ਨੈਸ਼ਨਲ ਡੈਸਕ : ਇੰਦੌਰ ਦੇ ਇੱਕ ਸਰਕਾਰੀ ਸਕੂਲ ਦੀ ਕਲਾਸ ਵਿਚ ਮੋਬਾਈਲ ਫੋਨ ਦੀ ਘੰਟੀ ਵੱਜਣ ਤੋਂ ਬਾਅਦ ਇਸ ਨੂੰ ਲੱਭਣ ਲਈ ਨਾਬਾਲਗ ਵਿਦਿਆਰਥਣਾਂ ਦੇ ਕਥਿਤ ਤੌਰ 'ਤੇ ਕੱਪੜੇ ਉਤਰਵਾਉਣ ਦੀ ਘਟਨਾ ਤੋਂ 13 ਦਿਨ ਬਾਅਦ ਅਧਿਆਪਕ ਖਿਲਾਫ ਇੱਕ ਐੱਫਆਈਆਰ ਦਰਜ ਕੀਤੀ ਗਈ ਹੈ। ਇਕ ਪੁਲਸ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਮਾਤਾ-ਪਿਤਾ ਨੇ ਮਲਹਾਰਗੰਜ ਪੁਲਸ ਸਟੇਸ਼ਨ 'ਚ ਸ਼ਿਕਾਇਤ ਦਰਜ ਕਰਵਾਈ ਸੀ ਕਿ 2 ਅਗਸਤ ਨੂੰ ਸਰਕਾਰੀ ਗਰਲਜ਼ ਹਾਇਰ ਸੈਕੰਡਰੀ ਸਕੂਲ ਦੀ ਕਲਾਸ 'ਚ ਮੋਬਾਇਲ ਫੋਨ ਦੀ ਘੰਟੀ ਵੱਜੀ ਤਾਂ ਇਕ ਅਧਿਆਪਕ ਨੇ ਘੱਟੋ-ਘੱਟ 5 ਵਿਦਿਆਰਥਣਾਂ ਨੂੰ ਡਿਵਾਈਸ ਲੱਭਣ ਲਈ ਟਾਇਲਟ ਲੈ ਗਿਆ ਤੇ ਕਥਿਤ ਤੌਰ 'ਤੇ ਉਨ੍ਹਾਂ ਦੇ ਕੱਪੜੇ ਉਤਾਰ ਕੇ ਤਲਾਸ਼ੀ ਲਈ।
ਮਲਹਾਰਗੰਜ ਥਾਣੇ ਦੇ ਇੰਚਾਰਜ ਸ਼ਿਵ ਕੁਮਾਰ ਰਘੂਵੰਸ਼ੀ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਅਧਿਆਪਕ ਨੇ ਨਾਬਾਲਗ ਵਿਦਿਆਰਥਣਾਂ ਨੂੰ ਉਨ੍ਹਾਂ ਦੇ ਮੋਬਾਈਲ ਲੰਭਣ ਲਈ ਉਨ੍ਹਾਂ ਦੇ ਕੱਪੜੇ ਉਤਾਰ ਕੇ ਕਥਿਤ ਤੌਰ 'ਤੇ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਕੀਤਾ। ਉਨ੍ਹਾਂ ਕਿਹਾ ਕਿ ਭਾਰਤੀ ਨਿਆਂ ਸੰਹਿਤਾ ਦੀ ਧਾਰਾ 76 (ਕਿਸੇ ਔਰਤ 'ਤੇ ਉਸ ਦਾ ਕੱਪੜੇ ਉਤਾਰਨ ਦੇ ਇਰਾਦੇ ਨਾਲ ਹਮਲਾ ਜਾਂ ਅਪਰਾਧਿਕ ਤਾਕਤ ਦੀ ਵਰਤੋਂ) ਅਤੇ ਭਾਰਤੀ ਨਿਆਂ ਸੰਹਿਤਾ ਦੀ ਧਾਰਾ 79 (ਕਿਸੇ ਔਰਤ ਦੀ ਇੱਜ਼ਤ ਦਾ ਅਪਮਾਨ ਕਰਨ ਦੇ ਇਰਾਦੇ ਨਾਲ ਕੀਤਾ ਗਿਆ ਕੰਮ) ਦੇ ਨਾਲ ਹੀ ਬਾਲ ਨਿਆਂ (ਬੱਚਿਆਂ ਦੀ ਦੇਖਭਾਲ ਅਤੇ ਸੁਰੱਖਿਆ) ਐਕਟ ਦੀ ਧਾਰਾ 75 (ਬੱਚਿਆਂ ਪ੍ਰਤੀ ਬੇਰਹਿਮੀ) ਦੇ ਤਹਿਤ ਵੀਰਵਾਰ ਰਾਤ ਨੂੰ ਇੱਕ ਕੇਸ ਦਰਜ ਕੀਤਾ ਗਿਆ ਸੀ।
