ਸਕੂਲ ਦੇ ਦਿਨਾਂ ’ਚ ਇਕ ਕਵਿਤਾ ‘ਯੂਸੁਫ’ ਸਾਨੂੰ ਪੜ੍ਹਾਈ ਜਾਂਦੀ ਸੀ। ਉਸ ਕਵਿਤਾ ਦਾ ਮੇਰੇ ਜੀਵਨ ’ਚ ਬੜਾ ਪ੍ਰਭਾਵ ਰਿਹਾ। ਅੱਤਵਾਦੀ, ਜੋ ਬੰਬਾਂ ਅਤੇ ਬੰਦੂਕਾਂ ਨਾਲ ਲੋਕਾਂ ਦੀ ਛਾਤੀ ਨੂੰ ਛਲਣੀ-ਛਲਣੀ ਕਰ ਰਹੇ ਹਨ, ਉਨ੍ਹਾਂ ਨੂੰ ‘ਯੂਸੁਫ’ ਕਵਿਤਾ ਜ਼ਰੂਰ ਪੜ੍ਹਨੀ ਚਾਹੀਦੀ ਹੈ। ਇਕ ਅਦਾਲਤ ਉਸ ਪ੍ਰਭੂ ਦੀ ਹੈ, ਜਿਸ ’ਚ ਸਭ ਨਾਲ ਨਿਆਂ ਹੁੰਦਾ ਹੈ।
ਅੱਤਵਾਦੀ ਸ਼ਾਇਦ ਨਹੀਂ ਜਾਣਦੇ ਕਿ ਕਿਆਮਤ ਦੇ ਦਿਨ ‘ਯਮ ਕੰਕਰੂ’ ਇਨ੍ਹਾਂ ਅੱਤਵਾਦੀਆਂ ਨੂੰ ਵਾਲਾਂ ਤੋਂ ਫੜ ਕੇ, ਘਸੀਟਦੇ-ਘਸੀਟਦੇ ਸਰੀਰ ’ਚ ਬਰਛੇ, ਭਾਲੇ ਮਾਰਦੇ ‘ਧਰਮਰਾਜ’ ਦੇ ਸਾਹਮਣੇ ਲਿਆ ਪਟਕਣਗੇ। ਈਸ਼ਵਰ ਨੂੰ ਤੁਹਾਨੂੰ ਆਪਣੇ ਕਰਮਾਂ ਦਾ ਹਿਸਾਬ ਦੇਣਾ ਹੀ ਹੋਵੇਗਾ।
ਦੋਸਤੋ, ਆਓ ਪਹਿਲਾਂ ‘ਯੂਸੁਫ’ ਦੀ ਕਹਾਣੀ ਸੁਣ ਲਈਏ। ਇਕ ਰਾਤ ਰੇਗਿਸਤਾਨ ਦੇ ਸ਼ਾਂਤ ਵਾਤਾਵਰਣ ਦੇ ਵਿਚਾਲੇ ਇਕ ਸ਼ਰਨਾਰਥੀ ਨੇ ‘ਯੂਸੁਫ’ ਦੇ ਘਰ ’ਚ ਰਾਤ ਬਿਤਾਈ। ਸ਼ਰਨਾਰਥੀ ਨੇ ‘ਯੂਸੁਫ’ ਨੂੰ ਆਪਣੀ ਪਛਾਣ ਦੱਸੀ। ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ ਯੂਸੁਫ ਨੇ ਆਉਣ ਵਾਲੇ ਮੁਸਾਫ਼ਰ ਨੂੰ ਜਗਾ ਕੇ ਕਿਹਾ, “ਮਹਾਰਾਜ, ਸੂਰਜ ਚੜ੍ਹਨ ਵਾਲਾ ਹੈ। ਤੁਹਾਡੀ ਸੇਵਾ ’ਚ ਕੁਝ ਧਨ ਭੇਟ ਕਰ ਰਿਹਾ ਹਾਂ। ਮੈਂ ਆਪਣਾ ਸਭ ਤੋਂ ਤੇਜ਼ ਦੌੜਨ ਵਾਲਾ ਘੋੜਾ ਵੀ ਤੁਹਾਨੂੰ ਕਿਸੇ ਹੋਰ ਥਾਂ ਲੈ ਜਾਣ ਲਈ ਤਿਆਰ ਕਰ ਦਿੱਤਾ ਹੈ। ਸਵੇਰ ਹੋਣ ’ਤੇ ਤੁਹਾਨੂੰ ਕੋਈ ਪਛਾਣ ਨਾ ਲਵੇ। ਤੁਹਾਡੀ ਸੇਵਾ ’ਚ ਮੇਰੇ ਵੱਲੋਂ ਕੋਈ ਕਮੀ ਰਹਿ ਗਈ ਹੋਵੇ ਤਾਂ ਮੈਨੂੰ ਮੁਆਫ ਕਰਨਾ।”
ਯੂਸੁਫ ਦੇ ਹਿਰਦੇ ’ਚ ਪਵਿੱਤਰਤਾ ਸੀ। ਉਸ ਦੇ ਵਿਵਹਾਰ ਨੇ ਸ਼ਰਨਾਰਥੀ ਦੇ ਹਿਰਦੇ ’ਚ ਵੀ ਗਿਆਨ ਦਾ ਚਾਨਣ ਭਰ ਦਿੱਤਾ ਸੀ। ਸ਼ਰਨਾਰਥੀ ਦੇ ਮਨ ਦਾ ਹਨੇਰਾ ਮਿਟ ਗਿਆ ਸੀ। ਯੂਸੁਫ ਸ਼ਾਂਤ, ਪੁੰਨਵਾਨ, ਸੱਚ ਅਤੇ ਆਨੰਦ ਨਾਲ ਭਰਿਆ ਹੋਇਆ ਸੀ। ਉਸ ਦੇ ਹਿਰਦੇ ’ਚ ਸੁਰੀਲੀ ਪਵਿੱਤਰਤਾ ਅਤੇ ਅੱਖਾਂ ’ਚ ਸਹਿਜਤਾ ਦਾ ਭਾਵ ਸੀ।
‘ਯੂਸੁਫ’ ਦੇ ਇਸ ਦਿਲਖਿੱਚਵੇਂ ਵਿਵਹਾਰ ਨੇ ਮੁਸਾਫ਼ਰ ਦੇ ਹਿਰਦੇ ਨੂੰ ਬਦਲ ਦਿੱਤਾ ਸੀ। ਉਸ ਨੂੰ ਅਹਿਸਾਸ ਹੋ ਗਿਆ ਸੀ ਕਿ ਮੈਂ ‘ਯੂਸੁਫ’ ਦੇ ਵੱਡੇ ਪੁੱਤਰ ਦਾ ਕਤਲ ਕਰ ਕੇ ਕਿੱਡਾ ਵੱਡਾ ਅਨਰਥ ਕੀਤਾ ਸੀ ਅਤੇ ਇੱਧਰ ਇਹ ਵਿਅਕਤੀ ਪੂਰੀ ਤਰ੍ਹਾਂ ਸ਼ਾਂਤ ਅਤੇ ਭਾਵ-ਵਿਹੀਨ ਹੋ ਕੇ ਮੈਨੂੰ ਦੇਖ ਰਿਹਾ ਹੈ? ਮੁਸਾਫ਼ਰ ਨੇ ਪਛਤਾਵੇ ਦੀ ਮੁਦਰਾ ’ਚ ਧਰਤੀ ’ਤੇ ਸਿਰ ਝੁਕਾ ਦਿੱਤਾ। ਉਸ ਦੇ ਚਿਹਰੇ ’ਤੇ ਅਦਭੁਤ ਭਾਵ ਸਨ। ਉਸ ਨੇ ਸਿਸਕਦੇ ਹੋਏ ‘ਯੂਸੁਫ’ ਨੂੰ ਕਿਹਾ, “ਸ਼ੇਖ, ਮੈਂ ਹੁਣ ਤੁਹਾਨੂੰ ਇਸ ਹਾਲਤ ’ਚ ਛੱਡ ਕੇ ਕਿਵੇਂ ਜਾ ਸਕਦਾ ਹਾਂ? ਕੀ ਮੈਂ ਨਾਸ਼ੁਕਰਾ ਬਣ ਜਾਵਾਂ? ਤੁਸੀਂ ਮੈਨੂੰ ਆਸਰਾ ਦਿੱਤਾ, ਸ਼ਾਂਤੀ ਦਿੱਤੀ, ਪ੍ਰਕਾਸ਼ ਦਿੱਤਾ ਅਤੇ ਸੁਰੱਖਿਆ ਦਿੱਤੀ। ਮੇਰੇ ਵਰਗੇ ਭਟਕਦੇ ਹੋਏ ਰਾਹੀ ਨੂੰ ਰਾਹ ਦਿਖਾਇਆ। ਮੇਰੀ ਆਤਮਾ ਨੂੰ ਆਪਣੇ ਪ੍ਰਕਾਸ਼ ਨਾਲ ਭਰ ਦਿੱਤਾ। ਮੇਰਾ ਜੀਵਨ ਤਾਂ ਮੇਰੇ ਲਈ ਇਕ ਬੋਝ ਬਣ ਚੁੱਕਾ ਸੀ। ਮੈਂ ਆਪਣੇ ਮਨ ਦੇ ਭਾਵ ਨੂੰ ਕਿਵੇਂ ਸਮਝਾਵਾਂ।”
ਯੂਸੁਫ ਨੇ ਕਿਹਾ, “ਮੈਂ ਤਾਂ ਇਕ ਸਾਧਾਰਨ ਵਿਅਕਤੀ ਹਾਂ। ਸਭ ਨੂੰ ਰੋਜ਼ੀ-ਰੋਟੀ ਤਾਂ ਭਗਵਾਨ ਦਿੰਦਾ ਹੈ। ਜੇਕਰ ਕੋਈ ਮੇਰੇ ਘਰ ’ਚ ਦੋ ਘੜੀ ਆਸਰਾ ਪਾ ਗਿਆ ਤਾਂ ਮੈਂ ਧੰਨ ਹਾਂ। ਕੋਈ ਮੇਰੇ ਘਰ ਭੋਜਨ ਕਰ ਗਿਆ ਤਾਂ ਮੇਰਾ ਘਰ ਪਵਿੱਤਰ ਹੋ ਗਿਆ। ਮੈਂ ਤਾਂ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਮੈਨੂੰ ਸਨਮਾਨ ਦਿੱਤਾ। ਜਿਵੇਂ ਮੈਂ ਭਗਵਾਨ ਦੇ ਘਰ ’ਚ ਰਹਿ ਰਿਹਾ ਹਾਂ, ਆਨੰਦਪੂਰਵਕ ਭੋਜਨ ਪਾ ਰਿਹਾ ਹਾਂ, ਤਾਂ ਇਹ ਉਸ ਪਰਮਪਿਤਾ ਪ੍ਰਭੂ ਦੀ ਮਿਹਰਬਾਨੀ ਹੈ। ਇਸ ’ਚ ਮੇਰਾ ਕੀ ਲੱਗਾ?”
ਮੁਸਾਫ਼ਰ ਨੇ ਕਿਹਾ, “ਮੈਂ ਕਿਵੇਂ ਦੱਸਾਂ ਕਿ ਕੁਕਰਮੀ ਪਾਪੀ ਇਬਰਾਹਿਮ ਲਈ ਤੁਸੀਂ ਕੀ ਕੀਤਾ ਹੈ? ਮੈਂ ਉਹੀ ਇਬਰਾਹਿਮ ਹਾਂ, ਜਿਸ ਨੇ ਤੁਹਾਡੇ ਵੱਡੇ ਪੁੱਤਰ ਦਾ ਕਤਲ ਕੀਤਾ ਸੀ। ਸਾਡੀ ਜਾਤ ਦਾ ਕਾਨੂੰਨ ਹੈ ਕਿ ਕਾਤਲ ਨੂੰ ਮਾਰਨ ਨਾਲ ਹੀ ਮ੍ਰਿਤਕ ਨੂੰ ਸ਼ਾਂਤੀ ਮਿਲਦੀ ਹੈ। ਮੇਰਾ ਇਹ ਸਰੀਰ ਤੁਹਾਡੀ ਸੇਵਾ ’ਚ ਹਾਜ਼ਰ ਹੈ। ਤੁਸੀਂ ਤਲਵਾਰ ਨਾਲ ਮੇਰਾ ਸਿਰ ਕਲਮ ਕਰ ਦਿਓ।” ਇਹ ਕਹਿ ਕੇ ਇਬਰਾਹਿਮ ਪੱਥਰ ਵਾਂਗ ਅਡੋਲ ਖੜ੍ਹਾ ਹੋ ਗਿਆ।
