ਨਵੀਂ ਦਿੱਲੀ— ਪੱਛਮੀ ਬੰਗਾਲ ਵਿਚ ਲਗਾਤਾਰ ਤੀਜੀ ਵਾਰ ਮਮਤਾ ਬੈਨਰਜੀ ਦੀ ਸਰਕਾਰ ਬਣਵਾਉਣ ’ਚ ਅਹਿਮ ਯੋਗਦਾਨ ਪਾਉਣ ਵਾਲੇ ਸਾਰੇ ਲੋਕਾਂ ਵਿਚੋਂ ਇਕ ਚਿਹਰਾ ਯਸ਼ਵੰਤ ਸਿਨਹਾ ਦਾ ਵੀ ਰਿਹਾ। ਚੋਣਾਂ ਤੋਂ ਠੀਕ ਪਹਿਲਾਂ ਉਹ ਤ੍ਰਿਣਮੂਲ ਕਾਂਗਰਸ (ਟੀ. ਐੱਮ. ਸੀ.) ਵਿਚ ਸ਼ਾਮਲ ਹੋਏ ਅਤੇ ਹੁਣ ਪਾਰਟੀ ਦੇ ਕੌਮੀ ਉਪ-ਪ੍ਰਧਾਨ ਦੀ ਜ਼ਿੰਮੇਵਾਰੀ ਨਿਭਾਅ ਰਹੇ ਹਨ। ਚੋਣਾਂ ਤੋਂ ਬਾਅਦ ਪੱਛਮੀ ਬੰਗਾਲ ਵਿਚ ਸ਼ੁਰੂ ਹੋਈਆਂ ਹਿੰਸਾ ਦੀਆਂ ਘਟਨਾਵਾਂ ਅਤੇ ਮਮਤਾ ਬੈਨਰਜੀ ਦੀ ਭਵਿੱਖ ਦੀ ਰਣਨੀਤੀ ’ਤੇ ‘ਜਗ ਬਾਣੀ’/‘ਨਵੋਦਿਆ ਟਾਈਮਸ’ ਦੇ ਅਕੂ ਸ਼੍ਰੀਵਾਸਤਵ ਨਾਲ ਯਸ਼ਵੰਤ ਸਿਨਹਾ ਨੇ ਵਿਸ਼ੇਸ਼ ਗੱਲਬਾਤ ਕੀਤੀ। ਉਹ ਦੇਸ਼ ਦੇ ਵਿੱਤ ਮੰਤਰੀ ਤੇ ਵਿਦੇਸ਼ ਮੰਤਰੀ ਅਤੇ ਭਾਜਪਾ ਦੇ ਵੱਡੇ ਨਾਇਕ ਦੀ ਭੂਮਿਕਾ ਨਿਭਾਅ ਚੁੱਕੇ ਹਨ। ਪੇਸ਼ ਹੈ ਉਨ੍ਹਾਂ ਨਾਲ ਹੋਈ ਗੱਲਬਾਤ ਦਾ ਪ੍ਰਮੁੱਖ ਅੰਸ਼–
ਮਮਤਾ ਬੈਨਰਜੀ ਦੀ ਇਸ ਜਿੱਤ ਨੂੰ ਕਿਸ ਰੂਪ ’ਚ ਦੇਖ ਰਹੇ ਹੋ?
