'ਏ, ਇਧਰ ਆਓ। ਹਮ ਤੁਮਕੋ ਬੁਲਾਤਾ ਹੈ, ਸੁਨਤਾ ਨਹੀਂ!' ਅਨਿਲ ਬਿਸਵਾਸ ਦਾ ਖੂਨ ਖੌਲ ਗਿਆ। ਉਹ ਉਸ ਦੇ ਕੋਲ ਪਹੁੰਚੇ ਅਤੇ ਅੱਖਾਂ 'ਚ ਅੱਖਾਂ ਪਾ ਕੇ ਕਿਹਾ, ''ਕਯਾ ਬੋਲਾ? ਏਕ ਬਾਰ ਫਿਰ ਸੇ ਬੋਲੋ ਤੋ'' ਬੀ. ਐੱਮ. ਵਿਆਸ ਨੇ ਮੁੜ ਓਸੇ ਭਾਸ਼ਾ 'ਚ ਗੱਲ ਕੀਤੀ ਤਾਂ ਅਨਿਲ ਭੁੱਲ ਗਏ ਕਿ ਉਹ ਉਨ੍ਹਾਂ ਦੇ ਬੌਸ ਹਨ, ਕੰਪਨੀ ਦੇ ਮਾਲਕ ਹਨ। ਉਨ੍ਹਾਂ ਦੇ ਹੱਥ 'ਚ ਚਮੜੇ ਦਾ ਇਕ ਭਾਰਾ ਬੈਗ ਸੀ, ਉਹੀ ਦੇ ਮਾਰਿਆ ਵਿਆਸ ਜੀ ਦੇ ਮੂੰਹ 'ਤੇ। ਵਿਆਸ ਜੀ ਲਹੂ-ਲੁਹਾਨ ਹੋ ਕੇ ਡਿੱਗ ਪਏ ਅਤੇ ਅਨਿਲ ਓਥੋਂ ਨੌਂ ਦੋ ਗਿਆਰਾਂ ਹੋ ਗਏ।
1940 'ਚ ਅਨਿਲ ਬਿਸਵਾਸ ਨੇ ਇਕ ਗਾਣਾ ਕੰਪੋਜ਼ ਕੀਤਾ, ਜਿਸ ਨੂੰ ਉਨ੍ਹਾਂ ਦੇ ਖਿਆਲ ਅਨੁਸਾਰ ਮੁਕੇਸ਼ ਕੋਲੋਂ ਗਵਾਇਆ ਜਾ ਸਕਦਾ ਹੈ। ਇਹ ਨੈਸ਼ਨਲ ਸਟੂਡੀਓਜ਼ ਦੀ ਫਿਲਮ 'ਆਸਰਾ' (1941) ਦਾ ਗਾਣਾ ਸੀ, 'ਸਾਂਝ ਭਈ ਬੰਜਾਰੇ' ਪਰ ਬਹੁਤ ਯਤਨ ਦੇ ਬਾਵਜੂਦ ਮੁਕੇਸ਼ ਉਨ੍ਹਾਂ ਦੀ ਮਰਜ਼ੀ ਮੁਤਾਬਕ ਨਹੀਂ ਗਾ ਸਕੇ। ਅਖੀਰ ਅਨਿਲ ਨੂੰ ਉਹ ਗਾਣਾ ਖ਼ੁਦ ਗਾਉਣਾ ਪਿਆ। ਪਿੱਛੋਂ ਮੁਕੇਸ਼ ਨੇ ਉਨ੍ਹਾਂ ਦੀ ਰਿਕਾਰਡਿੰਗ ਸੁਣ ਕੇ ਇਕ ਅਜਿਹੀ ਗੱਲ ਆਖੀ, ਜੋ ਅਨਿਲ ਦੇ ਦਿਲ 'ਚ ਜਾ ਵੜੀ। ਉਨ੍ਹਾਂ ਨੇ ਕਿਹਾ, ''ਦਾਦਾ ਇਸ ਗਾਣੇ ਨੂੰ ਜਿਸ ਤਰ੍ਹਾਂ ਤੁਸੀਂ ਗਾਇਆ, ਉਸ ਤਰ੍ਹਾਂ ਹੋਰ ਕੌਣ ਗਾ ਸਕਦਾ ਸੀ? ਪਰ ਇਸ, ਨਾਲ ਕੀ ਅਸੀਂ ਇਹ ਮੰਨ ਲਈਏ ਕਿ ਤੁਹਾਡੇ ਗਾਣੇ ਗਾਉਣ ਦਾ ਸਾਨੂੰ ਕਦੇ ਮੌਕਾ ਨਹੀਂ ਮਿਲੇਗਾ?''
