ਨੈਸ਼ਨਲ ਡੈਸਕ— ਸੁਪਰੀਮ ਕੋਰਟ ਦੇ ਜੱਜਾਂ ਦੀ ਸੰਪਤੀ ਦੀ ਜਾਣਕਾਰੀ ਜਨਤਕ ਕਰਨ ਦੇ ਫੈਸਲੇ ਵਾਲੇ ਪ੍ਰਸਤਾਵ ਦੇ ਪਾਸ ਹੋਣ ਦੇ 9 ਸਾਲ ਬਾਅਦ ਵੀ ਵਿਵਸਥਾ 'ਚ ਸੁਧਾਰ ਨਹੀਂ ਹੋਇਆ ਹੈ। ਸੁਪਰੀਮ ਕੋਰਟ ਦੀ ਅਧਿਕਾਰਿਕ ਵੈੱਬਸਾਈਟ 'ਤੇ 23 'ਚੋਂ ਅੱਧੇ ਜੱਜਾਂ ਨੇ ਆਪਣੀ ਸੰਪਤੀ ਜਨਤਕ ਨਹੀਂ ਕੀਤੀ ਹੈ। ਸਿਰਫ 12 ਜੱਜਾਂ ਨੇ ਹੀ ਆਪਣੀ ਸੰਪਤੀ ਦਾ ਬਿਓਰਾ ਦਿੱਤਾ ਹੈ। ਸੁਪਰੀਮ ਕੋਰਟ 'ਚ 31 ਜੱਜਾਂ ਦੀ ਮਨਜ਼ੂਰੀ ਗਿਣਤੀ 'ਚ ਅਜੇ 23 ਜੱਜ ਹੀ ਹਨ, ਜਿਨ੍ਹਾਂ 'ਚੋਂ 11 ਨੇ ਆਪਣੀ ਸੰਪਤੀ ਦਾ ਬਿਓਰਾ ਦੇਣਾ ਹੈ।
ਆਪਣੀ ਸੰਪਤੀ ਦੀ ਜਾਣਕਾਰੀ ਜਨਤਕ ਨਾ ਕਰਨ ਵਾਲਿਆਂ 'ਚ ਆਰ. ਐੱਫ. ਨਰੀਮਨ, ਏ. ਐੱਮ. ਸਪਰੇ, ਯੂ. ਯੂ. ਲਲਿਤ, ਡੀ. ਵਾਈ ਚੰਦਰਚੂੜ, ਐੱਲ ਨਾਗੇਸ਼ਵਰ ਰਾਓ, ਸੰਜੇ ਕਿਸ਼ਨ ਕੌਲ, ਮੋਹਨ ਐੱਮ ਸ਼ਾਂਤਨਗੌਦਰ, ਐੱਸ. ਅਬਦੁਲ ਨਜ਼ੀਰ, ਨਵੀਨ ਸਿਨ੍ਹਾ, ਦੀਪਕ ਗੁਪਤਾ ਅਤੇ ਇੰਦੂ ਮਲਹੋਤਰਾ ਸ਼ਾਮਲ ਹਨ। ਜੱਜ ਨਰੀਮਨ, ਲਲਿਤ, ਰਾਓ ਅਤੇ ਮਲਹੋਤਰਾ ਸਿੱਧੇ ਹੀ ਨਿਯੁਕਤ ਕੀਤੇ ਗਏ ਸਨ। ਜੱਜ ਇੰਦੂ ਮਲਹੋਤਰਾ ਨੇ ਅਪ੍ਰੈਲ 'ਚ ਆਪਣਾ ਅਹੁਦਾ ਸੰਭਾਲਿਆ ਸੀ, ਜਦਕਿ ਚੰਦਰਚੂੜ ਅਤੇ ਰਾਓ 2 ਸਾਲ ਪਹਿਲਾਂ ਨਿਯੁਕਤ ਕੀਤੇ ਗਏ ਸਨ। ਜਸਟਿਸ ਨਰੀਮਨ, ਸਪਰੇ ਅਤੇ ਯੂ. ਯੂ. ਲਲਿਤ ਚਾਰ ਸਾਲ ਪਹਿਲਾਂ ਸੁਪਰੀਮ ਕੋਰਟ 'ਚ ਬਤੌਰ ਜੱਜ ਨਿਯੁਕਤ ਕੀਤੇ ਗਏ ਸਨ।
ਅਧਿਕਾਰਿਕ ਵੈੱਬਸਾਈਟ ਮੁਤਾਬਕ ਜਿਨ੍ਹਾਂ ਜੱਜਾਂ ਨੇ ਆਪਣੀ ਜਾਇਦਾਦ ਦਾ ਬਿਓਰਾ ਦਿੱਤਾ ਹੈ, ਉਨ੍ਹਾਂ 'ਚ ਚੀਫ ਜਸਟਿਸ ਦੀਪਕ ਮਿਸਰਾ ਤੋਂ ਇਲਾਵਾ ਕੋਲੇਜੀਅਮ ਦੇ ਬਾਕੀ 4 ਜੱਜ ਵੀ ਸ਼ਾਮਲ ਹਨ। ਇਸ ਤੋਂ ਇਲਾਵਾ ਬਾਕੀ 7 ਜੱਜਾਂ ਨੇ ਵੀ ਆਪਣੀਆਂ ਸੰਪਤੀਆਂ ਦਾ ਬਿਓਰਾ ਦਿੱਤਾ ਹੈ। ਸੀ. ਜੇ. ਆਈ. ਤੋਂ ਬਾਅਦ ਸਭ ਤੋਂ ਸੀਨੀਅਰ ਜੱਜ ਜਸਟਿਸ ਰੰਜਨ ਗੋਗੋਈ ਨੇ 6 ਜੂਨ ਨੂੰ ਆਪਣੀ ਸੰਪਤੀ ਦਾ ਬਿਓਰਾ ਅਪਡੇਟ ਕੀਤਾ ਹੈ। ਜਸਟਿਸ ਰੰਜਨ ਗੋਗੋਈ ਨੇ ਇਸ 'ਚ ਗੁਹਾਟੀ 'ਚ 65 ਲੱਖ ਰੁਪਏ 'ਚ ਵੇਚੀ ਗਈ ਜ਼ਮੀਨ, ਟੈਕਸ ਅਤੇ ਇਸ ਤੋਂ ਇਲਾਵਾ ਉਨ੍ਹਾਂ ਦੀ ਮਾਂ ਵਲੋਂ ਉਨ੍ਹਾਂ ਦੇ ਨਾਂ ਜੱਦੀ ਜ਼ਮੀਨ ਦੇ ਸਥਾਨਾਂਤਰਨ ਦੀ ਜਾਣਕਾਰੀ ਵੀ ਅਪਡੇਟ ਕੀਤੀ ਹੈ।
ਮੰਦਸੌਰ ਤੋਂ ਬਾਅਦ ਹੁਣ ਸਤਨਾ 'ਚ 4 ਸਾਲ ਦੀ ਮਾਸੂਮ ਨਾਲ ਬਦਮਾਸ਼ਾਂ ਨੇ ਕੀਤਾ ਬਲਾਤਕਾਰ
NEXT STORY