ਪਹਿਲੀ ਗੱਲ, ਪੱਛਮੀ ਬੰਗਾਲ ਦੀਆਂ ਚੋਣਾਂ ਤੋਂ ਕੁਝ ਮਹੀਨੇ ਪਹਿਲਾਂ ਮੈਂ ਟੀ. ਐੱਮ. ਸੀ. ਵਿਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਅਤੇ ਮਮਤਾ ਜੀ ਨਾਲ ਗੱਲ ਕੀਤੀ। ਇਸ ਤੋਂ ਬਾਅਦ ਮੈਂ ਸ਼ਾਮਲ ਹੋਇਆ। ਇਸ ਪਿੱਛੇ ਇਹ ਸੁਨੇਹਾ ਦੇਣ ਦਾ ਉਦੇਸ਼ ਸੀ ਕਿ ਪੱਛਮੀ ਬੰਗਾਲ ਵਿਚ ਲੋਕ ਟੀ. ਐੱਮ. ਸੀ. ਨੂੰ ਛੱਡ ਨਹੀਂ ਰਹੇ, ਸਗੋਂ ਇਸ ਨਾਲ ਜੁੜ ਰਹੇ ਹਨ। ਜਿਵੇਂ ਕਿ ਭਾਜਪਾ ਇੱਥੇ ਮਾਹੌਲ ਬਣਾ ਰਹੀ ਸੀ। ਉਹ ਇਹ ਹਥਕੰਡਾ ਦੂਜੇ ਸੂਬਿਆਂ ਵਿਚ ਵੀ ਅਪਣਾਉਂਦੀ ਰਹੀ ਹੈ ਅਤੇ ਚੋਣਾਂ ਤੋਂ ਠੀਕ ਪਹਿਲਾਂ ਦੂਜੀਆਂ ਪਾਰਟੀਆਂ ਵਿਚ ਤੋੜ-ਭੰਨ ਕਰਦੀ ਰਹੀ ਹੈ। ਉਸੇ ਪ੍ਰਵਾਹ ਨੂੰ ਰੋਕਣ ਲਈ ਮੈਂ ਤੈਅ ਕੀਤਾ ਕਿ ਟੀ. ਐੱਮ. ਸੀ. ਵਿਚ ਰਹਿ ਕੇ ਯੋਗਦਾਨ ਪਾਵਾਂ। ਦੂਜੀ ਗੱਲ, ਟੀ. ਐੱਮ. ਸੀ. ਤੇ ਮਮਤਾ ਜੀ ਦੀ ਜਿੱਤ ਬਹੁਤ ਸ਼ਾਨਦਾਰ ਹੈ। ਕਿਸੇ ਨੇ ਵੀ ਇੰਨੀ ਵੱਡੀ ਜਿੱਤ ਦੀ ਕਲਪਨਾ ਨਹੀਂ ਕੀਤੀ ਸੀ। ਕਿਸੇ ਐਗਜ਼ਿਟ ਪੋਲ ਨੇ ਵੀ ਇਸ ਬਾਰੇ ਨਹੀਂ ਦੱਸਿਆ ਸੀ। ਮੇਰਾ ਵੀ ਅਨੁਮਾਨ ਸੀ ਕਿ ਟੀ. ਐੱਮ. ਸੀ. ਨੂੰ 160 ਤੋਂ 180 ਦੇ ਵਿਚਕਾਰ ਸੀਟਾਂ ਮਿਲਣਗੀਆਂ। ਪਿਛਲੇ 3 ਮਹੀਨਿਆਂ ਤੋਂ ਬੰਗਾਲ ਵਿਚ ਆਦਰਸ਼ ਚੋਣ ਜ਼ਾਬਤਾ ਲਾਗੂ ਹੈ ਤਾਂ ਇਕ ਤਰ੍ਹਾਂ ਸ਼ਾਸਨ, ਲਾਅ ਐਂਡ ਆਰਡਰ ਸਭ ਚੋਣ ਕਮਿਸ਼ਨ ਕੋਲ ਸੀ। ਨਤੀਜਾ ਆਇਆ ਪਰ ਸਹੁੰ-ਚੁੱਕ ਸਮਾਗਮ ਨਹੀਂ ਹੋਇਆ। ਇਕ ਤਰ੍ਹਾਂ ਇਹ ਸ਼ਾਮ ਦਾ ਵੇਲਾ ਸੀ। ਇਸੇ ਦੌਰਾਨ ਹਿੰਸਾ ਹੋਈ, ਜੋ ਨਹੀਂ ਹੋਣੀ ਚਾਹੀਦੀ ਸੀ। ਅਸੀਂ ਇਸ ਦੀ ਨਿੰਦਾ ਕਰਦੇ ਹਾਂ। ਰੌਲਾ ਬਹੁਤ ਪਿਆ ਕਿ ਟੀ. ਐੱਮ. ਸੀ. ਦੇ ਗੁੰਡੇ ਭਾਜਪਾ ਵਰਕਰਾਂ ਨੂੰ ਮਾਰ ਰਹੇ ਹਨ, ਜਦੋਂਕਿ ਜੋ ਵੀਡੀਓ ਸਾਹਮਣੇ ਆਏ, ਇਹ ਪਹਿਲਾਂ ਦੇ ਹਨ ਅਤੇ ਮੌਤਾਂ ਵੀ ਵਧਾ-ਚੜ੍ਹਾ ਕੇ ਦੱਸੀਆਂ ਗਈਆਂ।
ਕੀ ਇਹ ਸੰਭਵ ਹੈ ਕਿ ਵਿਰੋਧੀ ਧਿਰ ਦੇ ਲੋਕ ਸੱਤਾ ਧਿਰ ਦੇ ਲੋਕਾਂ ਨੂੰ ਮਾਰਨ?
ਕਿਉਂ ਨਹੀਂ, ਇਹ ਹੋ ਸਕਦਾ ਹੈ। ਭਾਜਪਾ ਉੱਥੇ ਇਕ ਤਾਕਤ ਤਾਂ ਬਣ ਕੇ ਉਭਰੀ ਹੀ ਹੈ। 77 ਸੀਟਾਂ ਜਿੱਤੀਆਂ ਹਨ। ਹਿੰਸਾ ਹੋਈ ਹੈ, ਇਸ ਲਈ ਵਾਰ-ਵਾਰ ਜ਼ੋਰ ਦੇ ਕੇ ਕਹਿ ਰਿਹਾ ਹਾਂ ਕਿ ਇਸ ਦੀ ਨਿਰਪੱਖ ਜਾਂਚ ਹੋਣੀ ਚਾਾਹੀਦੀ ਹੈ। ਸੱਚਾਈ ਸਾਹਮਣੇ ਆਏਗੀ।
2019 ਦੀਆਂ ਲੋਕ ਸਭਾ ਚੋਣਾਂ ਵਿਚ ਵੱਡਾ ਝਟਕਾ ਖਾਣ ਤੋਂ ਬਾਅਦ ਅਜਿਹੀ ਕਿਹੜੀ ਰਣਨੀਤੀ ਰਹੀ ਜਿਸ ਕਾਰਨ ਟੀ. ਐੱਮ. ਸੀ. ਨੇ ਹੈਰਾਨੀਜਕ ਜਿੱਤ ਦਰਜ ਕੀਤੀ?
