ਨਵੀਂ ਦਿੱਲੀ - ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਮੰਗਲਵਾਰ ਨੂੰ ‘ਸਮੇਂ ਦੀ ਕਸੌਟੀ ’ਤੇ ਖਰੀ ਉੱਤਰ’ ਭਾਰਤ-ਰੂਸ ਸਾਂਝੇਦਾਰੀ ਨੂੰ ਹੋਰ ਮਜ਼ਬੂਤ ਕਰਨ ਦੇ ਮਕਸਦ ਨਾਲ ਮਾਸਕੋ ਦਾ ਤਿੰਨ ਦਿਨਾ ਦੌਰਾ ਸ਼ੁਰੂ ਕੀਤਾ। ਇਹ ਦੌਰਾ ਅਜਿਹੇ ਸਮੇਂ ’ਚ ਹੋ ਰਿਹਾ ਹੈ ਜਦੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਭਾਰਤੀ ਵਸਤੂਆਂ ’ਤੇ ਟੈਰਿਫ ਨੂੰ ਦੁੱਗਣਾ ਕਰ ਕੇ 50 ਫੀਸਦੀ ਕਰਨ ਦੇ ਫੈਸਲੇ ਕਾਰਨ ਭਾਰਤ-ਅਮਰੀਕਾ ਸਬੰਧ ਤਣਾਅਪੂਰਨ ਬਣੇ ਹੋਏ ਹਨ।
ਜੈਸ਼ੰਕਰ ਦੀ ਫੇਰੀ ਦਾ ਐਲਾਨ ਕਰਦੇ ਹੋਏ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਉਹ ਬੁੱਧਵਾਰ ਨੂੰ ਭਾਰਤ-ਰੂਸ ਅੰਤਰ-ਸਰਕਾਰੀ ਕਮਿਸ਼ਨ ਆਨ ਟ੍ਰੇਡ, ਇਕਨਾਮਿਕ, ਸਾਇੰਸ, ਟੈਕਨੋਲੋਜੀਕਲ ਐਂਡ ਕਲਚਰਲ ਕੋਆਪ੍ਰੇਸ਼ਨ (ਆਈ. ਆਰ. ਆਈ. ਜੀ. ਸੀ.-ਟੀ. ਈ. ਸੀ.) ਦੇ 26ਵੇਂ ਸੈਸ਼ਨ ਦੀ ਸਹਿ-ਪ੍ਰਧਾਨਗੀ ਕਰਨਗੇ।
ਵਿਦੇਸ਼ ਮੰਤਰੀ ਅਤੇ ਰੂਸ ਦੇ ਪਹਿਲੇ ਉਪ-ਪ੍ਰਧਾਨ ਮੰਤਰੀ ਡੇਨਿਸ ਮੰਟੂਰੋਵ ਆਈ. ਆਰ. ਆਈ. ਜੀ. ਸੀ.-ਟੀ. ਈ. ਸੀ. ਦੀ ਸਹਿ-ਪ੍ਰਧਾਨਗੀ ਕਰਨ ਵਾਲੇ ਹਨ, ਜਿਸ ਨਾਲ ਇਸ ਸਾਲ ਦੇ ਅੰਤ ਵਿਚ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਭਾਰਤ ਫੇਰੀ ਲਈ ਢਾਂਚਾ ਤਿਆਰ ਹੋਣ ਦੀ ਉਮੀਦ ਹੈ। ਜੈਸ਼ੰਕਰ ਅਤੇ ਰੂਸੀ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਦੇ ਯੂਕ੍ਰੇਨ ਵਿਚ ਸ਼ਾਂਤੀ ਸਥਾਪਿਤ ਕਰਨ ਲਈ ਟਰੰਪ ਪ੍ਰਸ਼ਾਸਨ ਦੀਆਂ ਨਵੀਨਤਮ ਪਹਿਲਕਦਮੀਆਂ ’ਤੇ ਵੀ ਚਰਚਾ ਕਰਨ ਦੀ ਸੰਭਾਵਨਾ ਹੈ।
ਵਿਦੇਸ਼ ਮੰਤਰਾਲੇ ਨੇ ਇਕ ਸੰਖੇਪ ਬਿਆਨ ਵਿਚ ਕਿਹਾ ਕਿ ਇਸ ਦੌਰੇ ਦੌਰਾਨ ਵਿਦੇਸ਼ ਮੰਤਰੀ ਦੁਵੱਲੇ ਏਜੰਡੇ ਦੀ ਸਮੀਖਿਆ ਕਰਨਗੇ ਅਤੇ ਖੇਤਰੀ ਅਤੇ ਵਿਸ਼ਵਵਿਆਪੀ ਮੁੱਦਿਆਂ ’ਤੇ ਰੂਸੀ ਵਿਦੇਸ਼ ਮੰਤਰੀ ਨਾਲ ਵਿਚਾਰ ਸਾਂਝੇ ਕਰਨਗੇ। ਉਮੀਦ ਕੀਤੀ ਜਾ ਰਹੀ ਹੈ ਕਿ ਜੈਸ਼ੰਕਰ ਦੀ ਮਾਸਕੋ ਫੇਰੀ ਦੌਰਾਨ ਦੋਵੇਂ ਧਿਰਾਂ ਭਾਰਤ-ਰੂਸ ਊਰਜਾ ਸਬੰਧਾਂ ’ਤੇ ਵੀ ਚਰਚਾ ਕਰਨਗੀਆਂ।
ਖ਼ੁਸ਼ਖਬਰੀ: ਘਿਓ, ਦਵਾਈਆਂ, ਕਾਰ-ਬਾਈਕ ਤੇ ਸੀਮੈਂਟ...GST 'ਚ ਸੁਧਾਰਾਂ ਕਾਰਨ ਇਹ ਚੀਜ਼ਾਂ ਇੰਨੀਆਂ ਹੋਣਗੀਆਂ ਸਸਤੀਆਂ!
NEXT STORY