ਨਵੀਂ ਦਿੱਲੀ– ਸੋਸ਼ਲ ਮੀਡੀਆ ਅਈਯਾਰ ਹੈ ਜਾਂ ਹਥਿਆਰ, ਇਸ ਨਾਲ ਸਾਰੇ ਇਤਫਾਕ ਰੱਖਦੇ ਹਨ। ਜੇ ਇਸ ਦੀ ਸਹੀ ਵਰਤੋਂ ਕੀਤੀ ਜਾਵੇ ਤਾਂ ਹਰ ਰਾਹ ਆਸਾਨ ਨਜ਼ਰ ਆਉਂਦੀ ਹੈ ਪਰ ਜੇ ਗਲਤ ਵਰਤੋਂ ਹੋਵੇ ਤਾਂ ਅੰਦਾਜ਼ਾ ਵੀ ਨਹੀਂ ਲਾਇਆ ਜਾ ਸਕਦਾ ਕਿ ਨੁਕਸਾਨ ਕਿੰਨਾ ਹੋਵੇਗਾ। 2 ਸਾਲ ਪਹਿਲਾਂ ਦਿੱਲੀ ਨੇ ਇਸੇ ਸੋਸ਼ਲ ਮੀਡੀਆ ਦੀ ਗਲਤ ਵਰਤੋਂ ਕਾਰਨ ਉੱਤਰ-ਪੂਰਬੀ ਦਿੱਲੀ ’ਚ ਦੰਗਾ ਦੇਖਿਆ ਹੈ, ਇਸੇ ਦੀ ਗਲਤ ਵਰਤੋਂ ਨਾਲ ਕਿਸਾਨ ਅੰਦੋਲਨ ਦੌਰਾਨ ਲਾਲ ਕਿਲੇ ’ਤੇ ਤਿਰੰਗੇ ਦੀ ਜਗ੍ਹਾ ਦੂਜਾ ਝੰਡਾ ਲਹਿਰਾਉਂਦਾ ਵੀ ਦੇਖਿਆ ਗਿਆ ਹੈ। ਹੁਣੇ ਜਿਹੇ ਬੁੱਲੀ ਐਪ ਤੇ ਟੂਲਕਿਟ ਵੀ ਇਸੇ ਦੀ ਗਲਤ ਵਰਤੋਂ ਦਾ ਨਤੀਜਾ ਹਨ। ਜੇ ਇਸ ਦੇ ਪ੍ਰਤੀ ਅਸੀਂ ਜਲਦ ਚੌਕਸ ਨਾ ਹੋਏ ਅਤੇ ਆਉਣ ਵਾਲੇ ਦਿਨਾਂ ਵਿਚ ਰਾਜਧਾਨੀ ਦਿੱਲੀ ਦੀ ਫਿਜ਼ਾ ਜਾਂ ਇੰਝ ਕਹੀਏ ਕਿ ਦੇਸ਼ ਦੀ ਫਿਜ਼ਾ ਦਾ ਮਾਹੌਲ ਵਿਗੜ ਜਾਵੇਗਾ। ਕੀ ਤੁਹਾਨੂੰ ਪਤਾ ਹੈ ਕਿ ਸੋਸ਼ਲ ਮੀਡੀਆ ਕਿੰਨਾ ਘਾਤਕ ਹੈ ਅਤੇ ਇਸ ਐਂਟੀ-ਸੋਸ਼ਲ ਮੀਡੀਆ (ਸਾਈਬਰ ਅਟੈਕ) ਨੇ ਰਾਜਧਾਨੀ ਦਿੱਲੀ ਦੀ ਫਿਜ਼ਾ ਨੂੰ ਜਨਵਰੀ 2020 ਤੋਂ ਵਿਗਾੜਿਆ ਹੋਇਆ ਹੈ। ਕਹਿੰਦੇ ਹਨ ਕਿ ਸੜਕ ’ਤੇ ਅਪਰਾਧ ਹੋਵੇ ਜਾਂ ਫਿਰ ਸਾਹਮਣੇ ਤੋਂ, ਇਸ ਤੋਂ ਪਾਰ ਪਾਇਆ ਜਾ ਸਕਦਾ ਹੈ ਪਰ ਹੁਣ ਅਜਿਹੇ ਦੁਸ਼ਮਣ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜੋ ਸਾਹਮਣੇ ਨਹੀਂ ਹੈ, ਇਹ ਨਹੀਂ ਪਤਾ ਕਿ ਕਿੱਥੇ ਬੈਠਾ ਹੈ, ਇਹ ਨਹੀਂ ਪਤਾ ਕਿ ਉਹ ਕਿੱਥੋਂ ਵਾਰ ਕਰੇਗਾ ਅਤੇ ਕਦੋਂ ਕਰੇਗਾ। ਇੱਥੋਂ ਤਕ ਕਿ ਉਸ ਦਾ ਵਾਰ ਇਕ ਉੱਪਰ ਹੋਵੇ ਜਾਂ ਸੈਂਕੜਿਆਂ-ਹਜ਼ਾਰਾਂ ’ਤੇ ਪਰ ਲੜਾਈ ਆਸਾਨ ਨਹੀਂ ਹੁੰਦੀ। ਇਸੇ ਲੜਾਈ ਨੂੰ ਆਸਾਨ ਬਣਾਉਣ ਅਤੇ ਐਂਟੀ-ਸੋਸ਼ਲ ਮੀਡੀਆ ਨਾਲ ਖੇਡਦੇ ਅਈਯਾਰਾਂ ਨੂੰ ਸਬਕ ਸਿਖਾਉਣ ਲਈ ਕੇਂਦਰ ਅਤੇ ਦਿੱਲੀ ਪੁਲਸ ਨੇ ਪਲਾਨ ਤਿਆਰ ਕੀਤਾ ਹੈ। ਆਖਰ ਕੀ ਹੈ ਪਲਾਨ ਅਤੇ ਕੀ ਹੈ ਬੁੱਲੀ ਐਪ। ਹੁਣ ਜਿਹੇ ਸੀ. ਡੀ. ਐੱਸ. ਦੇ ਸਾਬਕਾ ਚੀਫ ਸਵ. ਬਿਪਿਨ ਰਾਵਤ ਲਈ ਕੀਤੀ ਗਈ ਬੈਠਕ ਦੀ ਵੀਡੀਓ ਨਾਲ ਛੇੜਛਾੜ ਕਰ ਕੇ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਭੜਕਾਉਣ ਦਾ ਐਂਟੀ-ਸੋਸ਼ਲ ਮੀਡੀਆ ਨੇ ਕੰਮ ਕੀਤਾ। ਇਸੇ ’ਤੇ ‘ਜਗ ਬਾਣੀ’ ਨੇ ਸਪੈਸ਼ਲ ਸੈੱਲ ਦੀ ਇੰਟੈਲੀਜੈਂਸ ਫਿਊਜ਼ਨ ਤੇ ਸਟ੍ਰੈਟੇਜਿਕ ਆਪ੍ਰੇਸ਼ਨ (ਆਈ. ਐੱਫ. ਐੱਸ. ਓ.) ਯੂਨਿਟ ਦੇ ਡੀ. ਸੀ. ਪੀ. ਕੇ. ਪੀ. ਐੱਸ. ਮਲਹੋਤਰਾ ਨਾਲ ਵਿਸ਼ੇਸ਼ ਗੱਲਬਾਤ ਕੀਤੀ।
ਸਾਈਬਰ ਕੋਪ ਮਲਹੋਤਰਾ ਦਾ ਪਰੀਚੈ
