ਨਵੀਂ ਦਿੱਲੀ (ਭਾਸ਼ਾ)— ਕਰਨਾਟਕ 'ਚ ਜਾਰੀ ਸਿਆਸੀ ਘਟਨਾਕ੍ਰਮ ਨੂੰ ਲੈ ਕੇ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਮੰਗਲਵਾਰ ਨੂੰ ਲੋਕ ਸਭਾ 'ਚ ਨਾਅਰੇ ਲਾਏ। ਰਾਹੁਲ ਸਦਨ ਵਿਚ ਆਪਣੀ ਥਾਂ 'ਤੇ ਬੈਠੇ-ਬੈਠੇ ਹੀ ਨਾਅਰੇ ਲਾਉਂਦੇ ਨਜ਼ਰ ਆਏ। 17ਵੀਂ ਲੋਕ ਸਭਾ ਦੇ ਮਾਨਸੂਨ ਸੈਸ਼ਨ ਦੌਰਾਨ ਰਾਹੁਲ ਗਾਂਧੀ ਨੇ ਪਹਿਲੀ ਵਾਰ ਨਾਅਰੇਬਾਜ਼ੀ ਕੀਤੀ। ਦਰਅਸਲ ਸਦਨ ਵਿਚ ਕਾਂਗਰਸੀ ਨੇਤਾ ਅਧੀਰ ਰੰਜਨ ਚੌਧਰੀ ਨੇ ਕਰਨਾਟਕ 'ਚ ਜਾਰੀ ਸਿਆਸੀ ਘਟਨਾਕ੍ਰਮ ਦਾ ਮੁੱਦਾ ਚੁੱਕਿਆ ਅਤੇ ਕੇਂਦਰ ਵਿਚ ਸੱਤਾਧਾਰੀ ਪਾਰਟੀ 'ਤੇ ਸੂਬੇ ਵਿਚ ਕਾਂਗਰਸ ਮੈਂਬਰਾਂ ਦਾ 'ਸ਼ਿਕਾਰ' ਕਰਨ ਦਾ ਦੋਸ਼ ਲਾਇਆ। ਉਨ੍ਹਾਂ ਨੇ ਕਿਹਾ ਕਿ ਸ਼ਿਕਾਰ ਦੀ ਰਾਜਨੀਤੀ ਲੋਕਤੰਤਰ ਲਈ ਖਤਰਾ ਹੈ। ਲੋਕ ਸਭਾ ਸਪੀਕਰ ਓਮ ਬਿਰਲਾ ਨੇ ਕਿਹਾ ਕਿ ਕਾਂਗਰਸ ਮੈਂਬਰਾਂ ਨੂੰ ਕੱਲ ਹੀ ਇਸ ਮੁੱਦੇ ਨੂੰ ਚੁੱਕਣ ਦਾ ਮੌਕਾ ਦਿੱਤਾ ਗਿਆ ਸੀ। ਇਸ ਬਾਰੇ ਕੰਮ ਰੋਕੂ ਪ੍ਰਸਤਾਵ ਨੂੰ ਨਾ-ਮਨਜ਼ੂਰ ਕਰ ਦਿੱਤਾ ਗਿਆ ਹੈ। ਇਸ 'ਤੇ ਕਾਂਗਰਸ ਮੈਂਬਰ ਆਪਣੀ ਥਾਂ ਤੋਂ ਹੀ ਨਾਅਰੇਬਾਜ਼ੀ ਕਰਨ ਲੱਗੇ। ਕੁਝ ਦੇਰ ਬਾਅਦ ਕਾਂਗਰਸ ਮੈਂਬਰ ਸਪੀਕਰ ਦੇ ਆਸਨ ਨੇੜੇ ਆ ਕੇ ਨਾਅਰੇਬਾਜ਼ੀ ਕਰਨ ਲੱਗੇ। ਇਸ ਦੌਰਾਨ ਯੂ. ਪੀ. ਏ. ਪ੍ਰਧਾਨ ਸੋਨੀਆ ਗਾਂਧੀ ਸਦਨ ਵਿਚ ਮੌਜੂਦ ਸੀ। ਰਾਹੁਲ ਗਾਂਧੀ ਨੂੰ ਵੀ ਆਪਣੀ ਥਾਂ 'ਤੇ ਬੈਠ ਕੇ 'ਵੀ ਵਾਂਟ ਜਸਟਿਸ (ਸਾਨੂੰ ਨਿਆਂ ਚਾਹੀਦਾ) ਕਹਿੰਦੇ ਸੁਣਿਆ ਗਿਆ।

