ਅੱਜ ਦੇ ਵਿਗਿਆਨਕ ਯੁੱਗ ’ਚ ਵੀ ਅੰਧਵਿਸ਼ਵਾਸ ਅਤੇ ਜਾਦੂ-ਟੂਣੇ ਲੋਕਾਂ ਦੀ ਜਾਨ ਦੇ ਦੁਸ਼ਮਣ ਬਣੇ ਹੋਏ ਹਨ। ਵੱਡੀ ਗਿਣਤੀ ’ਚ ਲੋਕ ਤੰਤਰ-ਮੰਤਰ, ਅੰਧਵਿਸ਼ਵਾਸਾਂ, ਵਹਿਮਾਂ-ਭਰਮਾਂ ਅਤੇ ਟੂਣੇ-ਟੋਟਕਿਆਂ ’ਚ ਪੈ ਕੇ ਖੁਦ ਨੂੰ ਤਬਾਹ ਕਰ ਰਹੇ ਹਨ, ਇਹ ਪਿਛਲੇ ਸਿਰਫ 8 ਮਹੀਨਿਆਂ ਦੌਰਾਨ ਸਾਹਮਣੇ ਆਈਆਂ ਹੇਠ ਲਿਖੀਆਂ ਘਟਨਾਵਾਂ ਤੋਂ ਸਪੱਸ਼ਟ ਹੈ :
* 9 ਮਾਰਚ, 2025 ਨੂੰ ‘ਕੋਪੱਲ’ (ਕਰਨਾਟਕ) ’ਚ ਇਕ ਪਿੰਡ ’ਚ ਬੀਮਾਰ ਅਾਪਣੇ 7 ਮਹੀਨੇ ਦੇ ਬੇਟੇ ਦੀ ਬੀਮਾਰੀ ਦੂਰ ਕਰਨ ਲਈ ਇਕ ਔਰਤ ਨੂੰ ਕੁਝ ਲੋਕਾਂ ਨੇ ਸਲਾਹ ਦਿੱਤੀ ਕਿ ਜੇਕਰ ਬੱਚੇ ਨੂੰ ਅਗਰਬੱਤੀਆਂ ਨਾਲ ਦਾਗਿਆ ਜਾਏ ਤਾਂ ਉਸ ਦੇ ਅੰਦਰ ਬੈਠੀ ‘ਦੁਸ਼ਟ ਆਤਮਾ’ ਨਿਕਲ ਜਾਏਗੀ ਅਤੇ ਬੱਚੇ ਦੀ ਬੀਮਾਰੀ ਦੂਰ ਹੋ ਜਾਏਗੀ। ਔਰਤ ਕਈ ਦਿਨ ਲਗਾਤਾਰ ਬੱਚੇ ਨੂੰ ਅਗਰਬੱਤੀਅਾਂ ਨਾਲ ਦਾਗਦੀ ਰਹੀ। ਇਸ ਨਾਲ ਉਸ ਦੀ ਸਿਹਤ ਹੋਰ ਵਿਗੜ ਗਈ ਅਤੇ ਆਖਿਰਕਾਰ ਉਹ ਮਰ ਗਿਆ।
* 8 ਜੂਨ ਨੂੰ ‘ਗਾਜੀਪੁਰ’ (ਉੱਤਰ ਪ੍ਰਦੇਸ਼) ’ਚ ‘ਦਿਲਦਾਰ ਨਗਰ’ ਦੇ ‘ਉਸਿਆ’ ਪਿੰਡ ’ਚ ਤੇਜ਼ ਹਵਾ ਦੇ ਕਾਰਨ ‘ਰਾਮਜੀ ਯਾਦਵ’ ਦੇ ਘਰੋਂ ਕਾਗਜ਼ ਦਾ ਇਕ ਟੁਕੜਾ ਉੱਡ ਕੇ ਗੁਅਾਂਢੀ ‘ਫੇਰੂ ਯਾਦਵ’ ਦੇ ਮਕਾਨ ਦੀ ਛੱਤ ’ਤੇ ਜਾ ਡਿੱਗਿਆ।
