ਨਵੀਂ ਦਿੱਲੀ – ਡੈਡੀਕੇਟਿਡ ਫ੍ਰੇਟ ਕਾਰੀਡੋਰ (ਡੀ. ਐੱਫ. ਸੀ. ਸੀ.) ਦੇ ਚੱਲਣ ਨਾਲ ਯਾਤਰੀ ਟਰੇਨਾਂ ਦੀ ਸਮਾਂ-ਪਾਲਣਾ ’ਚ 10-15 ਫੀਸਦੀ ਦਾ ਸੁਧਾਰ ਹੋਇਆ ਹੈ ਅਤੇ ਮਾਲਗੱਡੀਆਂ ਦੀ ਰਿਕਾਰਡ ਔਸਤ 99 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦਰਜ ਕੀਤੀ ਗਈ ਹੈ। ਭਾਰਤੀ ਰੇਲਵੇ ਦੇ ਨੈੱਟਵਰਕ ’ਚ ਮਾਲ ਤੇ ਯਾਤਰੀ ਟਰੇਨਾਂ ਦੇ ਸੰਚਾਲਨ ਲਈ ਸਰਕਾਰ ਦਿੱਲੀ-ਮੁੰਬਈ ਤੇ ਦਿੱਲੀ-ਕੋਲਕਾਤਾ ਰੇਲ ਮਾਰਗ ’ਤੇ 160 ਕਿ. ਮੀ. ਪ੍ਰਤੀ ਘੰਟੇ ਦੀ ਰਫਤਾਰ ਹਾਸਲ ਕਰਨ ਦੀ ਦਿਸ਼ਾ ’ਚ ਅੱਗੇ ਵਧ ਰਹੀ ਹੈ। ਇਕ ਸੀਨੀਅਰ ਅਫਸਰ ਦੇ ਹਵਾਲੇ ਨਾਲ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਦਿੱਲੀ-ਮੁੰਬਈ ਤੇ ਦਿੱਲੀ-ਕੋਲਕਾਤਾ ਦੋਵਾਂ ਰੇਲ ਮਾਰਗਾਂ ’ਤੇ ਵਿਸ਼ੇਸ਼ ਟਰੇਨਾਂ ਚੱਲਣਗੀਆਂ।
ਮਾਲ ਗਲਿਆਰੇ ਦਾ ਚੱਲ ਰਿਹਾ ਹੈ ਨਿਰਮਾਣ
ਰੇਲਵੇ ਬਿਊਰੋ ਦਿੱਲੀ-ਮੁੰਬਈ ਤੇ ਦਿੱਲੀ-ਕੋਲਕਾਤਾ ਮਾਲਵਾਹਕ ਆਵਾਜਾਈ ਨੂੰ ਵੱਖ ਕਰਨ ਲਈ ਸਮਰਪਿਤ ਮਾਲ ਗਲਿਆਰਾ (ਡੀ. ਐੱਫ. ਸੀ. ਸੀ.) ਦਾ ਨਿਰਮਾਣ ਕਰ ਰਿਹਾ ਹੈ। ਇਸ ਦੇ ਤਹਿਤ ਦੋਵਾਂ ਮਾਰਗਾਂ ’ਤੇ ਲੱਗਭਗ 70 ਫੀਸਦੀ ਤਕ ਕੰਮ ਪੂਰਾ ਕਰਨ ਦਾ ਟੀਚਾ ਹੈ। ਰੇਲਵੇ ਦਾ ਟੀਚਾ ਬਿਨਾਂ ਰੁਕਾਵਟ ਸੰਚਾਲਨ ਤਹਿਤ ਦਿੱਲੀ-ਮੁੰਬਈ ਤੇ ਦਿੱਲੀ-ਕੋਲਕਾਤਾ (ਦਿੱਲੀ-ਹਾਵੜਾ) ਰੂਟਾਂ ’ਤੇ ਯਾਤਰੀ ਟਰੇਨਾਂ ਦੀ ਵੱਧ ਤੋਂ ਵੱਧ ਪ੍ਰਵਾਨਤ ਰਫਤਾਰ (ਐੱਮ. ਪੀ. ਐੱਸ.) ਨੂੰ 160 ਕਿਲੋਮੀਟਰ ਪ੍ਰਤੀ ਘੰਟੇ ਤਕ ਵਧਾਉਣ ਦਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਸ ਕੰਮ ਦੀ ਸ਼ੁਰੂਆਤ ਹੋ ਚੁੱਕੀ ਹੈ ਅਤੇ ਦੋਵਾਂ ਮਾਰਗਾਂ ’ਤੇ ਜਲਦੀ ਹੀ ਟਰੇਨਾਂ ਤੇਜ਼ ਰਫਤਾਰ ਨਾਲ ਦੌੜਦੀਆਂ ਨਜ਼ਰ ਆਉਣਗੀਆਂ।
ਡੀ. ਐੱਫ. ਸੀ. ਸੀ. ’ਤੇ ਮਾਲਗੱਡੀਆਂ ਦੀ ਔਸਤ ਰਫਤਾਰ ਲੱਗਭਗ 25 ਕਿ. ਮੀ. ਪ੍ਰਤੀ ਘੰਟੇ ਤੋਂ ਵਧ ਕੇ 70-80 ਕਿ. ਮੀ. ਪ੍ਰਤੀ ਘੰਟਾ ਹੋ ਗਈ ਹੈ। ਇਸ ਸੈਕਸ਼ਨ ’ਤੇ ਹੁਣ 99 ਕਿ. ਮੀ. ਪ੍ਰਤੀ ਘੰਟੇ ਤਕ ਦੀ ਔਸਤ ਰਫਤਾਰ ਨਾਲ ਗੱਡੀਆਂ ਦੌੜ ਰਹੀਆਂ ਹਨ। ਡਬਲ-ਸਟੈਕ ਕੰਟੇਨਰ ਟਰੇਨਾਂ ਦਾ ਸੰਚਾਲਨ ਵੀ ਹੋ ਰਿਹਾ ਹੈ, ਜਿਸ ਨਾਲ ਦੁੱਗਣੀ ਲੋਡਿੰਗ ਅਤੇ ਸਮੇਂ ਦੀ ਬਚਤ ਹੋ ਰਹੀ ਹੈ। ਸਤੰਬਰ ਮਹੀਨੇ ਵਿਚ ਔਸਤ 209 ਟਰੇਨਾਂ ਦਿੱਲੀ ਤੇ ਮੁੰਬਈ ਵਿਚਾਲੇ ਜਦੋਂਕਿ 182 ਟਰੇਨਾਂ ਦਿੱਲੀ ਤੇ ਕੋਲਕਾਤਾ ਵਿਚਾਲੇ ਚੱਲੀਆਂ। ਇੰਝ ਪੂਰਬੀ ਤੇ ਪੱਛਮੀ ਦੋਵਾਂ ਮਾਲ ਗਲਿਆਰਿਆਂ ’ਤੇ ਰੋਜ਼ਾਨਾ ਔਸਤ 391 ਟਰੇਨਾਂ (ਕੁਲ 1,30,116 ਟਰੇਨਾਂ) ਚਲਾਈਆਂ ਗਈਆਂ।
ਬਿਹਾਰ ਵਿਧਾਨ ਸਭਾ ਚੋਣਾਂ: CPI (ਮਾਲੇ) ਨੇ 20 ਉਮੀਦਵਾਰਾਂ ਦੀ ਜਾਰੀ ਕੀਤੀ ਸੂਚੀ
NEXT STORY