ਅਨਿਲ ਕਪੂਰ ਦੀ ਬੇਟੀ ਸੋਨਮ ਕਪੂਰ ਬਾਰੇ ਬਹੁਤ ਘੱਟ ਲੋਕ ਜਾਣਦੇ ਹਨ ਕਿ ਉਸ ਨੇ ਸੁਨਹਿਰੀ ਪਰਦੇ 'ਤੇ ਆਪਣੇ ਸਫਰ ਦੀ ਸ਼ੁਰੂਆਤ ਸੰਜੇ ਲੀਲਾ ਭੰਸਾਲੀ ਦੀ ਫਿਲਮ 'ਬਲੈਕ' ਵਿਚ ਅਸਿਸਟੈਂਟ ਡਾਇਰੈਕਟਰ ਦੇ ਰੂਪ 'ਚ ਕੀਤੀ ਸੀ। ਉਨ੍ਹਾਂ ਦੇ ਹੀ ਨਿਰਦੇਸ਼ਨ ਵਿਚ ਸੋਨਮ ਨੇ 'ਸਾਂਵਰੀਆ' ਵਿਚ ਬਤੌਰ ਹੀਰੋਇਨ ਡੈਬਿਊ ਕੀਤਾ। ਉਸ ਤੋਂ ਬਾਅਦ 'ਆਇਸ਼ਾ', 'ਭਾਗ ਮਿਲਖਾ ਭਾਗ' ਜਿਹੀਆਂ ਕਈ ਹੋਰ ਫਿਲਮਾਂ ਕੀਤੀਆਂ, ਜੋ ਔਸਤਨ ਹਿੱਟ ਰਹੀਆਂ। ਸੋਨਮ ਨੂੰ ਫਿਲਮ ਨਗਰੀ ਦੀ ਸਭ ਤੋਂ ਸਟਾਈਲਿਸ਼ ਹੀਰੋਇਨ ਮੰਨਿਆ ਜਾਂਦਾ ਹੈ। ਉਸ ਦੀਆਂ ਆਉਣ ਵਾਲੀਆਂ ਫਿਲਮਾਂ ਵਿਚ 'ਡਾਲੀ ਕੀ ਡੋਲੀ' ਅਤੇ 'ਪ੍ਰੇਮ ਰਤਨ ਧਨ ਪਾਇਓ' ਸ਼ਾਮਲ ਹਨ। ਪੇਸ਼ ਹਨ ਉਸ ਨਾਲ ਹੋਈ ਗੱਲਬਾਤ ਦੇ ਮੁੱਖ ਅੰਸ਼ :
* ਤੁਹਾਡੀ ਪਿਛਲੀ ਫਿਲਮ 'ਖੂਬਸੂਰਤ' ਰਿਸ਼ੀਕੇਸ਼ ਮੁਖਰਜੀ ਦੀ ਸੁਪਰਹਿੱਟ ਫਿਲਮ ਦਾ ਰੀਮੇਕ ਸੀ। ਕੀ ਤੁਹਾਡੀ ਰੇਖਾ ਨਾਲ ਤੁਲਨਾ ਕੀਤੇ ਜਾਣ ਦਾ ਡਰ ਸੀ?
—ਅੱਜ ਦੀਆਂ ਫਿਲਮਾਂ 'ਰਿਸ਼ੀ ਦਾ' ਦੀਆਂ ਫਿਲਮਾਂ ਜਿੰਨੀਆਂ ਖੂਬਸੂਰਤ ਨਹੀਂ ਹੁੰਦੀਆਂ। ਉਨ੍ਹਾਂ ਦੀਆਂ ਫਿਲਮਾਂ ਪਰੀ ਕਥਾਵਾਂ ਜਿਹੀਆਂ ਹੁੰਦੀਆਂ ਹਨ। ਅਸੀਂ 'ਖੂਬਸੂਰਤ' ਦਾ ਰੀਮੇਕ ਬਣਾ ਕੇ ਉਸੇ ਜਾਨਰ ਨੂੰ ਵਾਪਸ ਲਿਆਉਣ ਦੀ ਕੋਸ਼ਿਸ਼ ਕੀਤੀ ਸੀ। ਜਿਥੋਂ ਤਕ ਰੇਖਾ ਜੀ ਨਾਲ ਤੁਲਨਾ ਦੀ ਗੱਲ ਹੈ ਤਾਂ ਜਦੋਂ ਤੋਂ ਮੈਂ ਫਿਲਮਾਂ 'ਚ ਆਈ ਹਾਂ, ਮੇਰੀ ਤੁਲਨਾ ਕਿਸੇ ਨਾ ਕਿਸੇ ਨਾਲ ਹੁੰਦੀ ਰਹੀ ਹੈ।
ਰੇਖਾ ਜੀ ਸਾਡੇ ਪਰਿਵਾਰ ਦੇ ਬਹੁਤ ਨੇੜੇ ਹਨ। ਉਹ ਮੈਨੂੰ ਤੇ ਮੇਰੀ ਭੈਣ ਰੀਆ ਨੂੰ ਬਹੁਤ ਪਿਆਰ ਕਰਦੇ ਹਨ। ਉਨ੍ਹਾਂ ਨੇ ਮੇਰੀ ਫਿਲਮ 'ਆਇਸ਼ਾ' ਦੇਖੀ ਸੀ। ਉਨ੍ਹਾਂ ਨੇ 'ਖੂਬਸੂਰਤ' ਵਿਚ ਜੋ ਕਿਰਦਾਰ ਨਿਭਾਇਆ ਸੀ, ਮੈਂ ਉਸ ਤੋਂ ਬਿਹਤਰ ਨਹੀਂ ਕਰ ਸਕਦੀ ਸੀ। ਉਂਝ ਵੀ ਉਨ੍ਹਾਂ ਨਾਲ ਤੁਲਨਾ ਕਰਨੀ ਬੇਅਰਥ ਲੱਗਦੀ ਹੈ।
* ਤੁਸੀਂ ਇਕ ਵਾਰ ਕਿਹਾ ਸੀ ਕਿ ਲੋਕ ਇਕ ਅਭਿਨੇਤਰੀ ਵਜੋਂ ਤੁਹਾਨੂੰ ਗੰਭੀਰਤਾ ਨਾਲ ਨਹੀਂ ਲੈਂਦੇ?