ਡੀ. ਸੀ. ਪੀ. ਕੇ. ਪੀ. ਐੱਸ. ਮਲਹੋਤਰਾ ਨੂੰ ਕੇਂਦਰੀ ਗ੍ਰਹਿ ਮੰਤਰੀ ਦੇ ‘ਉਤਕ੍ਰਿਸ਼ਟਤਾ ਪਦਕ-2021’ ਨਾਲ ਸਨਮਾਨਤ ਕੀਤਾ ਜਾ ਚੁੱਕਾ ਹੈ। ਐੱਨ. ਸੀ. ਬੀ. ’ਚ ਡਿਪਟੀ ਡਾਇਰੈਕਟਰ ਆਪ੍ਰੇਸ਼ਨ ਦੇ ਅਹੁਦੇ ’ਤੇ ਰਹਿ ਕੇ ਉਨ੍ਹਾਂ ਨੇ ਦੀਪਿਕਾ ਪਾਦੁਕੋਣ, ਸਾਰਾ ਅਲੀ ਖਾਨ ਤੇ ਸ਼ਰਧਾ ਕਪੂਰ ਕੋਲੋਂ ਸੁਸ਼ਾਂਤ ਸਿੰਘ ਰਾਜਪੂਰ ਡਰੱਗਜ਼ ਕੁਨੈਕਸ਼ਨ ਮਾਮਲੇ ’ਚ ਪੁੱਛਗਿੱਛ ਵੀ ਕੀਤੀ ਸੀ। ਉਨ੍ਹਾਂ ਦਿੱਲੀ ਪੁਲਸ ਦੀ ਸੇਵਾ ’ਚ ਕਈ ਗੈਂਗਸਟਰ ਫੜੇ। ਬਾਹਰੇ ਸੂਬਿਆਂ ਤੋਂ ਆ ਕੇ ਦਿੱਲੀ-ਐੱਨ. ਸੀ. ਆਰ. ’ਚ ਹਥਿਆਰ ਸਪਲਾਈ ਕਰਨ ਵਾਲੇ ਕਈ ਵੱਡੇ ਗਿਰੋਹਾਂ ਦਾ ਵੀ ਪਰਦਾਫਾਸ਼ ਉਨ੍ਹਾਂ ਕੀਤਾ ਹੈ।
ਸੋਸ਼ਲ ਮੀਡੀਆ ਰਾਹੀਂ ਕਈ ਤਰ੍ਹਾਂ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ, ਸਾਜ਼ਿਸ਼ ਰਚੀ ਜਾ ਰਹੀ ਹੈ ਤਾਂ ਅਸੀਂ ਸੁਰੱਖਿਅਤ ਕਿਵੇਂ ਰਹਿ ਸਕਦੇ ਹਾਂ?
ਟੈਕਨਾਲੋਜੀ ਬਹੁਤ ਲੰਬਾ ਸਫ਼ਰ ਤੈਅ ਕਰ ਚੁੱਕੀ ਹੈ, ਇਸ ਲਈ ਇਸ ਦਾ ਦਾਇਰਾ ਅਸੀਮਤ ਹੈ। ਕਿਸੇ ਵੀ ਤਕਨੀਕ ਦੀ ਸਹੀ ਵਰਤੋਂ ਵਿਕਾਸ ਵੱਲ ਲੈ ਜਾਂਦੀ ਹੈ ਅਤੇ ਗਲਤ ਵਰਤੋਂ ਤਬਾਹ ਵੀ ਕਰ ਸਕਦੀ ਹੈ। ਦਿੱਲੀ ਨੇ ਸਾਲ 2020 ਤੋਂ ਸੋਸ਼ਲ ਮੀਡੀਆ ਦੀ ਦੁਰਵਰਤੋਂ ਕਾਰਨ ਦੰਗੇ ਅਤੇ ਅੰਦੋਲਨ ਹਿੰਸਕ ਹੁੰਦੇ ਦੇਖਿਆ ਹੈ। ਜਾਮੀਆ ਯੂਨੀਵਰਸਿਟੀ ਦੀ ਹਿੰਸਾ ਹੋਵੇ ਜਾਂ ਉੱਤਰ ਪੂਰਬੀ ਦਿੱਲੀ ਦੇ ਦੰਗੇ, ਸੋਸ਼ਲ ਮੀਡੀਆ ਦੀ ਵਰਤੋਂ ਅਸ਼ਾਂਤੀ ਪੈਦਾ ਕਰਨ ਲਈ ਕੀਤੀ ਗਈ।
