ਨੈਸ਼ਨਲ ਡੈਸਕ– ਭਾਜਪਾ ਦੇ ਸੰਸਦ ਮੈਂਬਰ ਬਾਬੁਲ ਸੁਪ੍ਰੀਓ ਕੇਂਦਰੀ ਮੰਤਰੀ ਮੰਡਲ ਤੋਂ ਹਟਾਏ ਜਾਣ ਤੋਂ ਬਾਅਦ ਜਿਸ ਤਰ੍ਹਾਂ ਨਾਲ ਸਿਆਸਤ ਤੋਂ ਦੂਰੀ ਬਣਾਉਂਦੇ ਜਾ ਰਹੇ ਹਨ, ਉਸ ਨਾਲ ਉਨ੍ਹਾਂ ਦੇ ਸਿਆਸਤ ਤੋਂ ਸੰਨਿਆਸ ਲੈਣ ਦੀਆਂ ਅਟਕਲਾਂ ਸ਼ੁਰੂ ਹੋ ਗਈਆਂ ਹਨ। ਬਾਬੁਲ ਪਿਛਲੇ 7 ਸਾਲਾਂ ਤੋਂ ਸਰਗਰਮ ਸਿਆਸਤ ’ਚ ਹਨ। ਮੰਤਰੀ ਮੰਡਲ ਤੋਂ ਹਟਾਏ ਜਾਣ ਤੋਂ ਬਾਅਦ ਉਨ੍ਹਾਂ ਨੇ ਪਾਰਟੀ ਹਾਈਕਮਾਨ ਪ੍ਰਤੀ ਆਪਣਾ ਰੋਸ ਜ਼ਾਹਿਰ ਕੀਤਾ ਸੀ।
ਬਾਬੁਲ ਦੀ ਸਿਆਸਤ ’ਚ ਸ਼ੁਰੂਆਤ ਜਿੰਨੀ ਨਾਟਕੀ ਰਹੀ, ਉਸੇ ਤਰ੍ਹਾਂ ਉਹ ਇਸ ਨੂੰ ਅਲਵਿਦਾ ਵੀ ਕਹਿ ਸਕਦੇ ਹਨ। ਬਾਬੁਲ ਬੰਗਾਲ ਦੀ ਆਸਨਸੋਲ ਸੀਟ ਤੋਂ ਸੰਸਦ ਮੈਂਬਰ ਹਨ। ਸਿਆਸਤ ਛੱਡਣ ਲਈ ਉਨ੍ਹਾਂ ਨੂੰ ਸੰਸਦ ਮੈਂਬਰ ਦੇ ਅਹੁਦੇ ਤੋਂ ਅਸਤੀਫਾ ਦੇਣਾ ਪਵੇਗਾ। ਸੂਤਰਾਂ ਅਨੁਸਾਰ ਸੂਬਾ ਲੀਡਰਸ਼ਿਪ ਉਨ੍ਹਾਂ ਦੇ ਤ੍ਰਿਣਮੂਲ ਕਾਂਗਰਸ ਤੇ ਉਸ ਦੇ ਰਾਸ਼ਟਰੀ ਉੱਪ ਪ੍ਰਧਾਨ ਮੁਕੁਲ ਰਾਏ ਦੇ ਟਵਿਟਰ ਹੈਂਡਲ ਨੂੰ ਫਾਲੋ ਕਰਨ ਨੂੰ ਲੈ ਕੇ ਪ੍ਰੇਸ਼ਾਨ ਹੈ।
ਹਾਲਾਂਕਿ ਸੁਪ੍ਰੀਓ ਨੇ ਖੁਦ ਇਨ੍ਹਾਂ ਅਟਕਲਾਂ ਨੂੰ ਖਾਰਜ਼ ਕੀਤਾ ਹੈ ਅਤੇ ਆਪਣੇ ਭਰੋਸੇਯੋਗ ਲੋਕਾਂ ਨੂੰ ਦੱਸਿਆ ਹੈ ਕਿ ਉਹ ਲੰਬੇ ਸਮੇਂ ਤੋਂ ਟੀ. ਐੱਮ. ਸੀ. ਹੈਂਡਲ ਨੂੰ ਫਾਲੋ ਕਰ ਰਹੇ ਹਨ। ਸੂਤਰਾਂ ਨੇ ਕਿਹਾ ਕਿ ਗਾਇਕ ਤੋਂ ਰਾਜਨੇਤਾ ਬਣੇ ਬਾਬੁਲ ਮੁਕੁਲ ਰਾਏ ਅਤੇ ਟੀ. ਐੱਮ. ਸੀ. ਨੂੰ ਪਿਛਲੇ 24 ਘੰਟਿਆਂ ਤੋਂ ਸੋਸ਼ਲ ਮੀਡੀਆ ’ਤੇ ਫਾਲੋ ਕਰ ਰਹੇ ਹਨ।
ਕੁਝ ਦਿਨ ਸਿਆਸਤ ਤੋਂ ਦੂਰ ਰਹਿਣਾ ਚਾਹੁੰਦੈ ਸੁਪ੍ਰੀਓ
