ਨਵੀਂ ਦਿੱਲੀ : ਪਾਕਿਸਤਾਨ 'ਚ ਅਗਲੇ ਸਾਲ ਹੋਣ ਵਾਲੀ ਚੈਂਪੀਅਨਸ ਟਰਾਫੀ ਨੂੰ ਲੈ ਕੇ ਇਕ ਵੱਡਾ ਅਤੇ ਮਹੱਤਵਪੂਰਨ ਅਪਡੇਟ ਸਾਹਮਣੇ ਆ ਰਿਹਾ ਹੈ। ਇਸ ਨਾਲ ਪਾਕਿਸਤਾਨ ਕ੍ਰਿਕਟ ਅਤੇ ਪੀ. ਸੀ. ਬੀ. ਨੂੰ ਝਟਕਾ ਲੱਗ ਸਕਦਾ ਹੈ। ਇਕ ਪਾਸੇ ਜਿੱਥੇ ਪਾਕਿਸਤਾਨ ਕ੍ਰਿਕਟ ਬੋਰਡ ਚੈਂਪੀਅਨਸ ਟਰਾਫੀ ਦੀਆਂ ਤਿਆਰੀਆਂ 'ਚ ਰੁੱਝਿਆ ਹੋਇਆ ਹੈ, ਉਥੇ ਹੀ ਹੁਣ ਇਹ ਗੱਲ ਸਾਹਮਣੇ ਆਈ ਹੈ ਕਿ ਭਾਰਤੀ ਕ੍ਰਿਕਟ ਟੀਮ ਚੈਂਪੀਅਨਸ ਟਰਾਫੀ ਦੇ ਮੈਚ ਖੇਡਣ ਲਈ ਪਾਕਿਸਤਾਨ ਨਹੀਂ ਜਾਵੇਗੀ। ਭਾਰਤ ਦੇ ਮੈਚਾਂ ਲਈ 2 ਸਥਾਨਾਂ ਦੀ ਚੋਣ ਕੀਤੀ ਗਈ ਹੈ। ਹਾਲਾਂਕਿ ਇਸ ਨੂੰ ਮਨਜ਼ੂਰੀ ਮਿਲਣੀ ਬਾਕੀ ਹੈ। ਆਈ. ਸੀ. ਸੀ. ਇਸ ਬਾਰੇ ਅੰਤਿਮ ਫੈਸਲਾ ਲਵੇਗੀ, ਜਿਸ ਦੀ ਉਡੀਕ ਕੀਤੀ ਜਾਣੀ ਚਾਹੀਦੀ ਹੈ।
ਇਸ ਵਾਰ ਪਾਕਿਸਤਾਨ ਨੂੰ ਮਿਲੀ ਹੈ ਚੈਂਪੀਅਨਸ ਟਰਾਫੀ ਦੀ ਮੇਜ਼ਬਾਨੀ
ਪਾਕਿਸਤਾਨ ਨੂੰ ਚੈਂਪੀਅਨਸ ਟਰਾਫੀ 2025 ਦੀ ਮੇਜ਼ਬਾਨੀ ਮਿਲੀ ਹੈ। ਪੀ. ਸੀ. ਬੀ. ਨੇ ਇਸ ਲਈ ਇੱਕ ਡਰਾਫਟ ਸ਼ਡਿਊਲ ਤਿਆਰ ਕਰਕੇ ਆਈ. ਸੀ. ਸੀ. ਨੂੰ ਸੌਂਪ ਦਿੱਤਾ ਹੈ। ਇਸ ਤੋਂ ਬਾਅਦ ਆਈ. ਸੀ. ਸੀ. ਇਸ ਬਾਰੇ ਸਾਰੇ ਹਿੱਸਾ ਲੈਣ ਵਾਲੇ ਦੇਸ਼ਾਂ ਦੇ ਕ੍ਰਿਕਟ ਬੋਰਡ ਤੋਂ ਰਾਏ ਲੈ ਰਹੀ ਹੀ। ਪੀ. ਸੀ. ਬੀ. ਮੁਤਾਬਕ ਭਾਰਤ ਦੇ ਸਾਰੇ ਮੈਚ ਲਾਹੌਰ ਵਿੱਚ ਹੋਣਗੇ। ਪਾਕਿਸਤਾਨ ਨੇ ਪੂਰੇ ਟੂਰਨਾਮੈਂਟ ਲਈ ਤਿੰਨ ਸਥਾਨਾਂ ਦੀ ਚੋਣ ਕੀਤੀ ਹੈ। ਇਸ ਵਿਚ ਲਾਹੌਰ ਤੋਂ ਇਲਾਵਾ ਰਾਵਲਪਿੰਡੀ ਅਤੇ ਕਰਾਚੀ ਦੇ ਨਾਂ ਵੀ ਸ਼ਾਮਲ ਹਨ। ਪੀ. ਸੀ. ਬੀ. ਦਾ ਕਹਿਣਾ ਹੈ ਕਿ ਜੇਕਰ ਭਾਰਤੀ ਟੀਮ ਸੈਮੀਫਾਈਨਲ ਅਤੇ ਫਾਈਨਲ ਵਿੱਚ ਪਹੁੰਚ ਜਾਂਦੀ ਹੈ ਤਾਂ ਉਸਦੇ ਮੈਚ ਵੀ ਲਾਹੌਰ ਵਿੱਚ ਹੀ ਹੋ ਸਕਦੇ ਹਨ। ਹਾਲਾਂਕਿ ਅਜੇ ਤੱਕ ਨਾ ਤਾਂ ਅਧਿਕਾਰਤ ਤੌਰ 'ਤੇ ਪ੍ਰੋਗਰਾਮ ਦਾ ਐਲਾਨ ਕੀਤਾ ਗਿਆ ਹੈ ਅਤੇ ਨਾ ਹੀ ਇਸ ਗੱਲ ਦੀ ਪੁਸ਼ਟੀ ਹੋਈ ਹੈ ਕਿ ਭਾਰਤੀ ਟੀਮ ਮੈਚਾਂ ਲਈ ਪਾਕਿਸਤਾਨ ਜਾਵੇਗੀ।
ਪਾਕਿਸਤਾਨ ਨਹੀਂ ਜਾਵੇਗੀ ਟੀਮ ਇੰਡੀਆ
ਇਸ ਦੌਰਾਨ ਪਤਾ ਲੱਗਾ ਹੈ ਕਿ ਬੀ. ਸੀ. ਸੀ. ਆਈ. ਨੇ ਆਈ. ਸੀ. ਸੀ. ਨੂੰ ਕਿਹਾ ਹੈ ਕਿ ਭਾਰਤੀ ਟੀਮ ਚੈਂਪੀਅਨਜ਼ ਟਰਾਫੀ ਲਈ ਪਾਕਿਸਤਾਨ ਨਹੀਂ ਜਾਵੇਗੀ। ਬੀ. ਸੀ. ਸੀ. ਆਈ. ਨੇ ਕਿਹਾ ਹੈ ਕਿ ਉਸ ਦੇ ਮੈਚ ਦੁਬਈ ਅਤੇ ਸ਼੍ਰੀਲੰਕਾ ਵਿਚਾਲੇ ਕਿਤੇ ਵੀ ਹੋਣਗੇ। ਇਹ ਖਬਰ ਏ. ਐੱਨ. ਆਈ. ਨੇ ਬੀ. ਸੀ. ਸੀ. ਆਈ. ਦੇ ਸੂਤਰਾਂ ਦੇ ਹਵਾਲੇ ਨਾਲ ਦਿੱਤੀ ਹੈ। ਜੇਕਰ ਇਹ ਸੱਚ ਹੈ ਤਾਂ ਪਾਕਿਸਤਾਨ ਕ੍ਰਿਕਟ ਨੂੰ ਵੱਡਾ ਝਟਕਾ ਲੱਗਣਾ ਯਕੀਨੀ ਹੈ। ਇਸ ਦੇ ਨਾਲ ਹੀ ਇਸ ਪੂਰੇ ਮਾਮਲੇ 'ਤੇ ਆਈ. ਸੀ. ਸੀ. ਕੀ ਫੈਸਲਾ ਲੈਂਦਾ ਹੈ, ਇਸ ਦੀ ਵੀ ਉਡੀਕ ਹੈ। ਇਸ ਵਿੱਚ ਕੁਝ ਸਮਾਂ ਲੱਗ ਸਕਦਾ ਹੈ।
