ਨਵੀਂ ਦਿੱਲੀ— ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰੈੱਸ ਕਾਨਫਰੰਸ ਕਰ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ 'ਤੇ ਹਮਲਾ ਬੋਲਿਆ। ਰਾਹੁਲ ਨੇ ਕਿਹਾ ਕਿ ਅੱਧੀਆਂ ਚੋਣਾਂ ਤੋਂ ਬਾਅਦ ਇਹ ਤੈਅ ਹੋ ਚੁਕਿਆ ਹੈ ਕਿ ਮੋਦੀ ਜੀ ਚੋਣਾਂ ਹਾਰ ਗਏ ਹਨ। ਰਾਹੁਲ ਨੇ ਪੀ.ਐੱਮ. ਮੋਦੀ ਦੇ ਪ੍ਰੈੱਸ ਕਾਨਫਰੰਸ ਨਾ ਕਰਨ 'ਤੇ ਵੀ ਸਵਾਲ ਚੁੱਕਿਆ। ਰਾਹੁਲ ਨੇ ਇਕ ਵਾਰ ਫਿਰ ਰਾਫੇਲ ਸੌਦੇ 'ਚ ਭ੍ਰਿਸ਼ਟਾਚਾਰ ਦਾ ਦੋਸ਼ ਦੋਹਰਾਇਆ ਅਤੇ ਸੁਪਰੀਮ ਕੋਰਟ ਤੋਂ ਆਪਣੀ ਮੁਆਫ਼ੀ ਮੰਗਣ ਨੂੰ ਲੈ ਕੇ ਵੀ ਸਪੱਸ਼ਟੀਕਰਨ ਦਿੱਤਾ।
ਪੀ.ਐੱਮ. ਮੋਦੀ ਚੋਣਾਂ ਹਾਰ ਰਹੇ ਹਨ
ਰਾਹੁਲ ਨੇ ਭਾਜਪਾ ਦੀ ਹਾਰ ਦਾ ਦਾਅਵਾ ਕਰਦੇ ਹੋਏ ਕਿਹਾ,''ਸਾਨੂੰ ਮਿਲ ਰਹੀ ਹੁਣ ਤੱਕ ਦੀ ਰਿਪੋਰਟ ਤੋਂ ਸਪੱਸ਼ਟ ਹੋ ਗਿਆ ਹੈ ਕਿ ਪੀ.ਐੱਮ. ਮੋਦੀ ਚੋਣਾਂ ਹਾਰ ਰਹੇ ਹਨ। ਭਾਜਪਾ ਇਨ੍ਹਾਂ ਚੋਣਾਂ 'ਚ ਸੱਤਾ 'ਚ ਵਾਪਸੀ ਨਹੀਂ ਕਰ ਰਹੀ ਹੈ।'' ਸਰਕਾਰ ਬਣਾਉਣ ਲਈ ਗਠਜੋੜ ਦੇ ਸਵਾਲ 'ਤੇ ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਸਾਰੇ ਨਤੀਜਿਆਂ ਤੋਂ ਬਾਅਦ ਸੋਚਣ ਦਾ ਵਿਸ਼ਾ ਹੈ ਅਤੇ ਫਿਲਹਾਲ ਕਾਂਗਰਸ ਪਾਰਟੀ ਦਾ ਇਕ ਟੀਚਾ ਭਾਜਪਾ ਨੂੰ ਹਰਾਉਣਾ ਹੈ।
ਮੈਂ ਸੁਪਰੀਮ ਕੋਰਟ ਤੋਂ ਮੰਗੀ ਮੁਆਫ਼ੀ, ਭਾਜਪਾ ਤੋਂ ਨਹੀਂ
