ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਜ ਸਭਾ ਵਿੱਚ ਰਾਸ਼ਟਰਪਤੀ ਦੇ ਭਾਸ਼ਣ 'ਤੇ ਧੰਨਵਾਦ ਪ੍ਰਸਤਾਵ ਦੀ ਚਰਚਾ ਦਾ ਜਵਾਬ ਦਿੰਦਿਆਂ ਵਿਰੋਧੀ ਧਿਰ ਦੇ ਭਾਰੀ ਹੰਗਾਮੇ ਦਰਮਿਆਨ ਦੇਸ਼ ਦੇ ਵਿਕਾਸ ਅਤੇ ਭਵਿੱਖ ਦੇ ਟੀਚਿਆਂ ਬਾਰੇ ਵੱਡੇ ਦਾਅਵੇ ਕੀਤੇ ਹਨ। ਉਨ੍ਹਾਂ ਸਪੱਸ਼ਟ ਸ਼ਬਦਾਂ ਵਿਚ ਕਿਹਾ ਕਿ ਭਾਰਤ ਹੁਣ ਨਾ ਰੁਕੇਗਾ ਅਤੇ ਨਾ ਹੀ ਪਿੱਛੇ ਮੁੜ ਕੇ ਦੇਖੇਗਾ, ਸਗੋਂ ਆਪਣੇ ਮਿੱਥੇ ਹੋਏ ਟੀਚਿਆਂ ਨੂੰ ਪ੍ਰਾਪਤ ਕਰੇਗਾ।
ਅਰਥਵਿਵਸਥਾ 'ਚ ਵੱਡੀ ਛਾਲ
ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ਦੌਰਾਨ ਦੇਸ਼ ਦੀ ਆਰਥਿਕ ਤਰੱਕੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਜਦੋਂ ਉਨ੍ਹਾਂ ਨੂੰ ਸੱਤਾ ਮਿਲੀ ਸੀ, ਉਦੋਂ ਦੇਸ਼ 'ਫ੍ਰੈਜੀਲ ਫਾਈਵ' (ਕਮਜ਼ੋਰ ਪੰਜ) ਅਰਥਵਿਵਸਥਾਵਾਂ 'ਚ ਸ਼ਾਮਲ ਸੀ। ਅੱਜ ਭਾਰਤ ਦੁਨੀਆ ਦੀ ਚੌਥੀ ਸਭ ਤੋਂ ਵੱਡੀ ਅਰਥਵਿਵਸਥਾ ਬਣ ਚੁੱਕਾ ਹੈ ਅਤੇ ਬਹੁਤ ਜਲਦ ਤੀਜੇ ਨੰਬਰ ਦੀ ਆਰਥਿਕ ਸ਼ਕਤੀ ਬਣਨ ਵੱਲ ਤੇਜ਼ੀ ਨਾਲ ਵਧ ਰਿਹਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਅੱਜ ਤੇਜ਼ ਰਫ਼ਤਾਰ ਅਤੇ ਘੱਟ ਮਹਿੰਗਾਈ (ਲੋਅ ਇਨਫਲੇਸ਼ਨ) ਦੇ ਨਾਲ ਅੱਗੇ ਵਧ ਰਿਹਾ ਹੈ, ਜੋ ਕਿ ਇੱਕ ਦੁਰਲੱਭ ਪ੍ਰਾਪਤੀ ਹੈ।
ਵਿਰੋਧੀ ਧਿਰ ਦੇ ਹੰਗਾਮੇ 'ਤੇ ਚੁਟਕੀ
ਪੀ.ਐੱਮ. ਮੋਦੀ ਦੇ ਭਾਸ਼ਣ ਦੌਰਾਨ ਵਿਰੋਧੀ ਧਿਰ ਦੇ ਮੈਂਬਰਾਂ ਨੇ ਸਦਨ ਦੇ ਵਿਚਕਾਰ (ਵੈੱਲ) ਆ ਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਹੰਗਾਮੇ 'ਤੇ ਚੁਟਕੀ ਲੈਂਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਮੱਲਿਕਾਰਜੁਨ ਖੜਗੇ ਦੀ ਉਮਰ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਬੈਠੇ-ਬੈਠੇ ਹੀ ਨਾਅਰੇ ਲਗਾਉਣ ਦੀ ਇਜਾਜ਼ਤ ਦੇ ਦਿੱਤੀ ਜਾਣੀ ਚਾਹੀਦੀ ਹੈ। ਜਦੋਂ ਵਿਰੋਧੀ ਮੈਂਬਰਾਂ ਨੇ ਸਦਨ 'ਚੋਂ ਵਾਕਆਊਟ ਕੀਤਾ ਤਾਂ ਪੀ.ਐੱਮ. ਨੇ ਤੰਜ਼ ਕਸਦਿਆਂ ਕਿਹਾ, "ਜਿਹੜੇ ਲੋਕ ਥੱਕ ਗਏ ਸਨ, ਉਹ ਚਲੇ ਗਏ ਪਰ ਉਨ੍ਹਾਂ ਨੂੰ ਕਦੇ ਨਾ ਕਦੇ ਜਵਾਬ ਦੇਣਾ ਹੀ ਪਵੇਗਾ।"