ਉਸ ਨੇ ਸੋਚਿਆ ਕਿ ਮੇਰਾ ਸਿਰ ਯੂਸੁਫ ਇਕ ਝਟਕੇ ’ਚ ਕੱਟ ਦੇਵੇਗਾ, ਪਰ ਯੂਸੁਫ ਦੇ ਮਨ ’ਚ ਅਚਾਨਕ ਇਕ ਤੂਫਾਨ ਉੱਠ ਖੜ੍ਹਾ ਹੋਇਆ। ਆਪਣੇ ਵੱਡੇ ਪੁੱਤਰ ਨੂੰ ਯਾਦ ਕਰ ਕੇ, ਉਸ ਦੇ ਸਰੀਰ ’ਚ ਭਾਵੁਕਤਾ ਦਾ ਭੂਚਾਲ ਆ ਗਿਆ ਪਰ ਸੰਜਮ ਰੱਖਦੇ ਹੋਏ ਯੂਸੁਫ ਬੋਲੇ, “ਤਾਂ ਫਿਰ ਤੁਸੀਂ ਤੁਰੰਤ ਨਿਕਲ ਜਾਓ। ਜਲਦੀ ਇੱਥੋਂ ਜਾਣ ਦੀ ਤਿਆਰੀ ਕਰੋ। ਫਿਰ ਕਦੇ ਇੱਧਰ ਨਾ ਪਰਤਣਾ। ਨਾ ਜਾਣੇ ਮੇਰੇ ਮਨ ’ਚ ਦਾਨਵਤਾ ਕਦੋਂ ਉਗਰ ਹੋ ਜਾਵੇ? ਹੋ ਸਕਦਾ ਹੈ ਕਿ ਮੈਂ ਆਪਣੇ ਫ਼ਰਜ਼ ਨੂੰ ਭੁੱਲ ਜਾਵਾਂ। ਇਹ ਤਿੰਨ ਗੁਣਾ ਧਨ ਲੈ ਕੇ ਜਲਦੀ ਇੱਥੋਂ ਚਲੇ ਜਾਓ।”
ਯੂਸੁਫ ਦੇ ਮਨ ’ਚ ਕਰੁਣਾ ਭਰੀ ਹੋਈ ਸੀ। ਉਸ ਨੇ ਇਬਰਾਹਿਮ ਨੂੰ ਆਪਣੇ ਵੱਡੇ ਪੁੱਤਰ ਦੇ ਕਤਲ ਦੇ ਦੋਸ਼ ਤੋਂ ਵੀ ਮੁਕਤ ਕਰ ਦਿੱਤਾ। ਮੁਆਫ ਕਰ ਕੇ ਉਸ ਨੇ ਆਪਣੇ ਪੁੱਤਰ ਦੇ ਕਾਤਲ ਇਬਰਾਹਿਮ ਲਈ ਪ੍ਰਾਰਥਨਾ ਕੀਤੀ—ਪ੍ਰਭੂ ਇਸ ਅਧਰਮੀ ਨੂੰ ਮੁਆਫ ਕਰਨਾ ਕਿਉਂਕਿ ਇਸ ਨੂੰ ਪਤਾ ਹੀ ਨਹੀਂ ਕਿ ਇਸ ਨੇ ਕਿੰਨਾ ਵੱਡਾ ਗੁਨਾਹ ਕੀਤਾ ਹੈ। ਇਬਰਾਹਿਮ ਨੂੰ ਮੁਆਫ ਕਰ ਕੇ ਯੂਸੁਫ ਨੇ ਬਦਲਾ ਲੈ ਲਿਆ। ਯੂਸੁਫ ਨੇ ਇਬਰਾਹਿਮ ਨੂੰ ਸਦਾ ਪਛਤਾਵੇ ਦੀ ਅੱਗ ’ਚ ਸੜਦੇ ਰਹਿਣ ਲਈ ਛੱਡ ਦਿੱਤਾ।
‘ਸਿਰ ਦੇ ਬਦਲੇ ਸਿਰ’ ਦਾ ਨਿਯਮ ਸਮਾਜ ਨੂੰ ਅਰਾਜਕਤਾ ’ਚ ਧੱਕ ਦਿੰਦਾ ਹੈ। ਅਪਰਾਧੀ ਨੂੰ ਸਜ਼ਾ ਦੇਣਾ ਸਿਰਫ਼ ਸਰਕਾਰ ਦਾ ਕੰਮ ਹੈ ਪਰ ਸਰਕਾਰਾਂ ਭ੍ਰਿਸ਼ਟ ਹੋ ਚੁੱਕੀਆਂ ਹਨ। ਰਾਸ਼ਟਰਪਿਤਾ ਮਹਾਤਮਾ ਗਾਂਧੀ ਸੱਚ, ਅਹਿੰਸਾ ਅਤੇ ਸੱਤਿਆਗ੍ਰਹਿ ਦੇ ਮਹੱਤਵ ਨੂੰ ਸਮਝਦੇ ਸਨ। ਇਸੇ ਲਈ ਉਨ੍ਹਾਂ ਨੇ ਕਿਹਾ ਸੀ ਕਿ ‘ਥੱਪੜ ਦੇ ਬਦਲੇ ਥੱਪੜ’ ਦਾ ਸਿਧਾਂਤ ਇਨਸਾਨੀਅਤ ਲਈ ਨੁਕਸਾਨਦੇਹ ਹੈ। ਕੋਈ ਤੁਹਾਡੀ ਗੱਲ੍ਹ ’ਤੇ ਥੱਪੜ ਮਾਰੇ ਤਾਂ ਤੁਹਾਨੂੰ ਆਪਣੀ ਦੂਜੀ ਗੱਲ੍ਹ ਵੀ ਅੱਗੇ ਕਰ ਦੇਣੀ ਚਾਹੀਦੀ ਹੈ ਤਾਂ ਜੋ ਥੱਪੜ ਮਾਰਨ ਵਾਲਾ ਪਛਤਾਵੇ ਦੀ ਅੱਗ ’ਚ ਸੜਦਾ ਰਹੇ। ਇਹੀ ਨਿਆਂ ਹੈ। ਸਮਾਜ ਨੂੰ ਇਸੇ ਰਾਹ ’ਤੇ ਚੱਲਣਾ ਚਾਹੀਦਾ ਹੈ।
ਮੁਆਫ ਕਿਸੇ ਕਮਜ਼ੋਰ ਵਿਅਕਤੀ ਦਾ ਸ਼ਸਤਰ ਨਹੀਂ, ਸਗੋਂ ਇਕ ਸ਼ਕਤੀਸ਼ਾਲੀ ਵਿਅਕਤੀ ਦਾ ਸ਼ਿੰਗਾਰ ਹੈ। ਭਾਵੇਂ ਬਦਲੇ ਲਈ ਕਿਸੇ ਨੂੰ ਮੁਆਫ਼ ਕਰਨਾ ਮੁਸ਼ਕਲ ਹੈ ਪਰ ਇਹੀ ਤਾਂ ਅਨੋਖਾ ਬਦਲਾ ਲੈਣਾ ਹੈ। ਪ੍ਰਭੂ ਹਮੇਸ਼ਾ ਆਪਣੇ ਬੱਚਿਆਂ ਨੂੰ ਮੁਆਫ ਕਰਦੇ ਹਨ।
—ਮਾ. ਮੋਹਨ ਲਾਲ
(ਸਾਬਕਾ ਟਰਾਂਸਪੋਰਟ ਮੰਤਰੀ, ਪੰਜਾਬ)
ਅਮਿਤ ਸ਼ਾਹ ਦੀ ਪੰਜਾਬ ਪਿੱਚ : ਪ੍ਰਤੀਕਾਤਮਕਤਾ ਤੋਂ ਅਸਲੀਅਤ ਦੀ ਰਾਜਨੀਤੀ ਵੱਲ
NEXT STORY