ਪਿਛਲੇ ਸਾਲ ਦੀਵਾਲੀ ਵੇਲੇ ਅਸੀਂ ਭਾਰਤ ਆਏ ਹੋਏ ਸੀ, ਤਕਰੀਬਨ ਦੋ ਦਹਾਕਿਆਂ ਬਾਅਦ ਭਾਰਤ ਦੀ ਦੀਵਾਲੀ ਵਾਲਾ ਚਾਅ ਪੂਰਾ ਹੋਇਆ....!
ਸੋ ਪਹਿਲਾਂ ਤੁਹਾਨੂੰ ਦੱਸਦੀ ਹਾਂ ਸਾਡੀ ਪ੍ਰਵਾਸੀਆਂ ਦੀ ਦੀਵਾਲੀ ਕਿਸ ਤਰ੍ਹਾਂ ਦੀ ਹੁੰਦੀ ਹੈ, ਕਿਤੇ ਇਹ ਨਾ ਸਮਝ ਲਿਓ ਕਿ ਦਰੱਖਤਾਂ ਤੋਂ ਡਾਲਰ ਲਾਹੁੰਦੇ-ਲਾਹੁੰਦੇ ਅਸੀਂ ਭਲਾ ਦੀਵਾਲੀ ਨੂੰ ਵੀ ਸੋਨੇ ਦੇ ਬਿਸਕੁਟ ਹੀ ਖਾਂਦੇ ਹਾਂ! ਨਾ-ਨਾ, ਉਹ ਤਾਂ ਕਿੰਨੇ ਸਾਲਾਂ ਬਾਅਦ ਇੰਡੀਆ ਜਾ ਕੇ ਦਿਖਾਉਣ ਲਈ ਹੀ ਸਪੈਸ਼ਲ ਲੌਕਰਾਂ 'ਚੋਂ ਕਢਵਾਉਂਦੇ ਹਾਂ, ਫਿਰ ਵਾਪਸ ਆ ਕੇ ਲੌਕਰ ਵਿਚ ਰੱਖ ਦਿੰਦੇ ਹਾਂ। ਹਾ ਹਾ ਹਾ! ਕਿਉਂਕਿ ਦੀਵਾਲੀ ਕੈਨੇਡਾ ਦਾ ਆਪਣਾ ਤਿਉਹਾਰ ਨਹੀਂ ਹੈ ਇਸ ਲਈ ਇਸ ਦਿਨ ਦੀ ਛੁੱਟੀ ਨਹੀਂ ਹੁੰਦੀ। ਦੀਵਾਲੀ ਦੇ ਦਿਨਾਂ ਤੱਕ ਇਥੇ ਮੌਸਮ ਬਹੁਤ ਬਦਲ ਜਾਂਦਾ ਹੈ, ਠੰਡੀਆਂ ਹਵਾਵਾਂ ਚਲਦੀਆਂ ਹਨ। ਪਿਛਲੇ ਕਈ ਸਾਲਾਂ ਵਿਚ ਦੀਵਾਲੀ ਦਾ ਜ਼ਿਕਰ ਵੀ ਬਾਕੀ ਤਿਉਹਾਰਾਂ ਵਾਂਗ ਸੋਸ਼ਲ ਮੀਡੀਆ 'ਤੇ ਗਲੋਬਲਾਈਜ਼ੇਸ਼ਨ ਕਰਕੇ ਜ਼ਿਆਦਾ ਹੋਣ ਲੱਗਾ ਹੈ ਤੇ ਸਾਨੂੰ ਵੀ ਲੱਗਣ ਲੱਗਾ ਹੈ ਕਿ ਦੀਵਾਲੀ ਹੈ। ਜੇ ਦੀਵਾਲੀ ਵੀਕੈਂਡ 'ਤੇ ਹੋਵੇ ਤਾਂ ਸ਼ਾਇਦ ਥੋੜ੍ਹੀ ਜਿਹੀ ਵੱਖਰੀ ਹੋ ਜਾਂਦੀ ਹੈ, ਨਹੀਂ ਤਾਂ ਜ਼ਿਆਦਾਤਰ ਕੰਮਾਂ-ਕਾਰਾਂ ਤੋਂ ਘਰ ਆ ਕੇ ਇਕ ਦੀਵਾ ਜਗਾ ਕੇ ਸ਼ਗਨ ਕਰ ਕੇ ਤੇ ਇਕ ਦੀਵਾ ਕਿਸੇ ਧਾਰਮਿਕ ਸਥਾਨ 'ਤੇ ਜਗਾ ਕੇ ਰੋਟੀ ਖਾ ਕੇ ''ਦੀਵਾਲੀ ਤਾਂ ਇੰਡੀਆ ਹੁੰਦੀ ਸੀ, ਉਥੇ ਆਹ, ਉਥੇ ਉਹ'' ਯਾਦਾਂ ਦੋਹਰਾਅ ਕੇ, ਉਸ ਤੋਂ ਬਿਨਾਂ ਭਾਰਤ ਵਿਚ ਹੁੰਦੀ ਰਿਸ਼ਵਤਖੋਰੀ, ਬੇਇਨਸਾਫੀ ਵਗੈਰਾ ਨੂੰ ਕੋਸ ਕੇ...''ਹੁਣ ਤਾਂ ਸੱਚੀ ਹੱਥ ਨਾ ਪਹੁੰਚੇ ਥੂ ਕੌੜੀ'' ਕਰਕੇ ਦਿਲ ਨੂੰ ਤਸੱਲੀ ਦੇ ਕੇ, ਰੋਟੀ ਖਾ ਕੇ ਸੌਂ ਜਾਂਦੇ ਹਾਂ...! ਸਾਡੇ 'ਚੋਂ ਬਹੁਤੇ ਅਸਲ ਵਿਚ ਰਹਿ ਤਾਂ ਇਥੇ ਰਹੇ ਹੁੰਦੇ ਨੇ ਪਰ ਸਾਰਾ ਧਿਆਨ ਭਾਰਤ ਵਿਚ ਹੁੰਦਾ ਹੈ, ਵੇਖੋ ਇਮੀਗ੍ਰੇਸ਼ਨ ਨਾਲ ਜੁੜੀ ਤ੍ਰਾਸਦੀ ਕਿ ਦਿਲ ਕਿਤੇ, ਸਰੀਰ ਕਿਤੇ! ਪਿਛਲੀ ਦੀਵਾਲੀ ਦੀ ਗੱਲ ਦੱਸਦੀ ਹਾਂ, ਬਚਪਨ ਦੀਆਂ ਯਾਦਾਂ ਤਾਜ਼ਾ ਹੋ ਗਈਆਂ। ਮੈਂ, ਦੀਦੀ ਤੇ ਵੀਰੇ ਨੇ ਬਹੁਤ ਛੋਟੇ ਹੁੰਦਿਆਂ ਹੀ ਪਟਾਕੇ ਚਲਾਉਣੇ ਛੱਡ ਦਿੱਤੇ ਸੀ ਕਿਉਂਕਿ ਇਕ ਦੀਵਾਲੀ ਨੂੰ ਡੈਡੀ ਦਾ ਅਜਿਹਾ ਐਕਸੀਡੈਂਟ ਹੋਇਆ ਕਿ ਜਿਵੇਂ ਅਹਿਸਾਸ ਹੋ ਗਿਆ ਸੀ ਦੀਵਾਲੀ ਆਪਣਿਆਂ ਨਾਲ ਹੁੰਦੀ ਹੈ, ਅਹਿਸਾਸਾਂ ਨਾਲ ਹੁੰਦੀ ਹੈ, ਜਗਦੇ ਦਿਲਾਂ ਨਾਲ ਹੁੰਦੀ ਹੈ।
