ਸ਼੍ਰੀਨਗਰ (ਭਾਸ਼ਾ)- ਕਸ਼ਮੀਰ ਦੀ ਜਨਤਾ ਦਰਮਿਆਨ ਪਨਾਹ ਨਾ ਮਿਲਣ ਕਾਰਨ ਅੱਤਵਾਦੀ ਫਿਰ ਤੋਂ ਮਸਜਿਦਾਂ ਅਤੇ ਮਦਰਸਿਆਂ ਵਿਚ ਆਪਣੇ ਟਿਕਾਣੇ ਬਣਾ ਰਹੇ ਹਨ, ਜਿਸ ਨਾਲ ਉਨ੍ਹਾਂ ਨੂੰ ਨਾ ਸਿਰਫ਼ ਸੁਰੱਖਿਆ ਫ਼ੋਰਸਾਂ ਤੋਂ ਬਚਣ ਵਿਚ ਮਦਦ ਮਿਲਦੀ ਹੈ ਸਗੋਂ ਕਿਸ਼ੋਰਾਂ ਨੂੰ ਗੁੰਮਰਾਹ ਕਰਨ ਦਾ ਮੌਕਾ ਵੀ ਮਿਲ ਰਿਹਾ ਹੈ। ਕਸ਼ਮੀਰੀ ਲੋਕਾਂ ਨੇ ਅੱਤਵਾਦੀਆਂ ਦੀ ਮਦਦ ਕਰਨੀ ਬੰਦ ਕਰ ਦਿੱਤੀ ਹੈ ਅਤੇ ਸਰਕਾਰ ਨੇ ਵੀ ਨਿਗਰਾਨੀ ਵਧਾਉਣ ਅਤੇ ਅੱਤਵਾਦੀਆਂ ਨੂੰ ਪਨਾਹ ਦੇਣ ਵਾਲੇ ਘਰਾਂ ਨੂੰ ਜ਼ਬਤ ਕਰਨ ਦਾ ਫ਼ੈਸਲਾ ਕੀਤਾ ਹੈ, ਜਿਸ ਤੋਂ ਬਾਅਦ ਅੱਤਵਾਦੀ ਸੰਗਠਨ ਪੁਰਾਣਾ ਤਰੀਕਾ ਅਪਣਾ ਰਹੇ ਹਨ। ਅਧਿਕਾਰੀਆਂ ਮੁਤਾਬਕ ਸਰਕਾਰ ਅਤੇ ਸੁਰੱਖਿਆ ਫ਼ੋਰਸਾਂ ਦੋਹਾਂ ਦੀਆਂ ਲਗਾਤਾਰ ਕੋਸ਼ਿਸ਼ਾਂ ਕਾਰਨ ਕਸ਼ਮੀਰ 'ਚ ਅੱਤਵਾਦੀਆਂ ਨੂੰ ਦੇਖਣ ਦੇ ਆਮ ਲੋਕਾਂ ਦੇ ਰਵੱਈਏ 'ਚ ਵੱਡਾ ਬਦਲਾਅ ਆਇਆ ਹੈ। ਲੋਕ ਹੁਣ ਅੱਤਵਾਦੀਆਂ ਨੂੰ ਪਨਾਹ ਦੇਣ ਅਤੇ ਹੋਰ ਮਦਦ ਦੇਣ ਤੋਂ ਝਿਜਕ ਰਹੇ ਹਨ। ਅੱਤਵਾਦੀ 1990 ਦੇ ਦਹਾਕੇ ਦੇ ਸ਼ੁਰੂ 'ਚ ਹਜ਼ਰਤਬਲ ਦਰਗਾਹ ਅਤੇ ਚਰਾਰ-ਏ-ਸ਼ਰੀਫ਼ 'ਚ ਲੁਕ ਜਾਂਦੇ ਸਨ ਅਤੇ ਸੁਰੱਖਿਆ ਫ਼ੋਰਸਾਂ ਨਾਲ ਝੜਪਾਂ ਹੁੰਦੀਆਂ ਸਨ। ਹਾਲ 'ਚ ਹੋਏ ਕੁਝ ਮੁਕਾਬਲਿਆਂ, ਖ਼ਾਸ ਕਰਕੇ ਦੱਖਣੀ ਕਸ਼ਮੀਰ 'ਚ ਸੁਰੱਖਿਆ ਫ਼ੋਰਸਾਂ ਦੀਆਂ ਕਾਰਵਾਈਆਂ ਦੇ ਵਿਸ਼ਲੇਸ਼ਣ ਤੋਂ ਪਤਾ ਲੱਗਾ ਹੈ ਕਿ ਪਾਕਿਸਤਾਨ-ਪ੍ਰਾਯੋਜਿਤ ਅੱਤਵਾਦੀ ਮੁੜ ਤੋਂ ਮਸਜਿਦਾਂ ਅਤੇ ਮਦਰਸਿਆਂ ਨੂੰ ਪਨਾਹ ਲਈ ਵਰਤ ਰਹੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਪਿਛਲੇ ਕੁਝ ਹਫ਼ਤਿਆਂ 'ਚ ਕੁਲਗਾਮ, ਨੈਨਾ ਬਟਪੋਰਾ ਅਤੇ ਚੇਵਾ ਕਲਾਂ 'ਚ ਹੋਏ ਤਿੰਨ ਮੁਕਾਬਲਿਆਂ 'ਚ ਵੀ ਇਹੀ ਗੱਲ ਦੇਖਣ ਨੂੰ ਮਿਲੀ। ਅੱਤਵਾਦੀਆਂ ਨੇ ਜਾਣਬੁੱਝ ਕੇ ਮਸਜਿਦਾਂ ਅਤੇ ਮਦਰਸਿਆਂ 'ਚ ਪਨਾਹ ਲੈ ਰੱਖੀ ਸੀ।
ਉਨ੍ਹਾਂ ਨੇ ਆਪਣੀ ਪਛਾਣ ਲੁਕਾਉਣ ਅਤੇ ਸੁਰੱਖਿਆ ਫ਼ੋਰਸਾਂ ਨੂੰ ਗੋਲੀ ਚਲਾਉਣ ਜਾਂ ਤਾਕਤ ਦੀ ਵਰਤੋਂ ਕਰਨ ਲਈ ਭੜਕਾਉਣ ਦੇ ਦੋਹਰੇ ਉਦੇਸ਼ਾਂ ਨਾਲ ਅਜਿਹਾ ਕੀਤਾ। ਫ਼ੌਜ ਨੇ ਹਾਲ ਹੀ 'ਚ ਪੁਲਵਾਮਾ ਜ਼ਿਲ੍ਹੇ 'ਚ ਰਊਫ ਨਾਂ ਦੇ ਅੱਤਵਾਦੀ ਨੂੰ ਫੜਿਆ ਸੀ। ਉਸ ਨੇ ਪੁੱਛਗਿੱਛ ਕਰ ਰਹੇ ਅਧਿਕਾਰੀਆਂ ਨੂੰ ਦੱਸਿਆ ਕਿ ਅੱਤਵਾਦੀਆਂ ਨੇ ਇਕ ਮਸਜਿਦ ਵਿਚ ਪਨਾਹ ਲਈ ਹੋਈ ਹੈ ਅਤੇ ਜਦੋਂ ਵੀ ਸੁਰੱਖਿਆ ਫ਼ੋਰਸ ਆਉਂਦੇ ਹਨ, ਉਹ ਧਰਮ ਪ੍ਰਚਾਰਕ ਬਣ ਜਾਂਦੇ ਹਨ। ਪੁਲਵਾਮਾ ਜ਼ਿਲ੍ਹੇ ਦੇ ਚੇਵਾ ਕਲਾਂ 'ਚ ਹੋਏ ਮੁਕਾਬਲੇ 'ਚ ਮਾਰੇ ਗਏ ਜੈਸ਼-ਏ-ਮੁਹੰਮਦ ਦੇ 2 ਅੱਤਵਾਦੀਆਂ ਨੇ ਇਕ ਮਸਜਿਦ 'ਚ ਸ਼ਰਨ ਲਈ ਸੀ। ਇਨ੍ਹਾਂ 'ਚੋਂ ਇਕ ਪਾਕਿਸਤਾਨੀ ਨਾਗਰਿਕ ਸੀ। ਇਸ ਮਦਰਸੇ ਦੀ ਸ਼ੁਰੂਆਤ ਮੌਲਵੀ ਨਸੀਰ ਅਹਿਮਦ ਮਲਿਕ ਨੇ 2020 ਵਿਚ ਕੀਤੀ ਸੀ। ਮਲਿਕ ਇਸ ਤੋਂ ਪਹਿਲਾਂ ਜਾਮੀਆ ਮਸਜਿਦ 'ਚ 6-7 ਸਾਲ ਤੱਕ ਇਮਾਮ ਸਨ। ਉਹ ਪਿੰਡ 'ਚ 4 ਤੋਂ 10 ਸਾਲ ਤੱਕ ਦੇ ਬੱਚਿਆਂ ਨੂੰ ਧਾਰਮਿਕ ਉਪਦੇਸ਼ ਦਿੰਦੇ ਸਨ। ਮਲਿਕ 2016 ਤੋਂ ਪੁਲਵਾਮਾ, ਬੜਗਾਮ, ਸ਼੍ਰੀਨਗਰ, ਕੁਲਗਾਮ ਅਤੇ ਅਨੰਤਨਾਗ ਜ਼ਿਲ੍ਹਿਆਂ ਦੇ ਕਈ ਪਿੰਡਾਂ ਤੋਂ 'ਜ਼ਕਾਤ' ਇਕੱਠਾ ਕਰਨ ਵਿਚ ਸ਼ਾਮਲ ਹੈ। ਚੇਵਾ ਕਲਾਂ 'ਚ ਮੁਕਾਬਲੇ ਵਾਲੀ ਥਾਂ ਤੋਂ ਬਰਾਮਦ ਕੀਤੇ ਗਏ ਦਸਤਾਵੇਜ਼ਾਂ ਨੇ ਇਹ ਸ਼ੱਕ ਹਕੀਕਤ 'ਚ ਬਦਲ ਦਿੱਤਾ ਕਿ ਉਹ ਦਾਨ ਕੀਤੇ ਪੈਸੇ ਦੀ ਵਰਤੋਂ ਪਾਕਿਸਤਾਨ ਸਪਾਂਸਰਡ ਅੱਤਵਾਦੀਆਂ ਦੀ ਮਦਦ ਕਰਨ ਲਈ ਕਰ ਰਿਹਾ ਸੀ। ਇਹ ਵੀ ਪਤਾ ਲੱਗਾ ਹੈ ਕਿ ਮਦਰਸੇ 'ਚ ਮਾਰੇ ਗਏ ਅੱਤਵਾਦੀ ਘੱਟੋ-ਘੱਟ 2 ਮਹੀਨਿਆਂ ਤੋਂ ਉਥੇ ਰਹਿ ਰਹੇ ਸਨ।
ਅਧਿਕਾਰੀਆਂ ਮੁਤਾਬਕ ਮਲਿਕ 'ਤੇ ਪਬਲਿਕ ਸੇਫਟੀ ਐਕਟ (PSA) ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਉਹ ਘਾਟੀ ਛੱਡ ਕੇ ਜਾ ਚੁਕਿਆ ਹੈ। ਸੁਰੱਖਿਆ ਫ਼ੋਰਸਾਂ ਦੇ ਅਨੁਸਾਰ, ਮਦਰਸਿਆਂ ਦੀ ਵਰਤੋਂ ਅੱਤਵਾਦੀਆਂ ਦੁਆਰਾ ਨਾ ਸਿਰਫ਼ ਸਥਾਨਕ ਕਸ਼ਮੀਰੀ ਲੋਕਾਂ ਨੂੰ ਨਿਸ਼ਾਨਾ ਬਣਾਉਣ ਲਈ ਕੀਤੀ ਜਾਂਦੀ ਹੈ, ਬਲਕਿ ਕਸ਼ਮੀਰ ਦੇ ਬੱਚਿਆਂ ਅਤੇ ਨੌਜਵਾਨਾਂ ਨੂੰ ਗੁੰਮਰਾਹ ਕਰਨ ਲਈ ਵੀ ਵਰਤਿਆ ਜਾਂਦਾ ਹੈ। ਇਨ੍ਹਾਂ ਕਿਸ਼ੋਰਾਂ ਦੇ ਅੱਤਵਾਦੀਆਂ ਦੁਆਰਾ ਗੁੰਮਰਾਹ ਕੀਤੇ ਜਾਣ ਤੋਂ ਚਿੰਤਤ, ਸੁਰੱਖਿਆ ਫ਼ੋਰਸ ਉਨ੍ਹਾਂ ਦੇ ਮਾਪਿਆਂ ਨੂੰ ਇਹ ਦੱਸਣ ਲਈ ਵਿਸ਼ੇਸ਼ ਕੈਂਪ ਲਗਾ ਰਹੇ ਹਨ ਕਿ ਮਦਰਸਿਆਂ ਨੂੰ ਉਨ੍ਹਾਂ ਦੇ ਬੱਚਿਆਂ ਨੂੰ ਗੁੰਮਰਾਹ ਕਰਨ ਲਈ ਵਰਤੇ ਜਾਣ ਦਾ ਖ਼ਤਰਾ ਹੈ। ਅਧਿਕਾਰੀਆਂ ਨੇ ਕਸ਼ਮੀਰ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਨ੍ਹਾਂ ਕਾਰਵਾਈਆਂ ਦੇ ਖ਼ਿਲਾਫ਼ ਆਪਣੀ ਆਵਾਜ਼ ਬੁਲੰਦ ਕਰਨ ਅਤੇ ਆਪਣੇ ਬੱਚਿਆਂ ਨੂੰ ਅੱਤਵਾਦ ਦੇ ਦੁਸ਼ਟ ਚੱਕਰ 'ਚ ਪੈਣ ਤੋਂ ਬਚਾਉਣ।
ਰੋਪਵੇਅ ਹਾਦਸਾ: ਹਵਾ ’ਚ ਅਟਕੀਆਂ 29 ਜ਼ਿੰਦਗੀਆਂ ’ਚੋਂ ਇਸ ਬੱਚੀ ਨੇ ਵਿਖਾਈ ਬਹਾਦਰੀ, ਇੰਝ ਮਿਲੀ ਨਵੀਂ ਜ਼ਿੰਦਗੀ
NEXT STORY