀ ਹੈ। ਉਨ੍ਹਾਂ ਸਰਕਾਰ ਨੂੰ ਚੁਣੌਤੀ ਦਿੱਤੀ ਕਿ ਦੋਵਾਂ ਆਡੀਓ ਅਤੇ ਵੀਡੀਓ ਕਲਿੱਪਾਂ ਦੀ ਤੁਰੰਤ ਫੋਰੈਂਸਿਕ ਲੈਬ ਤੋਂ ਜਾਂਚ ਕਰਵਾ ਕੇ ਸੱਚ ਸਾਹਮਣੇ ਲਿਆਂਦਾ ਜਾਵੇ। ਉਨ੍ਹਾਂ ਵਧੇਰੇ ਕਿਹਾ ਕਿ ਮੁੱਖ ਮੰਤਰੀ ਜਿਹੇ ਉੱਚ ਅਹੁਦੇ ’ਤੇ ਬੈਠੇ ਵਿਅਕਤੀ ਬਾਰੇ ਇਸ ਤਰ੍ਹਾਂ ਦੀਆਂ ਵੀਡੀਓਜ਼ ਦਾ ਘੁੰਮਣਾ ਅਤੇ ਉਨ੍ਹਾਂ ਵੱਲੋਂ ਸੱਚਾਈ ਸਾਫ਼ ਕਰਨ ਲਈ ਜਾਂਚ ਨਾ ਕਰਵਾਉਣਾ ਬਿਲਕੁਲ ਵੀ ਸ਼ੋਭਾ ਨਹੀਂ ਦਿੰਦਾ।
ਇਸ ਦੇ ਨਾਲ ਹੀ ਭਾਜਪਾ ਪ੍ਰਧਾਨ ਨੇ ਕਿਹਾ ਕਿ ਸੂਬੇ ਵਿੱਚ ਲਗਾਤਾਰ ਬਿਗੜ ਰਹੀ ਕਾਨੂੰਨ-ਵਿਵਸਥਾ, ਪੰਜਾਬ ਦਾ ਨਸ਼ਿਆਂ ਦਾ ਕੇਂਦਰ ਬਣਦਾ ਜਾ ਰਿਹਾ ਹੋਣਾ ਅਤੇ ਵਧ ਰਹੇ ਭ੍ਰਿਸ਼ਟਾਚਾਰ ਬਾਰੇ ਸਰਕਾਰ ਤੋਂ ਜਵਾਬ ਲੈਣ ਲਈ ਭਾਰਤੀ ਜਨਤਾ ਪਾਰਟੀ 16 ਜਨਵਰੀ ਨੂੰ ਚੰਡੀਗੜ੍ਹ ਵਿੱਚ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕਰੇਗੀ। ਸੂਬੇ ਦੀ ਵਿਗੜ ਰਹੀ ਕਾਨੂੰਨ-ਵਿਵਸਥਾ ’ਤੇ ਚਿੰਤਾ ਜ਼ਾਹਰ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਮੋਰਚੇ ’ਤੇ ਆਮ ਆਦਮੀ ਪਾਰਟੀ ਦੀ ਸਰਕਾਰ ਪੂਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ ਅਤੇ ਸੂਬੇ ਵਿੱਚ ਲਗਭਗ ਕੋਈ ਸਰਕਾਰ ਬਚੀ ਹੀ ਨਹੀਂ। ਸੁਨੀਲ ਜਾਖੜ ਨੇ ਕਿਹਾ ਕਿ ਪੰਜਾਬ ਵਿਚ ਅੱਜ ਜੋ ਕੁਝ ਵੀ ਹੋ ਰਿਹਾ ਹੈ, ਉਹ ਕਿਸੇ ਤੋਂ ਲੁਕਿਆ ਨਹੀਂ ਹੈ। ਉਨ੍ਹਾਂ ਕਿਹਾ ਕਿ ਆਤਿਸ਼ੀ ਵੱਲੋਂ ਜਿਹੜੇ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ, ਉਹ ਬਹੁਤ ਹੀ ਘਿਨਾਉਣੀ ਹਰਕਤ ਹੈ। ਸੁਨੀਲ ਜਾਖੜ ਨੇ ਕਿਹਾ ਕਿ ਇਸ ਮੁੱਦੇ 'ਤੇ ਆਮ ਆਦਮੀ ਪਾਰਟੀ ਨੂੰ ਜਵਾਬ ਦੇਣਾ ਪਵੇਗਾ। ਇਸ ਮਸਲੇ 'ਤੇ ਜ਼ਿਆਦਾ ਪਰਦਾ ਨਹੀਂ ਪਾਇਆ ਜਾ ਸਕਦਾ। ਇਸ ਮੌਕੇ ਸੁਨੀਲ ਜਾਖੜ ਨੇ ਭਗਵੰਤ ਮਾਨ ਨੂੰ ਇਸ ਮੁੱਦੇ 'ਤੇ ਸਪੈਸ਼ਲ ਸੈਸ਼ਨ ਬੁਲਾਉਣ ਦੀ ਵੀ ਮੰਗ ਕੀਤੀ।
ਇਹ ਵੀ ਪੜ੍ਹੋ: ਪੰਜਾਬ ਦੇ ਲੋਕਾਂ ਲਈ ਵੱਡੀ ਮੁਸੀਬਤ! ਪ੍ਰਾਪਰਟੀ ਸੌਦਿਆਂ ’ਤੇ ਸਰਕਾਰੀ ਰਾਡਾਰ, ਸਖ਼ਤ ਹੁਕਮ ਜਾਰੀ
ਇਥੇ ਦੱਸ ਦੇਈਏ ਕਿ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਅਤੇ 'ਆਪ' ਵਿਧਾਇਕ ਆਤਿਸ਼ੀ ਮਾਰਲੇਨਾ ਦੇ ਇਕ ਵਿਵਾਦਤ ਵੀਡੀਓ ਨੂੰ ਲੈ ਕੇ ਸਿਆਸੀ ਹੰਗਾਮਾ ਤੇਜ਼ ਹੋ ਗਿਆ ਹੈ। ਇਸ ਮਾਮਲੇ ਵਿੱਚ ਦਿੱਲੀ ਵਿਧਾਨ ਸਭਾ ਦੇ ਸਪੀਕਰ ਨੇ ਪੰਜਾਬ ਦੇ ਡੀ. ਜੀ. ਪੀ. ਸਾਈਬਰ ਕਰਾਈਮ ਦੇ ਸਪੈਸ਼ਲ ਡੀ. ਜੀ. ਪੀ. ਅਤੇ ਜਲੰਧਰ ਦੀ ਪੁਲਸ ਨੂੰ ਨੋਟਿਸ ਜਾਰੀ ਕਰਦਿਆਂ 48 ਘੰਟਿਆਂ ਵਿੱਚ ਜਵਾਬ ਤਲਬ ਕੀਤਾ ਹੈ।
ਜਾਣਕਾਰੀ ਮੁਤਾਬਕ 6 ਜਨਵਰੀ ਨੂੰ ਦਿੱਲੀ ਵਿਧਾਨ ਸਭਾ ਦੀ ਕਾਰਵਾਈ ਦੌਰਾਨ ਇਕ ਚਰਚਾ ਚੱਲ ਰਹੀ ਸੀ। ਭਾਜਪਾ ਨੇਤਾਵਾਂ ਨੇ ਦੋਸ਼ ਲਾਇਆ ਕਿ ਇਸ ਦੌਰਾਨ ਆਤਿਸ਼ੀ ਨੇ ਸਿੱਖ ਗੁਰੂਆਂ ਦੇ ਖ਼ਿਲਾਫ਼ ਅਪਮਾਨਜਨਕ ਭਾਸ਼ਾ ਵਰਤੀ। 