ਵਿਸ਼ਵ ਪੱਧਰ 'ਤੇ ਭਾਰਤ ਦਾ ਵਧਦਾ ਕੱਦ
ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਵਿਡ ਤੋਂ ਬਾਅਦ ਬਦਲ ਰਹੀ ਵਿਸ਼ਵ ਵਿਵਸਥਾ 'ਚ ਦੁਨੀਆ ਅੱਜ ਭਾਰਤ ਵੱਲ ਉਮੀਦ ਅਤੇ ਭਰੋਸੇ ਨਾਲ ਦੇਖ ਰਹੀ ਹੈ। ਭਾਰਤ ਅੱਜ 'ਗਲੋਬਲ ਸਾਊਥ' ਦੀ ਇਕ ਬੁਲੰਦ ਆਵਾਜ਼ ਬਣ ਕੇ ਉੱਭਰਿਆ ਹੈ। ਉਨ੍ਹਾਂ ਕਾਂਗਰਸ 'ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਪੁਰਾਣੀਆਂ ਸਰਕਾਰਾਂ ਦੀਆਂ ਗਲਤੀਆਂ ਨੂੰ ਸੁਧਾਰਨ 'ਚ ਹੀ ਸਾਡੀ ਬਹੁਤ ਸਾਰੀ ਊਰਜਾ ਲੱਗ ਰਹੀ ਹੈ। ਉਨ੍ਹਾਂ ਅੱਗੇ ਕਿਹਾ ਕਿ ਪਹਿਲਾਂ ਦੀਆਂ ਸਰਕਾਰਾਂ ਕੋਲ ਕੋਈ ਵਿਜ਼ਨ ਨਹੀਂ ਸੀ ਅਤੇ ਉਹ ਸਿਰਫ ਵੋਟ ਬੈਂਕ ਦੀ ਰਾਜਨੀਤੀ ਕਰਦੀਆਂ ਸਨ, ਜਦਕਿ ਅੱਜ ਭਾਰਤ ਦੁਨੀਆ ਨਾਲ ਮੁਕਾਬਲਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ।
ਐੱਮ.ਐੱਸ.ਐੱਮ.ਈ. ਅਤੇ ਉੱਦਮੀਆਂ 'ਤੇ ਭਰੋਸਾ
ਪੀ.ਐਮ. ਮੋਦੀ ਨੇ ਕਿਹਾ ਕਿ ਅੱਜ ਦੁਨੀਆ ਭਾਰਤ ਦੇ ਉੱਦਮੀਆਂ ਨੂੰ ਬਰਾਬਰੀ ਦੀ ਨਜ਼ਰ ਨਾਲ ਦੇਖਦੀ ਹੈ। ਦੇਸ਼ ਦਾ ਐੱਮ.ਐੱਸ.ਐੱਮ.ਈ. (MSME) ਨੈੱਟਵਰਕ ਜਿੰਨਾ ਸਮਰੱਥ ਹੋ ਰਿਹਾ ਹੈ, ਉਸ ਨਾਲ ਵਿਸ਼ਵ ਦਾ ਭਾਰਤ 'ਤੇ ਭਰੋਸਾ ਹੋਰ ਵਧਿਆ ਹੈ। ਉਨ੍ਹਾਂ ਯਾਦ ਦਿਵਾਇਆ ਕਿ ਗੁਜਰਾਤ ਦੇ ਮੁੱਖ ਮੰਤਰੀ ਹੁੰਦਿਆਂ ਵੀ ਉਨ੍ਹਾਂ ਨੇ 'ਵਾਈਬ੍ਰੈਂਟ ਗੁਜਰਾਤ' ਰਾਹੀਂ ਦੇਸ਼ ਦੀ ਇੱਛਾ ਸ਼ਕਤੀ ਦਿਖਾਈ ਸੀ ਅਤੇ ਅੱਜ ਪੂਰਾ ਦੇਸ਼ ਆਪਣੀ ਸਮਰੱਥਾ ਦਿਖਾ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
ਮੀਡੀਆ ਦੀ ਆਵਾਜ਼ ਦਬਾਉਣ ਲਈ ਕੀਤੀ ਜਾ ਰਹੀ ਦਮਨਕਾਰੀ ਕਾਰਵਾਈ : ਆਰ.ਪੀ. ਸਿੰਘ
NEXT STORY