ਹਰਿਆਣਾ- ਇਕ ਪਾਸੇ ਜਿੱਥੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਦਿੱਲੀ ਦੀਆਂ ਬਰੂਹਾਂ ’ਤੇ ਪਿਛਲੇ 9 ਮਹੀਨਿਆਂ ਤੋਂ ਡਟੇ ਹੋਏ ਹਨ, ਉੱਥੇ ਹੁਣ ਕਰਨਾਲ ਵਿਚ ਕਿਸਾਨਾਂ ’ਤੇ ਹੋਏ ਲਾਠੀਚਾਰਜ ਦਾ ਮਾਮਲਾ ਭੱਖ ਪਿਆ ਹੈ। ਕਿਸਾਨ ਕਰਨਾਲ ਦੇ ਮਿੰਨੀ ਸਕੱਤਰੇਤ ਸਾਹਮਣੇ ਪੱਕਾ ਧਰਨਾ ਲਗਾ ਕੇ ਬੈਠ ਗਏ ਹਨ। ਅਜਿਹੇ ’ਚ ਹੁਣ ਕਿਸਾਨਾਂ ਦੀ ਅਗਲੀ ਰਣਨੀਤੀ ਕੀ ਹੋਵੇਗੀ, ਇਸ ਸਬੰਧੀ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਤੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ‘ਜਗ ਬਾਣੀ’ ਦੇ ਪ੍ਰਤੀਨਿਧੀ ਰਮਨਦੀਪ ਸਿੰਘ ਸੋਢੀ ਨਾਲ ਹਰ ਮਸਲੇ ’ਤੇ ਖੁੱਲ੍ਹੀ ਗੱਲਬਾਤ ਕੀਤੀ ਹੈ। ਪੇਸ਼ ਹਨ ਇਸ ਮੁਲਾਕਾਤ ਦੇ ਮੁੱਖ ਅੰਸ਼ :
ਸਵਾਲ : ਰਾਜੇਵਾਲ ਜੀ, ਅੰਦੋਲਨ ਦੀ ਤੱਤਕਾਲ ਸਥਿਤੀ ਕੀ ਹੈ?
ਜਵਾਬ : ਮੋਰਚਾ ਚੜ੍ਹਦੀ ਕਲਾ ’ਚ ਹੈ। ਜਦੋਂ ਵੱਡੇ ਅੰਦੋਲਨ ਚਲਾਉਣੇ ਹੋਣ ਤਾਂ ਕਈ ਵਾਰ ਵੱਖ-ਵੱਖ ਥਾਵਾਂ ’ਤੇ ਜ਼ਿੰਮੇਵਾਰੀਆਂ ਨਿਭਾਉਣੀਆਂ ਪੈਂਦੀਆਂ ਨੇ, ਜਿਸ ਕਾਰਨ ਕਈਆਂ ਨੂੰ ਲੱਗਦਾ ਹੈ ਕਿ ਸ਼ਾਇਦ ਅੰਦੋਲਨਕਾਰੀਆਂ ਦੀ ਗਿਣਤੀ ਘਟ ਗਈ ਹੈ। ਦਿੱਲੀ ਦੀਆਂ ਬਰੂਹਾਂ ’ਤੇ ਜਿੰਨੀ ਗਿਣਤੀ ਚਾਹੀਦੀ ਹੈ ਓਨੀ ਹੈ। ਹੁਣ ਗਿਣਤੀ ਦਿਖਾਉਣ ਦਾ ਸਮਾਂ ਬੀਤ ਗਿਆ ਹੈ ਤੇ ਮੋਰਚਾ ਸਥਾਪਿਤ ਹੋ ਚੁੱਕਾ ਹੈ। ਵੱਡੀ ਗੱਲ ਇਹ ਹੈ ਕਿ ਹੁਣ ਮੋਰਚਾ ਦਿੱਲੀ ਦੀਆਂ ਸਰਹੱਦਾਂ ਤੱਕ ਸੀਮਤ ਨਹੀਂ ਸਗੋਂ ਹਰ ਘਰ ਦੇ ਚੁੱਲ੍ਹੇ ਤੱਕ ਇਸ ਅੰਦੋਲਨ ਦੀ ਗੱਲ ਹੋ ਰਹੀ ਹੈ।
ਸਵਾਲ : ਮੁਜ਼ੱਫਰਨਗਰ ਤੇ ਕਰਨਾਲ ਦੀ ਮਹਾਪੰਚਾਇਤ ਤੋਂ ਬਾਅਦ ਅੰਦੋਲਨ ਦੀ ਰੂਪ-ਰੇਖਾ ਨੂੰ ਕਿਵੇਂ ਵੇਖਦੇ ਹੋ?
