ਹੈਦਰਾਬਾਦ– ਹੈਦਰਾਬਾਦ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੀਤੀ ਗਈ ਰੈਲੀ ਕਰ ਕੇ ਤੇਲੰਗਾਨਾ ’ਚ ਵਜਾਏ ਗਏ ਚੋਣ ਬਿਗੁਲ ਵਿਚਾਲੇ ਸੱਤਾਧਾਰੀ ਪਾਰਟੀ ਟੀ. ਆਰ. ਐੱਸ. ਅਤੇ ਭਾਜਪਾ ਵਿਚਾਲੇ ਸਿਆਸੀ ਹਮਲੇ ਤੇਜ ਹੋ ਗਏ ਹਨ।
ਭਾਜਪਾ ਵੱਲੋਂ ਟੀ. ਆਰ. ਐੱਸ. ਵਿਰੁੱਧ ਸ਼ੁਰੂ ਕੀਤੀ ਗਈ ਮੁਹਿੰਮ ਨੂੰ ਟੀ. ਆਰ. ਐੱਸ. ਨੇ ਭਾਸ਼ਾਈ ਰੰਗ ਦਿੰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਸਿੱਧਾ ਹਮਲਾ ਕੀਤਾ ਅਤੇ ਪੀ. ਐੱਮ. ਮੋਦੀ ਤੋਂ ਗੁਜਰਾਤੀ ’ਚ ਸਵਾਲ ਪੁੱਛੇ ਗਏ। ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਓ ਦੇ ਅਧਿਕਾਰਕ ਟਵਿਟਰ ਹੈਂਡਲ ਤੋਂ ਕੀਤੇ ਗਏ 8 ਟਵੀਟਸ ’ਚ ਲਿਖਿਆ ਗਿਆ ਕਿ ਪ੍ਰਧਾਨ ਮੰਤਰੀ ਗੁਜਰਾਤੀ ਭਾਸ਼ਾ ਨੂੰ ਬਿਹਤਰ ਢੰਗ ਨਾਲ ਸਮਝਦੇ ਹਨ, ਇਸ ਲਈ ਉਹ ਸਾਨੂੰ ਦੇਸ਼ ’ਚ ਵਧ ਰਹੀਆਂ ਤੇਲ ਦੀਆਂ ਕੀਮਤਾਂ ਤੋਂ ਇਲਾਵਾ ਮਹਿੰਗਾਈ ਅਤੇ ਤੇਲੰਗਾਨਾ ਨਾਲ ਕੀਤੇ ਜਾ ਰਹੇ ਮਤਰੇਏ ਵਿਵਹਾਰ ਨੂੰ ਲੈ ਕੇ ਜਵਾਬ ਦੇਵੇ।
ਟੀ. ਆਰ. ਐੱਸ. ਦੇ ਇਸ ਹਮਲੇ ਦਾ ਜਵਾਬ ਭਾਜਪਾ ਨੇ ਉਰਦੂ ’ਚ ਦਿੱਤਾ ਅਤੇ ਟੀ. ਆਰ. ਐੱਸ. ਨੂੰ ਏ. ਆਈ. ਐੱਮ. ਆਈ. ਐੱਮ. ਦੀ ਦੋਸਤ ਕਰਾਰ ਦਿੰਤੇ ਹੋਏ ਸਰਕਾਰ ਦੀਆਂ 13 ਨਾਕਾਮੀਆਂ ਗਿਣਾਈਆਂ।
ਇਨ੍ਹਾਂ ’ਚ ਤੇਲੰਗਾਨਾ ’ਚ ਕਿਸਾਨਾਂ ਦੀਆਂ ਖੁਦਕੁਸ਼ੀਆਂ ਤੋਂ ਇਲਾਵਾ ਸੂਬੇ ’ਤੇ ਵਧ ਰਹੇ ਕਰਜ਼ੇ ਅਤੇ ਲੋਕਾਂ ਨੂੰ ਦਿਖਾਏ ਗਏ ਸੁਨਹਿਰੇ ਤੇਲੰਗਾਨਾ ਦੇ ਸੁਪਨੇ ਨੂੰ ਲੈ ਕੇ ਸਵਾਲ ਕੀਤੇ ਗਏ। ਭਾਜਪਾ ਦੇ ਨੇਤਾ ਨੇ ਕਿਹਾ ਕਿ ਪਾਰਟੀ ਦੇ ਘੱਟ-ਗਿਣਤੀ ਵਿੰਗ ਨੇ ਮੁੱਖ ਮੰਤਰੀ ਦਫਤਰ ਵੱਲੋਂ ਕੀਤੇ ਗਏ ਟਵੀਟਸ ਦਾ ਜਵਾਬ ਦਿੱਤਾ ਹੈ। ਦੋਵਾਂ ਪਾਰਟੀਆਂ ਨੇ ਟਵਿਟਰ ’ਤੇ ਇਕ-ਦੂਜੇ ’ਤੇ ਹਮਲਾ ਕਰਨ ਲਈ ਹੈਸ਼ਟੈਗ ਕ੍ਰੀਏਟ ਕੀਤੇ। ਭਾਜਪਾ ਵੱਲੋਂ ਬੀ. ਜੇ. ਪੀ., ਐੱਨ. ਈ. ਸੀ. ਇਨ ਤੇਲੰਗਾਨਾ ਅਤੇ ਟੀਮ ਮੋਦੀ ਇਨ ਤੇਲੰਗਾਨਾ ਵਰਗੇ ਹੈਸ਼ਟੈਗ ਰਾਹੀਂ ਟੀ. ਆਰ. ਐੱਸ. ’ਤੇ ਹਮਲੇ ਕੀਤੇ ਗਏ। ਇਸ ਤੋਂ ਇਲਾਵਾ ਮੋਦੀ ਆ ਗਿਆ, ਕੇ.