ਰਘੂਵੰਸ਼ੀ ਨੇ ਦੱਸਿਆ ਕਿ ਜਾਂਚ ਦੌਰਾਨ ਪੁਲਸ ਨੇ ਪੀੜਤ ਵਿਦਿਆਰਥਣਾਂ, ਉਨ੍ਹਾਂ ਦੇ ਪਰਿਵਾਰ ਵਾਲਿਆਂ ਅਤੇ ਸਰਕਾਰੀ ਸਕੂਲ ਦੇ ਅਧਿਆਪਕਾਂ ਦੇ ਬਿਆਨ ਦਰਜ ਕੀਤੇ ਹਨ। ਉਨ੍ਹਾਂ ਕਿਹਾ ਕਿ ਜਾਂਚ ਦੌਰਾਨ ਇਹ ਪਾਇਆ ਗਿਆ ਕਿ ਅਧਿਆਪਕ ਦਾ ਇਸ ਘਟਨਾ ਪਿੱਛੇ ਕੋਈ ਜਿਨਸੀ ਇਰਾਦਾ ਨਹੀਂ ਸੀ, ਇਸ ਲਈ ਅਧਿਆਪਕ ਵਿਰੁੱਧ ਦਰਜ ਐੱਫਆਈਆਰ ਵਿੱਚ ਪ੍ਰੋਟੈਕਸ਼ਨ ਆਫ਼ ਚਿਲਡਰਨ ਫਰਾਮ ਸੈਕਸੁਅਲ ਔਫੈਂਸ (ਪੋਕਸੋ) ਐਕਟ ਸ਼ਾਮਲ ਨਹੀਂ ਕੀਤਾ ਗਿਆ। ਮੱਧ ਪ੍ਰਦੇਸ਼ ਹਾਈ ਕੋਰਟ ਦੀ ਇੰਦੌਰ ਬੈਂਚ ਨੇ ਇਸ ਘਟਨਾ ਨੂੰ ਲੈ ਕੇ ਸਮਾਜਿਕ ਕਾਰਕੁਨ ਚਿਨਮਯ ਮਿਸ਼ਰਾ ਵੱਲੋਂ ਦਾਇਰ ਜਨਹਿਤ ਪਟੀਸ਼ਨ 'ਤੇ 9 ਅਗਸਤ ਨੂੰ ਸੂਬਾ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਸੀ।
ਅਦਾਲਤ ਨੇ ਰਾਜ ਸਰਕਾਰ ਨੂੰ ਇੱਕ ਹਫ਼ਤੇ ਦੇ ਅੰਦਰ ਰਿਪੋਰਟ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਸਨ ਕਿ ਥਾਣੇ ਵਿੱਚ ਸ਼ਿਕਾਇਤ ਦਰਜ ਹੋਣ ਤੋਂ ਬਾਅਦ ਇਸ ਮਾਮਲੇ ਵਿੱਚ ਕੀ ਕਾਰਵਾਈ ਕੀਤੀ ਗਈ ਹੈ। ਜਨਹਿਤ ਪਟੀਸ਼ਨ 'ਚ ਮੰਗ ਕੀਤੀ ਗਈ ਹੈ ਕਿ ਨਾਬਾਲਗ ਵਿਦਿਆਰਥਣਾਂ ਨੂੰ ਕਥਿਤ ਤੌਰ 'ਤੇ ਮੋਬਾਈਲ ਫੋਨਾਂ ਦੀ ਤਲਾਸ਼ੀ ਲੈਣ ਲਈ ਉਨ੍ਹਾਂ ਦੇ ਕੱਪੜੇ ਉਤਾਰਨ ਦੇ ਮਾਮਲੇ 'ਚ ਪੋਕਸੋ ਐਕਟ ਨੂੰ ਯਕੀਨੀ ਬਣਾਇਆ ਜਾਵੇ ਅਤੇ ਅਜਿਹੇ ਮਾਮਲਿਆਂ 'ਚ ਤੁਰੰਤ ਕਾਰਵਾਈ ਲਈ ਉਚਿਤ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਜਾਣ।
ਜੰਮੂ-ਕਸ਼ਮੀਰ 'ਚ ਬਸਪਾ ਇਕੱਲਿਆਂ ਹੀ ਲੜੇਗੀ ਵਿਧਾਨ ਸਭਾ ਚੋਣਾਂ: ਮਾਇਆਵਤੀ
NEXT STORY