ਮੈਨੂੰ ਪਿਛਲੇ ਸਾਲ ਦੀ ਭਾਰਤ ਫੇਰੀ ਦੌਰਾਨ ਇਕ ਗੱਲ ਵਾਰ-ਵਾਰ ਮਹਿਸੂਸ ਹੋਈ ਕਿ ਮਾਪੇ ਤੇ ਬੱਚੇ ਇਕ-ਦੂਜੇ ਤੋਂ ਬਹੁਤ ਦੂਰੀ ਬਣਾ ਕੇ ਰੱਖਦੇ ਨੇ, ਘਰ ਵਿਚ ਜਿਵੇਂ ਧਿਰਾਂ ਵਿਚ ਵੀ ਧਿਰਾਂ ਬਣੀਆਂ ਹੋਈਆਂ ਨੇ। ਬੱਚਿਆਂ ਤੇ ਮਾਪਿਆਂ ਵਿਚਲੀ ਇਹ ਦੂਰੀ ਮੈਨੂੰ ਸਮਾਜ ਵਿਚਲੀਆਂ ਬਹੁਤ ਸਾਰੀਆਂ ਸਮੱਸਿਆਵਾਂ ਦੀ ਜੜ੍ਹ ਲੱਗਦੀ ਹੈ। ਹਰ ਕੰਮ ਵਿਚ ਵਧ-ਚੜ੍ਹ ਕੇ ਦਿਖਾਵਾ ਸਾਡੇ ਸੁਭਾਅ ਦਾ ਹਿੱਸਾ ਬਣ ਗਿਆ ਹੈ। ਦਿਖਾਵਾ ਚਾਹੇ ਮਹਿੰਗੇ ਪਟਾਕੇ, ਮਹਿੰਗੀਆਂ ਲਾਈਟਾਂ, ਚਾਹੇ ਜੋ ਵੀ ਹੋਵੇ, ''ਬਸ ਗੁਆਂਢੀਆਂ ਤੋਂ ਵੱਧ ਹੋਵੇ।''
ਅਸੀਂ ਦੁਨੀਆ ਵਿਚ ਜਿਥੇ ਮਰਜ਼ੀ ਜਾਈਏ, ਸਾਡਾ ਸੁਭਾਅ ਤਾਂ ਸਾਡੇ ਨਾਲ ਹੀ ਜਾਂਦਾ ਹੈ ਨਾ! ਸਾਡੇ ਨਾਲ-ਨਾਲ ਸਾਡੇ ਦਿਖਾਵੇ ਦੀਆਂ ਵੀ ਫਲਾਈਟਾਂ ਹੁੰਦੀਆਂ ਨੇ! ਮੈਨੂੰ ਲੱਗਾ ਕਿ ਜਿਵੇਂ ਅਸੀਂ ਹਰ ਸਮੱਸਿਆ ਦਾ ਦੋਸ਼ ਸਮੇਂ ਦੀ ਸਰਕਾਰ ਨੂੰ ਦੇ ਛੱਡਦੇ ਹਾਂ, ਭਲਾ ਕਿਸੇ ਦੇ ਬੱਚੇ ਇਕ ਲੱਖ ਦੇ ਪਟਾਕੇ ਜਲਾ ਦੇਣ ਤਾਂ ਸਰਕਾਰ ਦਾ ਦੋਸ਼ ਹੈ ਜਾਂ ਸਾਡੇ ਘਰਾਂ ਵਿਚਲੀ ਪਰਵਰਿਸ਼ ਦਾ...!