—ਮੇਰੇ ਕਹਿਣ ਦਾ ਇਹ ਮਤਲਬ ਨਹੀਂ ਸੀ। ਮੈਂ ਜੋ ਕਿਹਾ ਸੀ, ਉਹ ਇਸ ਲਈ ਕਿਉਂਕਿ ਮੈਂ ਜ਼ਿਆਦਾ ਕੰਮ ਨਹੀਂ ਕਰਦੀ। ਮੇਰੀਆਂ ਫਿਲਮਾਂ ਦੇ ਮੁਕਾਬਲੇ ਮੇਰੀ ਫੈਸ਼ਨ ਸੈਂਸ ਤੇ ਫੈਸ਼ਨ ਬਾਰੇ ਵਿਚਾਰਾਂ 'ਤੇ ਜ਼ਿਆਦਾ ਗੱਲਬਾਤ ਕੀਤੀ ਜਾਂਦੀ ਹੈ। ਮੇਰੇ ਕੱਪੜਿਆਂ ਨੂੰ ਮੇਰੀਆਂ ਫਿਲਮਾਂ ਦੀ ਬਜਾਏ ਫਰੰਟ ਪੇਜ ਨਿਊਜ਼ ਬਣਾਇਆ ਜਾਂਦਾ ਹੈ। ਕਿਸੇ ਫਿਲਮ ਵਿਚ ਮੇਰੇ ਵਲੋਂ ਨਿਭਾਏ ਗਏ ਕਿਰਦਾਰ 'ਤੇ ਕੰਪਲੀਮੈਂਟ ਦੇਖਣ ਨੂੰ ਬਹੁਤ ਘੱਟ ਮਿਲਦੇ ਹਨ।
* ਦੀਪਿਕਾ ਪਾਦੁਕੋਣ ਇਕ ਸਾਲ 'ਚ 4-4 ਫਿਲਮਾਂ ਕਰ ਰਹੀ ਹੈ। ਇਸ ਬਾਰੇ ਕੀ ਕਹੋਗੇ?
—ਜੇਕਰ ਮੇਰੇ ਨਾਲ ਦੀਆਂ ਹੀਰੋਇਨਾਂ ਜ਼ਿਆਦਾ ਕੰਮ ਕਰ ਰਹੀਆਂ ਹਨ ਤਾਂ ਇਹ ਚੰਗਾ ਹੀ ਹੈ ਪਰ ਮੇਰਾ ਪ੍ਰੋਫੈਸ਼ਨ ਹੀ ਉਹ ਚੀਜ਼ ਨਹੀਂ ਹੋਣੀ ਚਾਹੀਦੀ, ਜੋ ਮੈਨੂੰ ਬਿਆਨ ਕਰਦੀ ਹੋਵੇ। ਇਕ ਕਲਾਕਾਰ ਵਜੋਂ ਵਿਕਸਿਤ ਹੋਣ ਵਿਚ ਸਫਰ ਕਰਨਾ, ਪੜ੍ਹਨਾ ਅਤੇ ਕੰਮ ਦੇ ਬਾਹਰ ਲੋਕਾਂ ਨੂੰ ਮਿਲਣਾ ਮੇਰੇ ਲਈ ਬਹੁਤ ਸਹਾਇਕ ਹੁੰਦਾ ਹੈ।
* ਅੱਜਕਲ ਜ਼ਿਆਦਾਤਰ ਹੀਰੋਇਨਾਂ ਐਕਸਪੈਰੀਮੈਂਟਲ ਫਿਲਮਾਂ ਜ਼ਿਆਦਾ ਕਰ ਰਹੀਆਂ ਹਨ?
