ਨੈਸ਼ਨਲ ਡੈਸਕ : ਦਿੱਲੀ-ਐਨਸੀਆਰ ਵਿੱਚ ਸੋਮਵਾਰ ਸਵੇਰ ਤੋਂ ਹੋ ਰਹੀ ਭਾਰੀ ਬਾਰਿਸ਼ ਕਾਰਨ ਜਨ-ਜੀਵਨ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਗਿਆ ਹੈ। ਇਸ ਬਾਰਿਸ਼ ਦਾ ਸਭ ਤੋਂ ਮਾੜਾ ਅਸਰ ਗੁਰੂਗ੍ਰਾਮ ਵਿੱਚ ਦੇਖਣ ਨੂੰ ਮਿਲਿਆ ਹੈ, ਜਿੱਥੇ ਕਈ ਮੁੱਖ ਸੜਕਾਂ ਤੇ ਦਿੱਲੀ-ਗੁਰੂਗ੍ਰਾਮ ਐਕਸਪ੍ਰੈਸਵੇਅ 'ਤੇ ਪਾਣੀ ਭਰਨ ਕਾਰਨ ਵਾਹਨਾਂ ਦੀ ਰਫ਼ਤਾਰ ਹੌਲੀ ਪੈ ਗਈ ਹੈ। ਗੁਰੂਗ੍ਰਾਮ ਦੇ ਸੋਹਨਾ ਰੋਡ 'ਤੇ ਲੱਗੇ ਭਾਰੀ ਜਾਮ ਕਾਰਨ ਲੋਕ ਅਤੇ ਕਈ ਸਕੂਲੀ ਬੱਚੇ ਪਿਛਲੇ 3 ਘੰਟਿਆਂ ਤੋਂ ਜਾਮ ਵਿੱਚ ਫਸੇ ਹੋਏ ਹਨ।
ਗੁਰੂਗ੍ਰਾਮ ਦੇ ਡੀਸੀ ਉੱਤਮ ਸਿੰਘ ਵੱਲੋਂ ਸਰਕਾਰੀ ਤੇ ਨਿੱਜੀ ਅਦਾਰਿਆਂ ਲਈ ਇੱਕ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ, ਜਿਸ ਤਹਿਤ 25 ਅਗਸਤ ਨੂੰ ਕਾਰਪੋਰੇਟ ਦਫ਼ਤਰਾਂ ਨੂੰ 'ਵਰਕ ਫ੍ਰਾਮ ਹੋਮ' ਕਰਨ ਦੀ ਸਲਾਹ ਦਿੱਤੀ ਗਈ ਹੈ। ਇਸ ਦੇ ਨਾਲ ਹੀ ਸਕੂਲਾਂ ਨੂੰ ਵੀ ਆਨਲਾਈਨ ਮੋਡ ਵਿੱਚ ਚਲਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਪ੍ਰਸ਼ਾਸਨ ਨੇ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਬਿਨਾਂ ਕਿਸੇ ਜ਼ਰੂਰੀ ਕੰਮ ਦੇ ਘਰਾਂ ਤੋਂ ਬਾਹਰ ਨਾ ਨਿਕਲਣ।
ਗੁਰੂਗ੍ਰਾਮ ਵਿੱਚ ਦੁਪਹਿਰ 1:30 ਵਜੇ ਤੱਕ 70 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ ਹੈ। ਭਾਰੀ ਬਾਰਿਸ਼ ਕਾਰਨ ਨਰਸਿੰਘਪੁਰ, ਹੀਰੋ ਹੌਂਡਾ ਚੌਕ, ਰਾਜੀਵ ਚੌਕ, ਇਫ਼ਕੋ ਚੌਕ, ਰੇਲਵੇ ਰੋਡ, ਸੈਕਟਰ 5, ਓਲਡ ਦਿੱਲੀ ਰੋਡ, ਮਹਿਰੌਲੀ ਰੋਡ, ਬਸਈ ਰੋਡ ਅਤੇ ਨਾਹਰਪੁਰ ਅੰਡਰਪਾਸ ਵਰਗੇ ਇਲਾਕਿਆਂ ਵਿੱਚ ਗੰਭੀਰ ਜਲ-ਭਰਾਅ ਹੋ ਗਿਆ ਹੈ। ਰਾਜੀਵ ਚੌਂਕ ਨੇੜੇ ਕਈ ਗੱਡੀਆਂ ਪਾਣੀ ਵਿੱਚ ਫਸੀਆਂ ਰਹੀਆਂ ਤੇ ਸੋਹਨਾ ਰੋਡ 'ਤੇ ਐਂਬੂਲੈਂਸਾਂ ਤੇ ਸਕੂਲ ਬੱਸਾਂ ਵੀ ਜਾਮ ਦਾ ਸ਼ਿਕਾਰ ਹੋਈਆਂ। ਸਦਰ ਬਾਜ਼ਾਰ ਅਤੇ ਗੁਰਦੁਆਰਾ ਰੋਡ ਵਰਗੇ ਇਲਾਕਿਆਂ ਵਿੱਚ ਵੀ ਦੁਪਹਿਰ ਤੱਕ ਜਾਮ ਲੱਗਿਆ ਰਿਹਾ, ਜਿਸ ਨੂੰ ਸੁਚਾਰੂ ਕਰਨ ਲਈ ਟ੍ਰੈਫਿਕ ਪੁਲਸ ਤਾਇਨਾਤ ਕੀਤੀ ਗਈ ਹੈ।
ਖਰਾਬ ਮੌਸਮ ਦੇ ਕਾਰਨ ਦਿੱਲੀ ਦੇ ਆਈਜੀਆਈ (IGI) ਹਵਾਈ ਅੱਡੇ 'ਤੇ ਹਵਾਈ ਸੇਵਾਵਾਂ ਵੀ ਪ੍ਰਭਾਵਿਤ ਹੋਈਆਂ ਹਨ। ਮੌਸਮ ਖਰਾਬ ਹੋਣ ਕਾਰਨ ਘੱਟੋ-ਘੱਟ 15 ਉਡਾਣਾਂ ਦੇ ਰੂਟ ਡਾਇਵਰ ਕਰਨੇ ਪਏ, ਜਦੋਂ ਕਿ ਕਈ ਉਡਾਣਾਂ ਦੇਰੀ ਨਾਲ ਚੱਲੀਆਂ ਅਤੇ ਕੁਝ ਰੱਦ ਵੀ ਕਰਨੀਆਂ ਪਈਆਂ।
ਭਾਰਤੀ ਮੌਸਮ ਵਿਭਾਗ ਨੇ ਦਿੱਲੀ-ਐਨਸੀਆਰ ਲਈ ਰੈੱਡ ਅਤੇ ਓਰੇਂਜ ਅਲਰਟ ਜਾਰੀ ਕਰਦਿਆਂ ਚਿਤਾਵਨੀ ਦਿੱਤੀ ਹੈ ਕਿ ਪੂਰਾ ਦਿਨ ਤੇਜ਼ ਹਵਾਵਾਂ (30 ਤੋਂ 40 ਕਿਲੋਮੀਟਰ ਪ੍ਰਤੀ ਘੰਟਾ), ਗਰਜ ਅਤੇ ਚਮਕ ਦੇ ਨਾਲ ਭਾਰੀ ਬਾਰਿਸ਼ ਜਾਰੀ ਰਹੇਗੀ। ਖਾਸ ਕਰ ਕੇ ਦੱਖਣੀ-ਪੂਰਬੀ ਦਿੱਲੀ, ਪੂਰਬੀ ਦਿੱਲੀ, ਸ਼ਾਹਦਰਾ ਅਤੇ ਮੱਧ ਦਿੱਲੀ ਵਿੱਚ ਬਾਰਿਸ਼ ਦਾ ਦੌਰ ਜਾਰੀ ਰਹੇਗਾ। ਲੋਕਾਂ ਨੂੰ ਸਾਵਧਾਨ ਰਹਿਣ, ਜਲ-ਭਰਾਅ ਵਾਲੇ ਇਲਾਕਿਆਂ ਤੋਂ ਬਚਣ, ਦਰੱਖਤਾਂ ਹੇਠਾਂ ਪਨਾਹ ਨਾ ਲੈਣ ਤੇ ਜਲ ਸਰੋਤਾਂ ਦੇ ਨੇੜੇ ਨਾ ਜਾਣ ਦੀ ਹਦਾਇਤ ਕੀਤੀ ਗਈ ਹੈ।
ਅਰਬਨ ਕੰਪਨੀ ਨੂੰ DHC ਤੋਂ ਮਿਲੀ ਰਾਹਤ; Kent RO ਹਟਾਏਗਾ ਆਪਣਾ ਵਿਵਾਦਪੂਰਨ ਇਸ਼ਤਿਹਾਰ
NEXT STORY