ਇਕ ਗੱਲ ਮੈਂ ਕਹਾਂਗਾ ਕਿ ਭਾਜਪਾ ਬਹੁਤ ਰੌਲਾ ਪਾਉਂਦੀ ਹੈ। ਦੇਸ਼ ਦਾ ਪ੍ਰਧਾਨ ਮੰਤਰੀ ਜਨਤਕ ਤੌਰ ’ਤੇ ਕਹਿੰਦਾ ਹੈ ਕਿ ਦੀਦੀ ਹਾਰ ਗਈ। ਪੀ. ਐੱਮ. ਤੇ ਗ੍ਰਹਿ ਮੰਤਰੀ ਕੋਲ ਸਿਰਫ ਪਾਰਟੀ ਤੋਂ ਹੀ ਸੂਚਨਾ ਨਹੀਂ ਆਉਂਦੀ। ਉਨ੍ਹਾਂ ਨੂੰ ਖੁਫੀਆ ਵਿਭਾਗ ਤੋਂ ਵੀ ਤਾਂ ਰਿਪੋਰਟ ਮਿਲਦੀ ਹੈ। ਪੀ. ਐੱਮ. ਤੇ ਹੋਮ ਮਨਿਸਟਰ ਨੂੰ ਤਾਂ ਖੁਫੀਆ ਵਿਭਾਗ ਸਹੀ ਰਿਪੋਰਟ ਦੇ ਰਿਹਾ ਸੀ। ਫਿਰ ਵੀ ਰੌਲਾ ਪਾ ਰਹੇ ਸੀ ਕਿ 200 ਤੋਂ ਵੱਧ ਸੀਟਾਂ ਜਿੱਤ ਰਹੇ ਹਨ। ਦੀਦੀ ਓ ਦੀਦੀ...ਦੀਦੀ ਹਾਰ ਗਈ...ਅਜਿਹੀਆਂ ਸਾਰੀਆਂ ਗੱਲਾਂ ਕਹੀਆਂ ਜਾ ਰਹੀਆਂ ਹਨ। ਜੋ ਮਾਹੌਲ ਬਣਾਇਆ ਗਿਆ, ਉਸੇ ਦਾ ਨਤੀਜਾ ਰਿਹਾ ਕਿ ਭਾਜਪਾ 3 ਤੋਂ 77 ਸੀਟਾਂ ਤਕ ਪਹੁੰਚੀ ਪਰ ਜਿਸ ਤਰ੍ਹਾਂ ਦਾ ਮਾਹੌਲ ਪੈਦਾ ਕੀਤਾ ਗਿਆ, ਉਸ ਦੇ ਆਧਾਰ ’ਤੇ ਇਹ ਉਨ੍ਹਾਂ ਦੀ ਬੁਰੀ ਹਾਰ ਮੰਨੀ ਜਾਵੇਗੀ। ਦੂਜੇ ਪਾਸੇ ਮਮਤਾ ਬੈਨਰਜੀ ਨੂੰ ਪਿਛਲੀ ਵਾਰ 211 ਸੀਟਾਂ ਮਿਲੀਆਂ ਸਨ। ਇਸ ਵਾਰ 213 ਮਿਲੀਆਂ। ਧਰੁਵੀਕਰਨ ਹੋਇਆ। ਕੁਝ ਪਾਕੇਟ ’ਚ ਇਸ ਦਾ ਅਸਰ ਹੋਇਆ। ਭਾਜਪਾ ਦੇ ਉਮੀਦਵਾਰ ਜਿੱਤੇ ਪਰ ਪੱਛਮੀ ਬੰਗਾਲ ਦੇ ਮਾਮਲੇ ’ਚ ਦੇਖੀਏ ਤਾਂ ਭਾਜਪਾ ਦਾ ਆਸ ਅਨੁਸਾਰ ਧਰੁਵੀਕਰਨ ਨਹੀਂ ਹੋਇਆ। ਲੋਕਾਂ ਨੇ ਬੰਗਾਲੀ ਮਾਣ ਨੂੰ ਤਰਜੀਹ ਦਿੱਤੀ ਅਤੇ ਟੀ. ਐੱਮ. ਸੀ. ਨੂੰ ਵੋਟ ਕੀਤਾ।
ਧਰੁਵੀਕਰਨ ਦੇ ਦੋਸ਼ ਤਾਂ ਦੀਦੀ ’ਤੇ ਵੀ ਲੱਗਦੇ ਰਹੇ ਹਨ। ਉਨ੍ਹਾਂ ਮੁਸਲਿਮਾਂ ਨੂੰ ਇਕ ਹੋਣ ਲਈ ਕਿਹਾ ਸੀ। ਇਸ ਵਿਚ ਤੁਸੀਂ ਕਿੰਨੀ ਸੱਚਾਈ ਦੇਖਦੇ ਹੋ?
ਧਰੁਵੀਕਰਨ ਖੂਬ ਚੱਲਿਆ। ਜਦੋਂ ਸ਼੍ਰੀਰਾਮ ਦਾ ਨਾਅਰਾ, ਹਿੰਦੂ-ਮੁਸਲਮਾਨ ਕੀਤਾ ਗਿਆ। ਘੱਟ ਗਿਣਤੀਆਂ ਦਰਮਿਆਨ ਵੀ ਬਹੁਤ ਸਾਰੀਆਂ ਤਾਕਤਾਂ ਸਨ, ਜਿਨ੍ਹਾਂ ਨੂੰ ਵੰਡਣ ਦੀ ਕੋਸ਼ਿਸ਼ ਕੀਤੀ ਗਈ। ਮਮਤਾ ਨੇ ਜੇ ਉਸ ਸਥਿਤੀ ਵਿਚ ਘੱਟ ਗਿਣਤੀਆਂ ਨੂੰ ਇਕਜੁੱਟ ਹੋਣ ਦੀ ਅਪੀਲ ਕੀਤੀ ਤਾਂ ਭਾਜਪਾ ਸਾਹਮਣੇ ਇੰਨਾ ਕਹਿਣਾ ਜ਼ਰੂਰੀ ਸੀ ਕਿ ਉਹ ਆਪਣਾ ਵੋਟ ਵੰਡਣ ਨਾ ਦੇਣ। ਲੱਗਦਾ ਹੈ ਕਿ ਘੱਟ ਗਿਣਤੀਆਂ ਨੇ ਇਸ ਨੂੰ ਚੰਗੀ ਤਰ੍ਹਾਂ ਸਮਝਿਆ।
ਆਖਰ ਅਜਿਹਾ ਕੀ ਹੋਇਆ ਕਿ ਖੱਬੇਪੱਖੀਆਂ ਦਾ ਪੂਰਾ ਕਿਲਾ ਢੇਰੀ ਹੋ ਗਿਆ?
ਇਹ ਹੈਰਾਨੀਜਨਕ ਹੈ। ਪ੍ਰਸ਼ਾਂਤ ਕਿਸ਼ੋਰ ਨੇ ਕਿਹਾ ਸੀ ਕਿ ਭਾਜਪਾ 100 ਤੋਂ ਹੇਠਾਂ ਹੀ ਰਹੇਗੀ। ਮੈਂ 53 ਦਾ ਅਨੁਮਾਨ ਲਾਇਆ ਸੀ। 77 ਸੀਟਾਂ ਆ ਗਈਆਂ ਤਾਂ 34 ਸੀਟਾਂ ਦਾ ਫਰਕ ਆਇਆ। ਖੱਬੇਪੱਖੀਆਂ (ਲੈਫਟ) ਤੇ ਕਾਂਗਰਸ ਨੂੰ 20-25 ਸੀਟਾਂ ਮਿਲ ਜਾਂਦੀਆਂ ਤਾਂ ਭਾਜਪਾ ਨੂੰ 77 ਤੋਂ ਘੱਟ ਸੀਟਾਂ ਆਉਂਦੀਆਂ। ਉਨ੍ਹਾਂ ਦਾ ਸਫਾਇਆ ਹੋਣਾ ਹੈਰਾਨੀ ਦੀ ਗੱਲ ਹੈ।
ਕੇਂਦਰ ’ਚ ਵਿਰੋਧੀ ਧਿਰ ਲਈ ਦੀਦੀ ਕੋਈ ਵੱਡੀ ਜਗ੍ਹਾ ਬਣਾਉਂਦੀ ਨਜ਼ਰ ਆ ਰਹੀ ਹੈ? ਇਸ ਸਬੰਧੀ ਕੀ ਕੋਈ ਰਣਨੀਤੀ ਹੈ?
