ਜਾਪਾਨ ਦੀ ਸਭ ਤੋਂ ਤੇਜ਼ 300 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਦੌੜਨ ਵਾਲੀ 'ਬੁਲੇਟ ਟ੍ਰੇਨ' ਦੇ ਨਾਂ ਨਾਲ ਮਸ਼ਹੂਰ ਸ਼ਿਨਕਾਨਸੇਨ ਟ੍ਰੇਨ ਪਹਿਲੀ ਨਜ਼ਰੀਂ ਕਿਸੇ ਸਾਇੰਸ ਫਿਕਸ਼ਨ ਫ਼ਿਲਮ ਵਿਚ ਦਿਖਾਈਆਂ ਜਾਣ ਵਾਲੀਆਂ ਟ੍ਰੇਨਾਂ ਵਰਗੀ ਲੱਗਦੀ ਹੈ। ਹੁਣੇ ਜਿਹੇ ਬੁਲੇਟ ਟ੍ਰੇਨ ਨੇ 50 ਸਾਲ ਦਾ ਸਫਰ ਪੂਰਾ ਕੀਤਾ ਹੈ।
ਟੋਕੀਓ ਅਤੇ ਓਸਾਕਾ ਵਿਚਾਲੇ 515 ਕਿਲੋਮੀਟਰ ਲੰਬੀ ਰੇਲ ਲਾਈਨ 'ਤੇ 1 ਅਕਤੂਬਰ 1964 ਨੂੰ ਇਸ ਦਾ ਉਦਘਾਟਨ ਟੋਕੀਓ ਓਲੰਪਿਕ ਤੋਂ ਠੀਕ ਪਹਿਲਾਂ ਕੀਤਾ ਗਿਆ ਸੀ। 50 ਸਾਲ ਪਹਿਲਾਂ 515 ਕਿਲੋਮੀਟਰ ਦੀ ਦੂਰੀ ਨੂੰ ਇਹ 4 ਘੰਟਿਆਂ ਵਿਚ ਪੂਰਾ ਕਰਦੀ ਸੀ ਪਰ ਹੁਣ ਇਸ ਸਫਰ ਵਿਚ ਸਿਰਫ ਢਾਈ ਘੰਟੇ ਲੱਗਦੇ ਹਨ। ਹੁਣ ਬੁਲੇਟ ਟ੍ਰੇਨ ਰੇਲ ਲਾਈਨਾਂ ਕੁੱਲ 2663 ਕਿਲੋਮੀਟਰ ਲੰਬੀਆਂ ਹੋ ਚੁੱਕੀਆਂ ਹਨ। ਹਰ ਸਾਲ ਲੱਗਭਗ 20 ਕਰੋੜ ਮੁਸਾਫਿਰ ਇਸ ਵਿਚ ਸਫਰ ਕਰਦੇ ਹਨ। ਇਹ ਟ੍ਰੇਨ ਇਸ ਗੱਲ ਦਾ ਸਬੂਤ ਹੈ ਕਿ ਜਾਪਾਨੀ ਤੇਜ਼ ਰਫ਼ਤਾਰ ਦੀਆਂ ਟ੍ਰੇਨਾਂ ਦੇ ਮਾਮਲੇ ਵਿਚ ਪੂਰੀ ਦੁਨੀਆ ਤੋਂ ਅੱਗੇ ਰਹੇ ਹਨ।
ਬੁਲੇਟ ਟ੍ਰੇਨ ਦੀ ਨਕਲ ਕਰ ਕੇ ਯੂਰਪੀ ਦੇਸ਼ਾਂ ਨੇ ਵੀ ਆਪੋ-ਆਪਣੀਆਂ ਤੇਜ਼ ਰਫ਼ਤਾਰ ਵਾਲੀਆਂ ਟ੍ਰੇਨਾਂ ਤਿਆਰ ਕੀਤੀਆਂ। ਫਰਾਂਸ ਵਿਚ ਟੀ. ਜ਼ੀ. ਵੀ. ਅਤੇ ਜਰਮਨੀ ਵਿਚ ਆਈ. ਸੀ. ਈ. ਟ੍ਰੇਨਾਂ ਚੱਲ ਰਹੀਆਂ ਹਨ ਪਰ ਬੁਲੇਟ ਟ੍ਰੇਨ ਦੁਨੀਆ ਦੀ ਹਰ ਟ੍ਰੇਨ ਤੋਂ ਵਧੇਰੇ ਸਫਲ ਰਹੀ। ਇਹ ਦੁਨੀਆ ਦੀ ਸਭ ਤੋਂ ਵਧੇਰੇ ਸੁਰੱਖਿਅਤ ਤੇਜ਼ ਰਫ਼ਤਾਰ ਵਾਲੀ ਟ੍ਰੇਨ ਹੈ। ਇੰਨੀ ਜ਼ਿਆਦਾ ਕਿ ਸਿਰਫ ਅਕਤੂਬਰ 2004 ਵਿਚ ਭੂਚਾਲ ਕਾਰਨ ਹੀ ਇਹ ਸਿਰਫ ਇਕ ਵਾਰ ਲੀਹੋਂ ਉਤਰੀ ਸੀ। ਬਿਨਾਂ ਸ਼ੱਕ ਇਕ ਵੀ ਮੁਸਾਫਿਰ ਜ਼ਖਮੀ ਨਹੀਂ ਹੋਇਆ ਪਰ ਫਿਰ ਵੀ ਜਾਪਾਨੀ ਇਸ 'ਤੇ ਸ਼ਰਮਿੰਦਾ ਸਨ।
ਭਾਰਤ ਹੀ ਨਹੀਂ, ਕੁਝ ਯੂਰਪੀ ਦੇਸ਼ਾਂ ਵਿਚ ਵੀ ਟ੍ਰੇਨਾਂ ਲੇਟ ਹੋਣਾ ਆਮ ਗੱਲ ਹੈ, ਬੁਲੇਟ ਟ੍ਰੇਨ ਕਦੇ ਲੇਟ ਨਾ ਹੋਣ ਲਈ ਪ੍ਰਸਿੱਧ ਹੈ। ਇਸ ਦੀ ਸਮੇਂ ਦੀ ਪਾਬੰਦ ਹੋਣ ਦੀ ਬਰਾਬਰੀ ਦੁਨੀਆ ਵਿਚ ਹੋਰ ਕੋਈ ਟ੍ਰੇਨ ਨਹੀਂ ਕਰ ਸਕਦੀ। ਭੂਚਾਲ ਜਾਂ ਚੱਕਰਵਾਤੀ ਤੂਫਾਨਾਂ ਵਰਗੀਆਂ ਕੁਦਰਤੀ ਆਫਤਾਂ ਨੂੰ ਛੱਡ ਦੇਈਏ ਤਾਂ ਅੱਜ ਤੱਕ ਇਹ ਟ੍ਰੇਨ ਕਦੇ ਲੇਟ ਨਹੀਂ ਹੋਈ। 2011 ਵਿਚ ਇਸ ਦੇ ਲੇਟ ਹੋਣ ਦਾ ਔਸਤ ਸਿਰਫ 36 ਸੈਕਿੰਡ ਰਿਹਾ।
ਇਸ ਦਾ ਕਾਰਨ ਟ੍ਰੇਨ ਦੀ ਬੇਹੱਦ ਆਧੁਨਿਕ ਤਕਨੀਕ ਅਤੇ ਕਮਾਲ ਦੀ ਸਾਂਭ-ਸੰਭਾਲ ਹੈ। ਇਸ ਦੇ ਲਈ ਖਾਸ ਰੇਲ ਟ੍ਰੈਕ ਹੈ, ਜਿਸ ਨੂੰ ਚਾਰੇ ਪਾਸਿਓਂ ਇਕ ਵਾੜ ਨਾਲ ਘੇਰਿਆ ਗਿਆ ਹੈ। ਹੋਰ ਮਾਲਵਾਹਕ ਅਤੇ ਯਾਤਰੀ ਟ੍ਰੇਨਾਂ ਲਈ ਰੇਲ ਲਾਈਨ ਵੱਖਰੀ ਹੈ। ਇਹ ਗੱਲ ਯੂਰਪ ਵਿਚ ਵੀ ਦੇਖਣ ਨੂੰ ਨਹੀਂ ਮਿਲਦੀ।
