ਨਵੀਂ ਦਿੱਲੀ (ਭਾਸ਼ਾ)— ਕਾਰਗਿਲ ਯੁੱਧ ਦੇ ਸ਼ੁਰੂ ਵਿਚ ਦੇਸ਼ ਲਈ ਆਪਣੀ ਜਾਨ ਕੁਰਬਾਨ ਕਰਨ ਵਾਲੇ ਕੈਪਟਨ ਸੌਰਭ ਕਾਲੀਆ ਦੇ ਮਾਤਾ-ਪਿਤਾ ਨੇ ਅੱਜ ਵੀ ਆਪਣੇ ਪੁੱਤਰ ਦੀ ਇਕ ਮਿੱਠੀ ਯਾਦ ਸੰਭਾਲ ਕੇ ਰੱਖੀ ਹੋਈ ਹੈ। ਉਨ੍ਹਾਂ ਨੇ ਸੌਰਭ ਦੇ ਦਸਤਖਤ ਵਾਲਾ ਇਕ 'ਚੈਕ' ਆਪਣੇ ਪੁੱਤਰ ਦੀ ਯਾਦ 'ਚ ਸੰਭਾਲ ਕੇ ਰੱਖਿਆ ਹੈ। ਸੌਰਭ ਨੇ ਕਾਰਗਿਲ ਲਈ ਰਵਾਨਾ ਹੋਣ ਤੋਂ ਪਹਿਲਾਂ ਇਸ 'ਤੇ ਦਸਤਖਤ ਕੀਤੇ ਸਨ। ਦੁਨੀਆ ਲਈ ਨਾਇਕ ਰਹੇ ਅਤੇ ਪਰਿਵਾਰ ਲਈ 'ਸ਼ਰਾਰਤੀ' ਕੈਪਟਨ ਸੌਰਭ 1999 ਦੇ ਕਾਰਗਿਲ ਯੁੱਧ ਦੌਰਾਨ ਸ਼ੁਰੂਆਤ ਵਿਚ ਹੀ ਸ਼ਹੀਦ ਹੋਏ ਫੌਜੀਆਂ ਵਿਚੋਂ ਇਕ ਸਨ। ਉਹ ਭਾਰਤੀ ਥਲ ਸੈਨਾ ਦੇ ਉਨ੍ਹਾਂ 6 ਫੌਜੀਆਂ 'ਚੋਂ ਇਕ ਸਨ, ਜਿਨ੍ਹਾਂ ਦਾ ਮ੍ਰਿਤਕ ਸਰੀਰ ਬਹੁਤ ਹੀ ਖਰਾਬ ਹਾਲਤ 'ਚ ਪਾਕਿਸਤਾਨ ਵਲੋਂ ਸੌਂਪਿਆ ਗਿਆ ਸੀ।
ਸੌਰਭ ਦੇ ਪਿਤਾ ਨਰਿੰਦਰ ਕੁਮਾਰ ਅਤੇ ਮਾਂ ਵਿਜੇ ਕਾਲੀਆ ਨੂੰ ਅੱਜ ਵੀ ਉਹ ਪਲ ਚੰਗੀ ਤਰ੍ਹਾਂ ਨਾਲ ਯਾਦ ਹੈ, ਜਦੋਂ 20 ਸਾਲ ਪਹਿਲਾਂ ਉਨ੍ਹ੍ਹਾਂ ਨੇ ਆਪਣੇ ਪੁੱਤਰ ਸੌਰਭ ਨੂੰ ਆਖਰੀ ਵਾਰ ਦੇਖਿਆ ਸੀ। ਸੌਰਭ ਅਜੇ 23 ਸਾਲ ਦੇ ਵੀ ਨਹੀਂ ਹੋਏ ਸਨ ਅਤੇ ਆਪਣੀ ਡਿਊਟੀ 'ਤੇ ਜਾ ਰਹੇ ਸਨ। ਹਿਮਾਚਲ ਪ੍ਰਦੇਸ਼ ਦੇ ਪਾਲਮਪੁਰ ਰਹਿੰਦੇ ਉਨ੍ਹਾਂ ਦੇ ਮਾਤਾ-ਪਿਤਾ ਨੇ ਆਪਣੇ ਪੁੱਤਰ ਦੀਆਂ ਯਾਦਾਂ ਨੂੰ ਸਾਂਝਾ ਕੀਤਾ। ਉਨ੍ਹਾਂ ਦੀ ਮਾਂ ਨੇ ਦੱਸਿਆ ਕਿ ਡਿਊਟੀ 'ਤੇ ਜਾਣ ਤੋਂ ਪਹਿਲਾਂ ਸੌਰਭ ਰਸੋਈ ਵਿਚ ਆਇਆ ਅਤੇ ਦਸਤਖਤ ਕੀਤਾ ਹੋਇਆ ਬਿਨਾਂ ਰਕਮ ਭਰੇ ਇਕ ਚੈਕ ਮੈਨੂੰ ਸੌਂਪਿਆ। ਉਸ ਨੇ ਮੈਨੂੰ ਉਸ ਦੇ ਬੈਂਕ ਖਾਤੇ 'ਚੋਂ ਰੁਪਏ ਕੱਢਣ ਨੂੰ ਕਿਹਾ। ਮਾਂ ਨੇ ਦੱਸਿਆ ਕਿ ਸੌਰਭ ਦੇ ਦਸਤਖਤ ਵਾਲਾ ਇਹ ਚੈਕ, ਉਸ ਦੇ ਵਲੋਂ ਲਿਖੀ ਹੋਈ ਆਖਰੀ ਨਿਸ਼ਾਨੀ ਹੈ। ਮਾਂ ਨੇ ਅੱਗੇ ਕਿਹਾ ਕਿ ਇਹ ਚੈਕ ਮੇਰੇ ਸ਼ਰਾਰਤੀ ਪੁੱਤਰ ਦੀ ਇਕ ਪਿਆਰੀ ਜਿਹੀ ਯਾਦ ਹੈ।
ਸੌਰਭ ਦੇ ਪਿਤਾ ਨੇ ਕਿਹਾ ਕਿ 30 ਮਈ 1999 ਨੂੰ ਉਨ੍ਹਾਂ ਦੀ ਉਸ ਨਾਲ ਆਖਰੀ ਵਾਰ ਗੱਲ ਹੋਈ ਸੀ, ਜਦੋਂ ਉਸ ਦੇ ਛੋਟੇ ਭਰਾ ਵੈਭਵ ਦਾ ਜਨਮ ਦਿਨ ਸੀ। ਉਹ ਘਰ ਆਉਣ ਦਾ ਵਾਅਦਾ ਪੂਰਾ ਨਹੀਂ ਕਰ ਸਕਿਆ ਅਤੇ ਦੇਸ਼ ਲਈ ਕੁਰਬਾਨੀ ਦੇ ਦਿੱਤੀ। ਮਾਂ ਵਿਜੇ ਨੇ ਕਿਹਾ ਕਿ ਉਹ ਸਮੇਂ ਤੋਂ ਪਹਿਲਾਂ ਆ ਗਿਆ ਸੀ ਪਰ ਤਿਰੰਗੇ 'ਚ ਲਿਪਟਿਆ ਹੋਇਆ। ਹਜ਼ਾਰਾਂ ਲੋਕ ਸੋਗ ਵਿਚ ਡੁੱਬੇ ਸਨ ਅਤੇ ਮੇਰੇ ਪੁੱਤਰ ਦੇ ਨਾਮ ਤੋਂ ਨਾਅਰੇ ਲਾ ਰਹੇ ਸਨ। ਮੈਂ ਮਾਣ ਮਹਿਸੂਸ ਕਰ ਰਹੀ ਸੀ ਪਰ ਮੈਂ ਬੇਸ਼ਕੀਮਤੀ ਚੀਜ਼ ਗੁਆ ਦਿੱਤੀ ਸੀ। ਸੌਰਭ ਦੇ ਪਿਤਾ ਨੇ ਕਿਹਾ ਕਿ ਭਾਰਤੀ ਫੌਜ ਅਕੈਡਮੀ ਵਿਚ ਰਹਿਣ ਦੌਰਾਨ ਉਹ ਹਮੇਸ਼ਾ ਕਹਿੰਦਾ ਸੀ ਕਿ ਇਕ ਕਮਰਾ ਉਸ ਲਈ ਵੱਖਰ ਤੋਂ ਹੋਣਾ ਚਾਹੀਦਾ ਹੈ, ਕਿਉਂਕਿ ਉਸ 'ਚ ਉਸ ਨੂੰ ਆਪਣੀਆਂ ਚੀਜ਼ਾਂ ਰੱਖਣੀਆਂ ਹਨ। ਅਸੀਂ ਉਸ ਦੀ ਇਹ ਮੰਗ ਪੂਰੀ ਕਰਨ ਵਾਲੇ ਹੀ ਸੀ ਕਿ ਉਹ ਆਪਣੀ ਪਹਿਲੀ ਤਾਇਨਾਤੀ 'ਤੇ ਚਲਾ ਗਿਆ ਅਤੇ ਉਸ ਤੋਂ ਬਾਅਦ ਉਸ ਦੇ ਸ਼ਹੀਦ ਹੋਣ ਦੀ ਖਬਰ ਆਈ।
ਉਨ੍ਹਾਂ ਦੇ ਪੁੱਤਰ ਦੀ ਸ਼ਹਾਦਤ ਕੌਮਾਂਤਰੀ ਸੁਰਖੀਆਂ ਬਣੀ ਸੀ। ਦਰਅਸਲ ਪਾਕਿਸਤਾਨ ਦੇ ਫੌਜੀਆਂ ਨੇ ਉਨ੍ਹਾਂ ਨਾਲ ਬੇਰਹਿਮੀ ਭਰਿਆ ਵਤੀਰਾ ਕੀਤਾ ਸੀ। ਸੌਰਭ 5 ਫੌਜੀਆਂ ਨਾਲ 1999 ਨੂੰ ਕਾਰਗਿਲ ਵਿਚ ਇਕ ਟੋਹੀ ਮਿਸ਼ਨ 'ਤੇ ਗਏ ਸਨ ਪਰ ਇਹ ਟੀਮ ਲਾਪਤਾ ਹੋ ਗਈ ਅਤੇ ਉਨ੍ਹਾਂ ਦੀ ਗੁੰਮਸ਼ੁਦਗੀ ਦੀ ਪਹਿਲੀ ਖ਼ਬਰ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀ ਵਿਚ ਰੇਡੀਓ 'ਤੇ ਪ੍ਰਸਾਰਿਤ ਹੋਈ। ਸੌਰਭ ਨੇ ਕਾਰਗਿਲ ਵਿਚ ਪਾਕਿਸਤਾਨੀ ਫੌਜੀਆਂ ਦੀ ਵੱਡੀ ਘੁਸਪੈਠ ਦਾ ਸਾਹਮਣਾ ਕੀਤਾ ਸੀ। 5 ਮਈ 1999 ਨੂੰ ਕੈਪਟਨ ਸੌਰਭ ਕਾਲੀਆ ਅਤੇ ਉਨ੍ਹਾਂ ਦੇ 5 ਸਾਥੀਆਂ ਨੂੰ ਪਾਕਿਸਤਾਨੀ ਫੌਜੀਆਂ ਨੇ ਬੰਦੀ ਬਣਾ ਲਿਆ ਸੀ। 20 ਦਿਨ ਬਾਅਦ ਉੱਥੋਂ ਭਾਰਤੀ ਜਵਾਨਾਂ ਦੇ ਮ੍ਰਿਤਕ ਸਰੀਰ ਵਾਪਸ ਆਏ ਤਾਂ ਉਨ੍ਹਾਂ ਦੀ ਪਛਾਣ ਕਰਨਾ ਮੁਸ਼ਕਲ ਸੀ। ਪੋਸਟਮਾਰਟਮ ਰਿਪੋਰਟ ਵਿਚ ਪਤਾ ਲੱਗਾ ਕਿ ਭਾਰਤੀ ਜਵਾਨਾਂ ਨਾਲ ਪਾਕਿਸਤਾਨ ਨੇ ਬਹੁਤ ਬੇਰਹਿਮੀ ਕੀਤੀ ਸੀ। ਹਾਲਾਂਕਿ ਪਾਕਿਸਤਾਨ ਹਮੇਸ਼ਾ ਹੀ ਇਸ ਤੋਂ ਇਨਕਾਰ ਕਰਦਾ ਰਿਹਾ ਹੈ। ਸੌਰਭ ਦੇ ਪਿਤਾ ਨੇ ਰੋਂਦੇ ਹੋਏ ਕਿਹਾ, ਉਹ ਇਕ ਬਹਾਦਰ ਪੁੱਤਰ ਸੀ। ਸੌਰਭ ਦੇ ਭਰਾ ਵੈਭਵ ਉਸ ਸਮੇਂ ਮਹਿਜ 20 ਸਾਲ ਦੇ ਸਨ, ਜਦੋਂ ਉਨ੍ਹਾਂ ਨੇ ਆਪਣੇ ਸ਼ਹੀਦ ਭਰਾ ਨੂੰ ਮੁੱਖ ਅਗਨੀ ਦਿੱਤੀ ਸੀ। ਉਹ ਕਹਿੰਦੇ ਹਨ ਕਿ ਮੇਰਾ ਬਚਪਨ ਤਾਂ ਮੇਰੇ ਭਰਾ ਨਾਲ ਹੀ ਚਲਾ ਗਿਆ। ਦੋ ਬੱਚਿਆਂ ਦੇ ਪਿਤਾ ਵੈਭਵ ਨੇ ਦੱਸਿਆ ਕਿ ਉਨ੍ਹਾਂ ਦੇ ਬੱਚੇ ਆਪਣੇ ਤਾਏ ਦੀ ਬਹਾਦਰੀ ਦੀ ਗਾਥਾ ਤੋਂ ਕਾਫੀ ਪ੍ਰੇਰਿਤ ਹਨ। ਉਨ੍ਹਾਂ ਦੱਸਿਆ ਕਿ 13 ਸਾਲਾ ਪਾਰਥ ਵਿਗਿਆਨੀ ਬਣਨਾ ਚਾਹੁੰਦਾ ਹੈ ਅਤੇ ਥਲ ਸੈਨਾ ਲਈ ਕੁਝ ਕਰਨਾ ਚਾਹੁੰਦਾ ਹੈ, ਜਦਕਿ 11 ਸਾਲਾ ਵਯੋਮੇਸ਼ ਫੌਜ ਵਿਚ ਭਰਤੀ ਹੋਣ ਦਾ ਇੱਛੁਕ ਹੈ।
ਰੇਲਵੇ ਕਮੇਟੀ ਯਾਤਰੀਆਂ ਦੀ ਸਮੱਸਿਆਵਾਂ ਨੂੰ ਜਾਨਣ ਲਈ 17 ਸਟੇਸ਼ਨਾਂ ਦਾ ਕਰੇਗੀ ਦੌਰਾ
NEXT STORY