ਚੌਕੀਦਾਰ ਚੋਰ ਹੈ ਦੇ ਸੰਬੰਧੀ ਬਿਆਨ 'ਤੇ ਸੁਪਰੀਮ ਕੋਰਟ ਤੋਂ ਮੁਆਫ਼ੀ ਮੰਗਣ 'ਤੇ ਰਾਹੁਲ ਨੇ ਸਪੱਸ਼ਟੀਕਰਨ ਦਿੱਤਾ। ਉਨ੍ਹਾਂ ਨੇ ਕਿਹਾ,''ਮੇਰੇ ਕੋਲੋਂ ਗਲਤੀ ਹੋਈ ਅਤੇ ਮੈਂ ਮੁਆਫ਼ੀ ਮੰਗ ਲਈ। ਇਕ ਗੱਲ ਸਪੱਸ਼ਟ ਕਰ ਦੇਵਾਂ ਕਿ ਸੁਪਰੀਮ ਕੋਰਟ 'ਚ ਵਿਚਾਰ ਅਧੀਨ ਮਾਮਲੇ 'ਚ ਸੁਪਰੀਮ ਕੋਰਟ ਦੇ ਹਵਾਲੇ ਤੋਂ ਕੀਤੀ ਗਈ ਆਪਣੀ ਟਿੱਪਣੀ ਲਈ ਮੈਂ ਮੁਆਫ਼ੀ ਮੰਗੀ ਹੈ। ਭਾਜਪਾ ਜਾਂ ਆਰ.ਐੱਸ.ਐੱਸ. ਦੇ ਲੋਕਾਂ ਤੋਂ ਕੋਈ ਮੁਆਫ਼ੀ ਨਹੀਂ ਮੰਗੀ। ਚੌਕੀਦਾਰ ਚੋਰ ਹੈ ਦਾ ਨਾਅਰਾ ਅੱਜ ਦੇਸ਼ ਭਰ 'ਚ ਬੋਲਿਆ ਜਾ ਰਿਹਾ ਹੈ ਅਤੇ ਇਹ ਸਾਡਾ ਨਾਅਰਾ ਰਹੇਗਾ।''
ਆਰਮੀ ਮੋਦੀ ਦੀ ਪਰਸਨਲ ਪ੍ਰਾਪਰਟੀ ਨਹੀਂ
ਫੌਜ ਦੇ ਸਿਆਸੀਕਰਨ ਅਤੇ ਯੂ.ਪੀ.ਏ. ਸ਼ਾਸਨਕਾਲ 'ਚ ਸਰਜੀਕਲ ਸਟਰਾਈਕ 'ਤੇ ਰਾਹੁਲ ਨੇ ਕਿਹਾ ਕਿ ਸਰਜੀਕਲ ਸਟਰਾਈਕ ਫੌਜ ਦੀ ਵੀਰਤਾ ਹੈ ਅਤੇ ਨਰਿੰਦਰ ਮੋਦੀ ਇਸ 'ਤੇ ਸਵਾਲ ਚੁੱਕ ਕੇ ਫੌਜ ਦਾ ਅਪਮਾਨ ਕਰ ਰਹੇ ਹਨ। ਰਾਹੁਲ ਨੇ ਕਿਹਾ ਕਿ ਆਰਮੀ ਨਰਿੰਦਰ ਮੋਦੀ ਦੀ ਪਰਸਨਲ ਪ੍ਰਾਪਰਟੀ (ਨਿੱਜੀ ਜਾਇਦਾਦ) ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਮੋਦੀ ਸੋਚਦੇ ਹਨ ਕਿ ਫੌਜ ਉਨ੍ਹਾਂ ਦੀ ਜਾਇਦਾਦ ਹੈ। ਫੌਜ ਕਿਸੇ ਵਿਅਕਤੀ ਦੀ ਨਹੀਂ, ਸਗੋਂ ਦੇਸ਼ ਦੀ ਹੁੰਦੀ ਹੈ। ਕਾਂਗਰਸ ਪ੍ਰਧਾਨ ਨੇ ਮਸੂਦ ਅਜ਼ਹਰ ਨੂੰ ਅੱਤਵਾਦੀ ਐਲਾਨ ਕੀਤੇ ਜਾਣ ਨੂੰ ਮੋਦੀ ਸਰਕਾਰ ਦੀ ਸਫ਼ਲਤਾ 'ਤੇ ਪਲਟਵਾਰ ਕੀਤਾ ਅਤੇ ਕਿਹਾ ਕਿ ਮਸੂਦ ਅਜ਼ਹਰ ਅੱਜ ਪਾਕਿਸਤਾਨ 'ਚ ਕਿਉਂ ਬੈਠਾ ਹੈ? ਭਾਜਪਾ ਨੂੰ ਹੀ ਇਸ 'ਤੇ ਜਵਾਬ ਦੇਣਾ ਚਾਹੀਦਾ। ਕਾਂਗਰਸ ਪਾਰਟੀ ਨੇ ਮਸੂਦ ਨੂੰ ਪਾਕਿਸਤਾਨ ਨਹੀਂ ਭੇਜਿਆ ਸੀ।