ਤਲਤ ਮਹਿਮੂਦ ਅਤੇ ਮੁਕੇਸ਼ ਵਰਗੇ ਵਿਲੱਖਣ ਗਾਇਕਾਂ ਨੂੰ ਪਹਿਲੀ ਵਾਰ ਫਿਲਮ 'ਚ ਮੌਕਾ ਦੇਣ ਵਾਲੇ ਅਨਿਲ ਦਾ ਹਿੰਦੀ ਫਿਲਮ ਦੇ ਸੰਗੀਤ ਦੇ ਮਹਾਰਥੀਆਂ 'ਚ ਇਕ ਸਨ। ਬਚਪਨ 'ਚ ਮਾਂ ਤੋਂ ਮਿਲੇ ਸੰਗੀਤ ਦੇ ਸੰਸਕਾਰ ਹੀ ਅੱਗੇ ਚੱਲ ਕੇ ਉਨ੍ਹਾਂ 'ਚ ਉੱਭਰੇ। ਸੰਗੀਤ ਉਨ੍ਹਾਂ ਦੀ ਰੂਹ ਦੀ ਖੁਰਾਕ ਸੀ। ਉਨ੍ਹਾਂ ਦੇ ਪ੍ਰਾਣਾਂ 'ਚ ਵਸੀ ਸੀ। ਸੰਗੀਤ ਦੇ ਸਹਾਰੇ ਉਹ ਜੀਵਨ ਦੀ ਕਠਿਨ ਤੋਂ ਕਠਿਨ ਪ੍ਰੀਖਿਆ ਪਾਸ ਕਰਦੇ ਰਹੇ। ਸੰਗੀਤ ਲਈ ਉਨ੍ਹਾਂ ਨੇ ਪਤਾ ਨਹੀਂ ਕੀ-ਕੀ ਕੀਤਾ, ਜਿਵੇਂ ਕ੍ਰਾਂਤੀਕਾਰੀ ਸਾਹਿਤ ਨੂੰ ਵੰਡਿਆ, ਕ੍ਰਾਂਤੀਕਾਰੀਆਂ ਨੂੰ ਅਸਤਰ-ਸ਼ਸਤਰ ਅਤੇ ਰਸਦ ਪਹੁੰਚਾਉਣਾ, ਬੰਬ ਬਣਾਉਣਾ, ਜੇਲ ਜਾਣਾ, ਭੁੱਖੇ ਢਿੱਡ ਸੜਕਾਂ ਨਾਪਣਾ, ਯਾਤਰਾ-ਨਾਟਕਾਂ ਦਾ ਗਾਇਨ ਆਦਿ।
1914 'ਚ ਜਨਮੇ ਅਨਿਲ ਬਿਸਵਾਸ 'ਚ ਦੇਸ਼ਭਗਤੀ, ਕਰਮਹੱਠਤਾ, ਈਮਾਨਦਾਰੀ ਅਤੇ ਮਾਨਵੀ ਉਦਾਰਤਾ ਕੁੱਟ-ਕੁੱਟ ਕੇ ਭਰੀ ਹੋਈ ਸੀ। ਉਨ੍ਹਾਂ ਨੇ ਸਵੈਮਾਨ ਨਾਲ ਕਦੇ ਸਮਝੌਤਾ ਨਹੀਂ ਕੀਤਾ। ਰੰਗ ਮਹੱਲ ਥੀਏਟਰ, ਕੋਲਕਾਤਾ 'ਚ ਉਨ੍ਹਾਂ ਦਾ ਪ੍ਰਵੇਸ਼ ਨੀਹਾਰ ਨਾਂ ਦੀ ਇਕ ਵੇਸਵਾ ਰਾਹੀਂ ਹੋਇਆ ਸੀ। ਉਨ੍ਹਾਂ ਦਾ ਗਾਇਨ ਸੁਣ ਕੇ ਸੰਗੀਤ ਨਿਰਦੇਸ਼ਕ ਨਿਤਾਈ ਮੋਤੀਲਾਲ ਨੇ ਉਨ੍ਹਾਂ ਨੂੰ 40 ਰੁਪਏ ਮਾਸਿਕ ਦੀ ਨੌਕਰੀ ਇਸ ਸ਼ਰਤ ਦੇ ਨਾਲ ਦਿੱਤੀ ਸੀ ਕਿ ਸੰਗੀਤ ਰਚਨਾ ਉਹ (ਅਨਿਲ ਬਿਸਵਾਸ) ਕਰਨਗੇ ਪਰ ਨਾਂ ਉਨ੍ਹਾਂ (ਨਿਤਾਈ ਮੋਤੀਲਾਲ) ਦਾ ਰਹੇਗਾ।
