2012 ਨੂੰ ਉਸ ਦਿਨ ਬਾਰਿਸ਼ ਹੋ ਰਹੀ ਸੀ, ਉਹ ਟ੍ਰੇਨ 'ਚੋਂ ਉੁਤਰਿਆ। ਉਹ ਆਪਣੇ ਪਰਿਵਾਰ ਦੇ ਕਾਫੀ ਨੇੜੇ ਸੀ, ਜਿਸ ਤੋਂ ਉਹ 3 ਸਾਲਾਂ ਤੱਕ ਦੂਰ ਰਿਹਾ ਸੀ। ਪੂਰੇ ਇਕ ਦਿਨ ਲਈ 12 ਸਾਲਾ ਮੋਹਿਤ ਸਿੰਘ ਭਿੱਜੀ ਹਾਲਤ ਵਿਚ ਠੰਡ ਨਾਲ ਠਰੂ-ਠਰੂ ਕਰਦਾ ਗਾਜ਼ੀਆਬਾਦ ਰੇਲਵੇ ਸਟੇਸ਼ਨ 'ਤੇ ਬੈਠਾ ਰੋ ਰਿਹਾ ਸੀ। ਉਸ ਨੂੰ ਪਤਾ ਸੀ ਕਿ ਉਸ ਦਾ ਪਰਿਵਾਰ ਸ਼ਹਿਰ ਵਿਚ ਰਹਿੰਦਾ ਹੈ ਪਰ ਕਿੱਥੇ, ਇਹ ਨਹੀਂ ਪਤਾ ਸੀ। ਉਹ ਕਹਿ ਰਿਹਾ ਸੀ, ''ਮੈਨੂੰ ਬਾਈਪਾਸ ਲੈ ਜਾਓ, ਉਥੇ ਮੇਰਾ ਘਰ ਹੈ।'' ਲੋਕ ਉਸ ਨੂੰ ਨਜ਼ਰਅੰਦਾਜ਼ ਕਰ ਰਹੇ ਸਨ ਅਤੇ ਸੋਚ ਰਹੇ ਸਨ ਕਿ ਉਹ ਇਕ ਭਿਖਾਰੀ ਹੈ ਜਾਂ ਲਿਫਾਫੇ ਚੁੱਕਣ ਵਾਲਾ। ਉਸ ਨੇ ਦੱਸਣ ਦੀ ਕੋਸ਼ਿਸ਼ ਕੀਤੀ ਕਿ ਉਹ ਅਜਿਹਾ ਕਦੇ ਨਹੀਂ ਸੀ ਪਰ ਕੋਈ ਵੀ ਉਸ ਦੀ ਗੱਲ ਸੁਣਨ ਲਈ ਤਿਆਰ ਨਹੀਂ ਸੀ। 2 ਦਿਨ ਬਾਅਦ ਮੋਹਿਤ ਸਿੰਘ ਜੈਪੁਰ ਰੇਲਵੇ ਸਟੇਸ਼ਨ 'ਤੇ ਵਾਪਸ ਪਹੁੰਚ ਗਿਆ ਸੀ ਅਤੇ ਉਥੋਂ ਉਸ ਨੇ ਉਸ ਔਰਤ ਲਈ ਪਲਾਸਟਿਕ ਦੀਆਂ ਬੋਤਲਾਂ ਇਕੱਠੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਸਨ, ਜਿਸ ਨੇ ਉਸ ਨੂੰ ਆਪਣੇ ਕਬਜ਼ੇ ਵਿਚ ਰੱਖਿਆ ਸੀ। ਉਹ ਭੁੱਖ ਨਾਲ ਬੇਹਾਲ ਸੀ। ਘੱਟੋ-ਘੱਟ ਉਹ ਔਰਤ ਉਸ ਨੂੰ ਖਾਣਾ ਤਾਂ ਦਿੰਦੀ ਸੀ।
ਸਤੰਬਰ 2009 ਵਿਚ ਮੋਹਿਤ ਅਤੇ ਜਾਵੇਦ ਇਕ ਟ੍ਰੇਨ ਵਿਚ ਚੜ੍ਹੇ ਕਿਉਂਕਿ ਉਹ ਆਪਣੇ ਪਿਤਾ ਤੋਂ ਦੂਰ ਚਲਾ ਜਾਣਾ ਚਾਹੁੰਦਾ ਸੀ। ਜਾਵੇਦ ਉਮਰ ਵਿਚ ਵੱਡਾ ਸੀ ਅਤੇ ਦੌੜਨ ਦੀ ਯੋਜਨਾ ਉਸ ਦੇ ਦਿਮਾਗ ਦੀ ਉਪਜ ਸੀ। 