ਨੈਸ਼ਨਲ ਡੈਸਕ- ਫਿਰਕੂ ਦੰਗਿਆਂ ਦੇ ਸੰਬੰਧ ’ਚ ਪੰਜਾਬ ਅਤੇ ਹਰਿਆਣਾ ਦੇ ਮੁਕਾਬਲਤਨ ਅਧਿਐਨ ’ਚ ਹੈਰਾਨ ਕਰਨ ਵਾਲੇ ਤੱਥ ਸਾਹਮਣੇ ਆਏ ਹਨ। ਪੰਜਾਬ ’ਚ 2016-2020 ਦੇ ਦੌਰਾਨ 5 ਸਾਲ ਦੀ ਮਿਆਦ ’ਚ ਫਿਰਕੂ ਦੰਗਿਆਂ ਦਾ ਇਕ ਵੀ ਮਾਮਲਾ ਨਹੀਂ ਵੇਖਿਆ ਗਿਆ, ਜਦੋਂ ਕਿ ਹਰਿਆਣਾ ’ਚ 421 ਫਿਰਕੂ ਦੰਗਿਆਂ ਦੇ ਨਾਲ ਇਕ ਰਿਕਾਰਡ ਬਣ ਗਿਆ।
ਸਭ ਤੋਂ ਬੁਰੀ ਗੱਲ ਇਹ ਹੈ ਕਿ ਹਰਿਆਣਾ ’ਚ ਇਸ 5 ਸਾਲ ਦੀ ਮਿਆਦ ਦੌਰਾਨ 994 ਲੋਕਾਂ ਦੇ ਖਿਲਾਫ ਦੋਸ਼ ਪੱਤਰ ਦਾਇਰ ਕੀਤੇ ਗਏ ਪਰ ਸਿਰਫ 19 ਲੋਕਾਂ ਨੂੰ ਹੀ ਦੋਸ਼ੀ ਠਹਿਰਾਇਆ ਜਾ ਸਕਿਆ, ਜਿਸ ਨਾਲ ਸਜ਼ਾ ਦਾ ਫ਼ੀਸਦੀ 2 ਤੋਂ ਵੀ ਘੱਟ ਰਿਹਾ ਹੈ। ਹਾਲ ਹੀ ’ਚ ਗੁਰੂਗ੍ਰਾਮ ਖੇਤਰ ’ਚ ਭਾਰੀ ਫਿਰਕੂ ਤਣਾਅ ਵੇਖਿਆ ਗਿਆ ਪਰ ਸਜ਼ਾ ਦੀ ਦਰ ਨੇ ਕੇਂਦਰੀ ਗ੍ਰਹਿ ਮੰਤਰਾਲਾ ਨੂੰ ਨਿਰਾਸ਼ ਕੀਤਾ, ਕਿਉਂਕਿ ਇਹ ਦੇਸ਼ ’ਚ 5.70 ਫ਼ੀਸਦੀ ਦੋਸ਼ੀਆਂ ਨੂੰ ਸਜ਼ਾ ਮਿਲਣ ਦੇ ਰਾਸ਼ਟਰੀ ਔਸਤ ਤੋਂ ਕਾਫ਼ੀ ਹੇਠਾਂ ਹੈ। 5 ਸਾਲ ਦੀ ਮਿਆਦ ਦੌਰਾਨ 36 ਸੂਬਿਆਂ ’ਚ 17244 ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ’ਚ 984 ਲੋਕਾਂ ਨੂੰ ਦੋਸ਼ੀ ਠਹਿਰਾਇਆ ਗਿਆ ਜੋ ਕਿ ਔਸਤਨ 5.70 ਫ਼ੀਸਦੀ ਹੈ। ਉੱਥੇ ਹੀ ਪੰਜਾਬ ’ਚ ਕੋਈ ਦੰਗਾ ਨਹੀਂ ਹੋਇਆ ਅਤੇ ਕੋਈ ਮੁਕੱਦਮਾ ਨਹੀਂ ਦਰਜ ਕੀਤਾ ਗਿਆ।