ਸੰਘਰਸ਼ਸ਼ੀਲ ਗਾਇਕ ਅਨਿਲ ਨੇ ਕੁਮਾਰ ਮੂਵੀਟੋਨ ਨਾਲ ਆਪਣਾ ਫਿਲਮੀ ਸਫਰ ਆਰੰਭ ਕੀਤਾ। ਕੁਮਾਰ ਮੂਵੀਟੋਨ ਦੇ ਮਾਲਕ ਬੀ. ਐੱਮ. ਵਿਆਸ ਦੀ ਨਾ ਸਿਰਫ ਸਰੀਰਕ ਰਚਨਾ ਅਜੀਬੋ-ਗਰੀਬ ਸੀ, ਸਗੋਂ ਉਨ੍ਹਾਂ ਦਾ ਆਪਣੇ ਕਰਮਚਾਰੀਆਂ ਨਾਲ ਵਤੀਰਾ ਵੀ। ਅਨਿਲ ਦਾ ਇਕ ਦਿਨ ਜਦੋਂ ਕੰਮ ਖਤਮ ਕਰ ਕੇ ਜਾਣ ਲੱਗੇ ਤਾਂ ਬੀ. ਐੱਮ. ਵਿਆਸ ਨੇ ਉਨ੍ਹਾਂ ਨੂੰ 'ਸ਼ਿਰੂ-ਸ਼ਿਰੂ' ਕਹਿ ਕੇ ਬੁਲਾਇਆ। ਉਨ੍ਹਾਂ ਨੇ ਸੁਣਿਆ ਅਤੇ ਆਪਣੀ ਘੜੀ ਵੱਲ ਦੇਖ ਕੇ ਅੱਖ ਦੇ ਇਸ਼ਾਰੇ ਨਾਲ ਦੱਸ ਦਿੱਤਾ ਕਿ ਛੁੱਟੀ ਦਾ ਸਮਾਂ ਹੋ ਗਿਆ ਹੈ ਇਸ ਲਈ ਜਾ ਰਿਹਾ ਹਾਂ। ਬੀ. ਐੱਮ. ਵਿਆਸ ਸਨ ਕੰਪਨੀ ਦੇ ਮਾਲਕ, ਉਹ ਕਿਵੇਂ ਇਹ ਸਭ ਸਹਿਣ ਕਰਦੇ।
ਅਨਿਲ ਦਾ ਉਸ ਰਾਤ ਸੌਂ ਨਹੀਂ ਸਕੇ। ਸਾਰੀ ਰਾਤ ਉਹ ਆਪਣੇ 'ਤੇ ਲਾਹਨਤਾਂ ਪਾਉਂਦੇ ਰਹੇ। ਸੋਚਦੇ ਰਹੇ ਕਿ ਜੇ ਮੈਂ ਖ਼ੁਦ ਇਸੇ ਤਰ੍ਹਾਂ ਗਾਉਂਦਾ ਰਿਹਾ ਤਾਂ ਉਨ੍ਹਾਂ ਨੌਜਵਾਨਾਂ ਦਾ ਕੀ ਬਣੇਗਾ, ਜੋ ਗਾਉਣਾ ਚਾਹੁੰਦੇ ਹਨ ਅਤੇ ਗਾਉਣ ਦੀ ਯੋਗਤਾ ਵੀ ਰੱਖਦੇ ਹਨ। ਉਸੇ ਰਾਤ ਉਨ੍ਹਾਂ ਨੇ ਪੱਕਾ ਅਤੇ ਆਖਰੀ ਫੈਸਲਾ ਕਰ ਲਿਆ ਕਿ ਅੱਜ ਤੋਂ ਬਾਅਦ ਕਦੇ ਪ੍ਰੋਫੈਸ਼ਨਲ ਤੌਰ 'ਤੇ ਗਾਵਾਂਗਾ ਨਹੀਂ।
ਅਨਿਲ ਨੇ 1 ਮਾਰਚ 1963 ਨੂੰ ਆਲ ਇੰਡੀਆ ਰੇਡੀਓ 'ਚ 'ਆਕਾਸ਼ਵਾਣੀ' ਸਾਜ਼ ਨਿਰਦੇਸ਼ਕ ਦਾ ਕਾਰਜਭਾਰ ਸੰਭਾਲਿਆ। ਉਨ੍ਹਾਂ ਤੋਂ ਪਹਿਲਾਂ ਪੰਡਿਤ ਰਵੀ ਸੁੰਦਰ ਅਤੇ ਪੰਨਾਲਾਲ ਘੋਸ਼ ਵਰਗੇ ਸੰਗੀਤਕਾਰ ਇਸ ਪਦ 'ਤੇ ਰਹਿ ਚੁੱਕੇ ਸਨ ਪਰ ਅਨਿਲ ਬਿਸਵਾਸ ਦੀ ਗੱਲ ਹੀ ਵੱਖਰੀ ਸੀ। ਉਹ ਇਥੇ ਹਿੰਦੋਸਤਾਨੀ ਆਰਕੈਸਟਰਾ ਦਾ ਸੁਪਨਾ ਲੈ ਕੇ ਆਏ ਸਨ। ਇਸ ਲਈ ਸਭ ਤੋਂ ਪਹਿਲਾਂ ਉਨ੍ਹਾਂ ਨੇ ਆਪਣੇ ਅਨੁਸਾਰ ਸੰਗੀਤਕਾਰਾਂ ਦੀ ਇਕ ਟੀਮ ਬਣਾਈ ਅਤੇ ਫਿਰ ਆਪਣੇ ਕਾਰਜ 'ਚ ਜੁੱਟ ਗਏ। ਥੋੜ੍ਹੇ ਸਮੇਂ 'ਚ ਹੀ ਉਨ੍ਹਾਂ ਨੇ ਸਾਜ਼ਾਂ ਦੀਆਂ 21 ਰਚਨਾਵਾਂ ਤਿਆਰ ਕੀਤੀਆਂ। ਇਨ੍ਹਾਂ 'ਚ ਵਰਣਨਯੋਗ ਸਨ¸ 'ਜੀਵਨ-ਜਮੁਨਾ', 'ਚਤੁਰ ਮੰਗਲਾ', 'ਵਾਸ ਦੱਤਾ' ਅਤੇ 'ਸ਼ਾਂਤੀਦੂਤ'। 'ਵਾਸਦੱਤਾ' ਦੀ ਰਚਨਾ ਰਬਿੰਦਰ ਨਾਥ ਟੈਗੋਰ ਦੀ ਪ੍ਰਸਿੱਧ ਕਵਿਤਾ 'ਉਪਗੁਪਤ-ਵਾਸਦਤਾਜ' ਤੋਂ ਪ੍ਰੇਰਿਤ ਰਹੀ। ਇਹ ਇਕ ਆਦਰਸ਼ਵਾਦੀ ਰਚਨਾ ਹੈ। ਆਕਾਸ਼ਵਾਣੀ ਸਾਜ਼ ਨਿਰਦੇਸ਼ਕ ਰਹਿੰਦਿਆਂ ਉਨ੍ਹਾਂ ਦੀ ਅੰਤਿਮ ਯਾਦਗਾਰੀ ਪੇਸ਼ਕਾਰੀ ਸੀ¸'ਹਮ ਹੋਂਗੇ ਕਾਮਯਾਬ'।
31 ਮਈ 2003 ਨੂੰ ਸਵਰਗਵਾਸ ਹੋਏ ਅਨਿਲ ਦਾ 88 ਸਾਲ ਦਾ ਸਮੁੱਚਾ ਜੀਵਨ ਦੁੱਖ ਦੀ ਗਾਥਾ ਹੀ ਰਹੀ ਹੈ। ਉਨ੍ਹਾਂ ਨੇ 74 ਫਿਲਮਾਂ 'ਚ ਸੁਤੰਤਰ ਰੂਪ 'ਚ ਸੰਗੀਤ ਨਿਰਦੇਸ਼ਨ ਕੀਤਾ ਅਤੇ17 ਫਿਲਮਾਂ 'ਚ ਸਹਿ-ਸੰਗੀਤਕਾਰ ਦੀ ਭੂਮਿਕਾ ਨਿਭਾਈ। ਉਨ੍ਹਾਂ ਦੇ ਇਸ ਅਦੁੱਤੀ ਯੋਗਦਾਨ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ। ਉਹ ਹਿੰਦੀ ਫਿਲਮ ਜਗਤ 'ਚ 'ਮੀਲ ਦੇ ਪੱਥਰ' ਵਾਂਗ ਆਉਣ ਵਾਲੀਆਂ ਪੀੜ੍ਹੀਆਂ ਨੂੰ ਦਿਸ਼ਾ ਦਿਖਾਉਂਦੇ ਰਹਿਣਗੇ।