ਮੈਂ ਇਸ ਗੱਲ ਨਾਲ ਸਹਿਮਤ ਹਾਂ ਕਿ ਭਾਰੀ ਜਿੱਤ ਤੋਂ ਬਾਅਦ ਮਮਤਾ ਜੀ ’ਤੇ ਕੌਮੀ ਜ਼ਿੰਮੇਵਾਰੀ ਵੀ ਹੈ ਅਤੇ ਉਨ੍ਹਾਂ ਨੂੰ ਇਹ ਨਿਭਾਉਣੀ ਚਾਹੀਦੀ ਹੈ। ਇਹ ਕਿਵੇਂ ਹੋਵੇਗਾ, ਇਸ ’ਤੇ ਕੰਮ ਕਰਨਾ ਪਵੇਗਾ। ਅਜੇ ਬਹੁਤ ਸਾਰੇ ਸੂਬੇ ਹਨ, ਜਿੱਥੇ ਗੈਰ-ਭਾਜਪਾ ਪਾਰਟੀਆਂ ਦੀ ਸੱਤਾ ਹੈ। ਕੇਂਦਰ ਤੋਂ ਉਨ੍ਹਾਂ ਨੂੰ ਲੋੜੀਂਦਾ ਸਹਿਯੋਗ ਨਹੀਂ ਮਿਲ ਰਿਹਾ। ਉਸ ਵਿਚ ਮੁੱਖ ਮੰਤਰੀਆਂ ਦੇ ਪੱਧਰ ’ਤੇ ਇਕ ਮੁਹਿੰਮ ਚਲਾਈ ਜਾਣੀ ਚਾਹੀਦੀ ਹੈ। ਸਾਰੀਆਂ ਗੈਰ-ਭਾਜਪਾ ਪਾਰਟੀਆਂ ਨੂੰ ਇਕ ਮੰਚ ’ਤੇ ਲਿਆਉਣ ਦਾ ਕੰਮ ਕਰਨਾ ਪਵੇਗਾ। ਚਾਹੁੰਦੇ ਹੋਏ ਜਾਂ ਨਾ ਚਾਹੁੰਦੇ ਹੋਏ ਵੀ ਮਮਤਾ ਜੀ ਨੂੰ ਇਹ ਕੰਮ ਕਰਨਾ ਹੀ ਪਵੇਗਾ।
ਨਵਾਂ ਕੋਲਕਾਤਾ ਬਣਾਉਣ ਦੀ ਦੀਦੀ ਦੀ ਹੁਣ ਕੀ ਰਣਨੀਤੀ ਹੋਵੇਗੀ?
ਇਸ ਵਿਸ਼ੇ ’ਤੇ ਸਾਡੀ ਅਜੇ ਮਮਤਾ ਜੀ ਨਾਲ ਵਿਸਤਾਰ ਨਾਲ ਗੱਲ ਨਹੀਂ ਹੋਈ ਪਰ ਜਿਸ ਤਰ੍ਹਾਂ ਦਾ ਜਨ-ਆਧਾਰ ਮਿਲਿਆ ਹੈ, ਉਸ ਦਾ ਮਕਸਦ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਹੋਣਾ ਚਾਹੀਦਾ ਹੈ ਅਤੇ ਵਿਕਾਸ ਦੀ ਅਜਿਹੀ ਯੋਜਨਾ ਬਣਾਉਣੀ ਚਾਹੀਦੀ ਹੈ, ਜਿਸ ਵਿਚ ਪੂਰਾ ਬੰਗਾਲ ਸ਼ਾਮਲ ਹੋ ਸਕੇ। ਵਿਕਾਸ ਦੀ ਰਣਨੀਤੀ ਬਣਾਉਣ ਵੇਲੇ ਇਹ ਧਿਆਨ ਦੇਣਾ ਪਵੇਗਾ ਕਿ ਹਰ ਖੇਤਰ ਦੀ ਵੱਖ-ਵੱਖ ਸਮੱਸਿਆ ਹੁੰਦੀ ਹੈ।
ਜਨਤਾ ਦੇ ਪ੍ਰਾਣ ਜਾਣ ਪਰ PM ਦੀ ਟੈਕਸੀ ਵਸੂਲੀ ਨਾ ਜਾਏ : ਰਾਹੁਲ ਗਾਂਧੀ
NEXT STORY