—ਮੈਂ ਵੀ 'ਸਾਂਵਰੀਆ', 'ਦਿਲੀ 6', 'ਭਾਗ ਮਿਲਖਾ ਭਾਗ' ਜਿਹੀਆਂ ਫਿਲਮਾਂ ਕੀਤੀਆਂ ਹਨ। 'ਰਾਂਝਨਾ' ਵਿਚ ਤਾਂ ਮੈਂ ਸਿਰਫ ਇਕ ਕਾਲਾ ਸੂਟ ਪਹਿਨਾਇਆ ਸੀ ਅਤੇ ਕੋਈ ਮੇਕਅਪ ਨਹੀਂ ਕੀਤਾ ਸੀ। ਇਸ ਤੋਂ ਵਧ ਕੇ ਮੈਂ ਹੋਰ ਕੀ ਕਰ ਸਕਦੀ ਹਾਂ।
* ਤਾਂ ਤੁਹਾਡਾ ਕਹਿਣਾ ਹੈ ਕਿ ਤੁਸੀਂ ਇਨ੍ਹਾਂ ਫਿਲਮਾਂ ਵਿਚ ਇਕ ਪ੍ਰਫਾਰਮਰ ਦੇ ਤੌਰ 'ਤੇ ਹੀ ਸੀ?
—ਇਕ ਚੰਗਾ ਕਲਾਕਾਰ ਬਣਨ ਲਈ ਤੁਹਾਨੂੰ ਕੁਝ ਐਕਸਪੈਰੀਮੈਂਟ ਕਰਨ ਦੀ ਜ਼ਰੂਰਤ ਨਹੀਂ ਹੈ। ਇਕ ਵਧੀਆ ਅਭਿਨੇਤਰੀ ਕਹਾਉਣ ਲਈ ਮੈਂ ਡਾਰਕ ਫਿਲਮਾਂ ਕਿਉਂ ਕਰਾਂ।
ਕਾਜਲ ਨੂੰ ਇਹ ਸਿੱਧ ਕਰਨ ਲਈ ਕਿ ਉਹ ਇਕ ਚੰਗੀ ਅਭਿਨੇਤਰੀ ਹੈ, ਅਜਿਹੀਆਂ ਫਿਲਮਾਂ ਕਰਨ ਦੀ ਲੋੜ ਨਹੀਂ ਸੀ। ਜੇਕਰ ਕਿਰਦਾਰ ਭਰੋਸੇਯੋਗ ਹੋਵੇਗਾ ਤਾਂ ਪ੍ਰਫਾਰਮੈਂਸ ਵੀ ਵਧੀਆ ਹੋਵੇਗੀ।
* ਕੀ ਤੁਸੀਂ ਕਦੇ ਜਨਤਕ ਤੌਰ 'ਤੇ ਉਸ ਆਦਮੀ ਬਾਰੇ ਦੱਸੋਗੇ, ਜਿਸ ਨਾਲ ਤੁਸੀਂ ਡੇਟਿੰਗ ਕਰ ਰਹੇ ਹੋ?
—ਮੈਂ ਇਸ ਬਾਰੇ ਕੁਝ ਨਹੀਂ ਕਹਿ ਸਕਦੀ। ਮੈਂ ਆਪਣੀ ਨਿੱਜੀ ਜ਼ਿੰਦਗੀ ਨੂੰ ਤਮਾਸ਼ਾ ਨਹੀਂ ਬਣਾਉਣਾ ਚਾਹੁੰਦੀ।
* ਸਲਮਾਨ ਖਾਨ ਨਾਲ 'ਪ੍ਰੇਮ ਰਤਨ ਧਨ ਪਾਇਓ' ਅਤੇ ਰਾਜ ਕੁਮਾਰ ਰਾਵ ਨਾਲ 'ਡਾਲੀ ਕੀ ਡੋਲੀ' ਤੋਂ ਇਲਾਵਾ ਤੁਹਾਡੇ ਕੋਲ ਕਿਹੜੀਆਂ ਫਿਲਮਾਂ ਹਨ?
—ਇਕ ਫਿਲਮ ਹੈ 'ਬੈਟਲ ਫਾਰ ਬਿਟੋਰਾ', ਜਿਸ ਦੇ ਅਧਿਕਾਰ ਅਸੀਂ ਖਰੀਦੇ ਹਨ। ਇਹ ਅਗਲੇ ਸਾਲ ਸ਼ੁਰੂ ਹੋਵੇਗੀ। ਇਸ ਤੋਂ ਇਲਾਵਾ ਅੰਮ੍ਰਿਤਾ ਸ਼ੇਰਗਿੱਲ ਦੇ ਜੀਵਨ 'ਤੇ ਆਧਾਰਿਤ ਇਕ ਫਿਲਮ ਵੀ ਕਰ ਰਹੀ ਹਾਂ।
ਹਿੰਦੀ ਸੰਗੀਤ ਦੇ ਮੀਲ ਪੱਥਰ
NEXT STORY