ਸਦਨ 'ਚ ਕਾਂਗਰਸ ਮੈਂਬਰ 'ਵੀ ਵਾਂਟ ਜਸਟਿਸ', 'ਲੋਕਤੰਤਰ ਦੀ ਹੱਤਿਆ ਬੰਦ ਕਰੋ', 'ਸ਼ਿਕਾਰ ਦੀ ਰਾਜਨੀਤੀ ਬੰਦ ਕਰੋ' ਦੇ ਨਾਅਰੇ ਲਾਉਂਦੇ ਰਹੇ। ਲੋਕ ਸਭਾ ਸਪੀਕਰ ਨੇ ਹੰਗਾਮਾ ਕਰ ਰਹੇ ਮੈਂਬਰਾਂ ਨੂੰ ਕਿਹਾ ਕਿ ਸਾਰਿਆਂ ਨੂੰ ਸਦਨ ਦੀ ਮਰਿਆਦਾ ਨੂੰ ਬਣਾ ਕੇ ਰੱਖਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਸਦਨ ਵਿਚ ਗੱਲਬਾਤ ਕਰੋ, ਚਰਚਾ ਕਰੋ ਪਰ ਨਾਅਰੇਬਾਜ਼ੀ ਅਤੇ ਤਖਤੀਆਂ ਲੈ ਕੇ ਆਉਣਾ ਬੰਦ ਹੋਣੀ ਚਾਹੀਦੀ ਹੈ। ਸਦਨ ਨੂੰ ਨਗਰ ਨਿਗਮ ਵਾਂਗ ਬਣਾਉਣਾ ਠੀਕ ਨਹੀਂ ਹੈ। ਸੰਸਦੀ ਕਾਰਜ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਕਿਹਾ ਕਿ ਨਿਯਮ 'ਚ ਸਪੱਸ਼ਟ ਹੈ ਕਿ ਜੇਕਰ ਕਿਸੇ ਵਿਸ਼ੇ 'ਤੇ ਚਰਚਾ ਹੋ ਚੁੱਕੀ ਹੈ ਤਾਂ ਉਸ 'ਤੇ ਮੁੜ ਚਰਚਾ ਨਹੀਂ ਹੋ ਸਕਦੀ। ਰੱਖਿਆ ਮੰਤਰੀ ਰਾਜਨਾਥ ਸਿੰਘ ਜਵਾਬ ਦੇ ਚੁੱਕੇ ਹਨ। ਜੋਸ਼ੀ ਨੇ ਕਿਹਾ ਕਿ ਕਰਨਾਟਕ ਮੁੱਦੇ ਨਾਲ ਸਾਡਾ ਕੋਈ ਲੈਣਾ-ਦੇਣਾ ਨਹੀਂ ਹੈ। ਇਹ ਰਾਹੁਲ ਦੇ ਅਸਤੀਫੇ ਕਾਰਨ ਹੋ ਰਿਹਾ ਹੈ। ਸਦਨ ਵਿਚ ਮਹੱਤਵਪੂਰਨ ਬਿੱਲ ਆਉਣੇ ਹਨ, ਚਰਚਾ ਹੋਣੀ ਹੈ। ਇਹ ਪਹਿਲਾ ਸੈਸ਼ਨ ਹੈ ਅਤੇ ਇਸ ਤਰ੍ਹਾਂ ਨਾਲ ਸੰਸਦ ਦੇ ਕੰਮਕਾਜ 'ਚ ਰੁਕਾਵਟ ਪੈਦਾ ਕਰਨਾ ਠੀਕ ਨਹੀਂ ਹੈ। ਜ਼ਿਕਰਯੋਗ ਹੈ ਕਿ ਕਰਨਾਟਕ ਵਿਚ ਜਦ (ਐੱਸ)-ਕਾਂਗਰਸ ਸਰਕਾਰ ਗਠਜੋੜ ਦੇ 13 ਵਿਧਾਇਕਾਂ ਵਲੋਂ ਸੂਬਾ ਵਿਧਾਨ ਸਭਾ ਸਪੀਕਰ ਦੇ ਦਫਤਰ ਨੂੰ ਅਸਤੀਫਾ ਸੌਂਪਣ ਤੋਂ ਬਾਅਦ ਪ੍ਰਦੇਸ਼ ਸਰਕਾਰ ਸੰਕਟ ਦਾ ਸਾਹਮਣਾ ਕਰ ਰਹੀ ਹੈ।
ਪਵਨਰਾਜੇ ਨਿੰਬਾਲਕਰ ਕਤਲਕਾਂਡ : ਅੰਨਾ ਹਜ਼ਾਰੇ ਮੁੰਬਈ ਦੇ ਕੋਰਟ 'ਚ ਪੇਸ਼
NEXT STORY