ਮੁੰਬਈ— ਮੁੰਬਈ ਦੇ ਗੋਰੇਗਾਓਂ ਇਲਾਕੇ ਵਿਚ ਬੁੱਧਵਾਰ ਦੇਰ ਰਾਤ ਇਕ ਬੱਚਾ ਖੁੱਲ੍ਹੇ ਗਟਰ ਵਿਚ ਡਿੱਗ ਕੇ ਪਾਣੀ ਵਿਚ ਵਹਿ ਗਿਆ। ਬੱਚੇ ਦਾ ਨਾਂ ਦਿਵਯਾਂਸ਼ੂ ਅਤੇ ਉਸ ਦੀ ਉਮਰ 3 ਸਾਲ ਦੱਸੀ ਗਈ ਹੈ। ਹਾਦਸੇ ਦੀ ਜਾਣਕਾਰੀ ਮਿਲਦੇ ਹੀ ਪੁਲਸ ਅਤੇ ਬੀ. ਐੱਮ. ਸੀ. ਦੀਆਂ ਟੀਮਾਂ ਮੌਕੇ 'ਤੇ ਪਹੁੰਚ ਗਈਆਂ ਹਨ। ਬੱਚੇ ਦੀ ਭਾਲ ਲਈ ਸਰਚ ਆਪਰੇਸ਼ਨ ਚਲਾਇਆ ਗਿਆ। ਅਜੇ ਤਕ ਬੱਚੇ ਦਾ ਕੁਝ ਪਤਾ ਨਹੀਂ ਲੱਗ ਸਕਿਆ ਹੈ। ਬੱਚੇ ਦੇ ਗਟਰ 'ਚ ਡਿੱਗਣ ਦੀ ਪੂਰੀ ਘਟਨਾ ਉੱਥੇ ਲੱਗੇ ਸੀ. ਸੀ. ਟੀ. ਵੀ. 'ਚ ਕੈਦ ਹੋ ਗਈ।
ਇਹ ਘਟਨਾ ਗੋਰੇਗਾਓਂ ਈਸਟ ਦੇ ਅੰਬੇਡਕਰ ਨਗਰ ਇਲਾਕੇ ਦੀ ਹੈ। ਬੱਚਾ ਆਪਣੇ ਘਰ 'ਚੋਂ ਬਾਹਰ ਸੜਕ 'ਤੇ ਆ ਗਿਆ। ਬੱਚੇ ਦੇ ਮਾਤਾ-ਪਿਤਾ ਇਸ ਗੱਲ ਤੋਂ ਬੇਖ਼ਬਰ ਸਨ। ਬੱਚਾ ਇਕ ਇਲੈਕਟ੍ਰਾਨਿਕ ਬਾਕਸ ਦੇ ਪਿੱਛੇ ਖੁੱਲ੍ਹੇ ਹੋਏ ਗਟਰ ਵਿਚ ਡਿੱਗ ਗਿਆ। ਇਹ ਹਾਦਸਾ ਬੁੱਧਵਾਰ ਰਾਤ ਕਰੀਬ 10.24 ਵਜੇ ਹੋਇਆ। ਘਟਨਾ ਦੇ ਮਹਿਜ 20 ਤੋਂ 30 ਸੈਕਿੰਡ ਬਾਅਦ ਬੱਚੇ ਦੀ ਮਾਂ ਉਸ ਨੂੰ ਲੱਭਣ ਲਈ ਆਉਂਦੀ ਹੈ ਪਰ ਉਸ ਨੂੰ ਆਪਣੇ ਬੇਟੇ ਦਾ ਕੁਝ ਪਤਾ ਨਹੀਂ ਲੱਗਦਾ। ਜਦੋਂ ਨੇੜੇ ਦੇ ਸੀ. ਸੀ. ਟੀ. ਵੀ. ਨੂੰ ਦੇਖਿਆ ਗਿਆ ਤਾਂ ਦਿਵਯਾਸ਼ੂ ਖੁੱਲ੍ਹੇ ਗਟਰ ਵਿਚ ਡਿੱਗਦਾ ਹੋਇਆ ਨਜ਼ਰ ਆਉਂਦਾ ਹੈ। ਇਸ ਤੋਂ ਤੁਰੰਤ ਬਾਅਦ ਪੁਲਸ ਨੂੰ ਘਟਨਾ ਦੀ ਜਾਣਕਾਰੀ ਦਿੱਤੀ ਗਈ।

ਰਾਤ ਤੋਂ ਹੀ ਆਲੇ-ਦੁਆਲੇ ਦੇ ਨਾਲਿਆਂ ਨੂੰ ਖੋਲ੍ਹ ਕੇ ਬੱਚੇ ਦੀ ਭਾਲ ਕੀਤੀ ਜਾ ਰਹੀ ਹੈ ਪਰ ਅਜੇ ਤਕ ਕੁਝ ਪਤਾ ਨਹੀਂ ਲੱਗ ਸਕਿਆ ਹੈ। ਸਥਾਨਕ ਲੋਕਾਂ ਦਾ ਦੋਸ਼ ਹੈ ਕਿ ਇਸ ਘਟਨਾ ਲਈ ਪੂਰੀ ਤਰ੍ਹਾਂ ਬੀ. ਐੱਮ. ਸੀ. ਜ਼ਿੰਮੇਵਾਰ ਹੈ। ਜੇਕਰ ਬੀ. ਐੱਮ. ਸੀ. ਖੁੱਲ੍ਹੇ ਗਟਰ ਨੂੰ ਢੱਕ ਕੇ ਰੱਖਦੀ ਤਾਂ ਇੰਨਾ ਵੱਡਾ ਹਾਦਸਾ ਨਾ ਵਾਪਰਦਾ। ਫਿਲਹਾਲ ਬੱਚੇ ਦੀ ਭਾਲ ਲਈ ਬਚਾਅ ਕਰਮੀ ਜੁੱਟੇ ਹੋਏ ਹਨ। ਇੱਥੇ ਦੱਸ ਦੇਈਏ ਕਿ ਮੁੰਬਈ ਵਿਚ ਕਈ ਦਿਨਾਂ ਤੋਂ ਜਾਰੀ ਬਾਰਿਸ਼ ਦਰਮਿਆਨ ਸੜਕਾਂ 'ਤੇ ਖੁੱਲ੍ਹੇ ਪਏ ਮੈਨਹੋਲ ਅਤੇ ਨਾਲੇ ਲੋਕਾਂ ਲਈ ਵੱਡਾ ਖਤਰਾ ਬਣ ਗਏ ਹਨ।
ਟਰੱਕ ਦੀ ਲਪੇਟ 'ਚ ਆਉਣ ਨਾਲ 8 ਲੋਕਾਂ ਦੀ ਮੌਤ, 4 ਜ਼ਖਮੀ
NEXT STORY