ਕੋਲਕਾਤਾ- ਕੋਲਕਾਤਾ 'ਚ ਕਰੀਬ 60 ਲੱਖ ਰੁਪਏ ਦੀ ਬੇਹਿਸਾਬੀ ਨਕਦੀ ਰੱਖਣ ਦੇ ਮਾਮਲੇ 'ਚ 9 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਹਵਾਲਾ ਲੈਣ-ਦੇਣ ਲਈ ਵੱਡੀ ਰਕਮ ਰੱਖਣ ਦੀ ਸੂਚਨਾ 'ਤੇ ਕਾਰਵਾਈ ਕਰਦੇ ਹੋਏ, ਕੋਲਕਾਤਾ ਪੁਲਸ ਦੇ ਜਾਸੂਸੀ ਵਿਭਾਗ ਦੇ ਦੰਗਾ ਵਿਰੋਧੀ ਸੈਕਸ਼ਨ ਨੇ ਸੋਮਵਾਰ ਸ਼ਾਮ ਨੂੰ ਬੜਾਬਜ਼ਾਰ ਖੇਤਰ 'ਚ ਛਾਪੇਮਾਰੀ ਕੀਤੀ।
ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਪੁਲਸ ਨੇ ਪਹਿਲਾਂ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਅਤੇ ਉਸ ਕੋਲੋਂ 9 ਲੱਖ ਰੁਪਏ ਬਰਾਮਦ ਕੀਤੇ। ਉਸ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਬੜਾਬਜ਼ਾਰ ਇਲਾਕੇ 'ਚ ਵੱਖ-ਵੱਖ ਥਾਵਾਂ ਤੋਂ 8 ਹੋਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਫੜੇ ਗਏ ਸਾਰੇ 9 ਕੋਲੋਂ 59,76,200 ਰੁਪਏ ਦੀ ਨਕਦੀ ਬਰਾਮਦ ਕੀਤੀ ਹੈ।
ਅਧਿਕਾਰੀ ਨੇ ਕਿਹਾ ਕਿ ਇਹ ਲੋਕ ਪੈਸੇ ਦਾ ਸਰੋਤ ਨਹੀਂ ਦੱਸ ਸਕੇ, ਜਿਸ ਤੋਂ ਬਾਅਦ ਇਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਅਧਿਕਾਰੀ ਨੇ ਕਿਹਾ ਕਿ ਪੈਸੇ ਦੇ ਸਰੋਤ ਦਾ ਪਤਾ ਲਗਾਉਣ ਲਈ ਜਾਂਚ ਜਾਰੀ ਹੈ ਅਤੇ ਇਹ ਵੀ ਪਤਾ ਲਾਇਆ ਜਾ ਰਿਹਾ ਹੈ ਕਿ ਪੈਸਾ ਕਿੱਥੇ ਭੇਜਿਆ ਜਾਣਾ ਸੀ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਸਬੰਧੀ ਆਮਦਨ ਕਰ ਵਿਭਾਗ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਫੜੇ ਗਏ ਵਿਅਕਤੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਹੈਲੀਪੋਰਟ ਬਣਨ ਨਾਲ ਹਿਮਾਚਲ 'ਚ ਸੈਰ-ਸਪਾਟੇ ਨੂੰ ਮਿਲੇਗਾ ਹੁਲਾਰਾ: CM ਸੁੱਖੂ
NEXT STORY