ਜਵਾਬ : ਮੁਜ਼ੱਫਰਨਗਰ ਦੀ ਮਹਾਪੰਚਾਇਤ ਨੇ ਤਾਂ ਰਾਜ ਕਰਦੀ ਪਾਰਟੀ ਭਾਜਪਾ ਨੂੰ ਕੰਬਣੀ ਛੇੜ ਦਿੱਤੀ ਹੈ। ਮੁਜ਼ੱਫਰਨਗਰ ’ਚ ਹਰ-ਹਰ ਮਹਾਦੇਵ, ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ, ਅੱਲ੍ਹਾ ਹੂ ਅਕਬਰ ਦੇ ਨਾਅਰੇ ਲੱਗੇ ਜਿਸ ਨੇ ਭਾਜਪਾ ਦੇ ਧਰਮ ਅਤੇ ਜਾਤੀ ਦੇ ਨਾਂ ’ਤੇ ਲੋਕਾਂ ਨੂੰ ਵੰਡ ਕੇ ਰਾਜਨੀਤੀ ਕਰਨ ਦੇ ਫੰਡੇ ਨੂੰ ਵੱਡੀ ਸੱਟ ਮਾਰੀ ਹੈ। ਲੋਕਾਂ ਨੇ ਉੱਤਰ ਪ੍ਰਦੇਸ਼ ’ਚ ਜਿਸ ਤਰ੍ਹਾਂ ਮੀਟਿੰਗਾਂ ਕਰ ਕੇ ਇਹ ਸੁਨੇਹਾ ਦਿੱਤਾ ਕਿ ਅਸੀਂ ਕਿਸਾਨ ਪਹਿਲਾਂ, ਹਿੰਦੂ ਜਾਂ ਮੁਸਲਮਾਨ ਬਾਅਦ ਵਿਚ ਹਾਂ, ਇਸ ਨਾਲ ਸੱਤਾਧਾਰੀ ਪਾਰਟੀ ਭਾਜਪਾ ਕੋਲ ਕਹਿਣ ਨੂੰ ਕੁਝ ਨਹੀਂ ਬਚਿਆ ।
ਸਵਾਲ : ਕਰਨਾਲ ਦੇ ਘਟਨਾਚੱਕਰ ਬਾਰੇ ਕੀ ਕਹੋਗੇ ਤੇ ਤੁਹਾਡੀ ਅਗਲੀ ਰਣਨੀਤੀ ਕੀ ਹੈ?
ਜਵਾਬ : ਕਰਨਾਲ ਦੇ ਘਟਨਾਕ੍ਰਮ ’ਤੇ ਸਰਕਾਰ ਸਾਨੂੰ ਉਲਝਾ ਕੇ ਰੱਖਣਾ ਚਾਹੁੰਦੀ ਹੈ। ਸਰਕਾਰ ਨੇ ਇਹ ਅੰਦਾਜ਼ਾ ਵੀ ਨਹੀਂ ਲਗਾਇਆ ਸੀ ਕਿ ਉਥੇ ਐਨਾ ਵੱਡਾ ਇਕੱਠ ਹੋਵੇਗਾ। ਇਸ ਕਰਕੇ ਅਸੀਂ ਕੁਝ ਬੰਦਿਆਂ ਦੀ ਜ਼ਿੰਮੇਵਾਰੀ ਉਥੇ ਤੈਅ ਕਰ ਦਿੱਤੀ ਹੈ ਜੋ ਅੰਦੋਲਨ ਚਲਾਉਂਦੇ ਰਹਿਣਗੇ ਪਰ ਅਸੀਂ ਉਥੇ ਪੱਕਾ ਮੋਰਚਾ ਨਹੀਂ ਲਾਵਾਂਗੇ। ਅਸੀਂ ਹਰਿਆਣਾ ਸਰਕਾਰ ਨੂੰ ਵੀ ਮੰਗਾਂ ਮੰਨਣ ਲਈ ਮਜ਼ਬੂਰ ਕਰ ਦੇਵਾਂਗੇ ਤੇ ਕੇਂਦਰ ਸਰਕਾਰ ਨੂੰ ਵੀ।
ਸਵਾਲ : ਤੁਹਾਡੇ ਮੁਤਾਬਕ ਸਰਕਾਰ ਦੀ ਐੱਸ. ਡੀ. ਐੱਮ. ਨਾਲ ਸਟੈਂਡ ਲੈਣ ਪਿੱਛੇ ਕੀ ਮਜ਼ਬੂਰੀ ਹੈ?
