ਜਲੰਧਰ/ਜੰਮੂ-ਕਸ਼ਮੀਰ (ਜੁਗਿੰਦਰ ਸੰਧੂ)—ਪਾਕਿਸਤਾਨ ਵਲੋਂ ਭਾਰਤ 'ਤੇ ਕਈ ਜੰਗਾਂ ਠੋਸੀਆਂ ਗਈਆਂ, ਜਿਨ੍ਹਾਂ ਵਿਚ 1965 ਅਤੇ 1971 ਦੌਰਾਨ ਲੜੀਆਂ ਗਈਆਂ ਜੰਗਾਂ ਵੀ ਸ਼ਾਮਲ ਹਨ, ਜਿਨ੍ਹਾਂ ਵਿਚ ਛੰਬ-ਜੌੜੀਆਂ ਖੇਤਰ ਦਾ ਬਹੁਤ ਨੁਕਸਾਨ ਹੋਇਆ ਸੀ। ਅੱਜ ਵੀ ਛੰਬ ਦਾ ਬਹੁਤ ਸਾਰਾ ਇਲਾਕਾ ਪਾਕਿਸਤਾਨ ਦੇ ਕਬਜ਼ੇ ਅਧੀਨ ਹੈ, ਜਿਸ ਨੂੰ ਖਾਲੀ ਕਰਨ ਦਾ ਵਾਅਦਾ ਉਥੋਂ ਦੇ ਪ੍ਰਧਾਨ ਮੰਤਰੀ ਜ਼ੁਲਫਕਾਰ ਅਲੀ ਭੁੱਟੋ ਨੇ ਸ਼ਿਮਲਾ ਸਮਝੌਤੇ ਦੌਰਾਨ ਸ਼੍ਰੀਮਤੀ ਇੰਦਰਾ ਗਾਂਧੀ (ਭਾਰਤੀ ਪ੍ਰਧਾਨ ਮੰਤਰੀ) ਨਾਲ ਕੀਤਾ ਸੀ ਪਰ ਬਾਅਦ 'ਚ ਉਹ ਮੁੱਕਰ ਗਏ। ਝਨਾਂ ਦਰਿਆ ਦੇ ਲਹਿੰਦੇ ਕੰਢੇ 'ਤੇ ਵੱਸੇ ਜੌੜੀਆਂ ਦੇ ਇਲਾਕੇ 'ਤੇ ਉਸ ਵੇਲੇ ਤੋਂ ਹੀ ਸੰਕਟ ਦੇ ਬੱਦਲ ਛਾਏ ਹੋਏ ਹਨ। ਉਂਝ ਤਾਂ ਜੰਮੂ ਨਾਲ ਸਬੰਧਤ ਸਾਰਾ ਸਰਹੱਦੀ ਇਲਾਕਾ ਹੀ ਵਿਕਾਸ ਦੇ ਪੱਖੋਂ ਪਛੜਿਆ ਹੋਇਆ ਹੈ ਪਰ ਜੌੜੀਆਂ ਦਾ ਖੇਤਰ ਤਾਂ ਘੋਰ ਗੁਰਬਤ ਦਾ ਸ਼ਿਕਾਰ ਹੈ। ਇਥੋਂ ਦੇ ਪਿੰਡਾਂ-ਕਸਬਿਆਂ ਵਿਚ ਬੇਰੋਜ਼ਗਾਰੀ ਦਾ ਆਲਮ ਹੈ। ਸਿਹਤ-ਸਿੱਖਿਆ, ਬਿਜਲੀ-ਪਾਣੀ, ਸੜਕਾਂ ਅਤੇ ਹੋਰ ਬੁਨਿਆਦੀ ਸਹੂਲਤਾਂ ਦੇ ਨਜ਼ਰੀਏ ਤੋਂ ਇਸ ਇਲਾਕੇ ਦੀ ਸਥਿਤੀ ਬਹੁਤ ਤਰਸਯੋਗ ਹੈ। ਥੁੜ੍ਹਾਂ ਅਤੇ ਕਮੀਆਂ ਦੇ ਸਤਾਏ ਲੋਕ ਲਾਚਾਰਗੀ ਵਾਲਾ ਜੀਵਨ ਗੁਜ਼ਾਰ ਰਹੇ ਹਨ।
ਇਸ ਇਲਾਕੇ ਵਿਚ ਨਾ ਤਾਂ ਕੋਈ ਵੱਡਾ ਉਦਯੋਗ ਹੈ ਅਤੇ ਨਾ ਹੀ ਖੇਤੀਬਾੜੀ ਦਾ ਕਿੱਤਾ ਬਹੁਤਾ ਲਾਹੇਵੰਦਾ ਹੈ। ਪਾਣੀ ਅਤੇ ਹੋਰ ਸਹੂਲਤਾਂ ਦੀ ਘਾਟ ਕਾਰਨ ਫਸਲਾਂ ਕਿਸਾਨਾਂ ਦੇ ਖਰਚੇ ਵੀ ਪੂਰੇ ਨਹੀਂ ਕਰਦੀਆਂ। ਪਿੰਡ ਇੰਨੇ ਪਛੜੇ ਹੋਏ ਹਨ ਕਿ ਬਹੁਤੇ ਬੱਚੇ ਅਨਪੜ੍ਹ ਰਹਿ ਜਾਂਦੇ ਹਨ ਅਤੇ ਜਿਹੜੇ ਪੜ੍ਹੇ-ਲਿਖੇ ਹਨ, ਉਹ ਵੀ ਬੇਰੋਜ਼ਗਾਰ ਘੁੰਮਦੇ ਹਨ। ਕੁਝ ਲੋਕ ਰੋਜ਼ਗਾਰ ਦੀ ਭਾਲ ਵਿਚ ਇਥੋਂ ਜੰਮੂ-ਕਸ਼ਮੀਰ ਦੇ ਹੋਰ ਇਲਾਕਿਆਂ ਜਾਂ ਦੂਜੇ ਰਾਜਾਂ ਵੱਲ ਹਿਜਰਤ ਕਰ ਗਏ ਹਨ। ਇਸ ਇਲਾਕੇ ਦੇ ਲੋਕਾਂ ਦੀ ਅਤਿ-ਤਰਸਯੋਗ ਹਾਲਤ ਨੂੰ ਦੇਖਦਿਆਂ ਹੀ ਪੰਜਾਬ ਕੇਸਰੀ ਪੱਤਰ ਸਮੂਹ ਦੀ ਰਾਹਤ ਵੰਡ ਟੀਮ 483ਵੇਂ ਟਰੱਕ ਦੀ ਸਮੱਗਰੀ ਲੈ ਕੇ ਜੌੜੀਆਂ ਕਸਬੇ ਤੋਂ 12-14 ਕਿਲੋਮੀਟਰ ਅੱਗੇ ਪਿੰਡ ਦੇਹਰੀਆਂ ਵਿਚ ਪੁੱਜੀ ਸੀ। ਇਸ ਪਿੰਡ ਵਿਚ ਦੇਹਰੀਆਂ ਪੰਚਾਇਤ ਨਾਲ ਸਬੰਧਤ 5 ਪਿੰਡਾਂ ਦੇ 250 ਪਰਿਵਾਰਾਂ ਦੇ ਲੋਕ ਰਾਹਤ ਲੈਣ ਲਈ ਜੁੜੇ ਬੈਠੇ ਸਨ। ਇਨ੍ਹਾਂ ਪਿੰਡਾਂ ਵਿਚ ਕੁੱਲੀਆਂ, ਸ਼ਿਵਰਾਮ ਦੇ ਕੋਠੇ, ਜੱਟੇ ਦੇ ਕੋਠੇ ਅਤੇ ਪਰਗਿਆਲ ਆਦਿ ਸ਼ਾਮਲ ਸਨ। ਸਮੱਗਰੀ ਦਾ ਇਹ ਟਰੱਕ ਪਟਿਆਲਾ ਦੇ ਹਲਕਾ ਘਨੌਰ ਤੋਂ ਵਿਧਾਇਕ ਮਦਨ ਲਾਲ ਜਲਾਲਪੁਰ ਵਲੋਂ ਭਿਜਵਾਇਆ ਗਿਆ ਸੀ। ਰਾਹਤ ਪ੍ਰਾਪਤ ਕਰਨ ਵਾਲੇ ਹਰੇਕ ਪਰਿਵਾਰ ਨੂੰ ਆਟਾ, ਚਾਵਲ ਅਤੇ ਕੰਬਲ ਮੁਹੱਈਆ ਕਰਵਾਏ ਗਏ। ਇਸ ਮੌਕੇ 'ਤੇ ਇਲਾਕੇ ਦੇ ਸਰਪੰਚ, ਨੰਬਰਦਾਰ ਅਤੇ ਹੋਰ ਧਾਰਮਿਕ, ਸਮਾਜਿਕ ਆਗੂ ਮੌਜੂਦ ਸਨ।
