ਜੰਮੂ/ਸ਼੍ਰੀਨਗਰ (ਅਰੁਣ)-ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀ. ਡੀ. ਪੀ.) ਦੀ ਮੁਖੀ ਅਤੇ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਆਪਣੇ ਪਹਿਲਗਾਮ ਦੌਰੇ ਦੌਰਾਨ ਕਿਹਾ ਕਿ ਕਸ਼ਮੀਰੀ ਖੁੱਲ੍ਹੇ ਦਿਲ ਵਾਲੇ ਹਨ ਅਤੇ ਦੇਸ਼ ਦੇ ਲੋਕਾਂ ਨੂੰ ਉਨ੍ਹਾਂ ’ਤੇ ਭਰੋਸਾ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੁਲਸ ਜਾਂ ਫੌਜ ਵੱਲੋਂ ‘ਗ੍ਰਿਫਤਾਰੀ’ ਬੰਦ ਹੋਣੀਆਂ ਚਾਹੀਦੀਆਂ ਹਨ।
ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਮਹਿਬੂਬਾ ਨੇ ਕਿਹਾ ਕਿ 22 ਅਪ੍ਰੈਲ ਨੂੰ ਪਹਿਲਗਾਮ ਵਿਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਪਹਿਲਗਾਮ ਦੇ ਲੋਕ ਬਹੁਤ ਚਿੰਤਤ ਹਨ ਕਿਉਂਕਿ ਇਥੇ ਸੁਰੱਖਿਆ ਏਜੰਸੀਆਂ ਵੱਲੋਂ ਉਨ੍ਹਾਂ ਨੂੰ ਪੁੱਛਗਿੱਛ ਲਈ ਸੱਦੇ ਜਾਣ ਦੀ ਪ੍ਰਕਿਰਿਆ ਬਹੁਤ ਜ਼ਿਆਦਾ ਵਧ ਗਈ ਹੈ। ਹਾਲਾਂਕਿ, ਅੱਤਵਾਦੀ ਹਮਲੇ ਤੋਂ ਬਾਅਦ ਸਥਾਨਕ ਲੋਕਾਂ ਨੇ ਜਿੰਨੀ ਹੋ ਸਕੇ ਮਦਦ ਕਰਨ ਦੀ ਕੋਸ਼ਿਸ਼ ਕੀਤੀ, ਲੋਕਾਂ ਨੂੰ ਹਸਪਤਾਲ ਪਹੁੰਚਾਇਆ ਅਤੇ ਖੂਨਦਾਨ ਕਰ ਕੇ ਕਈ ਜਾਨਾਂ ਬਚਾਈਆਂ।
ਉਨ੍ਹਾਂ ਕਿਹਾ ਕਿ ਸਾਰਿਆਂ ਨੂੰ ਓਵਰਗ੍ਰਾਊਂਡ ਵਰਕਰ ਜਾਂ ਅੱਤਵਾਦੀ ਮੰਨਿਆ ਜਾ ਰਿਹਾ ਹੈ। ਸਾਬਕਾ ਮੁੱਖ ਮੰਤਰੀ ਨੇ ਦੋਸ਼ ਲਾਇਆ ਕਿ ਪਹਿਲਗਾਮ ਵਿਚ ਅਜੇ ਵੀ ਸੈਂਕੜੇ ਲੋਕ ਬੰਦ ਹਨ ਅਤੇ ਹੋਰ ਥਾਵਾਂ ’ਤੇ ਵੀ ਇਹੀ ਸਥਿਤੀ ਹੈ, ਜੋ ਕਿ ਸਹੀ ਨਹੀਂ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਅਜਿਹਾ ਨਹੀਂ ਹੋਣਾ ਚਾਹੀਦਾ ਕਿਉਂਕਿ ਜਦੋਂ ਕਸ਼ਮੀਰੀ ਖੁੱਲ੍ਹੇ ਦਿਲ ਵਾਲੇ ਹਨ, ਤਾਂ ਦੇਸ਼ ਦੇ ਲੋਕਾਂ ਨੂੰ ਵੀ ਉਨ੍ਹਾਂ ’ਤੇ ਭਰੋਸਾ ਕਰਨਾ ਚਾਹੀਦਾ ਹੈ ਅਤੇ ਪੁਲਸ ਜਾਂ ਫੌਜ ਵੱਲੋਂ ਇਹ ਗ੍ਰਿਫ਼ਤਾਰੀਆਂ ਬੰਦ ਹੋਣੀਆਂ ਚਾਹੀਦੀਆਂ ਹਨ।
ਅੱਤਵਾਦੀ ਹਮਲੇ ਤੋਂ ਬਾਅਦ ਵੀ ਪਹਿਲਗਾਮ ਆਉਣ ਵਾਲੇ ਸੈਲਾਨੀਆਂ ਦੀ ਸ਼ਲਾਘਾ ਕਰਦੇ ਹੋਏ ਉਨ੍ਹਾਂ ਕਿਹਾ ਕਿ ਮੈਂ ਅੱਜ ਪਹਿਲਗਾਮ ਆਈ ਹਾਂ ਕਿਉਂਕਿ ਮੈਂ ਲੋਕਾਂ ਦੀ ਗੱਲ ਸੁਣਨਾ ਚਾਹੁੰਦੀ ਸੀ। ਮੈਂ ਸੁਣਿਆ ਕਿ ਲੋਕਾਂ ਵਿਚ ਡਰ ਹੈ ਜਿਸਨੂੰ ਮੈਂ ਦੂਰ ਕਰਨਾ ਚਾਹੁੰਦੀ ਸੀ। ਮੈਂ ਇਥੇ ਆਏ ਸੈਲਾਨੀਆਂ ਨੂੰ ਸਲਾਮ ਕਰਦੀ ਹਾਂ ਅਤੇ ਉਨ੍ਹਾਂ ਨੂੰ ਇਹ ਦੱਸਣ ਲਈ ਆਈ ਹਾਂ ਕਿ ਕਸ਼ਮੀਰ ਤੁਹਾਡੀ ਉਡੀਕ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰ ਹੈ ਜਦੋਂ ਸੈਲਾਨੀਆਂ ’ਤੇ ਹਮਲਾ ਹੋਇਆ ਹੈ।
ਅਮਰਨਾਥ ਯਾਤਰਾ ਸ਼ੁਰੂ ਹੋਣ ਤੋਂ ਪਹਿਲਾਂ ਕਰੋ ਬਾਬਾ ਬਰਫਾਨੀ ਦੇ ਦਰਸ਼ਨ
NEXT STORY