ਅਜਿਹੀਆਂ ਘਟਨਾਵਾਂ ਤੋਂ ਸਬਕ ਸਿੱਖਣ ਦੀ ਲੋੜ ਹੈ। ਇਸ ਦੇ ਨਤੀਜੇ ਵਜੋਂ ਅਸੀਂ ਬੁਲੀ ਬਾਈ ਐਪ ਰਾਹੀਂ ਔਰਤਾਂ ਨੂੰ ਨਿਸ਼ਾਨਾ ਬਣਾ ਕੇ ਧਰਮ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਤਹਿਤ ਤੁਰੰਤ ਕਾਰਵਾਈ ਕੀਤੀ। ਇੱਕ ਵਿਸ਼ੇਸ਼ ਧਰਮ ਦੀਆਂ ਭਾਵਨਾਵਾਂ ਨੂੰ ਭੜਕਾਉਣ ਦੀ ਗਲਤ ਇਰਾਦੇ ਨਾਲ ਕੇਂਦਰੀ ਮੰਤਰੀ ਮੰਡਲ ਦੀ ਇੱਕ ਵੀਡੀਓ ਵਾਇਰਲ ਹੋਈ ਸੀ, ਜਿਸ ਨੂੰ ਦਿੱਲੀ ਪੁਲਸ ਨੇ ਸਿਰਫ 3 ਘੰਟਿਆਂ ਵਿੱਚ ਨਾਕਾਮ ਕਰ ਦਿੱਤਾ।
ਬੁਲੀ ਐਪ ਦੇ ਮਾਮਲੇ ਵਿੱਚ ਦਿੱਲੀ ਪੁਲਸ ਅਤੇ ਮੁੰਬਈ ਪੁਲਸ ਦੇ ਦਾਅਵੇ ਵੱਖਰੇ ਕਿਉਂ ਸਨ?
ਬੁਲੀ ਐਪ ’ਚ ਗ੍ਰਿਫਤਾਰ ਕੀਤੇ ਗਏ ਸਾਰੇ ਲੋਕ ਅਤੇ ਉਨ੍ਹਾਂ ’ਤੇ ਦਿੱਲੀ ਅਤੇ ਮੁੰਬਈ ਪੁਲਸ ਵੱਲੋਂ ਕੀਤੇ ਗਏ ਦਾਅਵੇ ਸੱਚ ਹਨ, ਸਿਰਫ ਨਜ਼ਰੀਏ ਦਾ ਫਰਕ ਹੈ। ਦਿੱਲੀ ਪੁਲਸ ਨੇ ਬੁਲੀ ਐਪ ਦੇ ਮਾਸਟਰਮਾਈਂਡ ਨੀਰਜ ਨੂੰ ਗ੍ਰਿਫਤਾਰ ਕੀਤਾ ਹੈ, ਜੋ ਕਿ ਬੀ. ਟੈੱਕ ਦਾ ਵਿਦਿਆਰਥੀ ਸੀ। ਇਸ ਦੇ ਨਾਲ ਹੀ ਮੁੰਬਈ ਪੁਲਸ ਸਮੇਤ ਉਤਰਾਖੰਡ ਪੁਲਸ ਨੇ ਇਸ ਵਿੱਚ ਹੋਰ ਗ੍ਰਿਫ਼ਤਾਰੀਆਂ ਕੀਤੀਆਂ ਹਨ। ਇਸ ਵਿੱਚ 3 ਮਾਸਟਰ ਮਾਈਂਡ ਸਨ, ਜਿਨ੍ਹਾਂ ਨੂੰ ਵੱਖ-ਵੱਖ ਰਾਜਾਂ ਦੀ ਪੁਲਸ ਨੇ ਫੜ ਲਿਆ ਸੀ।
