ਨਵੀਂ ਦਿੱਲੀ (ਭਾਸ਼ਾ)– ਆਲ ਇੰਡੀਆ ਮੁਸਲਿਮ ਪਰਸਨਲ ਲਾਅ ਬੋਰਡ ਨੇ ਕਿਹਾ ਹੈ ਕਿ ਸੂਰਿਆ ਨਮਸਕਾਰ ਦੇ ਪ੍ਰੋਗਰਾਮਾਂ ਵਿਚ ਮੁਸਲਿਮ ਭਾਈਚਾਰੇ ਦੇ ਬੱਚਿਆਂ ਨੂੰ ਸ਼ਾਮਲ ਨਹੀਂ ਹੋਣਾ ਚਾਹੀਦਾ ਕਿਉਂਕਿ ਸੂਰਜ ਦੀ ਉਪਾਸਨਾ ਕਰਨੀ ਇਸਲਾਮ ਧਰਮ ਮੁਤਾਬਕ ਠੀਕ ਨਹੀਂ ਹੈ। ਪਰਸਨਲ ਲਾਅ ਬੋਰਡ ਦੇ ਜਨਰਲ ਸਕੱਤਰ ਮੌਲਾਨਾ ਖਾਲਿਦ ਸੈਫਉਲਾਹ ਰਹਿਮਾਨੀ ਨੇ ਇਹ ਵੀ ਕਿਹਾ ਕਿ ਸਰਕਾਰ ਨੂੰ ਇਸ ਨਾਲ ਜੁੜਿਆ ਦਿਸ਼ਾ-ਨਿਰਦੇਸ਼ ਵਾਪਸ ਲੈ ਕੇ ਦੇਸ਼ ਦੀਆਂਂ ਧਰਮ ਨਿਰਪੱਖ ਕਦਰਾਂ-ਕੀਮਤਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ।
ਮੌਲਾਨਾ ਰਹਿਮਾਨੀ ਨੇ ਕਿਹਾ ਕਿ ਭਾਰਤ ਇਕ ਧਰਮ ਨਿਰਪੱਖ, ਬਹੁ-ਧਾਰਮਿਕ ਅਤੇ ਬਹੁ-ਸੱਭਿਆਚਾਰਕ ਦੇਸ਼ ਹੈ। ਇਨ੍ਹਾਂ ਸਿਧਾਂਤਾਂ ਦੇ ਆਧਾਰ ’ਤੇ ਹੀ ਸਾਡਾ ਸੰਵਿਧਾਨ ਬਣਾਇਆ ਗਿਆ ਹੈ। ਸੰਵਿਧਾਨ ਸਾਨੂੰ ਇਸ ਦੀ ਆਗਿਆ ਨਹੀਂ ਦਿੰਦਾ ਕਿ ਸਰਕਾਰੀ ਵਿੱਦਿਅਕ ਅਦਾਰਿਆਂਂ ਵਿਚ ਕਿਸੇ ਖਾਸ ਧਰਮ ਦੀ ਸਿੱਖਿਆ ਦਿੱਤੀ ਜਾਏ ਜਾਂ ਕਿਸੇ ਵਿਸ਼ੇਸ਼ ਸਮੂਹ ਦੀ ਮਾਨਤਾ ਦੇ ਆਧਾਰ ’ਤੇ ਸਮਾਰੋਹ ਆਯੋਜਿਤ ਕੀਤੇ ਜਾਣ। ਉਨ੍ਹਾਂ ਨੇ ਦਾਅਵਾ ਕੀਤਾ ਕਿ ਇਹ ਬੇਹੱਦ ਮੰਦਭਾਗੀ ਗੱਲ ਹੈ ਕਿ ਮੌਜੂਦਾ ਸਰਕਾਰ ਇਸ ਸਿਧਾਂਤ ਤੋਂ ਭਟਕ ਰਹੀ ਹੈ ਅਤੇ ਦੇਸ਼ ਦੇ ਸਭ ਵਰਗਾਂ ’ਤੇ ਬਹੁ-ਗਿਣਤੀ ਭਾਈਚਾਰੇ ਦੀ ਸੋਚ ਅਤੇ ਪਰੰਪਰਾ ਨੂੰ ਥੋਪਣ ਦੀ ਕੋਸ਼ਿਸ਼ ਕਰ ਰਹੀ ਹੈ।
ਰਹਿਮਾਨੀ ਨੇ ਅੱਗੇ ਕਿਹਾ ਕਿ ਭਾਰਤ ਸਰਕਾਰ ਦੇ ਸਿੱਖਿਆ ਮੰਤਰਾਲਾ ਨੇ 75ਵੇਂ ਆਜ਼ਾਦੀ ਦਿਹਾੜੇ ਮੌਕੇ 30 ਸੂਬਿਆਂ ਵਿਚ ਸੂਰਿਆ ਨਮਸਕਾਰ ਦੀ ਯੋਜਨਾ ਚਲਾਉਣ ਦਾ ਫ਼ੈਸਲਾ ਕੀਤਾ ਹੈ, ਜਿਸ ’ਚ 30 ਹਜ਼ਾਰ ਸਕੂਲਾਂ ਨੂੰ ਪਹਿਲੇ ਪੜਾਅ ਵਿਚ ਸ਼ਾਮਲ ਕੀਤਾ ਜਾਵੇਗਾ। 1 ਜਨਵਰੀ ਤੋਂ 7 ਫ਼ਰਵਰੀ 2022 ਤੱਕ ਲਈ ਇਹ ਪ੍ਰੋਗਰਾਮ ਪ੍ਰਸਤਾਵਿਤ ਹੈ ਅਤੇ 26 ਜਨਵਰੀ ਨੂੰ ਸੂਰਿਆ ਨਮਸਕਾਰ ’ਤੇ ਇਕ ਸੰਗੀਤ ਪ੍ਰੋਗਰਾਮ ਦੀ ਵੀ ਯੋਜਨਾ ਹੈ। ਉਨ੍ਹਾਂ ਆਖਿਆ ਕਿ ਸੂਰਿਆ ਨਮਸਕਾਰ ਸੂਰਜ ਦੀ ਪੂਜਾ ਦਾ ਇਕ ਰੂਪ ਹੈ। ਇਸਲਾਮ ਅਤੇ ਦੇਸ਼ ਦੇ ਹੋਰ ਘੱਟ ਗਿਣਤੀ ਨਾ ਤਾਂ ਸੂਰਜ ਨੂੰ ਦੇਵਤਾ ਮੰਨਦੇ ਹਨ ਅਤੇ ਨਾ ਹੀ ਉਸ ਦੀ ਪੂਜਾ ਨੂੰ ਸਹੀ ਮੰਨਦੇ ਹਨ। ਇਸ ਲਈ ਸਰਕਾਰ ਦੀ ਇਹ ਜ਼ਿੰਮੇਵਾਰੀ ਹੈ ਕਿ ਅਜਿਹੇ ਨਿਰਦੇਸ਼ਾਂ ਨੂੰ ਵਾਪਸ ਲਵੇ ਅਤੇ ਦੇਸ਼ ਦੇ ਧਰਮ-ਨਿਰਪੱਖ ਕਦਰਾਂ-ਕੀਮਤਾਂ ਦਾ ਸਨਮਾਨ ਕਰੇ।
ਜੰਮੂ-ਕਸ਼ਮੀਰ ਦੇ ਪੁੰਛ ਵਿਚ ਵੰਡੀ ਗਈ 641ਵੇਂ ਟਰੱਕ ਦੀ ਰਾਹਤ ਸਮੱਗਰੀ
NEXT STORY