ਸੀ. ਆਰ. ਡਰ ਗਿਆ ਜਦਕਿ ਟੀ. ਆਰ.ਐੱਸ. ਵਲੋਂ ਬਾਏ-ਬਾਏ ਮੋਦੀ, ਮੋਦੀ ਮਸਟ ਆਂਸਰ ਅਤੇ ਬੀ. ਜੇ. ਪੀ. ਸਰਕਸ ਮੋਦੀ ਵਰਗੇ ਹੈਸ਼ਟੈਗ ਦੇ ਨਾਲ ਜਵਾਬੀ ਹਮਲੇ ਕੀਤੇ ਗਏ।
ਸੀ. ਐੱਮ. ਕੇ.ਸੀ. ਆਰ. ਨੇ ਤੀਜੀ ਵਾਰ ਤੋੜਿਆ ਪ੍ਰੋਟੋਕੋਲ, ਨਹੀਂ ਕੀਤਾ ਮੋਦੀ ਦਾ ਸਵਾਗਤ
ਭਾਜਪਾ ਤੇ ਟੀ. ਆਰ. ਐੱਸ. ਵਿਚਾਲੇ ਸ਼ੁਰੂ ਹੋਈ ਸਿਆਸੀ ਜੰਗ ਇਸ ਹੱਦ ਤੱਕ ਪਹੁੰਚ ਚੁੱਕੀ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਦ 4 ਜੁਲਾਈ ਨੂੰ ਹੈਦਰਾਬਾਦ ਗਏ ਤਾਂ ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਓ (ਕੇ. ਸੀ. ਆਰ.) ਪ੍ਰੋਟੋਕੋਲ ਅਨੁਸਾਰ ਉਨ੍ਹਾਂ ਦਾ ਸਵਾਗਤ ਕਰਨ ਨਹੀਂ ਪਹੁੰਚੇ। ਇਕ ਸਾਲ ’ਚ ਇਹ ਤੀਜਾ ਮੌਕਾ ਹੈ ਜਦ ਕੇ. ਚੰਦਰਸ਼ੇਖਰ ਰਾਓ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੌਰੇ ਦੌਰਾਨ ਪ੍ਰੋਟੋਕੋਲ ਦਾ ਉਲੰਘਣ ਕੀਤਾ। ਜਦਕਿ ਹਾਲ ਹੀ ’ਚ ਰਾਸ਼ਟਰਪਤੀ ਅਹੁਦੇ ਦੇ ਵਿਰੋਧੀ ਧਿਰ ਦੇ ਉਮੀਦਵਾਰ ਯਸ਼ਵੰਤ ਸਿਨਹਾ ਜਦ ਹੈਦਰਾਬਾਦ ਪਹੁੰਚੇ ਤਾਂ ਕੇ. ਸੀ. ਆਰ. ਨੇ ਉਨ੍ਹਾਂ ਦਾ ਸਵਾਗਤ ਕੀਤਾ।
ਟਵੀਟ– ਇਕ ਸਮੇਂ ’ਤੇ ਸਹਿਯੋਗੀ ਰਹੀਆਂ ਦੋਵਾਂ ਪਾਰਟੀਆਂ ਵਿਚਾਲੇ ਚੋਣਾਂ ਦਾ ਐਲਾਨ ਹੋਣ ਤੋਂ ਪਹਿਲਾਂ ਹੀ ਇਹ ਹਾਲ ਹੈ ਤਾਂ ਆਉਣ ਵਾਲੇ ਦਿਨਾਂ ਦੀ ਸਿਆਸਤ ਦਾ ਅੰਦਾਜ਼ਾ ਆਸਾਨੀ ਨਾਲ ਲਗਾਇਆ ਜਾ ਸਕਦਾ ਹੈ।–ਐੱਸ. ਰਾਮਾ ਕ੍ਰਿਸ਼ਨਾ, ਸਿਆਸੀ ਵਿਸ਼ਲੇਸ਼ਕ
‘ਮਾਂ ਕਾਲੀ’ ’ਤੇ ਇਤਰਾਜ਼ਯੋਗ ਟਿੱਪਣੀ ਨੂੰ ਲੈ ਕੇ ਮਹੂਆ ਮੋਇਤਰਾ ਖ਼ਿਲਾਫ਼ FIR, ਦਿੱਤਾ ਦੋ ਟੁੱਕ ਜਵਾਬ
NEXT STORY