ਅਮਿਤ ਸ਼ਾਹ 'ਤੇ ਸਾਧਿਆ ਨਿਸ਼ਾਨਾ
ਰਾਹੁਲ ਨੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਦੇ ਦੋਸ਼ਾਂ 'ਤੇ ਕਿਹਾ ਕਿ ਭਾਜਪਾ ਪ੍ਰਧਾਨ ਜਿਸ ਤੋਂ ਮਰਜ਼ੀ ਜਾਂਚ ਕਰਵਾ ਸਕਦੇ ਹਨ। ਸ਼ਾਹ ਨੇ ਯੂ.ਪੀ.ਏ. ਸ਼ਾਸਨਕਾਲ 'ਚ ਰਾਹੁਲ ਦੀ ਕੰਪਨੀ ਦੇ ਸਾਬਕਾ ਬਿਜ਼ਨੈੱਸ ਪਾਰਟਨਰ ਨੂੰ ਆਫਸੈੱਟ ਪਾਰਟਨਰ ਬਣਾਏ ਜਾਣ ਦਾ ਦੋਸ਼ ਲਗਾਇਆ ਸੀ। ਕਾਂਗਰਸ ਪ੍ਰਧਾਨ ਨੇ ਕਿਹਾ ਕਿ ਉਹ ਹਰ ਜਾਂਚ ਲਈ ਤਿਆਰ ਹਨ, ਕਿਉਂਕਿ ਉਨ੍ਹਾਂ ਨੇ ਕੁਝ ਗਲਤ ਨਹੀਂ ਕੀਤਾ ਹੈ।
ਮੋਦੀ ਨੂੰ ਇਕ ਪ੍ਰੈੱਸ ਕਾਨਫਰੰਸ ਤਾਂ ਕਰਨੀ ਚਾਹੀਦੀ ਹੈ
ਰਾਹੁਲ ਨੇ ਪੀ.ਐੱਮ. ਮੋਦੀ ਦੇ ਪ੍ਰੈੱਸ ਕਾਨਫਰੰਸ ਨਾ ਕਰਨ 'ਤੇ ਨਿਸ਼ਾਨਾ ਸਾਧਦੇ ਹੋਏ ਬਹਿਸ ਦੀ ਚੁਣੌਤੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਭ੍ਰਿਸ਼ਟਾਚਾਰ, ਬੇਰੋਜ਼ਗਾਰੀ ਅਤੇ ਨੌਕਰੀ ਦੇ ਮੁੱਦੇ 'ਤੇ ਪੀ.ਐੱਮ. ਮੋਦੀ ਨੂੰ ਬਹਿਸ ਦੀ ਚੁਣੌਤੀ ਦਿੰਦੇ ਹਾਂ। ਉਨ੍ਹਾਂ ਨੇ ਇਹ ਵੀ ਕਿਹਾ ਕਿ ਕਾਰਜਕਾਲ ਖਤਮ ਹੋਣ ਤੋਂ ਪਹਿਲਾਂ ਪੀ.ਐੱਮ. ਨੂੰ ਘੱਟੋ-ਘੱਟ ਇਕ ਪ੍ਰੈੱਸ ਕਾਨਫਰੰਸ ਕਰਨੀ ਚਾਹੀਦੀ ਹੈ। ਰਾਹੁਲ ਨੇ ਕਿਹਾ,''ਪੀ.ਐੱਮ. ਮੋਦੀ ਜਿੱਥੇ ਅਤੇ ਜਦੋਂ ਚਾਹੁਣ ਮੇਰੇ ਨਾਲ ਬਹਿਸ ਕਰ ਸਕਦੇ ਹਨ ਪਰ ਅਨਿਲ ਅੰਬਾਨੀ ਦੇ ਘਰ ਛੱਡ ਕੇ। ਮੈਂ ਉੱਥੇ ਬਹਿਸ ਕਰਨ ਨਹੀਂ ਆ ਸਕਦਾ।''
ਹੁਣ ਬੰਗਾਲ 'ਚ ਮੰਡਰਾਇਆ ਚੱਕਰਵਰਤੀ ਤੂਫਾਨ 'ਫਾਨੀ', ਓਡੀਸ਼ਾ 'ਚ 12 ਲੋਕਾਂ ਦੀ ਮੌਤ
NEXT STORY