ਬਾਲੀਵੁੱਡ ਦਾ ਕਿੰਗ ਖਾਨ ਭਾਵ ਸ਼ਾਹਰੁਖ ਖਾਨ ਦਿਲ ਅਤੇ ਜ਼ੁਬਾਨ ਦਾ ਵੀ ਕਿੰਗ ਹੈ। ਸਫਲਤਾ ਦੀ ਸਿਖਰ 'ਤੇ ਚੜ੍ਹਨ ਲਈ ਹੁਣ ਤੋਂ ਹੀ ਬੇਤਾਬ ਆਪਣੀ ਨਵੀਂ ਫ਼ਿਲਮ 'ਹੈਪੀ ਨਿਊ ਯੀਅਰ' ਨੂੰ ਲੈ ਕੇ ਉਸ ਦਾ ਉਤਸ਼ਾਹ ਦੇਖਣ ਵਾਲਾ ਹੈ। 'ਓਮ ਸ਼ਾਂਤੀ ਓਮ' ਤੋਂ ਬਾਅਦ ਇਕ ਵਾਰ ਫਿਰ ਨਿਰਦੇਸ਼ਕ ਫਰਹਾ ਖਾਨ ਦੀ ਇਸ ਫ਼ਿਲਮ ਵਿਚ ਉਹ ਆਪਣੀ ਬਾਡੀ ਦਿਖਾਉਣ ਲਈ ਤਿਆਰ ਹੈ, ਜਦਕਿ ਪਿਛਲੀਆਂ ਦੋ ਹਿੱਟ ਫ਼ਿਲਮਾਂ ਦੀ ਸਫਲ ਹੀਰੋਇਨ ਦੀਪਿਕਾ ਪਾਦੁਕੋਣ ਦਾ ਸਾਥ ਉਸ ਨੂੰ ਇਸ ਤੀਜੀ ਫ਼ਿਲਮ 'ਚ ਵੀ ਮਿਲਿਆ ਹੈ। ਪੇਸ਼ ਹਨ ਉਸ ਨਾਲ ਹੋਈ ਗੱਲਬਾਤ ਦੇ ਮੁੱਖ ਅੰਸ਼ :-
* ਆਪਣੀ ਨਵੀਂ ਫ਼ਿਲਮ 'ਹੈਪੀ ਨਿਊ ਯੀਅਰ' ਨੂੰ ਲੈ ਕੇ ਕਿਹੋ ਜਿਹਾ ਰੋਮਾਂਚ ਮਹਿਸੂਸ ਕਰ ਰਹੇ ਹੋ?
—ਬਹੁਤ ਜ਼ਿਆਦਾ ਉਤਸ਼ਾਹਿਤ ਹਾਂ ਕਿਉਂਕਿ ਇਹ ਮੇਰੇ ਕਰੀਅਰ ਦੀ ਇਕ ਬਿਹਤਰੀਨ ਫ਼ਿਲਮ ਹੋਵੇਗੀ। ਉਂਝ ਵੀ ਫਰਹਾ ਖਾਨ ਦੇ ਨਿਰਦੇਸ਼ਨ ਵਿਚ ਬਣੀਆਂ ਮੇਰੀਆਂ ਪਿਛਲੀਆਂ ਦੋਵੇਂ ਫ਼ਿਲਮਾਂ 'ਮੈਂ ਹੂੰ ਨ' ਅਤੇ 'ਓਮ ਸ਼ਾਂਤੀ ਓਮ' ਸੁਪਰਹਿੱਟ ਰਹੀਆਂ ਸਨ, ਅਜਿਹੇ ਵਿਚ ਇਸ ਫ਼ਿਲਮ ਨੂੰ ਲੈ ਕੇ ਵੀ ਆਸਵੰਦ ਹਾਂ। ਫਰਹਾ ਖਾਨ ਨਾਲ ਫ਼ਿਲਮ ਦੇ ਸਾਰੇ ਕਲਾਕਾਰਾਂ ਨੇ ਕਾਫੀ ਮਿਹਨਤ ਕੀਤੀ ਹੈ। ਅਜਿਹੇ ਵਿਚ ਫ਼ਿਲਮ ਦਾ ਬਾਕਸ ਆਫਿਸ 'ਤੇ ਚੰਗਾ ਨਤੀਜਾ ਦੇਣਾ ਲਾਜ਼ਮੀ ਹੈ।
* ਦਰਸ਼ਕਾਂ ਨੂੰ ਖੁਸ਼ ਕਰਨ ਲਈ ਫ਼ਿਲਮ 'ਚ ਅਜਿਹਾ ਕੀ ਖਾਸ ਹੈ?
—ਦੇਖੋ, ਇਸ ਬਾਰੇ ਮੇਰਾ ਸਪੱਸ਼ਟ ਮੰਨਣੈ ਕਿ ਹਰ ਫ਼ਿਲਮ ਹਰ ਕਿਸੇ ਨੂੰ ਪਸੰਦ ਨਹੀਂ ਆਉਂਦੀ। ਅਜਿਹੇ ਲੋਕ ਵੀ ਹਨ, ਜੋ ਲੀਕ ਤੋਂ ਹਟ ਕੇ ਬਣੀਆਂ ਅਜੀਬੋ-ਗਰੀਬ ਫ਼ਿਲਮਾਂ ਨੂੰ ਕਮਰਸ਼ੀਅਲ ਸਿਨੇਮਾ ਜਾਂ ਆਰਟ ਫ਼ਿਲਮਾਂ ਦਾ ਨਾਂ ਦੇਣਾ ਪਸੰਦ ਕਰਦੇ ਹਨ। ਮੇਰਾ ਮੰਨਣੈ ਕਿ ਫ਼ਿਲਮ ਇਹੋ ਜਿਹੀ ਹੋਣੀ ਚਾਹੀਦੀ ਹੈ, ਜਿਸ ਵਿਚ ਹਰ ਮਸਾਲਾ ਮੌਜੂਦ ਹੋਵੇ, ਜੋ ਫਰੰਟ ਕਲਾਸ ਤੋਂ ਲੈ ਕੇ ਮਲਟੀਪਲੈਕਸ ਕਲਾਸ ਨੂੰ ਵੀ ਪਸੰਦ ਆਏ। ਫਰਹਾ ਖਾਨ ਦੀ ਇਸ ਫ਼ਿਲਮ ਵਿਚ ਉਹ ਸਭ ਕੁਝ ਮਿਲੇਗਾ, ਜੋ ਇਕ ਆਮ ਦਰਸ਼ਕ ਦੇਖਣਾ ਪਸੰਦ ਕਰਦਾ ਹੈ।
* ਆਖਿਰ 'ਹੈਪੀ ਨਿਊ ਯੀਅਰ' ਵਿਚ ਅਜਿਹਾ ਕੀ ਖਾਸ ਹੈ?
—ਫਰਹਾ ਖਾਨ ਦੇ ਨਿਰਦੇਸ਼ਨ ਵਿਚ ਬਣੀ ਇਸ ਫ਼ਿਲਮ ਦਾ ਨਿਰਮਾਣ ਸਾਡੇ ਪ੍ਰੋਡਕਸ਼ਨ ਹਾਊਸ ਰੈੱਡ ਚਿਲੀਜ਼ ਐਂਟਰਟੇਨਮੈਂਟ ਪ੍ਰਾ. ਲਿਮ. ਨੇ ਕੀਤਾ ਹੈ, ਜਿਸ ਵਿਚ ਡਾਂਸ, ਡਰਾਮਾ, ਰੋਮਾਂਸ, ਭਾਵੁਕਤਾ, ਮਾਰ-ਧਾੜ, ਵੱਡੇ-ਵੱਡੇ ਸਟਾਰ ਅਤੇ ਉਹ ਸਭ ਕੁਝ ਹੈ, ਜੋ ਬਾਲੀਵੁੱਡ ਦੀ ਇਕ ਸਫਲ ਫ਼ਿਲਮ ਵਿਚ ਹੋਣਾ ਚਾਹੀਦੈ। ਹਾਲਾਂਕਿ ਇਸ ਫ਼ਿਲਮ ਦੀ ਕਹਾਣੀ ਦਾ ਕੇਂਦਰ ਚੋਰੀ 'ਤੇ ਆਧਾਰਿਤ ਹੈ ਪਰ ਇਸ ਵਿਚ ਕੁਝ ਚੀਜ਼ਾਂ ਅਜਿਹੀਆਂ ਹਨ, ਜੋ ਇਸ ਸ਼ੈਲੀ ਦੀਆਂ ਬਾਕੀ ਫ਼ਿਲਮਾਂ ਤੋਂ ਇਸ ਨੂੰ ਵੱਖ ਕਰਦੀਆਂ ਹਨ। ਫ਼ਿਲਮ ਦੀ ਕਹਾਣੀ ਫਰਹਾ ਖਾਨ ਨੇ ਹੀ ਲਿਖੀ ਹੈ। ਅਸਲ ਵਿਚ ਫਰਹਾ ਖਾਨ ਅਜਿਹੀਆਂ ਹੀ ਫ਼ਿਲਮਾਂ ਬਣਾਉਂਦੀ ਹੈ, ਜੋ ਵੱਧ ਤੋਂ ਵੱਧ ਲੋਕਾਂ ਨੂੰ ਪਸੰਦ ਆਉਣ। ਫਰਹਾ ਹਰ ਤਰ੍ਹਾਂ ਦੇ ਦਰਸ਼ਕਾਂ ਦਾ ਮਨੋਰੰਜਨ ਕਰਨ ਵਿਚ ਮਾਹਿਰ ਹੈ। ਇਹ ਫ਼ਿਲਮ ਵੀ ਇਕ ਸੰਗੀਤਮਈ ਫ਼ਿਲਮ ਹੈ, ਜਿਸ ਵਿਚ ਮੇਰੇ ਤੋਂ ਇਲਾਵਾ ਦੀਪਿਕਾ ਪਾਦੁਕੋਣ, ਅਭਿਸ਼ੇਕ ਬੱਚਨ, ਬੋਮਨ ਈਰਾਨੀ, ਸੋਨੂੰ ਸੂਦ ਅਤੇ ਵਿਵਾਨ ਸ਼ਾਹ ਵਰਗੇ ਸਟਾਰ ਹਨ। ਫ਼ਿਲਮ ਵਿਚ ਜੈਕੀ ਸ਼ਰਾਫ ਖਲਨਾਇਕ ਦੇ ਕਿਰਦਾਰ ਵਿਚ ਹਨ। ਵਿਸ਼ਾਲ-ਸ਼ੇਖਰ ਨੇ ਫ਼ਿਲਮ ਦਾ ਸੰਗੀਤ ਦਿੱਤਾ ਹੈ।
* ਇਸ ਵਿਚ ਆਪਣੇ ਕਿਰਦਾਰ ਬਾਰੇ ਥੋੜ੍ਹਾ ਵਿਸਥਾਰ 'ਚ ਦੱਸੋ।
—ਇਸ ਫ਼ਿਲਮ ਦੀ ਕਹਾਣੀ ਪੰਜ ਅਜਿਹੇ ਨੌਜਵਾਨਾਂ ਦੀ ਹੈ, ਜੋ ਡਾਂਸ ਕਰਨ ਵਿਚ ਬਹੁਤ ਬੁਰੇ ਹਨ ਪਰ ਇਕ ਡਾਂਸ ਮੁਕਾਬਲਾ ਜਿੱਤਣ ਲਈ ਇਕੱਠੇ ਹੁੰਦੇ ਹਨ ਅਤੇ ਇਸ ਪਿੱਛੋਂ ਜ਼ਿੰਦਗੀ 'ਚ ਆਖਰੀ ਮੌਕੇ ਲਈ ਇਕ ਵੱਡਾ ਜੋਖ਼ਮ ਲੈਂਦੇ ਹਨ ਪਰ ਇਸ ਜੋਖ਼ਮ ਵਿਚ ਵੱਡਾ ਟਵਿਸਟ ਉਦੋਂ ਆਉਂਦਾ ਹੈ, ਜਦੋਂ ਕਹਾਣੀ ਵਿਚ ਜੈਕੀ ਸ਼ਰਾਫ ਦੀ ਐਂਟਰੀ ਹੁੰਦੀ ਹੈ। ਫ਼ਿਲਮ ਵਿਚ ਮੈਂ ਇਕ ਚੋਰ ਦਾ ਕਿਰਦਾਰ ਨਿਭਾਇਆ ਹੈ, ਜਦਕਿ ਦੀਪਿਕਾ ਨੇ ਇਕ ਅਜਿਹੀ ਬਾਰ ਡਾਂਸਰ ਦਾ ਕਿਰਦਾਰ ਨਿਭਾਇਆ ਹੈ, ਜੋ ਮਹਾਰਾਸ਼ਟਰ ਦੇ ਬਾਰ ਡਾਂਸ ਬੰਦ ਹੋ ਜਾਣ ਪਿੱਛੋਂ ਬੇਰੁਜ਼ਗਾਰ ਹੈ। ਕਹਾਣੀ ਅਨੁਸਾਰ ਦੀਪਿਕਾ ਮੈਨੂੰ ਅਤੇ ਮੇਰੀ ਟੀਮ ਨੂੰ ਗਲੋਬਲ ਡਾਂਸ ਕੰਪੀਟੀਸ਼ਨ ਲਈ ਟ੍ਰੇਨਿੰਗ ਦਿੰਦੀ ਹੈ ਤਾਂ ਕਿ ਅਸੀਂ ਟਰਾਫੀ ਜਿੱਤ ਸਕੀਏ। ਅੱਗੇ ਕਹਾਣੀ ਕੀ ਮੋੜ ਲੈਂਦੀ ਹੈ, ਇਹ ਥੀਏਟਰ ਵਿਚ ਹੀ ਪਤਾ ਲੱਗੇਗਾ।
