ਸ਼੍ਰੀਨਗਰ- ਕੋਰੋਨਾ ਵਾਇਰਸ ਤੋਂ ਬਚਣ ਲਈ ਸੋਸ਼ਲ ਡਿਸਟੈਂਸਿੰਗ ਅਤੇ ਮਾਸਕ ਬੇਹੱਦ ਜ਼ਰੂਰੀ ਹੈ। ਸਰਕਾਰ ਆਪਣੇ ਵਲੋਂ ਤਾਂ ਲੋਕਾਂ ਨੂੰ ਇਨ੍ਹਾਂ 2 ਚੀਜ਼ਾਂ ਲਈ ਸਾਵਧਾਨ ਕਰ ਰਹੀ ਹੈ, ਉੱਥੇ ਹੀ ਕਈ ਲੋਕ ਅਜਿਹੇ ਵੀ ਹਨ, ਜੋ ਅਨੋਖੇ ਤਰੀਕੇ ਨਾਲ ਮਾਸਕ ਦੀ ਜ਼ਰੂਰਤ ਨੂੰ ਸਮਝਾ ਰਹੇ ਹਨ। ਅਜਿਹਾ ਹੀ ਅਨੋਖਾ ਤਰੀਕਾ ਅਪਣਾਇਆ ਹੈ ਕਸ਼ਮੀਰ ਦੇ ਉਰਦੂ ਅਖਬਾਰ ਨੇ, ਜਿਸ ਦੀ ਕਾਫ਼ੀ ਤਾਰੀਫ਼ ਹੋ ਰਹੀ ਹੈ। ਕਸ਼ਮੀਰ ਦੀ ਲੋਕਲ ਅਖਬਾਰ 'ਰੋਸ਼ਨੀ' ਨੇ ਆਪਣੇ ਪਾਠਕਾਂ ਨੂੰ ਮਾਸਕ ਪਹਿਨਣ ਦੀ ਜ਼ਰੂਰਤ ਦੇ ਪ੍ਰਤੀ ਉਤਸ਼ਾਹਤ ਕਰਨ ਲਈ ਅਨੋਖਾ ਤਰੀਕਾ ਕੱਢਿਆ। ਕੋਰੋਨਾ ਕਾਲ 'ਚ ਜਿੱਥੇ ਲੋਕ ਅਖਬਾਰ ਖਰੀਦਣ 'ਤੋਂ ਡਰ ਰਹੇ ਸਨ, ਉੱਥੇ ਉਰਦੂ ਅਖਬਾਰ 'ਰੋਸ਼ਨੀ' ਨੇ ਨਾ ਸਿਰਫ਼ ਲੋਕਾਂ ਦੇ ਘਰ ਨਿਊਜ਼ ਪੇਪਰ ਪਹੁੰਚਾਇਆ ਸਗੋਂ ਮੁਫ਼ਤ 'ਚ ਮਾਸਕ ਵੀ ਦਿੱਤੇ।
ਲਾਕਡਾਊਨ (ਤਾਲਾਬੰਦੀ) 'ਚ ਲੋਕਾਂ ਦੇ ਘਰਾਂ 'ਚ ਜਦੋਂ ਅਖਬਾਰ ਪਹੁੰਚੇ ਤਾਂ ਕਈਆਂ ਨੇ ਡਰਦੇ ਹੋਏ ਉਸ ਨੂੰ ਹੱਥ ਲਗਾਇਆ ਅਤੇ ਖੋਲ੍ਹਿਆ ਤਾਂ ਹੈਰਾਨ ਰਹਿ ਗਏ। ਅਖਬਾਰ ਦੇ ਪਹਿਲੇ ਪੇਜ਼ 'ਤੇ ਪਲਾਸਟਿਕ 'ਚ ਮਾਸਕ ਨੂੰ ਕਵਰ ਕਰ ਕੇ ਚਿਪਕਾਇਆ ਹੋਇਆ ਸੀ। ਉਰਦੂ ਅਖਬਾਰ ਨੇ ਇਸ ਦੇ ਨਾਲ ਹੀ ਲਿਖਿਆ ਸੀ ਕਿ 'ਮਾਸਕ ਦੀ ਵਰਤੋਂ ਜ਼ਰੂਰੀ' ਹੈ। ਇਸ ਅਖਬਾਰ ਦੀ ਐਡਿਟਰ ਜ਼ਹੂਰਾ ਸ਼ੋਰਾ ਨੇ ਦੱਸਿਆ ਕਿ ਅਸੀਂ ਸੋਚਿਆ ਕਿ ਲੋਕਾਂ ਤੱਕ ਅਸੀਂ ਇਹ ਸੰਦੇਸ਼ ਤਾਂ ਪਹੁੰਚਾ ਰਹੇ ਹਾਂ ਕਿ ਮਾਸਕ ਪਹਿਨਣਾ ਜ਼ਰੂਰੀ ਹੈ ਪਰ ਦਿਮਾਗ਼ 'ਚ ਆਇਆ ਕਿਉਂ ਨਾ ਲੋਕਾਂ ਤੱਕ ਮਾਸਕ ਵੀ ਜਾਣ। ਫਿਰ ਇਹ ਸਵਾਲ ਸੀ ਕਿ ਆਖਰ ਮਾਸਕ ਘਰਾਂ ਤੱਕ ਪਹੁੰਚਾਏ ਕਿਵੇਂ ਜਾਣ।
ਸ਼ੋਰਾ ਨੇ ਕਿਹਾ ਕਿ ਅਜਿਹੇ 'ਚ ਤਰੀਕਾ ਸੁਝਿਆ ਕਿ ਕਿਉਂ ਨਾ ਅਖਬਾਰ 'ਚ ਮਾਸਕ ਚਿਪਕਾ ਕੇ ਲੋਕਾਂ ਤੱਕ ਪਹੁੰਚਾਇਆ ਜਾਵੇ। ਸ਼ੋਰਾ ਨੇ ਕਿਹਾ ਕਿ ਅਸੀਂ ਲੋਕਾਂ ਨੂੰ ਮਾਸਕ ਲਈ ਜਾਗਰੂਕ ਕਰਨ ਲਈ ਅਜਿਹਾ ਕੀਤਾ। ਉੱਥੇ ਹੀ ਸਥਾਨਕ ਲੋਕਾਂ ਨੂੰ ਅਖਬਾਰ ਦਾ ਇਹ ਆਈਡੀਆ ਕਾਫ਼ੀ ਪਸੰਦ ਆਇਆ। ਇੰਨੀਂ ਦਿਨੀਂ ਅਖਬਾਰ ਦੀ ਕਾਫ਼ੀ ਤਾਰੀਫ਼ ਹੋ ਰਹੀ ਹੈ। ਇਕ ਸਥਾਨਕ ਨਾਗਰਿਕ ਨੇ ਕਿਹਾ ਕਿ 2 ਰੁਪਏ ਦੇ ਅਖਬਾਰ ਨਾਲ ਮਾਸਕ ਦੇਣ ਦਾ ਕਦਮ ਕਾਫ਼ੀ ਚੰਗਾ ਹੈ, ਇਹ ਦਿਖਾਉਂਦਾ ਹੈ ਕਿ ਅਖਬਾਰ ਲੋਕਾਂ ਨੂੰ ਜਾਗਰੂਕ ਕਰਨ 'ਚ ਕਿੰਨੀ ਗੰਭੀਰਤਾ ਨਾਲ ਸੋਚਦਾ ਹੈ। ਦੱਸਣਯੋਗ ਹੈ ਕਿ ਇਸ ਉਰਦੂ ਅਖਬਾਰ ਦੀ ਸੋਸ਼ਲ ਮੀਡੀਆ 'ਤੇ ਵੀ ਕਾਫ਼ੀ ਤਾਰੀਫ਼ ਹੋ ਰਹੀ ਹੈ।
ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਰਹਿਣਗੇ ਇਕਾਂਤਵਾਸ, ਕੋਰੋਨਾ ਰਿਪੋਰਟ ਆਈ ਨੈਗੇਟਿਵ
NEXT STORY