ਜਵਾਬ : ਸਰਕਾਰ ਦੀ ਰਣਨੀਤੀ ਹੈ ਕਿ ਕਿਸਾਨ ਮੋਰਚੇ ਨੂੰ ਉਲਝਾ ਕੇ ਰੱਖੀਏ। ਕੰਮ ਕਰਨ ਦਾ ਇਕ ਤਰੀਕਾ ਹੁੰਦਾ ਹੈ। ਆਰਮੀ ਦਾ ਕੰਮ ਆਪਣੇ ਦੁਸ਼ਮਣ ਅੰਦਰ ਪੂਰਾ ਖ਼ੌਫ਼ ਜਾਂ ਡਰ ਪੈਦਾ ਕਰਨਾ ਹੁੰਦਾ ਹੈ, ਉਨ੍ਹਾਂ ਨੂੰ ਥਕਾ ਦੇਣਾ ਹੁੰਦਾ ਹੈ। ਫਿਰ ਆਉਂਦੀ ਹੈ ਪੈਰਾ ਮਿਲਟਰੀ ਫੋਰਸ, ਜਿਸਦਾ ਦਬਾਅ ਆਰਮੀ ਨਾਲੋਂ ਥੋੜ੍ਹਾ ਘੱਟ ਹੁੰਦਾ ਹੈ। ਜਿਹੜੀ ਪੁਲਸ ਹੈ ਉਸ ਨੇ ਆਮ ਜਨਤਾ ਨਾਲ ਪੇਸ਼ ਆਉਣਾ ਹੁੰਦਾ ਹੈ, ਜਿਸਦਾ ਮਕਸਦ ਇਹ ਨਹੀਂ ਹੁੰਦਾ ਜੋ ਕਰਨਾਲ ’ਚ ਐੱਸ. ਡੀ. ਐੱਮ. ਨੇ ਕਿਹਾ ਕਿ ਇਨ੍ਹਾਂ ਦਾ ਸਿਰ ਪਾੜ ਦਿਓ। ਇਸ ਤਰ੍ਹਾਂ ਦਾ ਹੁਕਮ ਦੇਣ ਦਾ ਸੰਵਿਧਾਨ ਅਧਿਕਾਰ ਨਹੀਂ ਦਿੰਦਾ। ਸਾਡੀ ਮੰਗ ਹੈ ਕਿ ਅਜਿਹਾ ਹੁਕਮ ਦੇਣ ਵਾਲੇ ਐੱਸ. ਡੀ. ਐੱਮ. ਨੂੰ ਸਭ ਤੋਂ ਪਹਿਲਾਂ ਤਾਂ ਸਸਪੈਂਡ ਕਰੋ ਤਾਂ ਜੋ ਉਹ ਜਾਂਚ ਨੂੰ ਪ੍ਰਭਾਵਿਤ ਨਾ ਕਰ ਸਕੇ। ਜਦੋਂ ਤੱਕ ਉਸਨੂੰ ਸਸਪੈਂਡ ਨਹੀਂ ਕੀਤਾ ਜਾਂਦਾ, ਮੋਰਚਾ ਜਾਰੀ ਰਹੇਗਾ।
ਸਵਾਲ : ਤੁਸੀਂ ਕਿਹਾ ਸੀ ਕਿ ਸਿਰਫ਼ ਭਾਜਪਾ ਦਾ ਵਿਰੋਧ ਕਰੋ, ਬਾਕੀਆਂ ਨੂੰ ਸਵਾਲ ਕਰੋ ਪਰ ਪੰਜਾਬ ’ਚ ਸਭ ਦਾ ਵਿਰੋਧ ਹੋ ਰਿਹੈ?
