ਸਪੋਰਟਸ ਡੈਸਕ- ਪੈਰਿਸ ਓਲੰਪਿਕ 2024 ਖ਼ਤਮ ਹੋ ਗਿਆ ਹੈ। ਜਿਸ ਵਿਚ ਭਾਰਤ ਨੇ 6 ਮੈਡਲ ਜਿੱਤੇ ਹਨ। ਇਸ ਵਿਚ ਸਟਾਰ ਸ਼ੂਟਰ ਮਨੂ ਭਾਕਰ ਨੇ ਇਕੱਲੇ 2 ਕਾਂਸੀ ਤਮਗੇ ਭਾਰਤ ਦੀ ਝੋਲੀ ਪਾਏ। ਜਦੋਂਕਿ ਜੈਵਲਿਨ ਥ੍ਰੋਅ 'ਚ ਨੀਰਜ ਚੋਪੜਾ ਨੇ ਇਕ ਮਾਤਰ ਚਾਂਦੀ ਦਾ ਤਮਗਾ ਜਿੱਤਿਆ। ਇਸ ਤੋਂ ਬਾਅਦ ਨੀਰਜ ਦੀ ਮਨੂ ਭਾਕਰ ਦੀ ਮਾਂ ਦੇ ਨਾਲ ਇਕ ਵੀਡੀਓ ਵਾਇਰਲ ਹੋਈ। ਵੀਡੀਓ 'ਚ ਮਨੂ ਦੀ ਮਾਂ ਨੀਰਜ ਨੂੰ ਕੁਝ ਕਹਿੰਦੀ ਦਿਸ ਰਹੀ ਹੈ। ਇਸ ਦੌਰਾਨ ਮਨੂ ਦੀ ਮਾਂ ਨੀਰਜ ਦਾ ਹੱਥ ਆਪਣੇ ਸਿਰ 'ਤੇ ਰੱਖਦੇ ਵੀ ਨਜ਼ਰ ਆਈ, ਜਿਵੇਂ ਉਹ ਨੀਰਜ ਕੋਲੋਂ ਕੋਈ ਵਾਅਦਾ ਲੈ ਰਹੀ ਹੋਵੇ। ਵੀਡੀਓ ਬਾਹਰ ਆਉਣ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਅਫਵਾਹਾਂ ਸ਼ੁਰੂ ਹੋ ਗਈਆਂ ਕਿ ਮਨੂ ਭਾਕਰ ਅਤੇ ਨੀਰਜ ਚੋਪੜਾ ਜਲਦੀ ਵਿਆਹ ਕਰ ਸਕਦੇ ਹਨ।
ਹੁਣ ਮਨੂ ਭਾਕਰ ਨੇ ਖ਼ੁਦ ਹੀ ਆ ਕੇ ਇਕ ਟੀਵੀ ਨੂੰ ਦਿੱਤੀ ਇੰਟਰਵਿਊ 'ਚ ਇਸ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਸਾਫ ਤੌਰ 'ਤੇ ਕਿਹਾ ਕਿ ਅਜਿਹਾ ਕੁਝ ਨਹੀਂ ਹੈ ਜਿਵੇਂ ਸੁਣਨ 'ਚ ਆ ਰਿਹਾ ਹੈ। ਮਾਂ ਨੇ ਨੀਰਜ ਨੂੰ ਕੀ ਕਿਹਾ ਸੀ? ਇਸ ਸਵਾਲ 'ਤੇ ਮਨੂ ਨੇ ਕਿਹਾ ਕਿ ਮੈਨੂੰ ਜ਼ਿਆਦਾ ਨਹੀਂ ਪਤਾ, ਮੈਂ ਉਥੇ ਨਹੀਂ ਸੀ ਪਰ 2018 ਤੋਂ ਅਸੀਂ ਮਿਲਦੇ ਆ ਰਹੇ ਹਾਂ। ਕਦੇ ਕਿਸੇ ਈਵੈਂਟ 'ਚ ਤਾਂ ਕਦੇ ਕਿਸੇ ਮੁਕਾਬਲੇਬਾਜ਼ੀ 'ਚ। ਉਂਝ ਵੀ ਸਾਡੇ 'ਚ ਜ਼ਿਆਦਾ ਗੱਲ ਤਾਂ ਨਹੀਂ ਹੁੰਦੀ ਪਰ ਕੁਝ ਈਵੈਂਟਸ 'ਚ ਸਾਨੂੰ ਮੌਕਾ ਮਿਲ ਜਾਂਦਾ ਹੈ। ਬਸ ਉਥੇ ਥੋੜ੍ਹੀ-ਬਹੁਤ ਗੱਲ ਹੁੰਦੀ ਹੈ ਪਰ ਅਜਿਹਾ ਕੁਝ ਨਹੀਂ ਹੈ ਜੋ ਸੁਣਨ 'ਚ ਆ ਰਿਹਾ ਹੈ।
ਇਸ ਤੋਂ ਪਹਿਲਾਂ ਮਨੂ ਭਾਕਰ ਦੇ ਪਿਤਾ ਰਾਮ ਕਿਸ਼ਨ ਵੀ ਨੀਰਜ ਚੋਪੜਾ ਅਤੇ ਉਨ੍ਹਾਂ ਦੀ ਧੀ ਦੇ ਵਿਆਹ ਨੂੰ ਲੈ ਕੇ ਚੱਲ ਰਹੀਆਂ ਖਬਰਾਂ 'ਤੇ ਰੋਕ ਲਗਾ ਚੁੱਕੇ ਹਨ। ਉਨ੍ਹਾਂ ਕਿਹਾ ਸੀ ਕਿ ਮਨੂ ਅਜੇ ਤਾਂ ਕਾਫੀ ਛੋਟੀ ਹੈ। ਫਿਲਹਾਲ ਉਹ ਵਿਆਹ ਕਰਨ ਦੇ ਯੋਗ ਨਹੀਂ ਹੋਈ। ਅਸੀਂ ਅਜੇ ਤਕ ਉਸ ਲਈ ਅਜਿਹਾ ਕੁਝ ਸੋਚਿਆ ਵੀ ਨਹੀਂ। ਆਪਣੀ ਪਤਨੀ ਸੁਮੇਧਾ ਭਾਕਰ ਅਤੇ ਗੋਲਡਨ ਬੁਆਏ ਨੀਰਜ ਚੋਪੜਾ ਵਿਚਾਲੇ ਗੱਲਬਾਤ 'ਤੇ ਰਾਮ ਕਿਸ਼ਨ ਨੇ ਕਿਹਾ ਕਿ ਦੇਖੋ ਅਜਿਹਾ ਹੈ ਕਿ ਮਨੂ ਦੀ ਮਾਂ, ਨੀਰਜ ਚੋਪੜਾ ਨੂੰ ਵੀ ਆਪਣੇ ਪੁੱਤਰ ਵਰਗਾ ਹੀ ਮੰਨਦੀ ਹੈ। ਇਸੇ ਨਾਅਤੇ ਦੋਵਾਂ ਵਿਚਾਲੇ ਉਸ ਦਿਨ ਗੱਲਾਂ ਹੋ ਰਹੀਆਂ ਸਨ। ਉਨ੍ਹਾਂ ਨੇ ਨੀਰਜ ਨੂੰ ਕਿਹਾ ਕਿ ਉਹ ਇਸ ਖੇਡ ਨੂੰ ਅਜੇ ਕਾਫੀ ਕੁਝ ਦੇ ਸਕਦੇ ਹਨ। ਓਲੰਪਿਕ 'ਚ ਸਿਲਵਰ ਮੈਡਲ ਜਿੱਤਣਾ ਵੀ ਬਹੁਤ ਵੱਡੀ ਗੱਲ ਹੁੰਦੀ ਹੈ। ਤੁਸੀਂ ਮਨੂ ਦੀ ਤਰ੍ਹਾਂ ਖੇਡ ਨੂੰ ਛੱਡਣ ਦਾ ਖਿਆਲ ਵੀ ਮਨ 'ਚ ਨਾ ਲਿਆਉਣਾ।
ਪੰਜਾਬ ਦੇ 3 ਪੈਰਾ ਖਿਡਾਰੀ ਪੈਰਾ ਓਲੰਪਿਕ ਖੇਡਾਂ ਵਿੱਚ ਭਾਗ ਲੈਣ ਲਈ ਪੈਰਿਸ ਜਾਣਗੇ
NEXT STORY