ਨਵੀਂ ਦਿੱਲੀ— ਉੱਤਰੀ ਭਾਰਤ ਤੋਂ ਲੈ ਕੇ ਪੱਛਮੀ ਬੰਗਾਲ ਤੱਕ ਵੀਰਵਾਰ ਭਾਰੀ ਮੀਂਹ ਪਿਆ, ਜਿਸ ਕਾਰਨ ਕਈ ਥਾਈਂ ਪਾਣੀ ਖੜ੍ਹਾ ਹੋ ਗਿਆ। ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ। ਯੂ. ਪੀ. 'ਚ 3 ਬੱਚਿਆਂ ਦੀ ਮੌਤ ਦੀ ਖਬਰ ਹੈ। ਗ੍ਰੇਟਰ ਨੋਇਡਾ ਵਿਖੇ ਇਕ ਤਿੰਨ ਮੰਜ਼ਿਲਾ ਇਮਾਰਤ ਡਿੱਗ ਪਈ। ਖੁਸ਼ਕਿਸਮਤੀ ਨਾਲ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਕੋਲਕਾਤਾ ਤੇ ਨਾਲ ਲੱਗਦੇ ਇਲਾਕਿਆਂ 'ਚ ਭਾਰੀ ਮੀਂਹ ਕਾਰਨ ਆਮ ਜ਼ਿੰਦਗੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ। ਕਈ ਹਿੱਸਿਆਂ ਵਿਚ ਟ੍ਰੈਫਿਕ ਜਾਮ ਵੀ ਰਿਹਾ।
ਦਿੱਲੀ ਅਤੇ ਨਾਲ ਲੱਗਦੇ ਇਲਾਕਿਆਂ ਵਿਚ ਭਾਰੀ ਮੀਂਹ ਪੈਣ ਕਾਰਨ ਥਾਂ-ਥਾਂ ਪਾਣੀ ਖੜ੍ਹਾ ਹੋ ਗਿਆ ਅਤੇ ਆਵਾਜਾਈ ਉਥਲ-ਪੁਥਲ ਹੋਈ। ਰਾਜਧਾਨੀ 'ਚ
ਬੁੱਧਵਾਰ ਰਾਤ ਸ਼ੁਰੂ ਹੋਇਆ ਮੀਂਹ ਵੀਰਵਾਰ ਵੀ ਰੁਕ-ਰੁਕ ਕੇ ਪੈਂਦਾ ਰਿਹਾ। ਮੌਸਮ ਵਿਭਾਗ ਨੇ ਆਉਂਦੇ ਕੁਝ ਦਿਨਾਂ ਦੌਰਾਨ ਹੋਰ ਮੀਂਹ ਪੈਣ ਦਾ ਅਨੁਮਾਨ ਲਾਇਆ ਹੈ।
ਹਿਮਾਚਲ ਪ੍ਰਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਪਿਛਲੇ 24 ਘੰਟਿਆਂ ਦੌਰਾਨ ਲਗਾਤਾਰ ਮੀਂਹ ਪੈਂਦਾ ਰਿਹਾ, ਜਿਸ ਕਾਰਨ ਪਾਰਾ ਹੇਠਾਂ ਆ ਗਿਆ। ਲਾਹੌਲ ਸਪਿਤੀ ਜ਼ਿਲੇ ਵਿਚ ਕੇਲਾਂਗ ਸੂਬੇ ਦਾ ਸਭ ਤੋਂ ਠੰਡਾ ਇਲਾਕਾ ਰਿਹਾ। ਪੰਜਾਬ ਅਤੇ ਹਰਿਆਣਾ ਦੇ ਕਈ ਹਿੱਸਿਆਂ ਵਿਚ ਮੀਂਹ ਪੈਣ ਪਿੱਛੋਂ ਤਾਪਮਾਨ 'ਚ ਕਮੀ ਹੋਈ। ਲੁਧਿਆਣਾ, ਪਟਿਆਲਾ, ਅੰਮ੍ਰਿਤਸਰ, ਮੋਹਾਲੀ ਅਤੇ ਰੂਪਨਗਰ 'ਚ ਦਰਮਿਆਨੀ ਵਰਖਾ ਦਰਜ ਕੀਤੀ ਗਈ। ਹਰਿਆਣਾ ਦੇ ਰੋਹਤਕ, ਸੋਨੀਪਤ, ਨਾਰਨੌਲ, ਪੰਚਕੂਲਾ, ਅੰਬਾਲਾ, ਯਮੁਨਾਨਗਰ, ਕੁਰੂਕਸ਼ੇਤਰ ਅਤੇ ਨਾਲ ਲੱਗਦੇ ਇਲਾਕਿਆਂ 'ਚ ਮੀਂਹ ਪੈਣ ਪਿੱਛੋਂ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ।
ਦੱਖਣੀ-ਪੱਛਮੀ ਮਾਨਸੂਨ ਉੱਤਰ ਪ੍ਰਦੇਸ਼ 'ਚ ਸਰਗਰਮ-ਦੱਖਣੀ-ਪੱਛਮੀ ਮਾਨਸੂਨ ਉੱਤਰ ਪ੍ਰਦੇਸ਼ 'ਚ ਪੂਰੀ ਤਰ੍ਹਾਂ ਸਰਗਰਮ ਹੈ। ਪਿਛਲੇ 24 ਘੰਟਿਆਂ ਦੌਰਾਨ ਸੂਬੇ 'ਚ ਵਧੇਰੇ ਹਿੱਸਿਆਂ 'ਚ ਭਾਰੀ ਮੀਂਹ ਪਿਆ। ਮੌਸਮ ਵਿਭਾਗ ਨੇ ਕਿਹਾ ਹੈ ਕਿ ਸ਼ਨੀਵਾਰ ਤੱਕ ਵੀ ਉੱਤਰ ਪ੍ਰਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਹੋਰ ਮੀਂਹ ਪਏਗਾ।
ਕਪਿਲ ਦੇਵ ਬਣ ਸਕਦੇ ਨੇ ਪਾਕਿ 'ਚ ਭਾਰਤੀ ਅੰਬੈਸਡਰ!
NEXT STORY