ਜਵਾਬ : ਮੋਰਚੇ ਦੀ ਕਾਲ ਹੈ ਕਿ ਅਸੀਂ ਭਾਜਪਾ ਦਾ ਵਿਰੋਧ ਕਰਨਾ ਹੈ ਅਤੇ ਕਰ ਵੀ ਰਹੇ ਹਾਂ। ਬਾਕੀ ਸਿਆਸੀ ਪਾਰਟੀਆਂ ਨੂੰ ਅਸੀਂ ਇਕ ਗੱਲ ਕਹੀ ਹੈ ਕਿ ਚੋਣਾਂ ਦਾ ਇਕ ਆਪਣਾ ਇਤਿਹਾਸ ਹੈ ਜਿਸ ਅਨੁਸਾਰ ਤਕਰੀਬਨ ਦੋ ਮਹੀਨੇ ਪਹਿਲਾਂ ਚੋਣ ਪ੍ਰਚਾਰ ਸ਼ੁਰੂ ਕੀਤਾ ਜਾਂਦਾ ਹੈ। ਅਕਾਲੀਆਂ ਨੇ 100 ਦਿਨ ਦਾ ਪ੍ਰੋਗਰਾਮ ਵੀ ਦੇ ਦਿੱਤਾ। ਅਜਿਹੇ ਸਮੇਂ ਅਕਾਲੀ ਦਲ ਦੀ ਰੈਲੀ ਹੋਈ ਤਾਂ ਕਾਂਗਰਸ ਦੇ ਕੁਝ ਬੰਦਿਆਂ ਨੇ ਕਿਸਾਨ ਯੂਨੀਅਨ ਦੇ ਝੰਡੇ ਫੜ ਕੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਜਿੱਥੇ ਕਾਂਗਰਸ ਦਾ ਕੋਈ ਆਗੂ ਗਿਆ ਤਾਂ ਅਕਾਲੀਆਂ ਨੇ ਕਿਸਾਨ ਮੋਰਚੇ ਦੇ ਝੰਡੇ ਫੜ ਕੇ ਵਿਰੋਧ ਕੀਤਾ। ਸਾਨੂੰ ਲੱਗਾ ਕਿ ਸਿਆਸਤ ਪਾਰਟੀਆਂ ਕਰ ਰਹੀਆਂ ਹਨ ਪਰ ਬਦਨਾਮ ਕਿਸਾਨ ਅੰਦੋਲਨ ਹੋ ਰਿਹਾ ਹੈ। ਇਸੇ ਕਰ ਕੇ ਅੱਜ ਸਿਆਸੀ ਪਾਰਟੀਆਂ ਅਕਾਲੀ ਦਲ, ਕਾਂਗਰਸ ਤੇ ਆਮ ਆਦਮੀ ਪਾਰਟੀ ਨਾਲ ਬੈਠਕ ਹੋਣ ਜਾ ਰਹੀ ਹੈ।
ਸਵਾਲ : ਹੁਣ ਤੁਸੀਂ ਸਿਆਸੀ ਜਮਾਤਾਂ ਪ੍ਰਤੀ ਕੀ ਰਣਨੀਤੀ ਬਣਾਈ ਹੈ?
