ਹਾਲ ਹੀ 'ਚ ਰਿਲੀਜ਼ ਹੋਈ ਕਾਮਯਾਬ ਫਿਲਮ 'ਜੱਟ ਬੁਆਏਜ਼' ਨੂੰ ਤਕਨੀਕੀ ਅਤੇ ਨਿਰਦੇਸ਼ਕ ਪੱਖੋਂ ਨਿਵੇਕਲੇ ਮਾਪਦੰਡਾਂ ਦਾ ਹਾਣੀ ਬਣਾਉਣ ਵਾਲੇ ਹੋਣਹਾਰ ਨਿਰਦੇਸ਼ਕ ਸਿਮਰਜੀਤ ਸਿੰਘ ਹੁੰਦਲ ਇਨ੍ਹੀਂ ਦਿਨੀਂ ਆਪਣੀ ਨਵੀਂ ਫਿਲਮ 'ਗੰਨ ਐਂਡ ਗੋਲ' ਨੂੰ ਅੰਤਿਮ ਛੋਹਾਂ ਦੇਣ ਵਿਚ ਜੁਟੇ ਹੋਏ ਹਨ।
ਪੰਜਾਬੀ ਸਿਨੇਮਾ ਲਈ ਬਣ ਰਹੀਆਂ ਅਰਥ ਭਰਪੂਰ ਫਿਲਮਾਂ ਦੀ ਲੜੀ ਵਿਚ ਸ਼ਾਮਿਲ ਹੋਣ ਦਾ ਮਾਣ ਹਾਸਿਲ ਕਰਨ ਵਾਲੀ ਇਸ ਫਿਲਮ ਦਾ ਨਿਰਮਾਣ 'ਸਰਾਓ ਫਿਲਮਜ਼' ਵਲੋਂ ਕੀਤਾ ਜਾ ਰਿਹਾ ਹੈ, ਜਿਸ ਦੇ ਨਿਰਮਾਤਾ ਹਨ ਸੁਰਿੰਦਰਜੀਤ ਸਿੰਘ ਸਰਾਓ। ਪੰਜਾਬ ਦੇ ਦੁਆਬੇ ਖੇਤਰ ਨਾਲ ਸੰੰਬੰਧਿਤ ਹੁਸ਼ਿਆਰਪੁਰ ਇਲਾਕੇ ਤੇ ਮਾਹਿਲਪੁਰ ਪਿੰਡ ਦੀਆਂ ਖੂਬਸੂਰਤ ਲੋਕੇਸ਼ਨਾਂ 'ਤੇ ਫਿਲਮਾਈ ਜਾਣ ਵਾਲੀ ਇਸ ਫਿਲਮ ਦੁਆਰਾ ਇਕ ਹੋਰ ਸੋਹਣਾ-ਸੁਨੱਖਾ ਅਤੇ ਕਾਬਿਲ ਅਦਾਕਾਰ ਸੁਮਿਤ ਸਰਾਓ ਇਸ ਸਿਨੇਮਾ 'ਚ ਸ਼ਾਨਦਾਰ ਸ਼ੁਰੂਆਤ ਕਰ ਰਿਹਾ ਹੈ। ਉਨ੍ਹਾਂ ਨਾਲ ਪ੍ਰਤਿਭਾਵਾਨ ਅਤੇ ਖੂਬਸੂਰਤ ਅਦਾਕਾਰਾ ਰਿਸ਼ਿਤਾ ਮੌਂਗਾ, ਸੇਜਲ ਸ਼ਰਮਾ, ਹਰਮਨਪ੍ਰੀਤ ਚਾਵਲਾ, ਸੰਦੀਪਾ ਵਿਰਕ ਤੋਂ ਇਲਾਵਾ ਮਾਂ ਬੋਲੀ ਸਿਨੇਮਾ ਦੇ ਮੰਝੇ ਹੋਏ ਐਕਟਰ ਗੁੱਗੂ ਗਿੱਲ, ਸਰਦਾਰ ਸੋਹੀ, ਸੁਰਿੰਦਰ ਛਿੰਦਾ, ਰਜ਼ੀਆ ਸੁਖਬੀਰ, ਸੁਖਵਿੰਦਰ ਸੋਹੀ, ਸੰਜੀਵ ਅੱਤਰੀ, ਜਤਿੰਦਰ ਤੋਤੀ ਆਦਿ ਵੀ ਅਹਿਮ ਭੂਮਿਕਾਵਾਂ ਵਿਚ ਨਜ਼ਰ ਆਉਣਗੇ।