‘ਫੇਰੂ ਯਾਦਵ’ ਦਾ ਪਰਿਵਾਰ ਇਸ ਨੂੰ ‘ਭੂਤ-ਪ੍ਰੇਤ’ ਜਾਂ ‘ਤਾਂਤਰਿਕ ਕਿਰਿਆ’ ਨਾਲ ਜੁੜਿਆ ਮੰਨ ਕੇ ‘ਰਾਮਜੀ ਯਾਦਵ’ ਦੇ ਪਰਿਵਾਰ ’ਤੇ ਦੋਸ਼ ਲਗਾਉਣ ਲੱਗਾ। ਜਲਦੀ ਹੀ ਝਗੜੇ ਨੇ ਹਿੰਸਕ ਰੂਪ ਲੈ ਲਿਆ, ਜਿਸ ’ਚ ‘ਜੀਤਨ ਯਾਦਵ’ ਨਾਂ ਦੀ ਇਕ ਬਜ਼ੁਰਗ ਨੂੰ ਡੂੰਘੀਅਾਂ ਸੱਟਾਂ ਲੱਗਣ ਨਾਲ ਉਸ ਦੀ ਮੌਤ ਹੋ ਗਈ। ਪਿੰਡ ’ਚ ਅਫਵਾਹ ਫੈਲੀ ਹੋਈ ਸੀ ਕਿ ‘ਜੀਤਨ ਯਾਦਵ’ ਉੱਤੇ ਕਿਸੇ ਬੁਰੀ ਅਾਤਮਾ ਦਾ ਸਾਇਆ ਹੈ।
* 17 ਅਗਸਤ ਨੂੰ ‘ਚੁਰੂ’ (ਰਾਜਸਥਾਨ) ਜ਼ਿਲੇ ਦੇ ‘ਰਤਨਗੜ੍ਹ’ ਵਿਚ ‘ਇਮਰਾਨ’ ਨਾਂ ਦੇ ਇਕ ਨੌਜਵਾਨ ਦੇ ਘਰ ’ਚ ਬੁਰੀ ਅਾਤਮਾ ਦਾ ਸਾਇਆ ਦੂਰ ਕਰਨ ਲਈ ਆਏ ਉਸ ਦੇ ਨਾਨਕਿਆਂ ਦੇ 12 ਵਿਅਕਤੀਆਂ ਨੇ ਪਹਿਲਾਂ ਤਾਂ ਉਸ ਦੇ ਪਿਤਾ ‘ਮਹਿਬੂਬ ਖਾਨ’ ਨੂੰ ਜ਼ਬਰਦਸਤੀ ਮਿਰਚਾਂ ਦਾ ਪਾਣੀ ਪਿਲਾਇਆ, ਫਿਰ ਉਸ ਦੀਅਾਂ ਅੱਖਾਂ ’ਚ ਮਿਰਚ ਅਤੇ ਕੰਨਾਂ ’ਚ ਤੇਲ ਨਾਲ ਭਰੀ ਰੂੰ ਤੁੰਨ ਦਿੱਤੀ।
ਵਿਰੋਧ ਕਰਨ ’ਤੇ ਉਨ੍ਹਾਂ ਲੋਕਾਂ ਨੇ ‘ਮਹਿਬੂਬ ਖਾਨ’ ਦਾ ਮੂੰਹ ਢੱਕ ਕੇ ਪਾਣੀ ਨਾਲ ਭਰੇ ਟੱਬ ’ਚ ਡੁਬੋ ਦਿੱਤਾ ਜਿਸ ਨਾਲ ਉਸ ਦੀ ਮੌਤ ਹੋ ਗਈ। ‘ਇਮਰਾਨ’ ਦੀ ਸ਼ਿਕਾਇਤ ਦੇ ਆਧਾਰ ’ਤੇ ਪੁਲਸ ਨੇ ਸਾਰੇ ਦੋਸ਼ੀਅਾਂ ਨੂੰ ਗ੍ਰਿਫਤਾਰ ਕਰ ਲਿਆ ਹੈ।
* 8 ਨਵੰਬਰ ਨੂੰ ‘ਸ਼ਹਿਡੋਲ’ (ਮੱਧ ਪ੍ਰਦੇਸ਼) ’ਚ ‘ਸਤਯੇਂਦਰ ਸਿੰਘ’ ਨਾਂ ਦੇ ਇਕ ਨੌਜਵਾਨ ਨੇ ਜਾਦੂ-ਟੂਣਾ ਕਰਨ ਦੇ ਸ਼ੱਕ ’ਚ ਕੁਹਾੜੀ ਅਤੇ ਡੰਡਿਅਾਂ ਨਾਲ ਕੁੱਟ-ਕੁੱਟ ਕੇ ਅਾਪਣੀ ਮਾਂ ‘ਪ੍ਰੇਮਬਾਈ’ ਨੂੰ ਮਾਰ ਦਿੱਤਾ ਕਿਉਂਕਿ ਉਹ ਅਾਪਣੇ ਚਾਚੇ ਅਤੇ ਬੱਚਿਅਾਂ ਦੀ ਬੀਮਾਰੀ ਦਾ ਕਾਰਨ ਅਾਪਣੀ ਮਾਂ ਨੂੰ ਮੰਨ ਰਿਹਾ ਸੀ। ਪੁਲਸ ਨੇ ਦੋਸ਼ੀ ਨੌਜਵਾਨ ਅਤੇ ਉਸ ਦੇ 4 ਰਿਸ਼ਤੇਦਾਰਾਂ ਨੂੰ ਗ੍ਰਿਫਤਾਰ ਕਰ ਲਿਆ ਹੈ।
* 15 ਨਵੰਬਰ ਨੂੰ ‘ਨਵਸਾਰੀ’ (ਗੁਜਰਾਤ) ਵਿਚ ਉੱਤਰ ਪ੍ਰਦੇਸ਼ ਦੀ ਰਹਿਣ ਵਾਲੀ ‘ਸੁਨੀਤਾ ਸ਼ਰਮਾ’ ਨਾਂ ਦੀ ਔਰਤ ਨੇ ਅਾਪਣੇ ਬਜ਼ੁਰਗਾਂ ਦੇ ‘ਮੋਕਸ਼’ ਲਈ ਅਾਪਣੇ 7 ਅਤੇ 4 ਸਾਲ ਦੇ 2 ਮਾਸੂਮ ਬੇਟਿਅਾਂ ਦੀ ਹੱਤਿਆ ਕਰ ਦਿੱਤੀ।
* ਅਤੇ ਹੁਣ 16 ਨਵੰਬਰ ਨੂੰ ‘ਜੋਧਪੁਰ’ ਵਿਚ 4 ਮੁਟਿਆਰਾਂ ਨੇ ਅਾਪਣੇ 16 ਦਿਨ ਦੇ ਭਾਣਜੇ ਨੂੰ ਅਾਪਣੇ ਪੈਰਾਂ ਨਾਲ ਦਰੜ ਕੇ ਬੇਰਹਿਮੀ ਨਾਲ ਉਸ ਨੂੰ ਮਾਰ ਦਿੱਤਾ। ਪੁਲਸ ਅਨੁਸਾਰ ਦੋਸ਼ੀ ਮੁਟਿਆਰਾਂ ਨੇ ਨਵਜਨਮੇ ਬੱਚੇ ਦੀ ਹੱਤਿਆ ਇਸ ਲਈ ਕੀਤੀ ਕਿਉਂਕਿ ਉਨ੍ਹਾਂ ਦਾ ਵਿਆਹ ਨਹੀਂ ਹੋ ਰਿਹਾ ਸੀ ਅਤੇ ਉਹ ਇਸ ਦੇ ਲਈ ਅਾਪਣੀ ਇਸ ਭੈਣ ਨੂੰ ਜ਼ਿੰਮੇਵਾਰ ਮੰਨ ਰਹੀਆਂ ਸਨ ਜਿਸਦਾ ਪਹਿਲਾਂ ਵੀ ਇਕ ਬੇਟਾ ਹੈ।