ਬੁਲੇਟ ਟ੍ਰੇਨ ਦੇ ਆਉਣ-ਜਾਣ ਅਤੇ ਚੱਲਣ ਨੂੰ 15 ਸੈਕਿੰਡ ਦੇ ਸਮੇਂ 'ਤੇ ਮਾਪਿਆ ਜਾਂਦਾ ਹੈ। ਕਿਸੇ ਟ੍ਰੇਨ ਲਈ ਇਕ ਮਿੰਟ ਲੇਟ ਹੁੰਦਿਆਂ ਹੀ ਸੈਂਟਰਲ ਕੰਟਰੋਲ ਹੈੱਡਕੁਆਰਟਰ ਵਿਚ ਅਲਾਰਮ ਵੱਜਣ ਲੱਗਦਾ ਹੈ। ਇਸ ਪਿੱਛੋਂ ਡਰਾਈਵਰ ਨਾਲ ਸੰਪਰਕ ਕਰ ਕੇ ਅਤੇ ਹਰ ਮੌਜੂਦ ਸਹੂਲਤ ਦੀ ਮਦਦ ਨਾਲ ਟ੍ਰੇਨ ਨੂੰ ਵਾਪਸ ਸਮੇਂ ਸਿਰ ਲਿਆਉਣ ਦੀ ਕੋਸ਼ਿਸ਼ ਸ਼ੁਰੂ ਹੋ ਜਾਂਦੀ ਹੈ।
ਬੁਲੇਟ ਟ੍ਰੇਨ ਦੀ ਸਫਾਈ ਵੀ ਘੱਟ ਵਿਲੱਖਣ ਨਹੀਂ। ਸਟੇਸ਼ਨ 'ਤੇ ਟ੍ਰੇਨ ਦੇ ਪਹੁੰਚਣ ਤੋਂ ਕੁਝ ਮਿੰਟ ਪਹਿਲਾਂ ਹੀ ਸਫਾਈ ਕਰਮਚਾਰੀ ਸਾਫ ਵਰਦੀਆਂ ਵਿਚ ਪਲੇਟਫਾਰਮ 'ਤੇ ਤਾਇਨਾਤ ਹੋ ਜਾਂਦੇ ਹਨ। ਟ੍ਰੇਨ ਦੇ ਸਟੇਸ਼ਨ 'ਤੇ ਰੁਕਦਿਆਂ ਹੀ ਉਹ ਇਸ ਅੰਦਰ ਵੜ ਕੇ ਟ੍ਰੇਨ ਦੀ ਸਫਾਈ ਵਿਚ ਜੁਟ ਜਾਂਦੇ ਹਨ।
ਕਿਤੇ ਵੀ ਗਿੱਲਾਪਣ ਹੋਣ 'ਤੇ ਉਨ੍ਹਾਂ ਦਾ 'ਜਾਦੂਈ ਝਾੜੂ' ਹਲਕਾ ਅਲਾਰਮ ਵਜਾ ਦਿੰਦਾ ਹੈ। ਸੀਟ ਗਿੱਲੀ ਹੋਣ 'ਤੇ ਤੁਰੰਤ ਉਸ ਦਾ ਕੁਸ਼ਨ ਬਦਲ ਦਿੱਤਾ ਜਾਂਦਾ ਹੈ।
ਸੁਧਾਰ ਦੇ ਯਤਨ ਵੀ ਲਗਾਤਾਰ ਜਾਰੀ ਹਨ। ਹੁਣੇ ਜਿਹੇ ਟ੍ਰੇਨ ਟ੍ਰੈਕ ਵਿਚ ਨਵੇਂ ਚੁੰਬਕੀ ਸਿਸਟਮ ਦੀ ਵਰਤੋਂ ਨਾਲ ਟ੍ਰੇਨ 500 ਕਿਲੋਮੀਟਰ ਪ੍ਰਤੀ ਘੰਟੇ ਦੀ ਟੌਪ ਸਪੀਡ ਛੂਹ ਚੁੱਕੀ ਹੈ, ਜੋ ਮੌਜੂਦਾ ਸਮੇਂ ਵਿਚ ਸਭ ਤੋਂ ਤੇਜ਼ ਸ਼ਿਨਕਾਨਸੇਨ ਟ੍ਰੇਨ ਹਾਯਾਬੂਸਾ ਦੀ ਟੌਪ ਸਪੀਡ 320 ਕਿਲੋਮੀਟਰ ਪ੍ਰਤੀ ਘੰਟਾ ਤੋਂ ਬਹੁਤ ਅੱਗੇ ਹੈ।
ਆਸਟ੍ਰੀਆ 'ਚ ਰੋਮਾਂਚ ਪੈਰਾਗਲਾਈਡਿੰਗ ਦਾ
NEXT STORY