ਨਵੀਂ ਦਿੱਲੀ- ਵੱਖ-ਵੱਖ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਦੀ ਚੋਣ ਦੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਚੋਣ ਪ੍ਰਚਾਰ ਹੁਣ ਜ਼ੋਰਾਂ ’ਤੇ ਹੈ। ਇਸ ਦੌਰਾਨ ਕਰਨਾਟਕ ’ਚ ਇਹ ਕੌੜੀ ਸੱਚਾਈ ਸਾਹਮਣੇ ਆਈ ਕਿ ਸਾਰੀਆਂ ਪਾਰਟੀਆਂ ਨੇ ਵੰਸ਼ਵਾਦ ਨੂੰ ਵਧਾਉਣ ਦਾ ਕੰਮ ਕੀਤਾ ਹੈ। ਹਾਲਾਂਕਿ ਭਾਜਪਾ ਕਾਂਗਰਸ ’ਤੇ ਵੰਸ਼ਵਾਦੀ ਪਾਰਟੀ ਹੋਣ ਦਾ ਦੋਸ਼ ਲਗਾਉਣ ’ਚ ਸਭ ਤੋਂ ਅੱਗੇ ਰਹੀ ਹੈ ਪਰ ਟਿਕਟਾਂ ਦੀ ਵੰਡ ’ਚ ਉਸ ਨੂੰ ਖਾਨਦਾਨਾਂ ਦੇ ਅੱਗੇ ਝੁਕਣਾ ਪਿਆ। ਭਾਜਪਾ ਦੇ ਉਮੀਦਵਾਰਾਂ ਦੀ ਆਖਰੀ ਸੂਚੀ ’ਤੇ ਇਕ ਨੇੜਲੀ ਨਜ਼ਰ ਮਾਰੀਏ ਤਾਂ ਉਸ ’ਚ ਕਰਨਾਟਕ ਦੇ ਮੁੱਖ ਮੰਤਰੀ ਬਸਵਰਾਜ ਬੋਮਈ ਵੀ ਹਨ, ਜੋ ਮਰਹੂਮ ਮੁੱਖ ਮੰਤਰੀ ਐੱਸ. ਆਰ. ਬੋਮਈ ਦੇ ਪੁੱਤਰ ਹਨ। ਸਭ ਤੋਂ ਉੱਪਰ ਗੱਦੀਓਂ ਲਾਹੇ ਮੁੱਖ ਮੰਤਰੀ ਬੀ. ਐੱਸ. ਯੇਦੀਯੁਰੱਪਾ ਹਨ, ਜਿਨ੍ਹਾਂ ਨੇ ਸ਼ਿਵ ਮੋਗਾ ਜ਼ਿਲੇ ਦੇ ਸ਼ਿਕਾਰੀਪੁਰ ਤੋਂ ਆਪਣੇ ਛੋਟੇ ਬੇਟੇ ਬੀ. ਵਾਈ. ਵਿਜੇਂਦਰ ਨੂੰ ਵਿਧਾਨ ਸਭਾ ਟਿਕਟ ਦੇਣ ਲਈ ਭਾਜਪਾ ਹਾਈਕਮਾਨ ਨੂੰ ਮਜਬੂਰ ਕੀਤਾ। ਉਨ੍ਹਾਂ ਦੇ ਵੱਡੇ ਭਰਾ ਪਹਿਲਾਂ ਹੀ ਲੋਕ ਸਭਾ ਦੇ ਮੈਂਬਰ ਹਨ।
ਭਾਜਪਾ ਦੇ ਲੋਕ ਸਭਾ ਸੰਸਦ ਮੈਂਬਰ ਅਤੇ ਯੂਥ ਵਿੰਗ ਦੇ ਪ੍ਰਧਾਨ ਤੇਜਸਵੀ ਸੂਰਿਆ ਦੇ ਚਾਚਾ ਰਵੀ ਸੁਬਰਾਮਣੀਅਮ ਨੂੰ ਟਿਕਟ ਦਿੱਤੀ ਗਈ ਜਦਕਿ ਖਣਨ ਕਾਰੋਬਾਰੀ ਜਨਾਰਦਨ ਰੈੱਡੀ ਦੇ ਭਰਾਵਾਂ ਸੋਮਸ਼ੇਖਰ ਰੈੱਡੀ ਅਤੇ ਕਰੁਣਾਕਰ ਰੈੱਡੀ ਨੂੰ ਕ੍ਰਮਵਾਰ ਬੇਲਾਰੀ ਸਿਟੀ ਅਤੇ ਹਰਪਨਹੱਲੀ ਸੀਟਾਂ ਦਿੱਤੀਆਂ ਗਈਆਂ। ਰਮੇਸ਼ ਜਾਰਕੀਹੋਲੀ ਅਤੇ ਬਾਲਚੰਦਰ ਜਾਰਕੀਹੋਲੀ ਭਰਾਵਾਂ ਨੂੰ ਟਿਕਟ ਦਿੱਤੀ ਗਈ ਜਦਕਿ ਸਵਰਗੀ ਉਮੇਸ਼ ਕੱਟੀ ਦੇ ਬੇਟੇ ਨਿਖਿਲ ਕੱਟੀ ਅਤੇ ਉਨ੍ਹਾਂ ਦੇ ਚਾਚਾ ਰਮੇਸ਼ ਕੱਟੀ ਦੇ ਪਰਿਵਾਰ ਨੇ ਵੀ ਬਾਜ਼ੀ ਮਾਰ ਲਈ। ਭਾਜਪਾ ਸੰਸਦ ਮੈਂਬਰ ਕਰਾਡੀ ਸੰਗਨਾ ਦੀ ਨੂੰਹ ਮੰਜੂਲਾ ਅਮਰੇਸ਼ ਨੂੰ ਪਾਰਟੀ ਛੱਡਣ ਦੀ ਧਮਕੀ ਦੇਣ ਤੋਂ ਬਾਅਦ ਟਿਕਟ ਦਿੱਤੀ ਗਈ ਹੈ। ਇਸੇ ਤਰ੍ਹਾਂ ਮੌਜੂਦਾ ਭਾਜਪਾ ਵਿਧਾਇਕ ਅਰਵਿੰਦ ਲਿੰਬਾਵਲੀ ਦੀ ਪਤਨੀ ਮੰਜੁਲਾ ਅਰਵਿੰਦ ਨੂੰ ਵੀ ਟਿਕਟ ਦਿੱਤੀ ਗਈ ਹੈ। ਕਰਨਾਟਕ ਦੀ ਭਾਜਪਾ ਮੰਤਰੀ ਸ਼ਸ਼ੀਕਲਾ ਜੋਲੇ ਆਪਣੇ ਪਤੀ ਅੰਨਾ ਸਾਹਿਬ ਜੋਲੇ ਲਈ ਟਿਕਟ ਪਾਉਣ ’ਚ ਸਫਲ ਰਹੀ, ਜੋ ਇਕ ਸੰਸਦ ਮੈਂਬਰ ਹਨ।
ਚਿੰਚੋਲੀ ਉਮੀਦਵਾਰ ਅਵਿਨਾਸ਼ ਜਾਧਵ ਗੁਲਬਰਗਾ ਸੰਸਦ ਮੈਂਬਰ ਉਮੇਸ਼ ਜਾਧਵ ਦੇ ਬੇਟੇ ਹਨ। ਚੰਦਰਕਾਂਤ ਪਾਟਿਲ ਐੱਮ. ਐੱਲ. ਸੀ. ਰਹੇ ਬੀ. ਜੀ. ਪਾਟਿਲ ਦੇ ਬੇਟੇ ਹਨ। ਇਸੇ ਤਰ੍ਹਾਂ ਕਰਨਾਟਕ ਦੇ ਟ੍ਰਾਂਸਪੋਰਟ ਮੰਤਰੀ ਬੀ. ਸ਼੍ਰੀਰਾਮਮੁਲੁ (ਬੱਲਾਰੀ) ਅਤੇ ਉਨ੍ਹਾਂ ਦੇ ਭਤੀਜੇ ਟੀ. ਐੱਚ. ਸੁਰੇਸ਼ ਬਾਬੂ (ਕਾਮਪਲੀ) ਨੂੰ ਟਿਕਟ ਦਿੱਤੀ ਗਈ ਹੈ। ਸੈਰ-ਸਪਾਟਾ ਮੰਤਰੀ ਆਨੰਦ ਸਿੰਘ ਦੀ ਜਗ੍ਹਾ ਉਨ੍ਹਾਂ ਦੇ ਬੇਟੇ ਸਿਧਾਰਥ ਸਿੰਘ ਨੂੰ ਵਿਜੇਨਗਰ ਤੋਂ ਉਮੀਦਵਾਰ ਬਣਾਇਆ ਗਿਆ ਹੈ। ਉੱਧਰ ਕਾਂਗਰਸ ਤੇ ਜਨਤਾ ਦਲ (ਐੱਸ) ਨੇ ਸੂਬੇ ਦੇ ਸ਼ਕਤੀਸ਼ਾਲੀ ਨੇਤਾਵਾਂ ਦੇ ਪਰਿਵਾਰਾਂ ਦੇ ਮੈਂਬਰਾਂ ਨੂੰ ਟਿਕਟ ਦੇਣ ’ਚ ਕਦੇ ਕੰਜੂਸੀ ਨਹੀਂ ਕੀਤੀ।
SC ਨੇ ਅਤੀਕ ਅਹਿਮਦ, ਅਸ਼ਰਫ਼ ਦੇ ਕਤਲ ਤੋਂ ਬਾਅਦ ਚੁੱਕੇ ਗਏ ਕਦਮਾਂ 'ਤੇ UP ਸਰਕਾਰ ਤੋਂ ਮੰਗੀ ਰਿਪੋਰਟ
NEXT STORY