7 ਜਨਵਰੀ ਨੂੰ ਭਾਜਪਾ ਨੇਤਾ ਕਪਿਲ ਮਿਸ਼ਰਾ ਨੇ ਇਕ ਵੀਡੀਓ ਕਲਿੱਪ ਸਾਂਝੀ ਕੀਤੀ, ਜਿਸ ਵਿੱਚ ਦਾਅਵਾ ਕੀਤਾ ਗਿਆ ਕਿ ਜਦੋਂ ਸਦਨ ਗੁਰੂਆਂ ਨੂੰ ਸ਼ਰਧਾਂਜਲੀ ਦੇ ਰਿਹਾ ਸੀ ਤਾਂ ਆਤਿਸ਼ੀ ਨੇ ਇਤਰਾਜ਼ਯੋਗ ਸ਼ਬਦਾਵਲੀ ਦਾ ਇਸਤੇਮਾਲ ਕੀਤਾ। ਹਾਲਾਂਕਿ ਆਤਿਸ਼ੀ ਨੇ ਇਨ੍ਹਾਂ ਦੋਸ਼ਾਂ ਨੂੰ ਨਕਾਰ ਦਿੱਤਾ ਸੀ। ਵੀਡੀਓ ਵਿਵਾਦ ਵੱਧਣ ਪਿੱਛੋਂ ਜਲੰਧਰ ਪੁਲਸ ਨੇ ਇਕ ਸ਼ਿਕਾਇਤ ਦੇ ਆਧਾਰ 'ਤੇ ਭਾਜਪਾ ਨੇਤਾ ਕਪਿਲ ਮਿਸ਼ਰਾ ਖ਼ਿਲਾਫ਼ ਐੱਫ਼. ਆਈ. ਆਰ. ਦਰਜ ਕੀਤੀ ਹੈ। ਪੁਲਸ ਮੁਤਾਬਕ ਮੋਹਾਲੀ ਦੀ ਫੋਰੈਂਸਿਕ ਲੈਬ ਵਿੱਚ ਵੀਡੀਓ ਦੀ ਜਾਂਚ ਕਰਵਾਈ ਗਈ, ਜਿਸ ਵਿੱਚ ਸਪੱਸ਼ਟ ਹੋਇਆ ਹੈ ਕਿ ਆਤਿਸ਼ੀ ਨੇ ਕਿਤੇ ਵੀ 'ਗੁਰੂ' ਸ਼ਬਦ ਦਾ ਇਸਤੇਮਾਲ ਨਹੀਂ ਕੀਤਾ ਅਤੇ ਵੀਡੀਓ ਨਾਲ ਛੇੜਛਾੜ ਕੀਤੀ ਗਈ ਸੀ।
ਇਹ ਵੀ ਪੜ੍ਹੋ: ਹੁਸ਼ਿਆਰਪੁਰ ਵਿਖੇ ਸ਼ੱਕੀ ਹਾਲਾਤ 'ਚ ਵਿਆਹੁਤਾ ਦੀ ਮੌਤ, ਪੇਕੇ ਪਰਿਵਾਰ ਨੇ ਲਾਏ ਸਹੁਰਿਆਂ 'ਤੇ ਗੰਭੀਰ ਦੋਸ਼
ਇਸ ਐੱਫ਼. ਆਈ. ਆਰ. 'ਤੇ ਦਿੱਲੀ ਵਿਧਾਨ ਸਭਾ ਦੇ ਸਪੀਕਰ ਵਿਜੇਂਦਰ ਗੁਪਤਾ ਨੇ ਪੰਜਾਬ ਪੁਲਸ ਦੀ ਇਸ ਕਾਰਵਾਈ 'ਤੇ ਸਖ਼ਤ ਇਤਰਾਜ਼ ਜਤਾਇਆ ਹੈ। ਉਨ੍ਹਾਂ ਕਿਹਾ ਕਿ ਸਦਨ ਦੇ ਅੰਦਰ ਦੀ ਰਿਕਾਰਡਿੰਗ ਵਿਧਾਨ ਸਭਾ ਦੀ ਜਾਇਦਾਦ ਹੈ ਅਤੇ ਇਸ 'ਤੇ ਦੂਜੇ ਸੂਬੇ ਦੀ ਪੁਲਸ ਵੱਲੋਂ ਐੱਫ਼. ਆਈ. ਆਰ. ਦਰਜ ਕਰਨਾ 'ਵਿਸ਼ੇਸ਼ ਅਧਿਕਾਰ ਹੰਨਣ' ਦਾ ਮਾਮਲਾ ਹੈ। ਇਸ ਸਬੰਧੀ ਜਲੰਧਰ ਪੁਲਸ ਕਮਿਸ਼ਨਰ ਨੇ ਸਦਨ ਦੀ ਜਾਇਦਾਦ ਨਾਲ ਗਲਤ ਦਖਲਅੰਦਾਜ਼ੀ ਕੀਤੀ ਹੈ, ਜਿਸ ਕਾਰਨ ਉਨ੍ਹਾਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਇਸ ਪਿੱਛੋਂ ਮਾਮਲੇ ਉੱਤੇ ਵਿਧਾਇਕ ਕਪਿਲ ਮਿਸ਼ਰਾ ਨੇ ਕਿਹਾ ਕਿ ਕੇਜਰੀਵਾਲ ਦੀ ਪੁਲਸ ਉਨ੍ਹਾਂ ਨੂੰ ਡਰਾ ਨਹੀਂ ਸਕਦੀ ਅਤੇ ਸਾਰੀ ਦੁਨੀਆ ਨੇ ਉਹ ਵੀਡੀਓ ਸੁਣੀ ਹੈ।
ਹੁਣ ਤਕ ਇਸ ਮਾਮਲੇ ਵਿੱਚ ਐੱਸ. ਜੀ. ਪੀ. ਸੀ. ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅਤੇ ਅਕਾਲ ਤਖ਼ਤ ਦੇ ਜਥੇਦਾਰ ਨੇ ਆਤਿਸ਼ੀ ਦੇ ਕਥਿਤ ਬਿਆਨ ਦੀ ਨਿੰਦਾ ਕੀਤੀ ਅਤੇ ਉਸ ਦੀ ਮੈਂਬਰਸ਼ਿਪ ਰੱਦ ਕਰਨ ਦੀ ਮੰਗ ਕੀਤੀ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਵੀ ਆਤਿਸ਼ੀ 'ਤੇ ਨਿਸ਼ਾਨਾ ਸਾਧਦਿਆਂ ਉਸ ਦੇ ਅਸਤੀਫੇ ਦੀ ਮੰਗ ਕੀਤੀ ਹੈ। ਪੰਜਾਬ ਕਾਂਗਰਸ ਨੇ ਵੀ ਦੋਸ਼ ਲਾਇਆ ਕਿ ਆਤਿਸ਼ੀ ਨੂੰ ਬਚਾਉਣ ਲਈ ਉਨ੍ਹਾਂ ਦੇ ਨੇਤਾਵਾਂ ਸੁਖਪਾਲ ਖਹਿਰਾ ਅਤੇ ਪਰਗਟ ਸਿੰਘ 'ਤੇ ਵੀ ਕੇਸ ਦਰਜ ਕੀਤੇ ਗਏ ਹਨ। ਫਿਲਹਾਲ ਇਹ ਮਾਮਲਾ ਦਿੱਲੀ ਅਤੇ ਪੰਜਾਬ ਦੀ ਸਿਆਸਤ ਵਿੱਚ ਗਰਮਾਈ ਹੋਈ ਹੈ।
ਇਹ ਵੀ ਪੜ੍ਹੋ: ਘਰ ਦੇ ਬਾਹਰ ਪ੍ਰਦਰਸ਼ਨ ਕਰਨ ਆਏ 'ਆਪ' ਆਗੂ ਤੇ MLA ਪਰਗਟ ਸਿੰਘ ਹੋਏ ਆਹਮੋ-ਸਾਹਮਣੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
1980 ਓਲੰਪਿਕ ਤਮਗਾ ਜੇਤੂ ਭਾਰਤੀ ਹਾਕੀ ਟੀਮ ਦੇ ਅਹਿਮ ਮੈਂਬਰ ਦਵਿੰਦਰ ਸਿੰਘ ਗਰਚਾ ਦਾ ਦਿਹਾਂਤ
NEXT STORY