19 ਫਰਵਰੀ ਤੋਂ 9 ਮਾਰਚ ਤੱਕ ਹੋਣਾ ਹੈ ਚੈਂਪੀਅਨਸ ਟਰਾਫੀ ਦਾ ਆਯੋਜਨ
ਡਰਾਫਟ ਸ਼ਡਿਊਲ ਪੀ. ਸੀ. ਬੀ. ਨੇ ਆਈ. ਸੀ. ਸੀ. ਨੂੰ ਭੇਜ ਦਿੱਤਾ ਹੈ। ਇਸ 'ਚ ਕਿਹਾ ਗਿਆ ਹੈ ਕਿ ਚੈਂਪੀਅਨਸ ਟਰਾਫੀ 19 ਫਰਵਰੀ ਤੋਂ ਸ਼ੁਰੂ ਹੋਵੇਗੀ ਅਤੇ 9 ਮਾਰਚ ਤੱਕ ਚੱਲੇਗੀ। ਪੀ. ਸੀ. ਬੀ. ਨੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਲਾਹੌਰ 'ਚ ਹੋਣ ਵਾਲੇ ਮੈਗਾ ਮੈਚ ਦੀ ਤਰੀਕ 1 ਮਾਰਚ ਤੈਅ ਕੀਤੀ ਹੈ। ਹਾਲਾਂਕਿ ਬੀ. ਸੀ. ਸੀ. ਆਈ. ਵੱਲੋਂ ਅਜੇ ਤੱਕ ਕੋਈ ਅਧਿਕਾਰਤ ਬਿਆਨ ਨਹੀਂ ਦਿੱਤਾ ਗਿਆ ਹੈ। ਵੈਸੇ ਵੀ ਇਸ ਟੂਰਨਾਮੈਂਟ 'ਚ ਅਜੇ ਸਮਾਂ ਹੈ ਅਤੇ ਫੈਸਲਾ ਲੈਣ 'ਚ ਕੁਝ ਹੋਰ ਸਮਾਂ ਲੱਗ ਸਕਦਾ ਹੈ। ਦੱਸ ਦੇਈਏ ਕਿ ਭਾਰਤੀ ਕ੍ਰਿਕਟ ਟੀਮ ਨੇ ਆਖਰੀ ਵਾਰ ਸਾਲ 2008 ਵਿੱਚ ਪਾਕਿਸਤਾਨ ਦਾ ਦੌਰਾ ਕੀਤਾ ਸੀ। ਉਦੋਂ ਤੋਂ ਉਹ ਹਰ ਵਾਰ ਉਥੇ ਜਾਣ ਤੋਂ ਇਨਕਾਰ ਕਰਦਾ ਰਿਹਾ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਚੈਂਪੀਅਨਸ ਟਰਾਫੀ ਨੂੰ ਲੈ ਕੇ ਅੰਤਿਮ ਫੈਸਲਾ ਕੀ ਹੁੰਦਾ ਹੈ।
ਹਰਿਆਣਾ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਇਨੈਲੋ-ਬਸਪਾ ਦਾ ਗਠਜੋੜ, CM ਚਿਹਰੇ 'ਤੇ ਵੀ ਬਣੀ ਗੱਲ
NEXT STORY