ਰਾਹਤ ਸਮੱਗਰੀ ਲੈਣ ਆਏ ਪਰਿਵਾਰਾਂ ਨੂੰ ਸੰਬੋਧਨ ਕਰਦਿਆਂ ਯੋਗਾਚਾਰੀਆ ਸ਼੍ਰੀ ਵਰਿੰਦਰ ਸ਼ਰਮਾ ਨੇ ਕਿਹਾ ਕਿ ਜੌੜੀਆਂ ਦਾ ਇਲਾਕਾ ਭਾਰਤ-ਪਾਕਿ ਜੰਗਾਂ ਦਾ ਗਵਾਹ ਹੈ। ਇਨ੍ਹਾਂ ਵਿਚ ਬਹੁਤ ਸਾਰਾ ਨੁਕਸਾਨ ਸਹਿਣ ਕਰਨ ਤੋਂ ਬਾਅਦ ਵੀ ਇਸ ਖੇਤਰ ਤੋਂ ਸੰਕਟ ਦੇ ਬੱਦਲ ਟਲੇ ਨਹੀਂ। ਇਥੇ ਵੱਸਦੇ ਪਰਿਵਾਰਾਂ ਨੂੰ ਜਿੱਥੇ ਅੱਤਵਾਦ ਦੇ ਖ਼ਤਰੇ ਦਾ ਸਾਹਮਣਾ ਕਰਨਾ ਪਿਆ, ਉਥੇ ਹੋਰ ਵੀ ਬਹੁਤ ਸਾਰੀਆਂ ਕਮੀਆਂ ਅਤੇ ਘਾਟਾਂ ਨੇ ਇਥੇ ਡੇਰੇ ਲਾਏ ਹੋਏ ਹਨ। ਉਨ੍ਹਾਂ ਕਿਹਾ ਕਿ ਇਸ ਅਤਿ-ਪੱਛੜੇ ਇਲਾਕੇ ਲਈ ਸਰਕਾਰ ਨੂੰ ਵਿਸ਼ੇਸ਼ ਨੀਤੀ ਬਣਾ ਕੇ ਅਜਿਹਾ ਪ੍ਰੋਗਰਾਮ ਉਲੀਕਣਾ ਚਾਹੀਦਾ ਹੈ, ਜਿਸ ਨਾਲ ਇਥੋਂ ਦਾ ਸਰਬ-ਪੱਖੀ ਵਿਕਾਸ ਹੋ ਸਕੇ। ਉਨ੍ਹਾਂ ਕਿਹਾ ਕਿ ਸਰਹੱਦੀ ਪਿੰਡਾਂ 'ਚ ਵੱਸਦੇ ਲੋਕ ਵੀ ਦੇਸ਼ ਦੇ ਪਹਿਰੇਦਾਰ ਹਨ, ਜਿਨ੍ਹਾਂ ਨੂੰ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣੀਆਂ ਚਾਹੀਦੀਆਂ ਹਨ।