ਜਦੋਂ ਤੋਂ ਇਹ ਐਪ ਬਣੀ, ਵਾਇਰਲ ਹੋਈ, ਉਦੋਂ ਤੋਂ ਇਹ ਕੰਮ ਕਿਸੇ ਇਕ ਵਿਅਕਤੀ ਦਾ ਨਹੀਂ ਸੀ, ਕਈ ਲੋਕ ਇਸ ਵਿਚ ਸ਼ਾਮਲ ਸਨ ਅਤੇ ਇਹ ਲੋਕ ਸੋਸ਼ਲ ਮੀਡੀਆ ਸਮੇਤ ਹੋਰ ਬਹੁਤ ਸਾਰੀਆਂ ਤਕਨੀਕਾਂ ਤੋਂ ਵੀ ਜਾਣੂ ਸਨ, ਨਤੀਜੇ ਵਜੋਂ ਸਾਰੇ ਮਾਸਟਰਮਾਈਂਡ ਹਨ। ਭਾਵੇਂ ਇਹ ਬੁੱਲੀ ਐਪ ਹੋਵੇ ਜਾਂ ਸੁਲੀ ਐਪ, ਦੋਵੇਂ ਇੱਕੋ ਜਿਹੇ ਹਨ। ਦੋਵਾਂ ਐਪਾਂ ਦਾ ਮਕਸਦ ਇੱਕੋ ਹੈ, ਇੰਟਰਨੈੱਟ ’ਤੇ ਅਸ਼ਲੀਲ ਗੱਲਾਂ ਕਰਕੇ ਔਰਤਾਂ ਦਾ ਮਾਨਸਿਕ ਸ਼ੋਸ਼ਣ ਕਰਨਾ। ਦੋਵਾਂ ਐਪਾਂ ਦੇ ਨਾਂ ਕਿਸੇ ਖਾਸ ਭਾਈਚਾਰੇ ਦੀਆਂ ਔਰਤਾਂ ਲਈ ਵਰਤੇ ਗਏ ਅਪਮਾਨਜਨਕ ਸ਼ਬਦ ਹਨ। ਦੋਵਾਂ ’ਤੇ ਔਰਤਾਂ ਦੀਆਂ ਫੋਟੋਆਂ ਅਤੇ ਵੇਰਵੇ ਅਪਲੋਡ ਕੀਤੇ ਗਏ ਸਨ। ਟਵਿੱਟਰ/ਇੰਸਟਾਗ੍ਰਾਮ/ਫੇਸਬੁੱਕ ਤੋਂ ਔਰਤਾਂ ਦੀ ਜਾਣਕਾਰੀ ਅਤੇ ਨਿੱਜੀ ਫੋਟੋਆਂ ਚੋਰੀ ਕੀਤੀਆਂ ਗਈਆਂ। ਦੋਵੇਂ ਐਪਸ ਨੂੰ ਗਿਟਹੱਬ ’ਤੇ ਅਪਲੋਡ ਕੀਤਾ ਗਿਆ ਹੈ, ਜੋ ਕਿ ਮਾਈਕ੍ਰੋਸਾਫਟ ਦਾ ਸਾਫਟਵੇਅਰ ਸ਼ੇਅਰਿੰਗ ਪਲੇਟਫਾਰਮ ਹੈ। ਕੋਈ ਵੀ ਗਿਟਹੱਬ ’ਤੇ ਇਨ-ਡਿਵੈਲਪਮੈਂਟ ਐਪ ਨੂੰ ਅਪਲੋਡ ਅਤੇ ਸਾਂਝਾ ਕਰ ਸਕਦਾ ਸੀ ਪਰ ਦਿੱਲੀ ਅਤੇ ਮੁੰਬਈ ਪੁਲਸ ਨੇ ਇਸ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ।
- ਬਿਪਿਨ ਰਾਵਤ ਜੋ ਸਾਡੇ ਸੀ. ਡੀ. ਐੱਸ. ਚੀਫ ਸਨ, ਦੀ ਮੌਤ ਪਿੱਛੋਂ ਆਯੋਜਿਤ ਬੈਠਕ ਦੀ ਵਾਇਰਲ ਵੀਡੀਓ ਦਾ ਕੀ ਸੱਚ ਹੈ ਅਤੇ ਇਸ ’ਤੇ ਕੀ ਕਾਰਵਾਈ ਕੀਤੀ ਗਈ?
