ਗੋਰਖਪੁਰ (ਭਾਸ਼ਾ) : ਉੱਤਰ ਪ੍ਰਦੇਸ਼ ਦੇ ਗੋਰਖਪੁਰ ਜ਼ਿਲ੍ਹੇ ਵਿਚ ਸੋਮਵਾਰ ਨੂੰ ਇਕ ਔਰਤ ਦੀ ਲਾਸ਼ ਉਸਦੇ ਘਰ ਤੋਂ ਬਰਾਮਦ ਹੋਈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਘਟਨਾ ਦਾ ਪਤਾ ਉਦੋਂ ਲੱਗਾ ਜਦੋਂ ਔਰਤ ਦਾ ਪਤੀ ਰਾਮ ਮਿਲਨ ਵਿਸ਼ਵਕਰਮਾ ਚੇਨਈ ਤੋਂ ਘਰ ਪਰਤਿਆ।
ਪੁਲਸ ਮੁਤਾਬਕ ਜਦੋਂ ਵਿਸ਼ਵਕਰਮਾ ਚੇਨਈ ਤੋਂ ਵਾਪਸ ਆਇਆ ਤਾਂ ਉਹ ਸੁਸ਼ਾਂਤ ਸਿਟੀ ਸਥਿਤ ਆਪਣੇ ਘਰ ਪਹੁੰਚਿਆ ਤਾਂ ਦਰਵਾਜ਼ਾ ਖੁੱਲ੍ਹਾ ਦੇਖਿਆ। ਪੁਲਸ ਨੇ ਦੱਸਿਆ ਕਿ ਜਦੋਂ ਵਿਸ਼ਵਕਰਮਾ ਘਰ 'ਚ ਦਾਖਲ ਹੋਏ ਤਾਂ ਉਨ੍ਹਾਂ ਨੇ ਆਪਣੀ ਪਤਨੀ ਰੀਟਾ (42) ਦੀ ਲਾਸ਼ ਬੈੱਡ 'ਤੇ ਪਈ ਦੇਖੀ। ਪੁਲਸ ਮੁਤਾਬਕ ਲਾਸ਼ ਸੜਨ ਲੱਗੀ ਸੀ ਅਤੇ ਕਮਰੇ 'ਚੋਂ ਬਦਬੂ ਆ ਰਹੀ ਸੀ। ਪੁਲਸ ਨੇ ਦੱਸਿਆ ਕਿ ਵਿਸ਼ਵਕਰਮਾ ਦਾ ਛੋਟਾ ਬੇਟਾ ਮੌਕੇ 'ਤੇ ਮੌਜੂਦ ਨਹੀਂ ਸੀ, ਹਾਲਾਂਕਿ ਬਾਅਦ 'ਚ ਉਹ ਨੇੜੇ ਦੇ ਮੰਦਰ 'ਚ ਬੈਠਾ ਪਾਇਆ ਗਿਆ। ਪੁਲਸ ਅਨੁਸਾਰ ਜਦੋਂ ਪੁੱਛਗਿਛ ਕੀਤੀ ਗਈ ਤਾਂ ਬੇਟੇ ਨੇ ਖੁਲਾਸਾ ਕੀਤਾ ਕਿ ਉਸਦੀ ਮਾਂ ਚਾਰ ਦਿਨ ਪਹਿਲਾਂ ਬੇਹੋਸ਼ ਹੋ ਗਈ ਸੀ ਅਤੇ ਜਦੋਂ ਉਸਨੂੰ ਪਤਾ ਲੱਗਾ ਕਿ ਉਸਨੂੰ ਸਾਹ ਨਹੀਂ ਆ ਰਿਹਾ ਤਾਂ ਉਹ ਘਬਰਾ ਕੇ ਘਰੋਂ ਚਲਾ ਗਿਆ।
ਪੁਲਸ ਨੇ ਦੱਸਿਆ ਕਿ ਰਾਮ ਮਿਲਨ ਦੀ ਬੇਟੀ ਐੱਮਬੀਬੀਐੱਸ ਦੀ ਵਿਦਿਆਰਥਣ ਹੈ ਅਤੇ ਘਰ ਤੋਂ ਦੂਰ ਰਹਿੰਦੀ ਹੈ। ਵਧੀਕ ਪੁਲਸ ਸੁਪਰਡੈਂਟ ਜਤਿੰਦਰ ਕੁਮਾਰ ਸ੍ਰੀਵਾਸਤਵ ਨੇ ਕਿਹਾ ਕਿ ਪਹਿਲੀ ਨਜ਼ਰੇ ਮਾਮਲਾ ਸ਼ੱਕੀ ਜਾਪਦਾ ਹੈ ਅਤੇ ਜਾਂਚ ਜਾਰੀ ਹੈ। ਉਨ੍ਹਾਂ ਦੱਸਿਆ ਕਿ ਸੂਚਨਾ ਮਿਲਣ ਦੇ ਬਾਅਦ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਰਿਪੋਰਟ ਦੇ ਆਧਾਰ 'ਤੇ ਕਾਰਵਾਈ ਕੀਤੀ ਜਾਵੇਗੀ।
ਕੋਚੀ ਜਾਣ ਵਾਲੇ ਹਵਾਈ ਜਹਾਜ਼ ਦੀ ਚੇਨਈ ’ਚ ਐਮਰਜੈਂਸੀ ਲੈਂਡਿੰਗ
NEXT STORY