ਨੈਸ਼ਨਲ ਡੈਸਕ- ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਢੇਰਾ ਆਪਣੇ ਲੋਕ ਸਭਾ ਹਲਕੇ ਵਾਇਨਾਡ ਦੇ ਲੰਬੇ ਦੌਰੇ ’ਤੇ ਹੈ। ਇਹ ਕੋਈ ਆਮ ਦੌਰਾ ਨਹੀਂ ਹੈ। ਪ੍ਰਿਅੰਕਾ ਨੇ ਇੱਥੇ 12 ਦਿਨਾ ਲਈ ਰੁਕਣ ਦਾ ਫੈਸਲਾ ਕੀਤਾ ਹੈ, ਜੋ ਕਿ ਉਨ੍ਹਾਂ ਵਰਗੇ ਸਿਆਸੀ ਕੱਦ ਦੇ ਨੇਤਾ ਲਈ ਵਿਲੱਖਣ ਹੈ।
ਆਮ ਤੌਰ ’ਤੇ ਪ੍ਰਮੁੱਖ ਸਿਆਸਤਦਾਨ ਖਾਸ ਕਰ ਕੇ ਨਹਿਰੂ-ਗਾਂਧੀ ਪਰਿਵਾਰ ਦੇ ਮੈਂਬਰ ਆਪਣੇ ਹਲਕਿਆਂ ’ਚ ਇੰਨਾ ਸਮਾਂ ਨਹੀਂ ਬਿਤਾਉਂਦੇ ਹਨ। ਉਦਾਹਰਣ ਵਜੋਂ ਪਿਛਲੇ ਸਾਲ ਰਾਹੁਲ ਗਾਂਧੀ ਰਾਏਬਰੇਲੀ ਸਿਰਫ 6 ਵਾਰ ਗਏ ਸਨ। ਉਨ੍ਹਾਂ ’ਚੋਂ ਵਧੇਰੇ ਦੌਰੇ ਇਕ-ਇਕ ਦਿਨ ਦੇ ਸਨ। ਕੁਝ ਮੌਕਿਆਂ ’ਤੇ ਉਨ੍ਹਾਂ ਆਪਣੇ ਦੌਰਿਆਂ ਨੂੰ 2 ਦਿਨਾਂ ਤੱਕ ਵਧਾ ਲਿਆ ਸੀ। ਇਸ ਦੇ ਉਲਟ ਪ੍ਰਿਅੰਕਾ ਵਾਇਨਾਡ ’ਚ ਲਗਭਗ 2 ਹਫ਼ਤੇ ਬਿਤਾਏਗੀ। ਉਹ ਉੱਥੇ 8 ਦਿਨ ਪਹਿਲਾਂ ਹੀ ਬਿਤਾ ਚੁੱਕੀ ਹੈ। ਉਹ 24 ਸਤੰਬਰ ਤੱਕ ਰਹੇਗੀ।
ਇਸ ਦੌਰੇ ਨੂੰ ਹੋਰ ਵੀ ਖਾਸ ਬਣਾਉਣ ਵਾਲੀ ਗੱਲ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਦੀ ਮੌਜੂਦਗੀ ਹੈ। ਦੋਵੇਂ 19 ਸਤੰਬਰ ਨੂੰ ਵਾਇਨਾਡ ’ਚ ਲੋਕਾਂ ਨੂੰ ਮਿਲਣ ਸਮੇ ਪ੍ਰਿਅੰਕਾ ਦੇ ਨਾਲ ਸਨ। ਫਿਰ ਵੀ ਹੈਰਾਨੀ ਵਾਲੀ ਗੱਲ ਇਹ ਹੈ ਕਿ ਜ਼ਿਲਾ ਕਾਂਗਰਸ ਕਮੇਟੀ ਨੂੰ ਇਸ ਦੌਰੇ ਤੋਂ ਬਾਹਰ ਰੱਖਿਆ ਗਿਆ। ਪਾਰਟੀ ਵੱਲੋਂ ਅਧਿਕਾਰਤ ਸਮਾਗਮ ਆਯੋਜਿਤ ਨਹੀਂ ਕੀਤੇ ਜਾ ਰਹੇ। ਇਸ ਦੀ ਬਜਾਏ ਪ੍ਰਿਅੰਕਾ ਦੀ ਸਾਰੀ ਗੱਲਬਾਤ ਤਾਲਮੇਲ ਨਾਲ ਉਸ ਦੀ ਨਿੱਜੀ ਟੀਮ ਵੱਲੋਂ ਕੀਤੀ ਜਾ ਰਹੀ ਹੈ।
ਅੰਦਰੂਨੀ ਸੂਤਰਾਂ ਦਾ ਕਹਿਣਾ ਹੈ ਕਿ ਇਹ ਵਾਇਨਾਡ ਜ਼ਿਲਾ ਕਾਂਗਰਸ ਇਕਾਈ ਅੰਦਰ ਲਗਾਤਾਰ ਧੜੇਬੰਦੀ ਦਾ ਨਤੀਜਾ ਹੈ, ਜਿਸ ਕਾਰਨ ਪ੍ਰਿਅੰਕਾ ਨੂੰ ਇਕ ਮਤਵਾਜ਼ੀ ਢਾਂਚੇ ’ਤੇ ਭਰੋਸਾ ਕਰਨਾ ਪੈ ਰਿਹਾ ਹੈ। ਇਹ ਸਮੱਸਿਆ ਵਿਲੱਖਣ ਨਹੀਂ ਹੈ। ਕੇਰਲ ਦੀਆਂ ਕਈ ਜ਼ਿਲਾ ਇਕਾਈਆਂ ਕਥਿਤ ਤੌਰ ’ਤੇ ਇਸੇ ਤਰ੍ਹਾਂ ਦੇ ਅੰਦਰੂਨੀ ਝਗੜਿਆਂ ’ਚ ਉਲਝੀਆਂ ਹੋਈਆਂ ਹਨ।
ਅਗਲੇ ਸਾਲ ਸੂਬਾਈ ਵਿਧਾਨ ਸਭਾ ਦੀਆਂ ਹੋਣ ਵਾਲੀਆਂ ਚੋਣਾਂ ਦੇ ਨਾਲ ਪ੍ਰਿਅੰਕਾ ਦਾ ਦੌਰਾ ਇਕ ਵੱਡਾ ਸਿਆਸੀ ਸੰਦੇਸ਼ ਲੈ ਕੇ ਜਾਂਦਾ ਹੈ। ਇਕ ਦਹਾਕੇ ਤੱਕ ਸੱਤਾ ਤੋਂ ਬਾਹਰ ਰਹਿਣ ਤੋਂ ਬਾਅਦ 2026 ਦੀਆਂ ਚੋਣਾਂ ਕਾਂਗਰਸ ਲਈ ‘ਕਰੋ ਜਾਂ ਮਰੋ’ ਦੀ ਲੜਾਈ ਹਨ।
ਅਜਿਹਾ ਲਗਦਾ ਹੈ ਕਿ ਪ੍ਰਿਅੰਕਾ ਆਪਣੇ ਵਾਇਨਾਡ ਦੇ ਆਧਾਰ ਦੀ ਵਰਤੋਂ ਨਾ ਸਿਰਫ਼ ਹਲਕੇ ਦੇ ਲੋਕਾਂ ਤੱਕ ਪਹੁੰਚਣ ਲਈ ਕਰ ਰਹੀ ਹੈ, ਸਗੋਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਪਾਰਟੀ ਨੂੰ ਤਿਆਰ ਕਰਨ ਲਈ ਵੀ ਕਰ ਰਹੀ ਹੈ।
ਪੰਜਾਬ ਦੇ ਲੋਕਾਂ ਨੂੰ ਦੋ ਵੱਡੀਆਂ ਸੌਗਾਤਾਂ ਦੇਣ ਲਈ ਸੁਨੀਲ ਜਾਖੜ ਨੇ ਕੇਂਦਰ ਦਾ ਕੀਤਾ ਧੰਨਵਾਦ
NEXT STORY