ਅਚਾਨਕ ਇਕ ਵੀਡੀਓ ਵਾਇਰਲ ਕੀਤੀ ਗਈ, ਜਿਸ ਵਿਚ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਇਹ ਬੈਠਕ ਸਿੱਖ ਭਾਈਚਾਰੇ ਦੇ ਖਿਲਾਫ ਆਯੋਜਿਤ ਕੀਤੀ ਗਈ ਸੀ ਜਦੋਂਕਿ ਅਜਿਹਾ ਨਹੀਂ ਸੀ। ਬੈਠਕ ਕੀ ਸੀ, ਕੀ ਚਰਚਾ ਹੋਈ, ਇਹ ਸਰਕਾਰ ਦਾ ਵਿਸ਼ਾ ਹੈ ਪਰ ਜਦੋਂ ਸਾਡੇ ਕੋਲ ਇਸ ਦੀ ਜਾਣਕਾਰੀ ਆਈ ਤਾਂ ਸਾਈਬਰ ਸੈੱਲ ਨੇ ਤੁਰੰਤ ਆਈ. ਪੀ. ਸੀ. ਦੀ ਧਾਰਾ-153ਏ ਤਹਿਤ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ। ਐਂਟੀ-ਸੋਸ਼ਲ ਮੀਡੀਆ ’ਤੇ ਇਹ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਸੀ ਤਾਂ ਅਸੀਂ ਵੀ ਸੋਸ਼ਲ ਮੀਡੀਆ ਦੀ ਵਰਤੋਂ ਕੀਤੀ ਅਤੇ ਇਸੇ ਦਾ ਨਤੀਜਾ ਦੇਖਿਆ ਗਿਆ ਕਿ ਐਂਟੀ-ਸੋਸ਼ਲ ਮੁਹਿੰਮ ਕਾਮਯਾਬ ਨਹੀਂ ਹੋ ਸਕੀ। ਇਸ ਮਾਮਲੇ ’ਚ ਜਾਂਚ ਜਾਰੀ ਹੈ ਅਤੇ ਜਲਦੀ ਹੀ ਗ੍ਰਿਫਤਾਰੀਆਂ ਵੀ ਕੀਤੀਆਂ ਜਾਣਗੀਆਂ।
- ਸੋਸ਼ਲ ਮੀਡੀਆ ਦੀ ਗਲਤ ਵਰਤੋਂ ਕਰਨ ਵਾਲਿਆਂ ਨੂੰ ਕਿਵੇਂ ਰੋਕਿਆ ਜਾ ਸਕਦਾ ਹੈ?