9 ਸਾਲ ਦੇ ਮੋਹਿਤ ਨੇ ਸੋਚਿਆ ਕਿ ਇਹ ਇਕ ਵਧੀਆ ਐਡਵੈਂਚਰ ਹੋਵੇਗਾ। ਉਹ ਕਹਿੰਦੈ, ''ਇਕ ਕਰਿਆਨਾ ਸਟੋਰ 'ਤੇ ਫ਼ਿਲਮ ਦੇਖਦਿਆਂ ਫੜੇ ਜਾਣ ਪਿੱਛੋਂ ਸਾਡੇ ਪਿਤਾਵਾਂ ਨੇ ਸਾਨੂੰ ਝਿੜਕਿਆ ਸੀ। ਉਸ ਨੇ ਕਿਹਾ ਸੀ ਕਿ ਉਹ ਫ਼ਿਲਮ ਸਟਾਰ ਬਣਨ ਲਈ ਮੁੰਬਈ ਚਲਾ ਜਾਏਗਾ। ਜੋ ਵੀ ਟ੍ਰੇਨ ਸਾਨੂੰ ਪਹਿਲਾਂ ਨਜ਼ਰ ਆਈ, ਅਸੀਂ ਉਸ ਵਿਚ ਚੜ੍ਹ ਗਏ ਅਤੇ ਇਹ ਚੱਲਣ ਲੱਗੀ। ਤਿੰਨ ਸਟੇਸ਼ਨਾਂ ਬਾਅਦ ਜਾ ਕੇ ਜਾਵੇਦ ਨੇ ਕਿਹਾ ਕਿ ਉਹ ਪਖਾਨੇ ਜਾ ਰਿਹਾ ਹੈ। ਮੈਂ ਉਸ ਦੀ ਉਡੀਕ ਕਰਨ ਲੱਗਾ ਪਰ ਉਹ ਕਦੇ ਵੀ ਵਾਪਸ ਨਹੀਂ ਆਇਆ।''
ਆਖਰੀ ਸਟੇਸ਼ਨ ਜੈਪੁਰ ਸੀ ਅਤੇ ਰੇਲਵੇ ਸਟਾਫ ਵਲੋਂ ਮੋਹਿਤ ਨੂੰ ਟ੍ਰੇਨ ਤੋਂ ਉਤਰਨ ਲਈ ਮਜਬੂਰ ਕੀਤਾ ਗਿਆ। ਉਹ ਕਹਿੰਦਾ ਹੈ, ''ਮੈਂ ਦੋ ਦਿਨਾਂ ਤੱਕ ਰੋਂਦਾ ਰਿਹਾ। ਪਲੇਟਫਾਰਮ 'ਤੇ ਇਕ ਹੀ ਥਾਂ ਬੈਠ ਕੇ ਮੈਂ ਸੋਚ ਰਿਹਾ ਸੀ ਕਿ ਮੇਰੀ ਦਾਦੀ ਆਏਗੀ ਅਤੇ ਮੈਨੂੰ ਬਚਾ ਲੈ ਜਾਏਗੀ।''
ਉਦੋਂ ਉਹ ਸਲਮਾ ਨੂੰ ਮਿਲਿਆ। ਉਹ ਉਮਰ ਵਿਚ ਉਸ ਤੋਂ ਵੱਡੀ ਸੀ। ਆਪਣੀ ਯਾਦਦਾਸ਼ਤ 'ਤੇ ਜ਼ੋਰ ਪਾਉਂਦਿਆਂ ਮੋਹਿਤ ਕਹਿੰਦਾ ਹੈ, ''ਸਲਮਾ ਦੇ ਕੁਝ ਵਾਲ ਸਫੈਦ ਸਨ।'' ਉਹ ਉਸ ਲਈ ਰੇਲਵੇ ਦੀ ਕੰਟੀਨ 'ਚੋਂ ਬਚੀ-ਖੁਚੀ ਸਬਜ਼ੀ ਅਤੇ ਇਕ ਰੋਟੀ ਲੈ ਆਈ। ਉਹ ਭੁੱਖਿਆਂ ਵਾਂਗ ਖਾਣ ਲੱਗਾ। ਅਗਲੇ ਦਿਨ ਜੈਪੁਰ ਰੇਲਵੇ ਸਟੇਸ਼ਨ 'ਤੇ ਹਰੇਕ ਲਈ ਉਹ ਜਾਵੇਦ ਖਾਨ ਬਣ ਗਿਆ, ਜੋ ਸਲਮਾ ਦਾ ਛੋਟਾ ਭਰਾ ਸੀ। ਇਕ ਭਿਖਾਰੀ ਅਤੇ ਲਿਫਾਫੇ ਚੁਗਣ ਵਾਲਾ।
ਗਾਜ਼ੀਆਬਾਦ ਵਿਚ ਉਹ ਅਕਸਰ ਸਕੂਲ ਜਾਂਦਾ ਹੁੰਦਾ ਸੀ ਪਰ ਸਟੇਸ਼ਨ 'ਤੇ ਉਸ ਨੂੰ ਇਕ ਨਵੇਂ ਅਧਿਆਪਕ ