ਰਾਜੌਰੀ/ਜੰਮੂ- ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਦੇ ਬਡਹਾਲ ਪਿੰਡ 'ਚ ਰਹੱਸਮਈ ਬੀਮਾਰੀ ਕਾਰਨ 17 ਲੋਕਾਂ ਦੀ ਮੌਤ ਤੋਂ ਬਾਅਦ ਜਾਰੀ ਮੈਡੀਕਲ ਅਲਰਟ ਦੇ ਮੱਦੇਨਜ਼ਰ ਅਧਿਕਾਰੀਆਂ ਨੇ ਡਾਕਟਰਾਂ ਅਤੇ ਮੈਡੀਕਲ ਸਹਾਇਕਾਂ ਦੀਆਂ ਸਾਰੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਹਨ। ਇਸ ਦੇ ਨਾਲ ਹੀ ਵੱਖਰੇ ਨਿਵਾਸ 'ਚ ਭੇਜੇ ਗਏ ਲੋਕਾਂ ਦੀ ਗਿਣਤੀ 230 ਹੋ ਗਈ ਹੈ। ਕੇਂਦਰੀ ਮੰਤਰੀ ਡਾਕਟਰ ਜਤਿੰਦਰ ਸਿੰਘ ਨੇ ਕਿਹਾ ਕਿ ਲਖਨਊ ਵਿਚ ਟੌਕਸੀਕੋਲੋਜੀ ਲੈਬਾਰਟਰੀ ਵੱਲੋਂ ਕੀਤੀ ਗਈ ਮੁੱਢਲੀ ਜਾਂਚ ਤੋਂ ਇਹ ਸਿੱਟਾ ਕੱਢਿਆ ਗਿਆ ਹੈ ਕਿ ਇਸ ਦਾ ਕਾਰਨ ਕੋਈ ਇਨਫੈਕਸ਼ਨ, ਵਾਇਰਸ ਜਾਂ ਬੈਕਟੀਰੀਆ ਨਹੀਂ ਸਗੋਂ ਜ਼ਹਿਰ ਹੈ।
ਰਾਜੌਰੀ ਸਰਕਾਰੀ ਮੈਡੀਕਲ ਕਾਲਜ (GMC) ਹਸਪਤਾਲ ਦੇ ਪ੍ਰਿੰਸੀਪਲ ਡਾ. ਅਮਰਜੀਤ ਸਿੰਘ ਭਾਟੀਆ ਨੇ ਰਾਜੌਰੀ ਵਿਚ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਡਾਕਟਰਾਂ ਅਤੇ ਮੈਡੀਕਲ ਸਹਾਇਕਾਂ ਦੀਆਂ ਸਾਰੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਪਿਛਲੇ ਡੇਢ ਮਹੀਨੇ ਦੌਰਾਨ ਤਿੰਨ ਪਰਿਵਾਰਾਂ ਦੇ 17 ਲੋਕਾਂ ਦੀ ਰਹੱਸਮਈ ਹਾਲਾਤਾਂ 'ਚ ਹੋਈ ਮੌਤ ਤੋਂ ਬਾਅਦ ਮੈਡੀਕਲ ਅਲਰਟ ਦੀ ਸਥਿਤੀ ਨਾਲ ਨਜਿੱਠਣ ਲਈ ਸਰਦੀਆਂ ਦੀਆਂ ਛੁੱਟੀਆਂ ਵੀ ਰੱਦ ਕਰ ਦਿੱਤੀਆਂ ਗਈਆਂ ਹਨ।
ਅਧਿਕਾਰੀਆਂ ਨੇ ਦੱਸਿਆ ਕਿ ਸਾਵਧਾਨੀ ਦੇ ਤੌਰ 'ਤੇ, ਮ੍ਰਿਤਕ ਦੇ ਨਜ਼ਦੀਕੀ ਰਿਸ਼ਤੇਦਾਰਾਂ ਸਮੇਤ ਹੋਰ ਲੋਕਾਂ ਨੂੰ ਰਾਜੌਰੀ ਦੇ ਨਰਸਿੰਗ ਕਾਲਜ ਕੁਆਰੰਟੀਨ ਸੈਂਟਰ ਵਿਚ ਤਬਦੀਲ ਕਰ ਦਿੱਤਾ ਗਿਆ ਹੈ, ਜਿਸ ਨਾਲ ਆਈਸੋਲੇਸ਼ਨ ਵਿਚ ਰੱਖੇ ਗਏ ਲੋਕਾਂ ਦੀ ਗਿਣਤੀ 230 ਹੋ ਗਈ ਹੈ। ਇਕ ਕੇਂਦਰੀ ਟੀਮ ਨੇ ਸ਼ੁੱਕਰਵਾਰ ਨੂੰ ਵੀ ਮੌਤਾਂ ਦੇ ਕਾਰਨਾਂ ਦੀ ਜਾਂਚ ਕੀਤੀ। ਮ੍ਰਿਤਕ ਦੇ ਨਮੂਨਿਆਂ 'ਚ ਕੁਝ ‘ਨਿਊਰੋਟੌਕਸਿਨ’ ਪਾਏ ਜਾਣ ਤੋਂ ਬਾਅਦ ਪੁਲਸ ਵੱਲੋਂ ਗਠਿਤ ਵਿਸ਼ੇਸ਼ ਜਾਂਚ ਟੀਮ ਨੇ ਅਪਰਾਧਿਕ ਕੋਣ ਤੋਂ ਜਾਂਚ ਕੀਤੀ। ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਮਾਮਲੇ 'ਚ 50 ਤੋਂ ਵੱਧ ਲੋਕਾਂ ਤੋਂ ਪੁੱਛਗਿੱਛ ਕੀਤੀ ਹੈ।
2025 ਦੇ ਨਵੇਂ ਟ੍ਰੈਫਿਕ ਨਿਯਮ : ਹੈਲਮੇਟ ਪਾਉਣ 'ਤੇ ਵੀ ਲੱਗੇਗਾ ਜੁਰਮਾਨਾ, ਜਾਣੋ ਵਜ੍ਹਾ
NEXT STORY