ਇਸ ਫਿਲਮ ਦੇ ਥੀਮ ਸੰਬੰਧੀ ਨਿਰਦੇਸ਼ਕ ਸਿਮਰਜੀਤ ਹੁੰਦਲ ਤੋਂ ਜਾਣਿਆ ਤਾਂ ਉਨ੍ਹਾਂ ਦੱਸਿਆ ਕਿ ਫਿਲਮ ਦਾ ਕੇਂਦਰਬਿੰਦੂ ਇਕ ਅਜਿਹੇ ਖਿਡਾਰੀ ਨੌਜਵਾਨ ਨੂੰ ਬਣਾਇਆ ਗਿਆ ਹੈ, ਜਿਸ ਨੂੰ ਜੀਵਨ ਵਿਚ ਕਈ ਚੁਣੌਤੀਪੂਰਨ ਹਾਲਾਤ ਦਾ ਸਾਹਮਣਾ ਕਰਨਾ ਪੈਂਦਾ ਹੈ।
ਉਨ੍ਹਾਂ ਦੱਸਿਆ ਕਿ ਫਿਲਮ ਦੀ ਕਹਾਣੀ, ਨਿਰਦੇਸ਼ਨ ਨੂੰ ਭਾਵਪੂਰਨ ਰੂਪ ਦੇਣ ਤੋਂ ਇਲਾਵਾ ਤਕਨੀਕੀ ਅਤੇ ਹੋਰ ਪੱਖਾਂ ਤੋਂ ਵੀ ਫਿਲਮ ਨੂੰ ਬਿਹਤਰੀਨ ਬਣਾਉਣ ਲਈ ਫਿਲਮ ਨਿਰਮਾਤਾ ਵਲੋਂ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ। ਮੁਕੇਸ਼ ਤਿਵਾੜੀ ਬਾਲੀਵੱਡ ਦੀਆਂ 'ਚਾਈਨਾ ਗੇਟ', 'ਗੰਗਾਜਲ', 'ਗੋਲਮਾਲ', 'ਗੋਲਮਾਲ ਰਿਟਰਨ' ਜਿਹੀਆਂ ਕਈ ਅਹਿਮ ਫਿਲਮਾਂ ਵਿਚ ਆਪਣੇ ਦਮਦਾਰ ਅਭਿਨੈ ਦੀ ਧਾਕ ਜਮਾ ਚੁੱਕੇ ਹਨ।
ਨੌਜਵਾਨ ਨਿਰਦੇਸ਼ਕ ਸਿਮਰਜੀਤ ਸਿੰਘ ਨੇ ਅੱਗੇ ਦੱਸਿਆ ਕਿ ਨੌਜਵਾਨ ਮਨਾਂ ਅਤੇ ਪੰਜਾਬੀ ਕਦਰਾਂ-ਕੀਮਤਾਂ ਦੀ ਤਰਜਮਾਨੀ ਕਰਨ ਵਾਲੀ ਇਸ ਫਿਲਮ ਨੂੰ ਬਿਹਤਰੀਨ ਰੂਪ ਦੇਣ ਵਿਚ ਲੇਖਕ ਸੁਰਮੀਤ ਮਾਵੀ ਦਾ ਵੀ ਯੋਗਦਾਨ ਹੈ।
ਉਨ੍ਹਾਂ ਦੱਸਿਆ ਕਿ ਇਸ ਫਿਲਮ ਦੇ ਸੰਗੀਤਕ ਪੱਖ ਨੂੰ ਵੀ ਉਸੇ ਤਰ੍ਹਾਂ ਬਣਾਉਣ ਲਈ ਵਿਸ਼ੇਸ਼ ਤਵੱਜੋ ਦਿੱਤੀ ਗਈ ਹੈ, ਜਿਸ ਦੇ ਮੱਦੇਨਜ਼ਰ ਸੰਤੋਖ ਸਿੰਘ, ਓਂਕਾਰ ਅਤੇ ਜੱਗੀ ਵਲੋਂ ਫਿਲਮ ਦਾ ਸੰਗੀਤ ਬਹੁਤ ਹੀ ਮਨਮੋਹਕ ਤਿਆਰ ਕੀਤਾ ਗਿਆ ਹੈ।
ਪੰਜਾਬੀ ਸਿਨੇਮਾ 'ਚ ਕੁਝ ਨਵਾਂ ਵੇਖਣ ਦੀ ਚਾਹ ਰੱਖਦੇ ਦਰਸ਼ਕਾਂ ਦੀ ਹਰ ਕਸੌਟੀ 'ਤੇ ਖਰਾ ਉਤਰਨ ਦੀ ਪੂਰੀ ਸਮਰੱਥਾ ਰੱਖਦੀ ਇਸ ਫਿਲਮ ਨੂੰ ਇਸੇ ਸਾਲ ਦੇ ਅੰਤ 'ਚ ਵਰਲਡਵਾਈਜ਼ ਰਿਲੀਜ਼ ਕੀਤਾ ਜਾਵੇਗਾ।
ਖੂਬਸੂਰਤ ਦੌਰ ਮੁੜ ਪਰਤੇਗਾ
NEXT STORY