ਨੈਸ਼ਨਲ ਡੈਸਕ : ਰਾਜਸਥਾਨ ਦੀ ਜੈਪੁਰ ਪੁਲਸ ਨੇ ਇੱਕ ਅਜਿਹੇ ਅੰਤਰਰਾਜੀ ਮੋਬਾਈਲ ਚੋਰ ਗਿਰੋਹ ਦਾ ਪਰਦਾਫਾਸ਼ ਕੀਤਾ ਹੈ, ਜਿਸ ਦੇ ਕਾਰਨਾਮੇ ਸੁਣ ਕੇ ਪੁਲਸ ਵੀ ਦੰਗ ਰਹਿ ਗਈ। ਇਹ ਗਿਰੋਹ ਦੇਸ਼ ਭਰ ਵਿੱਚੋਂ ਮੋਬਾਈਲ ਚੋਰੀ ਕਰਕੇ ਉਨ੍ਹਾਂ ਨੂੰ ਝਾਰਖੰਡ ਦੇ ਰਸਤੇ ਬੰਗਲਾਦੇਸ਼ ਭੇਜਦਾ ਸੀ। ਪੁਲਸ ਨੇ ਇਸ ਮਾਮਲੇ ਵਿੱਚ ਝਾਰਖੰਡ ਦੇ ਸਾਹਿਬਗੰਜ ਜ਼ਿਲ੍ਹੇ ਦੇ ਰਹਿਣ ਵਾਲੇ ਸੂਰਜ ਮਹਤੋ ਅਤੇ ਸੇਖ ਸੋਬਰਾਤੀ ਨੂੰ ਗ੍ਰਿਫ਼ਤਾਰ ਕੀਤਾ ਹੈ, ਜਦਕਿ ਇੱਕ ਨਾਬਾਲਗ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।
ਪੂਰਾ ਪਿੰਡ ਕਰਦਾ ਹੈ ਚੋਰੀ, ਬੱਚਿਆਂ ਨੂੰ ਮਿਲਦੀ ਹੈ ਵਿਸ਼ੇਸ਼ ਕੋਚਿੰਗ
ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਬੇਹੱਦ ਹੈਰਾਨ ਕਰਨ ਵਾਲਾ ਖੁਲਾਸਾ ਕਰਦਿਆਂ ਦੱਸਿਆ ਕਿ ਉਨ੍ਹਾਂ ਦੇ ਪੂਰੇ ਪਿੰਡ ਦੀ ਰੋਜ਼ੀ-ਰੋਟੀ ਹੀ ਚੋਰੀ 'ਤੇ ਟਿਕੀ ਹੋਈ ਹੈ। ਉਨ੍ਹਾਂ ਦੱਸਿਆ ਕਿ ਪਿੰਡ ਵਿੱਚ ਮੋਬਾਈਲ ਖੋਹਣ (ਸਨੈਚਿੰਗ) ਦੀ ਬਕਾਇਦਾ ਟ੍ਰੇਨਿੰਗ ਦਿੱਤੀ ਜਾਂਦੀ ਹੈ। ਇੱਕ ਸਾਜ਼ਿਸ਼ ਤਹਿਤ ਨਾਬਾਲਗ ਬੱਚਿਆਂ ਨੂੰ ਵੀ ਇਸ ਕੰਮ ਲਈ ਤਿਆਰ ਕੀਤਾ ਜਾਂਦਾ ਹੈ ਅਤੇ ਟ੍ਰੇਨਿੰਗ ਪੂਰੀ ਹੋਣ ਤੋਂ ਬਾਅਦ ਉਨ੍ਹਾਂ ਨੂੰ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਵਿੱਚ ਵਾਰਦਾਤਾਂ ਕਰਨ ਲਈ ਭੇਜਿਆ ਜਾਂਦਾ ਹੈ,।
22 ਲੱਖ ਦੇ ਮੋਬਾਈਲ ਬਰਾਮਦ, ਬੰਗਲਾਦੇਸ਼ ਨਾਲ ਜੁੜੇ ਤਾਰ
ਪੁਲਸ ਨੇ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਵੱਖ-ਵੱਖ ਕੰਪਨੀਆਂ ਦੇ 31 ਮੋਬਾਈਲ ਫੋਨ ਬਰਾਮਦ ਕੀਤੇ ਹਨ, ਜਿਨ੍ਹਾਂ ਦੀ ਕੀਮਤ ਲਗਭਗ 22 ਲੱਖ ਰੁਪਏ ਦੱਸੀ ਜਾ ਰਹੀ ਹੈ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਹ ਗਿਰੋਹ ਚੋਰੀ ਕੀਤੇ ਮੋਬਾਈਲਾਂ ਨੂੰ ਪੱਛਮੀ ਬੰਗਾਲ ਦੇ ਰਸਤੇ ਬੰਗਲਾਦੇਸ਼ ਵਿੱਚ ਵੇਚਦਾ ਸੀ। ਇਸ ਤੋਂ ਪਹਿਲਾਂ ਵੀ ਇਸੇ ਇਲਾਕੇ ਦੇ ਤਿੰਨ ਹੋਰ ਮੈਂਬਰਾਂ ਨੂੰ 71 ਮੋਬਾਈਲ ਫੋਨਾਂ ਸਮੇਤ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।
ਕਿਵੇਂ ਹੁੰਦੀ ਸੀ ਤਸਕਰੀ?
ਸਰੋਤਾਂ ਅਨੁਸਾਰ ਇਹ ਗਿਰੋਹ ਇੰਨਾ ਸ਼ਾਤਰ ਹੈ ਕਿ ਚੋਰੀ ਤੋਂ ਬਾਅਦ ਮੋਬਾਈਲਾਂ ਨੂੰ ਤੁਰੰਤ ਝਾਰਖੰਡ ਭੇਜ ਦਿੱਤਾ ਜਾਂਦਾ ਸੀ, ਤਾਂ ਜੋ ਸਥਾਨਕ ਪੁਲਸ ਉਨ੍ਹਾਂ ਨੂੰ ਟਰੇਸ ਨਾ ਕਰ ਸਕੇ। ਉੱਥੋਂ ਇਨ੍ਹਾਂ ਨੂੰ ਅੰਤਰਰਾਸ਼ਟਰੀ ਸਰਹੱਦ ਪਾਰ ਕਰਵਾ ਕੇ ਬੰਗਲਾਦੇਸ਼ ਦੇ ਬਾਜ਼ਾਰਾਂ ਵਿੱਚ ਖਪਾਇਆ ਜਾਂਦਾ ਸੀ।
ਬੰਗਲਾਦੇਸ਼ 'ਚ ਵਧਿਆ ਤਣਾਅ! ਭਾਰਤੀ ਵੀਜ਼ਾ ਸੇਵਾਵਾਂ ਅਣਮਿੱਥੇ ਸਮੇਂ ਲਈ ਬੰਦ
NEXT STORY