ਸੋਸ਼ਲ ਮੀਡੀਆ ’ਤੇ ਵਾਇਰਲ ਹੋਏ ਇਸ ਘਟਨਾ ਦੇ ਵੀਡੀਓ ’ਚ ਨਵਜਨਮੇ ਬੱਚੇ ਨੂੰ ਗੋਦ ’ਚ ਲੈ ਕੇ ਬੈਠੀ ਇਕ ਮੁਟਿਆਰ ਅਤੇ ਉਸ ਦੇ ਸਾਹਮਣੇ ਬੈਠੀਅਾਂ ਹੋਰ ਮੁਟਿਆਰਾਂ ਮੂੰਹ ’ਚ ਕੁਝ ਬੁੜਬੁੜਾਉਂਦੀਅਾਂ ਨਜ਼ਰ ਆ ਰਹੀਅਾਂ ਹਨ ਜੋ ਸ਼ਾਇਦ ਕੋਈ ‘ਮੰਤਰ’ ਪੜ੍ਹ ਰਹੀਆਂ ਸਨ।
ਉਕਤ ਘਟਨਾਵਾਂ ਸਮਾਜ ’ਚ ਜਾਗਰੂਕਤਾ ਦੀ ਕਮੀ ਅਤੇ ਅੰਧਵਿਸ਼ਵਾਸ ਦੀਆਂ ਡੂੰਘੀਅਾਂ ਜੜ੍ਹਾਂ ਨੂੰ ਉਜਾਗਰ ਕਰਦੀਆਂ ਹਨ। ਇਸ ਤੋਂ ਵੱਧ ਕੇ ਤ੍ਰਾਸਦੀ ਕੀ ਹੋਵੇਗੀ ਕਿ ਅੱਜ ਦੇ ਬਦਲੇ ਹੋਏ ਦੌਰ ’ਚ ਵੀ ਲੋਕ ਅੰਧਵਿਸ਼ਵਾਸਾਂ ਦੇ ਚੱਕਰ ’ਚ ਪੈ ਕੇ ਅਜਿਹੇ ਘਿਨੌਣੇ ਕਾਰੇ ਕਰ ਰਹੇ ਹਨ ਜਿਸ ਨਾਲ ਲੋਕਾਂ ਨੂੰ ਅਾਪਣੀਆਂ ਜਾਨਾਂ ਤਕ ਤੋਂ ਹੱਥ ਧੋਣਾ ਪੈ ਰਿਹਾ ਹੈ। ਇਸ ਲਈ ਸਮਾਜ ਦੇ ਬੁੱਧੀਜੀਵੀ ਵਰਗ ਨੂੰ ਲੋਕਾਂ ਨੂੰ ਅਗਿਆਨ ਅਤੇ ਅੰਧਵਿਸ਼ਵਾਸਾਂ ਦੇ ਇਸ ਅੰਧਕਾਰ ’ਚੋਂ ਬਾਹਰ ਕੱਢਣ ਲਈ ਅੱਗੇ ਆਉਣਾ ਚਾਹੀਦਾ ਹੈ।
–ਵਿਜੇ ਕੁਮਾਰ
ਵਿਚਾਲੇ ਲਟਕਿਆ ਹੋਇਆ ਹੈ ਅਮਰੀਕਾ ਦਾ ਭਵਿੱਖ
NEXT STORY