ਇਸ ਤੋਂ ਇਲਾਵਾ ਗੁਲਜ਼ਾਰ ਖਾਨ ਨੂੰ ਮਿਲੀ, ਉਸ ਦਾ ਖਾਨਦਾਨ ਕਈ ਪੀੜ੍ਹੀਆਂ ਤੋਂ ਹੀ ਭਾਂਡੇ ਬਣਾਉਣ ਦਾ ਕੰਮ ਕਰਦਾ ਰਿਹਾ ਹੈ, ਸਾਰੇ ਨੇੜੇ ਦੇ ਸ਼ਹਿਰ ਤੇ ਪਿੰਡਾਂ ਵਿਚ ਵਰਤੇ ਜਾਂਦੇ ਘੜੇ ਜਾਂ ਬਾਕੀ ਮਿੱਟੀ ਦੇ ਭਾਂਡੇ ਉਸੇ ਦੇ ਘਰੋਂ ਆਉਂਦੇ ਰਹੇ। ਉਸ ਦੀ ਮਾਂ ਦਾ ਨਾਂ ਤਾਂ ਮੈਨੂੰ ਨਹੀਂ ਪਤਾ ਪਰ ਸਾਰੇ ਝਾਈ ਜੀ ਹੀ ਕਹਿ ਕੇ ਬੁਲਾਉਂਦੇ ਸੀ। ਮੈਨੂੰ ਛੋਟੇ ਹੁੰਦਿਆਂ ਦੀ ਗੱਲ ਯਾਦ ਆਈ ਕਿ ਘੁਮਿਆਰੀ ਝਾਈ ਜੀ ਬਹੁਤ ਕਾਰੀਗਰੀ ਨਾਲ ਭਾਂਡੇ ਜਾਂ ਫੁੱਲਾਂ ਦੇ ਗੁਲਦਸਤੇ ਬਣਾਉਂਦੀ ਸੀ....ਮੈਂ ਵੀ ਸਕੂਲ ਵਾਸਤੇ ਪੇਂਟ ਕਰਨ ਲਈ ਗੁਲਦਸਤੇ ਲੈਣ ਵਾਸਤੇ ਅਕਸਰ ਉਸ ਕੋਲ ਰੁੱਕ ਜਾਂਦੀ ਸੀ। ਮਿੱਟੀ ਨੂੰ ਕਿੰਨਾ ਸੋਹਣਾ ਘੜ ਦਿੰਦੀ ਸੀ ਉਹ...ਉਸ ਦੇ ਬਣਾਏ ਗੁਲਦਸਤੇ ਵੀ ਫੁੱਲਾਂ ਦੀ ਉਡੀਕ ਵਿਚ ਚਹਿਕਣ ਲੱਗਦੇ! ਮੇਰੀ ਉਨ੍ਹਾਂ ਨਾਲ ਮਿਲਣੀ ਦੌਰਾਨ ਝਾਈ ਜੀ ਦੇ ਦੱਸਣ ਦੀ ਗੱਲ ਹੈ, ''ਆਹ ਹੁਣ ਕਾਹਦੀ ਦੀਵਾਲੀ ਹੈ, ਪਿਛਲੇ ਕੁਝ ਸਾਲਾਂ ਤੋਂ ਤਾਂ ਦੀਵਾਲੀ ਵੀ ਦੀਵਾਲੀ ਹੋਣੋਂ ਹਟ ਗਈ ਹੈ, ਘਰ ਦੀਵੇ ਤਾਂ ਕੀ, ਚੁੱਲ੍ਹਾ ਬਾਲਣਾ ਔਖਾ ਹੋ ਗਿਆ ਹੈ...! ਮੇਰੇ ਤੋਂ ਤਾਂ ਬੱਚੇ ਦੇਖੇ ਨਹੀਂ ਜਾਂਦੇ।
ਪਿਛਲੀ ਦੀਵਾਲੀ ਨੂੰ ਗੁਲਜ਼ਾਰ ਰਾਤ ਤੱਕ ਇੱਟਾਂ ਢੋਅ ਕੇ, ਕੁਝ ਆਟਾ ਤੇ ਰਸਦ ਲੈ ਕੇ ਘਰ ਵੜਿਆ, ਬੱਚੇ ਉਡੀਕ ਵਿਚ ਦਰਵਾਜ਼ੇ ਵਿਚ ਹੀ ਬੈਠੇ ਰਹੇ। ਹਰ ਘਰੋਂ ਆਉਂਦੀਆਂ ਮਠਿਆਈਆਂ ਦੀਆਂ ਖੁਸ਼ਬੂਆਂ ਵਿਚ ਵੀ ਭੁੱਖੇ ਕਿਵੇਂ ਰਹੇ ਹੋਣਗੇ। ਜਿਨ੍ਹਾਂ ਦੇ ਘਰ ਦਾਣੇ ਆ, ਦੀਵਾਲੀ ਵੀ ਉਨ੍ਹਾਂ ਦੀ ਹੀ ਹੈ। ਮੇਰੇ ਪੋਤਰੇ ਤਾਂ ਕਿਤੋਂ ਚੱਲੇ ਹੋਏ ਪਟਾਕਿਆਂ ਨੂੰ ਹੀ ਅੱਗ ਲਾ ਕੇ ਤਾੜੀਆਂ ਵਜਾਉਂਦੇ ਰਹੇ।'' ਕਹਿ ਕੇ ਝਾਈ ਜੀ ਦੀਆਂ ਅੱਖਾਂ ਜਿਵੇਂ ਬੁਝ ਗਈਆਂ!