ਦਿੱਲੀ ਦੇਸ਼ ਦੀ ਸਭ ਤੋਂ ਪਹਿਲੀ ਪੁਲਸ ਹੈ, ਜਿੱਥੇ ਹਰ ਜ਼ਿਲੇ ਵਿਚ ਸਾਈਬਰ ਥਾਣੇ ਹਨ। ਸਾਈਬਰ ਦੀ ਆਪਣੀ ਪ੍ਰਯੋਗਸ਼ਾਲਾ ਹੈ, ਉਸ ਦੀਆਂ ਆਪਣੀਆਂ ਮਾਹਿਰਾਂ ਦੀਆਂ ਟੀਮਾਂ ਹਨ, ਨਾਲ ਹੀ ਵਿਸ਼ੇਸ਼ ਸਾਫਟਵੇਅਰ ਵੀ ਹੈ। ਇੰਝ ਕਹੀਏ ਕਿ ਜੇ ਹੁਣ ਕੋਈ ਵੀ ਐਂਟੀ-ਸੋਸ਼ਲ ਮੁਹਿੰਮ ਸੋਸ਼ਲ ਮੀਡੀਆ ’ਤੇ ਵਾਇਰਲ ਹੁੰਦੀ ਹੈ ਤਾਂ ਦਿੱਲੀ ਸਾਈਬਰ ਸੈੱਲ ਦੇ ਸਾਫਟਵੇਅਰ ਤੁਰੰਤ ਚੌਕਸ ਹੋ ਜਾਂਦੇ ਹਨ ਅਤੇ ਉਨ੍ਹਾਂ ਦੀਆਂ ਟੀਮਾਂ ਇਸ ਉਪਰ ਕੰਮ ਕਰਨ ਲੱਗਦੀਆਂ ਹਨ। ਇਹੋ ਨਹੀਂ, ਦਿੱਲੀ ਪੁਲਸ ਕਿਸੇ ਵੀ ਐਂਟੀ-ਸੋਸ਼ਲ ਵੱਲੋਂ ਫੈਲਾਈ ਗਈ ਕਿਸੇ ਵੀ ਮੁਹਿੰਮ ਨੂੰ ਕੁਝ ਹੀ ਘੰਟਿਆਂ ਵਿਚ ਰੋਕ ਸਕਦੀ ਹੈ। ਸਾਈਬਰ ਦੇ ਕਿਸੇ ਵੀ ਤਰ੍ਹਾਂ ਦੇ ਅਪਰਾਧ ’ਤੇ ਰੋਕ ਲਾਉਣ ਲਈ ਗ੍ਰਹਿ ਮੰਤਰਾਲਾ ਤੇ ਭਾਰਤ ਸਰਕਾਰ ਲਗਾਤਾਰ ਕੰਮ ਕਰ ਰਹੇ ਹਨ, ਨੈਸ਼ਨਲ ਪੋਰਟਲ ਦੀ ਸ਼ੁਰੂਆਤ ਕੀਤੀ ਗਈ ਹੈ।
ਜਾਅਲਸਾਜ਼ਾਂ ਨੇ ਲੋਕਾਂ ਨੂੰ ਫਸਾਉਣ ਲਈ ਬਣਾਈ ਸੀ ਬੁੱਲੀ ਬਾਈ ਐਪ
ਬੁੱਲੀ ਬਾਈ ਐਪ ਸਾਨ ਫਰਾਂਸਿਸਕੋ ਬੈਸਟ ਓਪਨ ਸੋਰਸ ਸਾਫਟਵੇਅਰ ਪਲੇਟਫਾਰਮ ‘ਗਿਟਹਬ’ ’ਤੇ ਅਪਲੋਡ ਕੀਤੀ ਗਈ ਸੀ। ਇਸ ਵਿਚ ਆਨਲਾਈਨ ਨਿਲਾਮੀ ਲਈ ਮੁਸਲਿਮ ਔਰਤਾਂ ਦੀਆਂ ਤਸਵੀਰਾਂ ਅਪਲੋਡ ਕੀਤੀਆਂ ਗਈਆਂ। ਬੁੱਲੀ ਬਾਈ ਐਪ ਲੋਕਾਂ ਨੂੰ ਫਸਾਉਣ ਅਤੇ ਉਨ੍ਹਾਂ ਤੋਂ ਆਰਥਿਕ ਵਸੂਲੀ ਦਾ ਜ਼ਰੀਆ ਸੀ। ਇਸ ਐਪ ਦੇ ਪਿੱਛੇ ਦਾ ਆਈਡੀਆ ਇਹ ਸੀ ਕਿ ਭਾਰਤੀ ਔਰਤਾਂ (ਖਾਸ ਤੌਰ ’ਤੇ ਮੁਸਲਿਮ) ਨੂੰ ਨਿਲਾਮੀ ਲਈ ਰੱਖ ਕੇ ਬਦਲੇ ’ਚ ਪੈਸੇ ਕਮਾਏ ਜਾਣ। ਹਾਲਾਂਕਿ ਅਜੇ ਤਕ ਅਜਿਹੀ ਨਿਲਾਮੀ ਦੀ ਸੂਚਨਾ ਨਹੀਂ ਮਿਲੀ।
ਹਰ ਸਾਜ਼ਿਸ਼ ਨਾਕਾਮ ਕਰਨਗੇ 1500 ਵਰਦੀਧਾਰੀ ਸਾਈਬਰ ਐਕਸਪਰਟ
ਪੁਲਸ ਕਮਿਸ਼ਨਰ ਰਾਕੇਸ਼ ਅਸਥਾਨਾ ਦੀ ਪਹਿਲ ’ਤੇ ਹੀ ਦਿੱਲੀ ਪੁਲਸ ਨੇ ਹੁਣੇ ਜਿਹੇ 1500 ਤੋਂ ਵੱਧ ਸਾਈਬਰ ਐਕਸਪਰਟ ਪੁਲਸ ਮੁਲਾਜ਼ਮਾਂ ਨੂੰ ਤਾਇਨਾਤ ਕੀਤਾ ਹੈ, ਜੋ ਦਿੱਲੀ ਵਿਚ ਹੋਣ ਵਾਲੇ ਸਾਈਬਰ ਹਮਲਿਆਂ ਖਿਲਾਫ ਬਾਖੂਬੀ ਕੰਮ ਕਰ ਰਹੇ ਹਨ। ਦਿੱਲੀ ਪੁਲਸ ਨੇ ਹੁਣ ਤਕ ਵਾਪਰੇ ਸਾਈਬਰ ਅਪਰਾਧਾਂ ਖਿਲਾਫ 90 ਫੀਸਦੀ ਤੋਂ ਵੱਧ ਸਫਲਤਾ ਹਾਸਲ ਕੀਤੀ ਹੈ। ਇਸ ਦੇ ਨਾਲ ਹੀ ਦਿੱਲੀ ਵਿਚ ਚੱਲ ਰਹੇ ਫਰਜ਼ੀ ਕਾਲ ਸੈਂਟਰ ’ਤੇ ਰੋਕ ਲਾਈ ਗਈ ਹੈ। ਇਸ ਤੋਂ ਇਲਾਵਾ ਜਲਦੀ ਹੀ ਦਿੱਲੀ ਪੁਲਸ, ਪੁਲਸ ਕਮਿਸ਼ਨਰ ਦੀ ਪਹਿਲ ’ਤੇ ਹੀ 2000 ਤੋਂ ਵੱਧ ਪੁਲਸ ਮੁਲਾਜ਼ਮਾਂ ਨੂੰ ਟਰੇਂਡ ਕਰਨ ਵਾਲੀ ਹੈ, ਜੋ ਸਾਈਬਰ ਦੇ ਹਰ ਵਾਰ ਦਾ ਮੁਸਤੈਦੀ ਨਾਲ ਜਵਾਬ ਦੇਣਗੇ।
ਪੰਜਾਬ ਭਾਜਪਾ ਦੇ ਕਾਫ਼ਲੇ 'ਚੋ ਹੋਇਆ ਵਾਧਾ, ਕਾਂਗਰਸ-ਅਕਾਲੀ ਦਲ ਦੇ ਵੱਡੇ ਚਿਹਰੇ ਹੋਏ ਸ਼ਾਮਲ
NEXT STORY