ਜਵਾਬ : ਅਸੀਂ ਸਿਆਸੀ ਜਮਾਤਾਂ ਨੂੰ ਅਪੀਲ ਕਰਨ ਜਾ ਰਹੇ ਹਾਂ ਕਿ ਵੱਡੀਆਂ ਰੈਲੀਆਂ ਬੰਦ ਕਰੋ। ਜਦੋਂ ਤੱਕ ਚੋਣਾਂ ਦਾ ਐਲਾਨ ਨਹੀਂ ਹੁੰਦਾ ਉਦੋਂ ਤੱਕ ਵੱਡੇ ਇਕੱਠ ਨਹੀਂ ਕਰਨੇ ਚਾਹੀਦੇ। ਜਦੋਂ ਚੋਣਾਂ ਦਾ ਐਲਾਨ ਹੋਵੇ ਖੁੱਲ੍ਹ ਕੇ ਪ੍ਰਚਾਰ ਕਰਨ, ਸਾਨੂੰ ਕੋਈ ਇਤਰਾਜ਼ ਨਹੀਂ ਹੋਵੇਗਾ। ਅਸੀਂ ਉਨ੍ਹਾਂ ਨੂੰ ਪੱਕੇ ਤੌਰ ’ਤੇ ਵੀ ਘਰਾਂ ’ਚ ਬੈਠਣ ਨੂੰ ਨਹੀਂ ਕਹਿ ਰਹੇ। ਸਾਨੂੰ ਉਮੀਦ ਹੈ ਕਿ ਸਾਡੀ ਗੱਲ ਨਾਲ ਸਾਰੀਆਂ ਸਿਆਸੀ ਪਾਰਟੀਆਂ ਸਹਿਮਤ ਹੋਣਗੀਆਂ ਅਤੇ ਪੰਜਾਬ ਦੀ ਸ਼ਾਂਤੀ ਭੰਗ ਨਹੀਂ ਹੋਣ ਦੇਣਗੀਆਂ।
ਕੀ ਸੰਯੁਕਤ ਕਿਸਾਨ ਮੋਰਚਾ ਸਾਰੀਆਂ ਸਿਆਸੀ ਪਾਰਟੀਆਂ ਦੇ ਬਾਈਕਾਟ ਬਾਰੇ ਸੋਚ ਸਕਦਾ ਹੈ?
ਬਿਲਕੁਲ ਨਹੀਂ। ਅਸੀਂ ਸਾਰੀਆਂ ਸਿਆਸੀ ਪਾਰਟੀਆਂ ਦੇ ਮੁਕੰਮਲ ਬਾਈਕਾਟ ਦੇ ਹੱਕ ਵਿਚ ਨਹੀਂ ਹਾਂ। ਅਸੀਂ 1992 ਨਹੀਂ ਦੁਹਰਾਉਣਾ। ਅਸੀਂ ਚਾਹੁੰਦੇ ਹਾਂ ਕਿ ਇਥੇ ਲੋਕਤੰਤਰਿਕ ਸਰਕਾਰ ਰਹੇ। ਲੋਕ ਜਿਹੜੀ ਮਰਜ਼ੀ ਸਿਆਸੀ ਪਾਰਟੀ ਨੂੰ ਵੋਟ ਪਾਉਣ ਪਰ ਸਾਡੀ ਮੰਗ ਹੈ ਕਿ ਚੋਣਾਂ ਦਾ ਢੁੱਕਵਾਂ ਸਮਾਂ ਆਉਣ ਦਿਓ, ਪਹਿਲਾਂ ਹੀ ਸਿਆਸੀ ਮਾਹੌਲ ਨਾ ਭਖਾਇਆ ਜਾਵੇ।
ਤੁਹਾਡੇ ਚੋਣਾਂ ਲੜਨ ਦੀਆਂ ਖ਼ਬਰਾਂ ’ਚ ਕੋਈ ਸੱਚਾਈ ਹੈ?
ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਹਨ ਤੇ ਸਾਰੀਆਂ ਚੋਣਾਂ ਨਾ ਲੜਨ ਲਈ ਇਕਮਤ ਹਨ। ਜੇਕਰ ਕੋਈ ਕਿਸਾਨ ਆਗੂ ਚੋਣਾਂ ਲੜਨ ਦਾ ਕਹਿੰਦਾ ਹੈ ਤਾਂ ਇਹ ਮੋਰਚੇ ਨੂੰ ਲੀਹ ਤੋਂ ਲਾਹੁਣ ਵਾਲੀ ਗੱਲ ਹੋਵੇਗੀ। ਕੈਪਟਨ ਅਮਰਿੰਦਰ ਸਿੰਘ ਨੇ ਸਾਡੀ ਮੰਗ ਮੰਨੀ ਤੇ ਗੰਨੇ ਦਾ ਭਾਅ ਹਰਿਆਣਾ ਤੋਂ ਵੱਧ ਕਰ ਦਿੱਤਾ, ਕਿਸਾਨ ਨੂੰ 20 ਹਜ਼ਾਰ ਰੁਪਏ ਏਕੜ ਦਾ ਫ਼ਾਇਦਾ ਹੋਇਆ ਜਿਸ ਦੀ ਖੁਸ਼ੀ ਵਿਚ ਉਨ੍ਹਾਂ ਦਾ ਮੂੰਹ ਮਿੱਠਾ ਕਰਵਾ ਦਿੱਤਾ ਪਰ ਵਿਰੋਧੀਆਂ ਦੀ ਨੁਕਤਾਚੀਨੀ ਦਾ ਪੱਧਰ ਬਹੁਤ ਡਿੱਗ ਚੁੱਕਾ ਹੈ।
ਗੁਰਨਾਮ ਸਿੰਘ ਚੜੂਨੀ ਸਿਆਸਤ ’ਚ ਉਤਰਨ ਦਾ ਦਾਅਵਾ ਕਰਦੇ ਹਨ, ਤੁਹਾਡਾ ਕੀ ਖਿਆਲ ਹੈ ਉਨ੍ਹਾਂ ਬਾਰੇ?