ਦੇਸ਼ ਨੂੰ ਇਸ ਗੱਲ ਨਾਲ ਕੁਝ ਸੁਕੂਨ ਮਿਲ ਸਕਦਾ ਹੈ ਕਿ 2020 ’ਚ ਯੂ. ਪੀ., ਗੋਆ, ਕਰਨਾਟਕ, ਪੰਜਾਬ ਅਤੇ ਤੇਲੰਗਾਨਾ ਸਮੇਤ 19 ਸੂਬਿਆਂ ’ਚ ਕੋਈ ਫਿਰਕੂ ਦੰਗਾ ਨਹੀਂ ਹੋਇਆ। ਅਧਿਕਾਰਿਕ ਸਰੋਤਾਂ ਤੋਂ ਇਕੱਠੇ ਕੀਤੇ ਡਾਟਾ ਤੋਂ ਪਤਾ ਲੱਗਦਾ ਹੈ ਕਿ ਬਿਹਾਰ ਦਾ ਵੀ ਇਕ ਨਿਰਾਸ਼ਾਜਨਕ ਰਿਕਾਰਡ ਹੈ, ਜਿੱਥੇ 2016-2020 ਦੌਰਾਨ 3706 ਮੁਲਜ਼ਮਾਂ ’ਚੋਂ 84 ਨੂੰ ਦੋਸ਼ੀ ਠਹਿਰਾਇਆ ਗਿਆ।
ਮਹਾਰਾਸ਼ਟਰ ’ਚ 2016-2020 ਦੌਰਾਨ 5 ਸਾਲ ’ਚ 2511 ਲੋਕਾਂ ਨੂੰ ਚਾਰਜ਼ਸ਼ੀਟ ਕੀਤਾ ਗਿਆ, ਜਦੋਂ ਕਿ ਉੱਥੇ ਸਿਰਫ 32 ਲੋਕਾਂ ਨੂੰ ਸਜ਼ਾ ਮਿਲ ਸਕੀ। ਇਸ ਦਰਮਿਆਨ 2016 ’ਚ 780 ਲੋਕਾਂ ਨੂੰ ਚਾਰਜ਼ਸ਼ੀਟ ਕੀਤਾ ਗਿਆ, ਜਿਨ੍ਹਾਂ ’ਚੋਂ ਕਿਸੇ ਨੂੰ ਵੀ ਦੋਸ਼ੀ ਨਹੀਂ ਠਹਿਰਾਇਆ ਗਿਆ। 2018 ਅਤੇ 2020 ’ਚ ਵੀ ਚਾਰਜਸ਼ੀਟ ਕੀਤੇ ਸਾਰੇ ਮੁਲਜ਼ਮ ਬਰੀ ਹੋ ਗਏ। ਹਾਲਾਂਕਿ ਯੂ. ਪੀ. ਦਾ ਰਿਕਾਰਡ ਬਿਹਤਰ ਸੀ, ਜਿੱਥੇ ਇਨ੍ਹਾਂ 5 ਸਾਲਾਂ ’ਚ 707 ਲੋਕਾਂ ਨੂੰ ਚਾਰਜ਼ਸ਼ੀਟ ਕੀਤਾ ਗਿਆ, ਜਿਨ੍ਹਾਂ ’ਚੋਂ 122 ਨੂੰ ਦੋਸ਼ੀ ਠਹਿਰਾਇਆ ਗਿਆ, ਜੋ ਕਿ 17.25 ਫ਼ੀਸਦੀ ਹੈ।
ਇਹ ਵੀ ਸਾਹਮਣੇ ਆਇਆ ਕਿ ਹਰਿਆਣਾ, ਬਿਹਾਰ ਅਤੇ ਮਹਾਰਾਸ਼ਟਰ ’ਚ 2020 ਦੇ ਦੌਰਾਨ ਦੇਸ਼ ’ਚ ਸਭ ਤੋਂ ਵੱਧ ਫਿਰਕੂ ਦੰਗੇ ਹੋਏ। ਦੇਸ਼ ’ਚ 5 ਸਾਲਾਂ ’ਚ ਕੁੱਲ 3399 ’ਚੋਂ ਸਭ ਤੋਂ ਵੱਧ 721 ਫਿਰਕੂ ਦੰਗੇ ਬਿਹਾਰ ’ਚ ਹੋਏ, ਮਹਾਰਾਸ਼ਟਰ ’ਚ 295, ਜਦੋਂ ਕਿ ਯੂ. ਪੀ. ’ਚ 2018, 2019 ਅਤੇ 2020 ਦੇ ਦੌਰਾਨ ਇਕ ਵੀ ਫਿਰਕੂ ਦੰਗਾ ਨਹੀਂ ਹੋਇਆ।
UNSC ’ਚ ਬੋਲਿਆ ਭਾਰਤ, ਯੂਕ੍ਰੇਨ-ਰੂਸ ਦੀ ਸਰਹੱਦ ’ਤੇ ਵਧਦਾ ਤਣਾਅ ਗੰਭੀਰ ਚਿੰਤਾ ਦਾ ਵਿਸ਼ਾ
NEXT STORY