ਦੱਸਿਆ ਜਾ ਰਿਹਾ ਹੈ ਕਿ ਭਾਜਪਾ ਦੀ ਸੂਬਾ ਲੀਡਰਸ਼ਿਪ ਦੀਆਂ ਚਿੰਤਾਵਾਂ ’ਚ ਇਕ ਟੈਲੀਵਿਜ਼ਨ ਇੰਟਰਿਵਊ ’ਚ ਬਾਬੁਲ ਦੀ ਹਾਲੀਆ ਟਿੱਪਣੀ ਨੇ ਵਾਧਾ ਕੀਤਾ ਹੈ, ਜਿਸ ’ਚ ਉਨ੍ਹਾਂ ਕਿਹਾ ਸੀ ਕਿ ਉਹ ਸਿਆਸਤ ਪ੍ਰਤੀ ਉਦਾਸੀਨ ਹੋ ਰਹੇ ਹਨ। ਕੇਂਦਰੀ ਮੰਤਰੀ ਮੰਡਲ ’ਚੋਂ ਹਟਾਏ ਜਾਣ ਤੋਂ ਬਾਅਦ ਸੁਪ੍ਰੀਓ ਨੇ ਕਿਹਾ,‘ਮੈਨੂੰ ਅੱਜ-ਕੱਲ ਸਿਆਸਤ ਨਾਲ ਨਫਰਤ ਹੋ ਰਹੀ ਹੈ, ਫਿਰ ਵੀ ਮੈਂ ਹਿਜ਼ਰਤਕਾਰੀ ਨਹੀਂ। ਮੈਂ ਚੁਣੌਤੀ ਮੰਨੀ ਤੇ 2019 ਦੀਆਂ ਆਮ ਚੋਣਾਂ ਜਿੱਤ ਕੇ ਆਸਨਸੋਲ ਦੀ ਸੀਟ ਆਪਣੀ ਪਾਰਟੀ ਨੂੰ ਦਿੱਤੀ।
ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਤੇ ਤ੍ਰਿਣਮੂਲ ਕਾਂਗਰਸ ਦੀ ਪ੍ਰਧਾਨ ਮਮਤਾ ਬੈਨਰਜੀ ਨੇ ਬਾਬੁਲ ਸੁਪ੍ਰੀਓ ਨੂੰ ਮੰਤਰੀ ਅਹੁਦੇ ਤੋਂ ਹਟਾਏ ਜਾਣ ’ਤੇ ਸਵਾਲ ਉਠਾਉਂਦੇ ਹੋਏ ਕਿਹਾ ਸੀ ਕਿ ਹੁਣ ਤਾਂ ਬਾਬੁਲ ਸੁਪ੍ਰੀਓ ਵੀ ਉਨ੍ਹਾਂ ਲਈ ਖਰਾਬ ਹੋ ਗਏ ਹਨ। ਬਾਬੁਲ ਪ੍ਰਤੀ ਮਮਤਾ ਦੇ ਨਰਮ ਰਵੱਈਏ ਤੋਂ ਬਾਅਦ ਉਨ੍ਹਾਂ ਦੇ ਤ੍ਰਿਣਮੂਲ ਦਾ ਝੰਡਾ ਫੜਣ ਦੇ ਵੀ ਕਿਆਸ ਲੱਗ ਰਹੇ ਹਨ। ਬਾਬੁਲ ਹਾਲਾਂਕਿ ਇਸ ਸਮੇਂ ਚੁੱਪ ਧਾਰੀ ਬੈਠੇ ਹਨ। ਉਨ੍ਹਾਂ ਦੇ ਇਕ ਨੇੜਲੇ ਨੇ ਦੱਸਿਆ ਕਿ ਬਾਬੁਲ ਫਿਲਹਾਲ ਕੁਝ ਦਿਨਾਂ ਤੱਕ ਸਿਆਸਤ ਤੋਂ ਦੂਰ ਰਹਿਣਾ ਚਾਹੁੰਦੇ ਹਨ।
ਸੂਬਾ ਪ੍ਰਧਾਨ ਦਲੀਪ ਘੋਸ਼ ਤੇ ਸੁਪ੍ਰੀਓ ’ਚ 36 ਦਾ ਅੰਕੜਾ
ਦੱਸਿਆ ਜਾ ਰਿਹਾ ਹੈ ਕਿ ਬੰਗਾਲ ਦੇ ਭਾਜਪਾ ਪ੍ਰਧਾਨ ਦਲੀਪ ਘੋਸ਼ ਅਤੇ ਬਾਬੁਲ ਸੁਪ੍ਰੀਓ ’ਚ ਵੀ ਅੱਜ ਕੱਲ ਮਤਭੇਦ ਵਧੇ ਹੋਏ ਹਨ। ਘੋਸ਼ ਤੋਂ ਪੁੱਛੇ ਜਾਣ ’ਤੇ ਕਿ ਕੀ ਸੁਪ੍ਰੀਓ ਨੇ ਤ੍ਰਿਣਮੂਲ ਦਾ ਆਪਣਾ ਬਦਲ ਖੁੱਲ੍ਹਾ ਰੱਖਿਆ ਹੈ ਤਾਂ ਘੋਸ਼ ਕਹਿੰਦੇ ਹਨ ‘ਜੋ ਲੋਕ ਪਾਰਟੀ ’ਚ ਸ਼ਾਮਲ ਹੋਏ ਹਨ, ਉਨ੍ਹਾਂ ਨੇ ਆਪਣੀ ਮਰਜ਼ੀ ਨਾਲ ਅਜਿਹਾ ਕੀਤਾ ਹੈ। ਹੁਣ ਜੇ ਉਹ ਇਸ ਨੂੰ ਛੱਡਣਾ ਚਾਹੁੰਦੇ ਹਨ ਤਾਂ ਇਹ ਉਨ੍ਹਾਂ ਦੀ ਆਪਣੀ ਪਸੰਦ ਹੈ, ਕੋਈ ਰਾਹ ਨਹੀਂ ਹੈ ਕਿ ਅਸੀਂ ਉਨ੍ਹਾਂ ਨੂੰ ਰੋਕ ਸਕੀਏ ਪਰ ਇਕ ਪਾਰਟੀ ਦੇ ਰੂਪ ’ਚ ਅਸੀਂ ਅਨੁਸ਼ਾਸਿਤ ਹਾਂ ਤੇ ਮਾਨਦੰਡਾਂ ਦੀ ਪਾਲਣਾ ਕਰਾਂਗੇ।’ ਇਸ ਦੌਰਾਨ ਪਾਰਟੀ ਨੇਤਾਵਾਂ ਨੂੰ ਸਖਤੀ ਚਿਤਾਵਨੀ ਦਿੰਦੇ ਹੋਏ ਘੋਸ਼ ਨੇ ਕਿਹਾ ਕਿ ਜੋ ਲੋਕ ਜਨਤਕ ਤੌਰ ’ਤੇ ਟਿੱਪਣੀਆਂ ਕਰ ਰਹੇ ਹਨ, ਉਨ੍ਹਾਂ ਨੂੰ ਆਪਣੀਆਂ ਗੱਲਾਂ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ। ਭਾਜਪਾ ਇਕ ਅਨੁਸ਼ਾਸਿਤ ਪਾਰਟੀ ਹੈ ਤੇ ਸਾਰਿਆਂ ’ਤੇ ਨਜ਼ਰ ਰੱਖੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਬੰਗਾਲ ਦੇ ਭਾਜਪਾ ਵਿਧਾਇਕਾਂ ਨੇ ਸੂਬਾ ਵਿਧਾਨ ਸਭਾ ਦੀਆਂ ਵੱਖ-ਵੱਖ ਕਮੇਟੀਆਂ ਤੋਂ ਅਸਤੀਫਾ ਦੇਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਦਾ ਫੈਸਲਾ ਸੱਤਾਧਾਰੀ ਤ੍ਰਿਣਮੂਲ ਕਾਂਗਰਸ ਵੱਲੋਂ ਮੁਕੁਲ ਰਾਏ ਨੂੰ ਲੋਕ ਲੇਖਾ ਕਮੇਟੀ ਦੇ ਪ੍ਰਧਾਨ ਦੇ ਤੌਰ ’ਤੇ ਨਿਯੁਕਤ ਕਰਨ ਦੀ ਪ੍ਰੰਪਰਾ ਨੂੰ ਕਥਿਤ ਤੌਰ ’ਤੇ ਤੋੜਣ ਦੇ ਪਿਛੋਕੜ ’ਚ ਆਇਆ ਹੈ। ਭਾਜਪਾ ਦੇ ਸਾਬਕਾ ਰਾਸ਼ਟਰੀ ਉੱਪ ਪ੍ਰਧਾਨ ਰਾਏ ਨੇ ਸੂਬਾ ਚੋਣਾਂ ਤੋਂ ਬਾਅਦ ਟੀ. ਐੱਮ. ਸੀ. ’ਚ ਸ਼ਾਮਲ ਹੋਣ ਲਈ ਉਸ ਪਾਰਟੀ ਨੂੰ ਛੱਡ ਦਿੱਤਾ, ਜਿਸ ਨੇ ਉਨ੍ਹਾਂ ਨੂੰ ਰਾਸ਼ਟਰੀ ਉੱਪ ਪ੍ਰਧਾਨ ਵੀ ਨਿਯੁਕਤ ਕੀਤਾ ਸੀ।
ਪੁਲਵਾਮਾ ਐਨਕਾਊਂਟਰ: ਸੁਰੱਖਿਆ ਦਸਤਿਆਂ ਨੇ ਪਾਕਿ ਲਸ਼ਕਰ ਕਮਾਂਡਰ ਸਮੇਤ 3 ਅੱਤਵਾਦੀ ਕੀਤੇ ਢੇਰ
NEXT STORY