ਰਾਹਤ ਵੰਡ ਮੁਹਿੰਮ ਦੇ ਮੋਹਰੀ ਲਾਇਨ ਜੇ. ਬੀ. ਸਿੰਘ ਚੌਧਰੀ ਨੇ ਇਲਾਕਾ ਨਿਵਾਸੀਆਂ ਨੂੰ ਦੱਸਿਆ ਕਿ ਪੰਜਾਬ ਕੇਸਰੀ ਪੱਤਰ ਸਮੂਹ ਵਲੋਂ ਅਕਤੂਬਰ 1999 'ਚ ਸ਼ੁਰੂ ਕੀਤੀ ਗਈ ਇਸ ਮੁਹਿੰਮ ਦੌਰਾਨ ਹੁਣ ਤਕ 10 ਕਰੋੜ ਤੋਂ ਵੱਧ ਦੀ ਸਮੱਗਰੀ ਲੋੜਵੰਦਾਂ ਤਕ ਪਹੁੰਚਾਈ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਬੀਤੇ 20 ਸਾਲ ਦੇ ਅਰਸੇ ਵਿਚ ਸੂਬੇ ਦੇ ਵੱਖ-ਵੱਖ ਖੇਤਰਾਂ ਨਾਲ ਸਬੰਧਤ ਡੇਢ ਲੱਖ ਦੇ ਕਰੀਬ ਪਰਿਵਾਰਾਂ ਨੂੰ ਘਰੇਲੂ ਵਰਤੋਂ ਦਾ ਸਾਮਾਨ ਅਤੇ ਹੋਰ ਸਮੱਗਰੀ ਵੰਡੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਹੁਣ ਵੀ ਜਿਹੜੇ ਲੋੜਵੰਦ ਪਰਿਵਾਰ ਇਸ ਸਹਾਇਤਾ ਤੋਂ ਵਾਂਝੇ ਹਨ, ਉਨ੍ਹਾਂ ਨੂੰ ਵੀ ਭਵਿੱਖ ਵਿਚ ਰਾਹਤ ਪਹੁੰਚਾਈ ਜਾਵੇਗੀ।
ਇਸ ਮੌਕੇ 'ਤੇ ਇਲਾਕੇ ਦੇ ਆਗੂਆਂ ਨੇ ਇਹ ਸਮੱਗਰੀ ਭਿਜਵਾਉਣ ਲਈ ਪੰਜਾਬ ਕੇਸਰੀ ਪੱਤਰ ਸਮੂਹ ਦੇ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ ਅਤੇ ਇਹ ਵੀ ਅਪੀਲ ਕੀਤੀ ਕਿ ਇਲਾਕੇ ਵਿਚ ਹੋਰ ਸਹਾਇਤਾ ਵੀ ਭਿਜਵਾਈ ਜਾਵੇ। ਇਸ ਮੌਕੇ 'ਤੇ ਇਕਬਾਲ ਸਿੰਘ ਅਰਨੇਜਾ ਨੇ ਵੀ ਸੰਬੋਧਨ ਕੀਤਾ ਅਤੇ ਪ੍ਰਭਾਵਿਤ ਪਰਿਵਾਰਾਂ ਨੂੰ ਭਰੋਸਾ ਦਿਵਾਇਆ ਕਿ ਸਾਰਾ ਦੇਸ਼ ਦੁੱਖ-ਸੁੱਖ ਵਿਚ ਉਨ੍ਹਾਂ ਦੇ ਨਾਲ ਖੜ੍ਹਾ ਹੈ।
ਮਹਾਰਾਸ਼ਟਰ ਦੇ ਵਰਧਾ 'ਚ ਆਰਮੀ ਡਿਪੂ 'ਚ ਧਮਾਕਾ, 2 ਦੀ ਮੌਤ ਕਈ ਜ਼ਖਮੀ
NEXT STORY