ਨਵੀਂ ਦਿੱਲੀ, (ਭਾਸ਼ਾ)- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਵਿਚ ਕਥਿਤ ਜਬਰ-ਜ਼ਨਾਹ ਦੀਆਂ ਘਟਨਾਵਾਂ ਨੂੰ ਲੈ ਕੇ ਵੀਰਵਾਰ ਨੂੰ ਭਾਜਪਾ ’ਤੇ ਨਿਸ਼ਾਨਾ ਲਾਇਆ ਅਤੇ ਦਾਅਵਾ ਕੀਤਾ ਕਿ ਭਾਜਪਾ ਦੀ ‘ਡਬਲ ਇੰਜਣ’ ਸਰਕਾਰ ਵਿਚ ਇਨਸਾਫ਼ ਦੀ ਮੰਗ ਕਰਨਾ ਗੁਨਾਹ ਹੈ। ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਢੇਰਾ ਨੇ ਉੱਤਰ ਪ੍ਰਦੇਸ਼ ਦੇ ਕਾਨਪੁਰ ਵਿਚ 2 ਬੱਚੀਆਂ ਨਾਲ ਕਥਿਤ ਸਮੂਹਿਕ ਜਬਰ-ਜ਼ਨਾਹ ਦੀ ਘਟਨਾ ਨੂੰ ਲੈ ਕੇ ਦੋਸ਼ ਲਾਇਆ ਕਿ ਸੂਬੇ ਵਿਚ ‘ਜੰਗਲ ਰਾਜ’ ਹੈ, ਜਿੱਥੇ ਕਾਨੂੰਨ ਨਾਂ ਦੀ ਕੋਈ ਚੀਜ਼ ਨਹੀਂ ਬਚੀ ਹੈ।
ਰਾਹੁਲ ਗਾਂਧੀ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਪੋਸਟ ਕੀਤਾ ਕਿ ਨਰਿੰਦਰ ਮੋਦੀ ਦੀਆਂ ਡਬਲ ਇੰਜਣ ਵਾਲੀਆਂ ਸਰਕਾਰਾਂ ’ਚ ਹੋ ਰਹੀ ‘ਦੋਹਰੀ ਬੇਇਨਸਾਫ਼ੀ’ ਨੂੰ ਇਨ੍ਹਾਂ ਦੋ ਘਟਨਾਵਾਂ ਨਾਲ ਸਮਝੋ! ਉੱਤਰ ਪ੍ਰਦੇਸ਼ ’ਚ ਦੋ ਭੈਣਾਂ ਨੇ ਆਪਣੇ ਨਾਲ ਜਬਰ-ਜ਼ਨਾਹ ਹੋਣ ਤੋਂ ਬਾਅਦ ਫਾਹਾ ਲਗਾ ਲਿਆ, ਹੁਣ ਇਨਸਾਫ ਨਾ ਮਿਲਣ ਅਤੇ ਕੇਸ ਵਾਪਸ ਲੈਣ ਦੇ ਦਬਾਅ ਕਾਰਨ ਉਨ੍ਹਾਂ ਦੇ ਪਿਤਾ ਨੂੰ ਵੀ ਫਾਹਾ ਲੈਣਾ ਪਿਆ। ਉਨ੍ਹਾਂ ਕਿਹਾ ਕਿ ਮੱਧ ਪ੍ਰਦੇਸ਼ ਵਿਚ ਇਕ ਔਰਤ ਦੀ ਇੱਜ਼ਤ ਸਰੇਆਮ ਤਾਰ-ਤਾਰ ਹੋਈ। ਗਰੀਬ ਪਤੀ ਨੇ ਇਨਸਾਫ਼ ਦੀ ਗੁਹਾਰ ਲਗਾਈ ਪਰ ਸੁਣਵਾਈ ਨਾ ਹੋਣ ਕਾਰਨ ਨਿਰਾਸ਼ ਹੋ ਕੇ ਉਸ ਨੇ ਆਪਣੇ ਦੋ ਬੱਚਿਆਂ ਸਮੇਤ ਫਾਹਾ ਲੈ ਲਿਆ। ਉਨ੍ਹਾਂ ਦਾਅਵਾ ਕੀਤਾ ਕਿ ‘ਡਬਲ ਇੰਜਣ ਵਾਲੀ ਸਰਕਾਰ’ ਵਿਚ ਇਨਸਾਫ਼ ਦੀ ਮੰਗ ਕਰਨਾ ਗੁਨਾਹ ਹੈ। ਰਾਹੁਲ ਗਾਂਧੀ ਮੁਤਾਬਕ ਮਿੱਤਰ ਮੀਡੀਆ ਵੱਲੋਂ ਸਖ਼ਤ ਮਿਹਨਤ ਨਾਲ ਬਣਾਏ ਗਏ ਝੂਠੇ ਅਕਸ ਨੂੰ ਬਚਾਉਣ ਲਈ ਪੀੜਤ ਹੀ ਨਹੀਂ, ਸਗੋਂ ਉਨ੍ਹਾਂ ਦੇ ਪਰਿਵਾਰਾਂ ਨਾਲ ਦੁਸ਼ਮਣਾਂ ਵਰਗਾ ਸਲੂਕ ਕਰਨਾ ਭਾਜਪਾ ਸ਼ਾਸਤ ਰਾਜਾਂ ਵਿਚ ਇਕ ਰਵਾਇਤ ਬਣ ਚੁੱਕੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਦੇ ਸ਼ਾਸਨ ’ਚ ਹਾਥਰਸ ਤੋਂ ਲੈ ਕੇ ਊਨਾਵ ਅਤੇ ਮੰਦਸੌਰ ਤੋਂ ਲੈ ਕੇ ਪੌੜੀ ਤੱਕ ਔਰਤਾਂ ਦੇ ਖਿਲਾਫ ਹੋਏ ਅੱਤਿਆਚਾਰ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਨੂੰ ਇਨਸਾਫ਼ ਲਈ ਤਰਸਾਇਆ ਗਿਆ।
ਰਾਹੁਲ ਗਾਂਧੀ ਨੇ ਕਿਹਾ ਕਿ ਇਸ ਘੋਰ ਬੇਇਨਸਾਫ਼ੀ ਵਿਰੁੱਧ ਆਵਾਜ਼ ਬੁਲੰਦ ਕਰੋ, ਨਹੀਂ ਤਾਂ ਅੱਜ ਨਹੀਂ ਤਾਂ ਕੱਲ ਇਸ ਅੱਤਿਆਚਾਰ ਦੀ ਅੱਗ ਤੁਹਾਡੇ ਤੱਕ ਵੀ ਪਹੁੰਚ ਜਾਵੇਗੀ। ਪ੍ਰਿਯੰਕਾ ਗਾਂਧੀ ਨੇ ‘ਐਕਸ’ ’ਤੇ ਪੋਸਟ ਕੀਤਾ ਕਿ ਕਾਨਪੁਰ ਵਿਚ ਸਮੂਹਿਕ ਜਬਰ-ਜ਼ਨਾਹ ਦਾ ਸ਼ਿਕਾਰ ਦੋ ਨਾਬਾਲਗ ਬੱਚੀਆਂ ਨੇ ਖੁਦਕੁਸ਼ੀ ਕਰ ਲਈ। ਹੁਣ ਉਨ੍ਹਾਂ ਬੱਚੀਆਂ ਦੇ ਪਿਤਾ ਨੇ ਵੀ ਖੁਦਕੁਸ਼ੀ ਕਰ ਲਈ ਹੈ।
ਦੋਸ਼ ਹੈ ਕਿ ਪੀੜਤ ਪਰਿਵਾਰ ’ਤੇ ਸਮਝੌਤਾ ਕਰਨ ਲਈ ਦਬਾਅ ਪਾਇਆ ਜਾ ਰਿਹਾ ਸੀ। ਉਨ੍ਹਾਂ ਕਿਹਾ ਕਿ ਉੱਤਰ ਪ੍ਰਦੇਸ਼ ਵਿਚ ਜੇਕਰ ਪੀੜਤ ਬੱਚੀਆਂ ਅਤੇ ਔਰਤਾਂ ਇਨਸਾਫ਼ ਮੰਗਦੀਆਂ ਹਨ ਤਾਂ ਉਨ੍ਹਾਂ ਦੇ ਪਰਿਵਾਰਾਂ ਨੂੰ ਤਬਾਹ ਕਰ ਦੇਣਾ ਨਿਯਮ ਬਣ ਗਿਆ ਹੈ। ਉਨਾਵ, ਹਾਥਰਸ ਤੋਂ ਲੈ ਕੇ ਕਾਨਪੁਰ ਤੱਕ - ਜਿੱਥੇ ਵੀ ਔਰਤਾਂ ’ਤੇ ਤਸ਼ੱਦਦ ਹੋਇਆ, ਉਨ੍ਹਾਂ ਦੇ ਪਰਿਵਾਰ ਤਬਾਹ ਕਰ ਦਿੱਤੇ ਗਏ।
ਬਿਹਾਰ ਪੁਲਸ ਨੇ ਲਾਰੈਂਸ ਬਿਸ਼ਨੋਈ ਗੈਂਗ ਦੇ 2 ਸ਼ੂਟਰ ਕੀਤੇ ਗ੍ਰਿਫ਼ਤਾਰ
NEXT STORY