ਨਵੀਂ ਦਿੱਲੀ- ਭਾਰਤ ਦੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਬ੍ਰਿਕਸ ਸੰਮੇਲਨ ਨੂੰ ਵਰਚੁਅਲੀ ਸੰਬੋਧਨ ਕਰਦੇ ਹੋਏ ਸੋਮਵਾਰ ਕਿਹਾ ਕਿ ਕੌਮਾਂਤਰੀ ਵਪਾਰ ਪ੍ਰਣਾਲੀ ’ਚ ਖੁੱਲ੍ਹਾ, ਪਾਰਦਰਸ਼ੀ ਤੇ ਨਿਰਪੱਖ ਦ੍ਰਿਸ਼ਟੀਕੋਣ ਜ਼ਰੂਰੀ ਹੈ। ਅੱਜ ਦੁਨੀਆ ਦੀ ਸਥਿਤੀ ਅਸਲ ਚਿੰਤਾ ਦਾ ਵਿਸ਼ਾ ਹੈ।
ਉਨ੍ਹਾਂ ਕਿਹਾ ਕਿ ਵੱਖ-ਵੱਖ ਵਿਸ਼ਵ ਚੁਣੌਤੀਆਂ ਨੂੰ ਵੇਖਦਿਆਂ ਬਹੁਪੱਖੀ ਪ੍ਰਣਾਲੀ ਦੁਨੀਆ ਦੀਆਂ ਉਮੀਦਾਂ ’ਤੇ ਖਰੀ ਉਤਰਨ ਚ ਅਸਫਲ ਜਾਪਦੀ ਹੈ। ਜੇ ਇੰਨੀਆਂ ਗੰਭੀਰ ਚੁਣੌਤੀਆਂ ਅਣਸੁਲਝੀਆਂ ਰਹਿੰਦੀਆਂ ਹਨ ਤਾਂ ਇਸ ਦਾ ਵਿਸ਼ਵ ਪ੍ਰਣਾਲੀ ’ਤੇ ਅਸਰ ਪੈਣਾ ਸੁਭਾਵਿਕ ਹੈ। ਇਸ ਸਮੇਂ ਦੁਨੀਆ ਇਕ ਸਥਿਰ ਤੇ ਅਨੁਮਾਨ ਯੋਗ ਵਾਤਾਵਰਣ ਚਾਹੁੰਦੀ ਹੈ ਤਾਂ ਜੋ ਵਪਾਰ ਤੇ ਨਿਵੇਸ਼ ਸੁਰੱਖਿਅਤ ਢੰਗ ਨਾਲ ਅੱਗੇ ਵਧ ਸਕਣ।
ਵਿਦੇਸ਼ ਮੰਤਰੀ ਅਨੁਸਾਰ ਇਸ ਸਮੇਂ ਦੀ ਪਹਿਲ ਇਹ ਯਕੀਨੀ ਬਣਾਉਣਾ ਹੈ ਕਿ ਕੌਮਾਂਤਰੀ ਪ੍ਰਣਾਲੀ ਅਸਰਦਾਰ ਢੰਗ ਨਾਲ ਕੰਮ ਕਰੇ ਤੇ ਵਿਸ਼ਵ ਚੁਣੌਤੀਆਂ ਨੂੰ ਹੱਲ ਕਰ ਸਕੇ। ਭਾਰਤ ਦ੍ਰਿੜਤਾ ਨਾਲ ਮੰਨਦਾ ਹੈ ਕਿ ਕੌਮਾਂਤਰੀ ਵਪਾਰ ਪ੍ਰਣਾਲੀ ਦੇ ਬੁਨਿਆਦੀ ਸਿਧਾਂਤਾਂ ਜਿਵੇਂ ਕਿ ਖੁੱਲ੍ਹੀ, ਨਿਰਪੱਖ, ਪਾਰਦਰਸ਼ੀ ਤੇ ਵਿਤਕਰੇ ਰਹਿਤ ਪਹੁੰਚ ਦੀ ਰੱਖਿਆ ਕੀਤੀ ਜਾਣੀ ਚਾਹੀਦੀ ਹੈ। ਜਦੋਂ ਬਹੁਤ ਸਾਰੀਆਂ ਰੁਕਾਵਟਾਂ ਆਉਂਦੀਆਂ ਹਨ ਤਾਂ ਸਾਡਾ ਮੰਤਵ ਇਸ ਨੂੰ ਅਜਿਹੇ ਝਟਕਿਆਂ ਤੋਂ ਬਚਾਉਣਾ ਹੋਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਇਸ ਦਾ ਅਰਥ ਹੈ ਵਧੇਰੇ ਲਚਕੀਲੀ, ਭਰੋਸੇਮੰਦ ਤੇ ਛੋਟੀ ਸਪਲਾਈ ਚੇਨ ਬਣਾਉਣੀ। ਦੁਨੀਆ ਨੂੰ ਟਿਕਾਊ ਵਪਾਰ ਨੂੰ ਉਤਸ਼ਾਹਿਤ ਕਰਨ ਲਈ ਇਕ ਉਸਾਰੂ ਤੇ ਸਹਿਯੋਗੀ ਪਹੁੰਚ ਦੀ ਲੋੜ ਹੈ।
ਰੁਕਾਵਟਾਂ ਵਧਾਉਣ ਤੇ ਲੈਣ-ਦੇਣ ਨੂੰ ਗੁੰਝਲਦਾਰ ਬਣਾਉਣ ਨਾਲ ਕੋਈ ਮਦਦ ਨਹੀਂ ਮਿਲੇਗੀ। ਨਾ ਹੀ ਵਪਾਰਕ ਉਪਾਵਾਂ ਨੂੰ ਗੈਰ-ਵਪਾਰਕ ਮਾਮਲਿਆਂ ਨਾਲ ਜੋੜਨ ਨਾਲ ਮਦਦ ਮਿਲੇਗੀ।
ਵਿਦਿਆਰਥੀ-ਅਧਿਆਪਕ ਅਨੁਪਾਤ ਦੇ ਮਾਮਲੇ ’ਚ ਵੀ ਦੇਸ਼ ’ਚ ਪਹਿਲੇ ਸਥਾਨ ’ਤੇ ਹਿਮਾਚਲ
NEXT STORY