ਨਵੀਂ ਦਿੱਲੀ— ਦੇਸ਼ 'ਚ ਨੌਜਵਾਨਾਂ ਦੀ ਗਿਣਤੀ ਵਿਚ ਭਾਵੇਂ ਹੀ ਲਗਾਤਾਰ ਵਾਧਾ ਹੋ ਰਿਹਾ ਹੈ ਪਰ ਵੱਖ-ਵੱਖ ਲੋਕ ਸਭਾਵਾਂ 'ਚ ਮੈਂਬਰਾਂ ਦੀ ਔਸਤ ਉਮਰ ਘੱਟ ਹੋਣ ਦੀ ਬਜਾਏ ਉਲਟਾ ਵਧੀ ਹੈ ਅਤੇ ਇਹ 46 ਤੋਂ ਵੱਧ ਕੇ 55 ਸਾਲ ਹੋ ਗਈ ਹੈ। ਸਾਲ 1952 'ਚ ਗਠਿਤ ਪਹਿਲੀ ਲੋਕ ਸਭਾ ਮੈਂਬਰਾਂ ਦੀ ਔਸਤ ਉਮਰ 46.5 ਸਾਲ ਸੀ, ਜੋ ਕਿ 2014 ਵਿਚ ਚੁਣੀ ਗਈ 16ਵੀਂ ਲੋਕ ਸਭਾ 'ਚ ਵਧ ਕੇ 55.64 ਹੋ ਗਈ। 12ਵੀਂ ਲੋਕ ਸਭਾ 'ਚ ਮੈਂਬਰਾਂ ਦੀ ਔਸਤ ਉਮਰ 46.4 ਸਾਲ ਹੁਣ ਤਕ ਦੀ ਸਭ ਤੋਂ ਘੱਟ ਉਮਰ ਰਹੀ ਹੈ।
ਅੰਕੜਿਆਂ ਅਨੁਸਾਰ ਦੂਜੀ ਲੋਕ ਸਭਾ 'ਚ ਮੈਂਬਰਾਂ ਦੀ ਔਸਤ ਉਮਰ ਵਿਚ ਮਾਮੂਲੀ ਵਾਧਾ ਹੋਇਆ ਹੈ ਅਤੇ ਇਹ 46.7 ਸਾਲ ਰਹੀ। ਤੀਜੀ ਲੋਕ ਸਭਾ 'ਚ ਮੈਂਬਰਾਂ ਦੀ ਔਸਤ ਉਮਰ ਵਧ ਕੇ 49.4 ਸਾਲ ਪੁੱਜ ਗਈ ਸੀ ਪਰ ਚੌਥੀ ਲੋਕ ਸਭਾ ਵਿਚ ਗਿਰਾਵਟ ਆਈ ਅਤੇ ਇਹ 48.7 ਸਾਲ ਰਹਿ ਗਈ। 5ਵੀਂ ਲੋਕ ਸਭਾ ਵਿਚ ਮੈਂਬਰਾਂ ਦੀ ਔਸਤ ਉਮਰ ਫਿਰ ਵਧੀ ਅਤੇ ਇਹ 49.2 ਸਾਲ ਹੋ ਗਈ। 6ਵੀਂ ਲੋਕ ਸਭਾ 'ਚ ਇਹ ਤੇਜ਼ੀ ਨਾਲ ਵਧ ਕੇ 52.1 ਸਾਲ 'ਤੇ ਪੁੱਜ ਗਈ। ਇਸ 'ਚ ਗਿਰਾਵਟ ਆਈ ਅਤੇ 7ਵੀਂ ਲੋਕ ਸਭਾ 'ਚ ਮੈਂਬਰਾਂ ਦੀ ਔਸਤ ਉਮਰ 49.9 ਸਾਲ ਸੀ, ਜੋ 8ਵੀਂ ਲੋਕ ਸਭਾ 'ਚ ਵਧ ਕੇ 51.4 ਸਾਲ ਹੋ ਗਈ। 9ਵੀਂ ਲੋਕ ਸਭਾ 'ਚ ਇਹ 51.3 ਸਾਲ, 10ਵੀਂ 'ਚ 51.4 ਸਾਲ ਅਤੇ 11ਵੀਂ ਲੋਕ ਸਭਾ 'ਚ ਇਹ 52 ਸਾਲ ਰਹਿ ਗਈ ਸੀ। 12ਵੀਂ ਲੋਕ ਸਭਾ 'ਚ ਚੁਣੇ ਗਏ ਮੈਂਬਰਾਂ ਦੀ ਔਸਤ ਉਮਰ 'ਚ ਕਾਫੀ ਕਮੀ ਆਈ ਅਤੇ ਇਹ 46.4 ਸਾਲ 'ਤੇ ਰਹਿ ਗਈ, ਜੋ ਹੁਣ ਤਕ ਦੀ ਸਭ ਤੋਂ ਘੱਟ ਹੈ।
13ਵੀਂ ਲੋਕ ਸਭਾ 'ਚ ਔਸਤ ਉਮਰ ਫਿਰ ਵਧੀ ਅਤੇ ਇਹ 55.5 ਸਾਲ 'ਤੇ ਪੁੱਜ ਗਈ। 14ਵੀਂ ਲੋਕ ਸਭਾ 'ਚ ਇਹ 52.63 ਸਾਲ ਅਤੇ 15ਵੀਂ 'ਚ 53.03 ਸਾਲ ਰਹੀ। ਪਿਛਲੀਆਂ ਆਮ ਚੋਣਾਂ ਤੋਂ ਬਾਅਦ ਬਣੀ 16ਵੀਂ ਲੋਕ ਸਭਾ ਦੇ ਮੈਂਬਰਾਂ ਦੀ ਔਸਤ ਉਮਰ 55.64 ਸਾਲ ਦਰਜ ਕੀਤੀ ਗਈ ਸੀ, ਜੋ ਹੁਣ ਤਕ ਦੀ ਸਭ ਤੋਂ ਵੱਧ ਹੈ। ਦੇਖਣਾ ਇਹ ਹੈ ਕਿ ਇਸ ਸਮੇਂ ਹੋਣ ਵਾਲੀਆਂ ਲੋਕ ਸਭਾ ਚੋਣਾਂ 'ਚ ਇਸ 'ਚ ਵਾਧਾ ਹੁੰਦਾ ਹੈ ਜਾਂ ਫਿਰ ਗਿਰਾਵਟ। ਜਨਸੰਖਿਆ ਦੇ ਅੰਕੜਿਆਂ ਅਨੁਸਾਰ ਦੇਸ਼ 'ਚ ਇਸ ਸਮੇਂ 65 ਫੀਸਦੀ ਆਬਾਦੀ 35 ਸਾਲ ਤਕ ਦੀ ਉਮਰ ਦੇ ਨੌਜਵਾਨਾਂ ਦੀ ਹੈ।
ਹਸਪਤਾਲ ਤੋਂ ਦਲਾਈ ਲਾਮਾ ਨੂੰ ਮਿਲੀ ਛੁੱਟੀ, ਵਾਪਸ ਪਹੁੰਚੇ ਧਰਮਸ਼ਾਲਾ
NEXT STORY