* ਅੱਜਕਲ ਸੌ ਕਰੋੜ ਕਲੱਬ ਦਾ ਬੜਾ ਰੌਲਾ ਹੈ। ਤੁਹਾਡੀਆਂ ਪਿਛਲੀਆਂ ਤਿੰਨ ਫ਼ਿਲਮਾਂ 'ਰਾ-ਵਨ', 'ਜਬ ਤਕ ਹੈ ਜਾਨ' ਅਤੇ 'ਚੇਨਈ ਐਕਸਪ੍ਰੈੱਸ' ਇਸ ਕਲੱਬ 'ਚ ਸ਼ਾਮਲ ਰਹੀਆਂ।
—ਮੈਂ ਹਮੇਸ਼ਾ ਅਗਾਂਹ ਦੀ ਸੋਚਦਾ ਹਾਂ। ਸੌ, ਦੋ ਸੌ ਕਰੋੜ ਨਹੀਂ, ਹੁਣ ਹਜ਼ਾਰ ਕਰੋੜੀ ਕਲੱਬ ਦਾ ਹਿੱਸਾ ਬਣਨਾ ਚਾਹੁੰਦਾ ਹਾਂ। ਮੇਰਾ ਮੰਨਣੈ ਕਿ ਫ਼ਿਲਮ ਚੰਗੀ ਹੋਵੇਗੀ ਤਾਂ ਕਮਾਈ ਕਰਕੇ ਹੀ ਛੱਡੇਗੀ ਅਤੇ ਜਦੋਂ ਇਹ ਬਿਹਤਰ ਕਮਾਈ ਕਰੇਗੀ ਤਾਂ ਇਸ ਦਾ ਫਾਇਦਾ ਫ਼ਿਲਮ ਨਾਲ ਜੁੜੇ ਹਰ ਕਲਾਕਾਰ ਨੂੰ ਮਿਲੇਗਾ। ਇੰਡਸਟਰੀ ਵਿਚ ਤੁਹਾਡੀ ਕੀਮਤ ਵਧਦੀ ਹੈ, ਤੁਹਾਡੀ ਕਦਰ ਵਧ ਜਾਂਦੀ ਹੈ, ਜਿਸ ਨਾਲ ਤੁਹਾਡਾ ਕਰੀਅਰ ਪ੍ਰਵਾਨ ਚੜ੍ਹਦਾ ਹੈ। ਇਸੇ ਲਈ ਮੈਂ ਹਮੇਸ਼ਾ ਵੱਡਾ ਸੋਚਦਾ ਹਾਂ।
* ਤਾਂ ਕੀ 'ਵੱਡਾ' ਸੋਚਣ ਕਾਰਨ ਹੀ ਅੱਜ ਤੁਹਾਡਾ ਮਿਹਨਤਾਨਾ ਤੀਹ ਤੋਂ ਚਾਲੀ ਕਰੋੜ ਵਿਚਾਲੇ ਜਾ ਪਹੁੰਚਿਆ ਹੈ?
—ਕੌਣ ਕਹਿੰਦਾ ਹੈ। ਚਾਲੀ ਕਰੋੜ ਬੋਲਣ ਵਿਚ ਜਿੰਨਾ ਸੌਖਾ ਲੱਗਦੈ, ਦੇਖਣ ਪਿੱਛੋਂ ਹੋਸ਼ ਉੱਡ ਜਾਂਦੇ ਹਨ। ਇਹ ਸਭ ਅਫਵਾਹਾਂ ਹਨ ਅਤੇ ਇਨ੍ਹਾਂ ਅਫਵਾਹਾਂ ਨੂੰ ਹਵਾ ਨਾ ਦਿਓ। ਮੈਂ ਨਿਰਮਾਤਾਵਾਂ ਤੋਂ ਓਨਾ ਹੀ ਮਿਹਨਤਾਨਾ ਲੈਂਦਾ ਹਾਂ, ਜਿੰਨਾ ਡਿਜ਼ਰਵ ਕਰਦਾ ਹਾਂ।
ਉਦੋਂ ਮੈਂ ਘਬਰਾ ਗਈ ਸੀ : ਇਲੀਆਨਾ ਡਿਕਰੂਜ਼
NEXT STORY