ਝਾਈ ਜੀ ਨੂੰ ਦੁਕਾਨਾਂ 'ਤੇ ਵਿਕਦੀਆਂ ਚੀਨੀ ਲਾਈਟਾਂ ਜ਼ਹਿਰ ਵਰਗੀਆਂ ਲੱਗਦੀਆਂ ਹਨ ਕਿਉਂਕਿ ਇਨ੍ਹਾਂ ਦੀ ਪਲਾਸਟਿਕ ਦੀ ਜਗਮਗਾਹਟ ਨੇ ਦੀਵੇ ਧੁੰਦਲੇ ਕਰ ਦਿੱਤੇ ਤੇ ਦੀਵੇ ਬਹੁਤ ਘੱਟ ਵਿਕਦੇ ਹਨ। ਝਾਈ ਜੀ ਨੇ ਦੱਸਿਆ ਕਿ ਉਹ ਹੁਣ ਦੀਵੇ ਵੇਚਣ ਵੀ ਨਹੀਂ ਜਾਂਦੇ ਕਿਉਂਕਿ ਬਹੁਤ ਥੋੜ੍ਹੇ ਹੀ ਘਰ ਬਚੇ ਹਨ, ਜੋ ਉਸ ਦਾ ਮੂੰਹ ਰੱਖਣ ਲਈ ਦੀਵੇ ਖਰੀਦਦੇ ਹਨ, ਨਹੀਂ ਤਾਂ...!
ਦੀਵਾਲੀ ਰੌਸ਼ਨੀਆਂ ਦਾ ਤਿਉਹਾਰ ਹੈ ਤੇ ਸੀ...! ਦੀਵਿਆਂ ਦਾ ਤਿਉਹਾਰ ਸੀ, ਫਿਰ ਮੋਮਬੱਤੀਆਂ ਦਾ ਹੋ ਗਿਆ, ਹੁਣ ਤਾਂ ਲਾਈਟਾਂ ਦਾ ਹੀ ਹੈ...! ਕਿੰਨੀ ਕਮਾਲ ਦੀ ਗੱਲ ਹੈ ਕਿ ਅਸੀਂ ਤਿਉਹਾਰਾਂ ਨੂੰ ਵੀ ਆਪਣੀ ਸੁਵਿਧਾ ਮੁਤਾਬਕ ਬਦਲ ਲੈਂਦੇ ਹਾਂ। ਜਿੰਨੀਆਂ ਬਾਹਰੀ ਲਾਈਟਾਂ ਦੀ ਜਗਮਗਾਹਟ ਵਧ ਕੇ ਸਾਡੀਆਂ ਅੱਖਾਂ ਚੁੰਧਿਆ ਰਹੀ ਹੈ, ਓਨੀ ਸਾਡੇ ਅੰਦਰਲੀ ਰੌਸ਼ਨੀ ਪਤਾ ਨਹੀਂ ਕਿਉਂ ਮੱਧਮ ਪੈ ਰਹੀ ਲੱਗਦੀ ਹੈ। ਜੇ ਇਕ ਘਰ ਪਰਿਵਾਰ ਵਿਚ ਬੈਠ ਕੇ ਇਕ ਆਦਰਸ਼ ਦੀਵਾਲੀ ਦੀ ਕਲਪਨਾ ਕਰਾਂ ਤਾਂ ਸ਼ਾਇਦ ਕੁਝ ਇਸ ਤਰ੍ਹਾਂ ਦੀ ਹੋਵੇਗੀ ਕਿ ਜੇ ਕੋਈ ਪਰਿਵਾਰ ਦਾ ਮੈਂਬਰ ਨਾਰਾਜ਼ ਹੈ ਤਾਂ ਉਸ ਨੂੰ ਮਨਾ ਲਓ, ਇਕੱਠੇ ਬੈਠੋ, ਇਕ-ਇਕ ਦੀਵਾ ਜਗਾਓ, ਸਾਰੇ ਸਾਲ ਦੇ ਰੋਸੇ-ਨਾਰਾਜ਼ਗੀਆਂ ਮਿਟਾ ਕੇ, ਦਿਲਾਂ ਵਿਚ ਰੌਸ਼ਨੀ ਕਰੋ ਤਾਂ ਕਿ ਅਗਲੇ ਦਿਨ ਤੇ ਉਸ ਤੋਂ ਅਗਲੇ ਦਿਨ ਵੀ ਦੀਵਾਲੀ ਹੋਵੇ...! ਇਸ ਵਾਰੀ ਕਹਿ ਰਹੇ ਨੇ ਕਿ ਭਾਰਤ ਵਿਚ ਨਕਲੀ ਮਠਿਆਈ ਕਰਕੇ ਬਹੁਤ ਸਖ਼ਤੀ ਹੋ ਰਹੀ ਹੈ ਕਿਉਂਕਿ ਕਈ ਲੋਕਾਂ ਨੇ ਮਿਲਾਵਟ ਕਰਕੇ ਆਪਣੇ ਤੇ ਦੂਜਿਆਂ ਦੇ ਘਰਾਂ ਦੇ ਦੀਵੇ ਬੁਝਾ ਦਿੱਤੇ...! ''ਛੱਡੋ ਯਾਰ! ਸਾਨੂੰ ਕੀ...! ਅਸੀਂ ਪ੍ਰਵਾਸੀ ਤਾਂ ਦੌੜ ਆਏ...! ਨਾ ਇਧਰ ਦੇ, ਨਾ ਓਧਰ ਦੇ...! ਐਵੇਂ ਈ, ਤੂੰ ਕੌਣ, ਮੈਂ ਖਾਮ-ਖਾਹ!!...ਬਈ ਆਪਣੇ ਕੰਮ ਨਾਲ ਕੰਮ ਰੱਖੋ...! ਕੁਝ ਹਫਤੇ ਲਈ ਛੁੱਟੀਆਂ ਕੱਟਣ ਜਾਣਾ ਹੁੰਦਾ ਭਾਰਤ, ਓਹੀ ਦਿਨ ਹੁੰਦੇ ਨੇ ਚਾਰ, ਚੰਗੇ ਕੱਪੜੇ ਤੇ ਗਹਿਣੇ-ਸ਼ਹਿਣੇ ਪਾਉਣ ਦੇ...! ਵਿਆਹ-ਵਿਊਹ ਦੇਖੋ...ਮਹਿੰਗੇ-ਮਹਿੰਗੇ ਵਿਆਹ ਕਰਵਾਓ, ਮਹਿੰਗੇ ਕੱਪੜੇ ਪਾਓ, ਦਿਖਾਵਾ ਕਰੋ ਰੱਜ ਕੇ...ਉਥੋਂ ਦੇ ਲੋਕਾਂ ਨੂੰ ਪੱਟੋ! ਉਨ੍ਹਾਂ ਦੀਆਂ ਜ਼ਮੀਨਾਂ ਵਿਕਵਾਓ...! ਹਾ ਹਾ ਹਾ! ਭਲਾ ਆਹ ਕੀ ਗੱਲ ਬਣੀ? ਮੈਂ ਵੀ ਤਾਂ ਓਹੀ ਕਹਿਨੀ ਆਂ...! ਤੁਸੀਂ ਚਾਹੇ ਚੁੱਪ ਰਹੋ, ਮੇਰੀ ਜ਼ੁਬਾਨ ਤਾਂ ਨਹੀਂ ਰੁਕਣੀ ਕਿਉਂਕਿ ਮੇਰਾ ਕੰਮ ਹੈ ਬੋਲਣਾ!
ਫ਼ਿਲਮੀ ਸਿਤਾਰਿਆਂ ਦੀ ਜਗਮਗ ਦੀਵਾਲੀ (ਦੇਖੋ ਤਸਵੀਰਾਂ)
NEXT STORY