ਨੈਨਲ ਡੈਸਕ — ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਨੇ ਪਾਬੰਦੀਸ਼ੁਦਾ ਨਕਸਲੀ ਸੰਗਠਨ ਭਾਰਤੀ ਕਮਿਊਨਿਸਟ ਪਾਰਟੀ (ਮਾਓਵਾਦੀ) ਖਿਲਾਫ ਆਪਣੀ ਜਾਂਚ ਦੇ ਹਿੱਸੇ ਵਜੋਂ ਵੀਰਵਾਰ ਨੂੰ ਬਿਹਾਰ 'ਚ ਛਾਪੇਮਾਰੀ ਦੌਰਾਨ 4 ਕਰੋੜ ਰੁਪਏ ਤੋਂ ਵੱਧ ਦੇ ਹਥਿਆਰ ਅਤੇ ਨਕਦੀ ਬਰਾਮਦ ਕੀਤੀ। ਇਹ ਜਾਣਕਾਰੀ ਇੱਕ ਅਧਿਕਾਰਤ ਬਿਆਨ ਵਿੱਚ ਦਿੱਤੀ ਗਈ। ਬਿਆਨ ਮੁਤਾਬਕ ਸਾਜ਼ਿਸ਼ ਦੇ ਮਾਮਲੇ 'ਚ ਤਿੰਨ ਸ਼ੱਕੀਆਂ ਦੇ ਘਰਾਂ ਅਤੇ ਦਫਤਰਾਂ 'ਤੇ ਛਾਪੇਮਾਰੀ ਕੀਤੀ ਗਈ।
ਐਨ.ਆਈ.ਏ. ਦੀ ਜਾਂਚ ਵਿੱਚ ਪਾਇਆ ਗਿਆ ਕਿ ਇਹ ਤਿੰਨੋਂ ਮਗਧ ਖੇਤਰ ਵਿੱਚ ਨਕਸਲੀ ਗਤੀਵਿਧੀਆਂ ਨੂੰ ਮੁੜ ਸੁਰਜੀਤ ਕਰਨ ਲਈ ਸੀ.ਪੀ.ਆਈ. (ਮਾਓਵਾਦੀ) ਦੇ ਨੇਤਾਵਾਂ ਨੂੰ ਫੰਡ ਅਤੇ ਲੌਜਿਸਟਿਕਸ ਸਹਾਇਤਾ ਪ੍ਰਦਾਨ ਕਰਨ ਵਿੱਚ ਸ਼ਾਮਲ ਸਨ। ਐਨ.ਆਈ.ਏ. ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਅਪਰੇਸ਼ਨ ਦੇ ਹਿੱਸੇ ਵਜੋਂ ਬਿਹਾਰ ਦੇ ਗਯਾ ਅਤੇ ਕੈਮੂਰ ਜ਼ਿਲ੍ਹਿਆਂ ਵਿੱਚ ਕੁੱਲ ਪੰਜ ਟਿਕਾਣਿਆਂ ਉੱਤੇ ਛਾਪੇਮਾਰੀ ਕੀਤੀ ਗਈ। ਬਿਆਨ ਮੁਤਾਬਕ ਛਾਪੇਮਾਰੀ ਦਾ ਉਦੇਸ਼ ਸੂਬੇ ਦੇ ਮਗਧ ਖੇਤਰ ਵਿੱਚ ਸੀ.ਪੀ.ਆਈ. (ਮਾਓਵਾਦੀ) ਨੂੰ ਮੁੜ ਸੁਰਜੀਤ ਕਰਨ ਅਤੇ ਮਜ਼ਬੂਤ ਕਰਨ ਦੀ ਸਾਜ਼ਿਸ਼ ਨੂੰ ਨਾਕਾਮ ਕਰਨਾ ਸੀ।
ਬਿਆਨ ਵਿੱਚ ਕਿਹਾ ਗਿਆ ਹੈ, “ਸੀ.ਪੀ.ਆਈ. (ਮਾਓਵਾਦੀ) ਮਗਧ ਜ਼ੋਨ ਦੀ ਮੁੜ ਸਥਾਪਨਾ ਦੇ ਸਬੰਧ ਵਿੱਚ ਵੀਰਵਾਰ ਨੂੰ ਐਨ.ਆਈ.ਏ. ਦੁਆਰਾ ਕੀਤੀ ਗਈ ਇੱਕ ਵਿਸ਼ਾਲ ਛਾਪੇਮਾਰੀ ਵਿੱਚ ਬਿਹਾਰ ਤੋਂ ਹਥਿਆਰਾਂ, ਨਕਦੀ ਅਤੇ ਡਿਜੀਟਲ ਉਪਕਰਣਾਂ ਅਤੇ ਦਸਤਾਵੇਜ਼ਾਂ ਦਾ ਇੱਕ ਵੱਡਾ ਭੰਡਾਰ ਬਰਾਮਦ ਕੀਤਾ ਗਿਆ ਹੈ।” ਬਿਆਨ ਮੁਤਾਬਕ ਜ਼ਬਤ ਕੀਤੇ ਗਏ ਹਥਿਆਰਾਂ ਵਿੱਚ ਵੱਖ-ਵੱਖ ਬੋਰ ਦੇ 10 ਹਥਿਆਰ, 4.03 ਕਰੋੜ ਰੁਪਏ ਦੀ ਨਕਦੀ, ਸਬੰਧਤ ਦਸਤਾਵੇਜ਼ ਅਤੇ ਵੱਖ-ਵੱਖ ਡਿਜੀਟਲ ਉਪਕਰਨ ਸ਼ਾਮਲ ਹਨ।
ਇਹ ਮਾਮਲਾ ਪਿਛਲੇ ਸਾਲ 7 ਅਗਸਤ ਨੂੰ ਔਰੰਗਾਬਾਦ ਜ਼ਿਲ੍ਹੇ ਦੇ ਗੋਹ ਥਾਣਾ ਖੇਤਰ ਤੋਂ ਸੀ.ਪੀ.ਆਈ. (ਮਾਓਵਾਦੀ) ਦੇ ਦੋ ਵਰਕਰਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਸ਼ੁਰੂ ਹੋਇਆ ਸੀ, ਜਿਸ ਵਿੱਚ ਛਾਪੇ ਮਾਰੇ ਗਏ ਸਨ। ਐਨ.ਆਈ.ਏ. ਨੇ ਕਿਹਾ ਕਿ ਮੁਲਜ਼ਮ ਰੋਹਿਤ ਰਾਏ ਅਤੇ ਪ੍ਰਮੋਦ ਯਾਦਵ ਤੋਂ ਹਥਿਆਰ ਅਤੇ ਗੋਲਾ ਬਾਰੂਦ ਅਤੇ ਸੀ.ਪੀ.ਆਈ. (ਮਾਓਵਾਦੀ) ਮਗਧ ਖੇਤਰੀ ਸੰਗਠਨ ਕਮੇਟੀ ਨਾਲ ਸਬੰਧਤ ਕਿਤਾਬਾਂ ਬਰਾਮਦ ਕੀਤੀਆਂ ਗਈਆਂ ਹਨ। ਐਨ.ਆਈ.ਏ. ਨੇ 26 ਸਤੰਬਰ, 2023 ਨੂੰ ਜਾਂਚ ਨੂੰ ਆਪਣੇ ਹੱਥ ਵਿੱਚ ਲਿਆ ਅਤੇ 20 ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ।
ਜਦ-ਯੂ ਨੇਤਾ ਦੇ ਘਰੋਂ ਮਿਲੀ ਇਕ ਕਰੋੜ ਦੀ ਨਕਦੀ
NEXT STORY