ਉਹ ਹਰਿਆਣਾ ਦੀ ਜਥੇਬੰਦੀ ’ਚੋਂ ਇਕ ਹਨ ਪਰ ਚੜੂਨੀ ਸਾਹਿਬ ਨਾਲ ਪੰਜਾਬ ਜਾਂ ਹਰਿਆਣਾ ਦੀ ਕੋਈ ਵੀ ਜਥੇਬੰਦੀ ਇਸ ਮਾਮਲੇ ’ਚ ਉਨ੍ਹਾਂ ਨਾਲ ਨਹੀਂ ਹੈ। ਇਹ ਉਹ ਜਾਣਨ ਕਿ ਉਹ ਕਿਉਂ ਪ੍ਰਚਾਰ ਕਰ ਰਹੇ ਨੇ। ਅਸੀਂ ਸਮਝਦੇ ਹਾਂ ਕਿ ਇਹ ਟਰੈਕ ਤੋਂ ਲਾਹੁਣ ਵਾਲੀ ਗੱਲ ਹੈ।
ਹਰਜੀਤ ਗਰੇਵਾਲ ਕਹਿੰਦੇ ਨੇ ਕਿ ਅੰਦੋਲਨ ਚੀਨ ਤੇ ਪਾਕਿਸਤਾਨ ਦੀ ਸ਼ਹਿ ’ਤੇ ਚੱਲ ਰਿਹਾ ਹੈ?
ਜਿੰਨੇ ਨੀਵੇਂ ਪੱਧਰ ’ਤੇ ਉਹ ਚਲਾ ਗਿਆ, ਮੈਨੂੰ ਅਫ਼ਸੋਸ ਹੈ ਕਿ ਉਹ ਕਦੇ ਮੇਰਾ ਮਿੱਤਰ ਰਿਹਾ। ਹਰਜੀਤ ਗਰੇਵਾਲ ਨੂੰ ਜੇ ਲੱਗਦਾ ਕਿ ਇਸ ਤਰ੍ਹਾਂ ਦੇ ਬਿਆਨ ਦੇ ਕੇ ਰਾਜਨੀਤੀ ਚੱਲੀ ਜਾਊ ਤਾਂ ਇਹ ਨਹੀਂ ਹੋਵੇਗਾ। ਜਿਸ ਨੂੰ ਇਕ ਸਵਾਲ ਪੁੱਛਣ ਵਾਲੀ ਕੁੜੀ ਨੂੰ ਬਣਦਾ ਜੁਆਬ ਨਹੀਂ ਦੇਣਾ ਆਉਂਦਾ ਉਸ ਬਾਰੇ ਮੈਂ ਕੋਈ ਕੁਮੈਂਟ ਨਹੀਂ ਕਰਨਾ ਚਾਹੁੰਦਾ।
ਦਿੱਲੀ ’ਚ ਮ੍ਰਿਤਕ ਹਾਲਤ ’ਚ ਮਿਲੇ ਜੰਮੂ-ਕਸ਼ਮੀਰ ਦੇ ਸਾਬਕਾ ਵਿਧਾਇਕ ਤ੍ਰਿਲੋਚਨ ਸਿੰਘ ਵਜ਼ੀਰ
NEXT STORY