ਨਵੀਂ ਦਿੱਲੀ - ਮੱਧ-ਪੂਰਬ ਵਿਚ ਤਣਾਅ ਅਤੇ ਵਿਸ਼ਵ ਪੱਧਰੀ ਊਰਜਾ ਸੰਕਟ ਕਾਰਨ ਐੱਲ. ਪੀ. ਜੀ. ਦੀ ਸਪਲਾਈ ਪ੍ਰਭਾਵਿਤ ਹੋਣ ਲੱਗੀ ਹੈ, ਜਿਸ ਦਾ ਅਸਰ ਹੁਣ ਦਿੱਲੀ ਦੀਆਂ ਰਸੋਈਆਂ ਤੱਕ ਪਹੁੰਚ ਗਿਆ ਹੈ। ਖ਼ਾਸ ਕਰ ਕੇ ਕੰਮ-ਕਾਜੀ ਅਤੇ ਗਰੀਬ ਵਰਗ ਲਈ ਚੱਲ ਰਹੇ ਕਮਿਊਨਿਟੀ ਕਿਚਨ ਅਤੇ ਗੁਰਦੁਆਰਿਆਂ ਦੇ ਲੰਗਰ ਇਸ ਸੰਕਟ ਦੇ ਬਾਵਜੂਦ ਲੋਕਾਂ ਨੂੰ ਭੋਜਨ ਮੁਹੱਈਆ ਕਰਵਾਉਣ ’ਚ ਜੁਟੇ ਹੋਏ ਹਨ।
ਦਿੱਲੀ ਦੇ ਪ੍ਰਮੁੱਖ ਗੁਰਦੁਆਰਿਆਂ ਵਿਚੋਂ ਇਕ ਦੇ ਸੇਵਾਦਾਰਾਂ ਦਾ ਕਹਿਣਾ ਹੈ ਕਿ ਹਾਲਾਤ ਚਾਹੇ ਜਿਹੋ ਜਿਹੇ ਵੀ ਹੋਣ, ਲੰਗਰ ਕਦੇ ਬੰਦ ਨਹੀਂ ਹੋਵੇਗਾ। ਗੈਸ ਦੀ ਕਮੀ ਦੇ ਬਾਵਜੂਦ ਬਦਲਵੇਂ ਪ੍ਰਬੰਧ ਕੀਤੇ ਜਾ ਰਹੇ ਹਨ, ਤਾਂ ਕਿ ਲੋੜਵੰਦਾਂ ਤੱਕ ਭੋਜਨ ਪਹੁੰਚਦਾ ਰਹੇ।
ਗੈਸ ਸੰਕਟ ਕਾਰਨ ਵਧੀ ਪ੍ਰੇਸ਼ਾਨੀ
ਐੱਲ. ਪੀ. ਜੀ. ਸਿਲੰਡਰਾਂ ਦੀ ਕਮੀ ਅਤੇ ਕੀਮਤਾਂ ਵਿਚ ਵਾਧੇ ਨੇ ਸਥਾਨਕ ਢਾਬਿਆਂ ਅਤੇ ਛੋਟੇ ਖਾਣ-ਪੀਣ ਦੇ ਕਾਰੋਬਾਰੀਆਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਕਈ ਥਾਵਾਂ ’ਤੇ ਹੁਣ ਕੋਲੇ ਜਾਂ ਹੋਰ ਬਦਲਵੇਂ ਬਾਲਣਾਂ ਦੀ ਵਰਤੋਂ ਕੀਤੀ ਜਾ ਰਹੀ ਹੈ, ਜਿਸ ਨਾਲ ਲਾਗਤ ਅਤੇ ਮਿਹਨਤ ਦੋਵੇਂ ਵਧ ਗਈਆਂ ਹਨ।
ਖ਼ੁਰਾਕ ਵੰਡ ਕੇਂਦਰਾਂ ’ਤੇ ਪਹਿਲਾਂ ਦੇ ਮੁਕਾਬਲੇ ਹੁਣ ਲੰਬੀਆਂ ਕਤਾਰਾਂ ਦੇਖਣ ਨੂੰ ਮਿਲ ਰਹੀਆਂ ਹਨ। ਲੋਕਾਂ ਨੂੰ ਭੋਜਨ ਲਈ ਜ਼ਿਆਦਾ ਸਮਾਂ ਉਡੀਕ ਕਰਨੀ ਪੈ ਰਹੀ ਹੈ, ਜਿਸ ਨਾਲ ਦਿਹਾੜੀਦਾਰ ਮਜ਼ਦੂਰਾਂ ਦੀ ਆਮਦਨ ’ਤੇ ਵੀ ਅਸਰ ਪੈ ਰਿਹਾ ਹੈ।
ਜੁਗਾੜ ਨਾਲ ਚੱਲ ਰਿਹੈ ਕੰਮ
ਸੰਕਟ ਦੌਰਾਨ ਲੰਗਰਾਂ ਦੀਆਂ ਕਈ ਰਸੋਈਆਂ ਨੇ ਜੁਗਾੜ ਅਪਣਾਉਂਦੇ ਹੋਏ ਲੱਕੜ, ਕੋਲਾ ਅਤੇ ਪੀ. ਐੱਨ. ਜੀ. ਵਰਗੇ ਬਦਲਾਂ ਦਾ ਸਹਾਰਾ ਲਿਆ ਹੈ। ਹਾਲਾਂਕਿ ਇਸ ਨਾਲ ਕੰਮ ਹੌਲੀ ਹੋ ਗਿਆ ਹੈ ਪਰ ਸੇਵਾ ਦੀ ਭਾਵਨਾ ਨੇ ਇਨ੍ਹਾਂ ਰਸੋਈਆਂ ਨੂੰ ਚਲਦਾ ਰੱਖਿਆ ਹੈ।
ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਗੈਸ ਸਪਲਾਈ ਵਿਚ ਸੁਧਾਰ ਨਾ ਹੋਇਆ ਤਾਂ ਆਉਣ ਵਾਲੇ ਸਮੇਂ ਵਿਚ ਸਥਿਤੀ ਹੋਰ ਗੰਭੀਰ ਹੋ ਸਕਦੀ ਹੈ। ਫਿਲਹਾਲ, ਸੇਵਾ ਭਾਵਨਾ ਅਤੇ ਭਾਈਚਾਰਕ ਸਹਿਯੋਗ ਹੀ ਇਸ ਸੰਕਟ ਨਾਲ ਨਜਿੱਠਣ ਦਾ ਸਭ ਤੋਂ ਵੱਡਾ ਸਹਾਰਾ ਬਣਿਆ ਹੋਇਆ ਹੈ।
LPG ਸੰਕਟ ਵਿਚਾਲੇ ਕੇਂਦਰ ਦਾ ਵੱਡਾ ਫ਼ੈਸਲਾ: ਵਪਾਰਕ ਗੈਸ ਸਪਲਾਈ 'ਚ 50% ਵਾਧਾ, ਹੋਟਲ ਉਦਯੋਗ ਨੂੰ ਮਿਲੇਗੀ ਰਾਹਤ
NEXT STORY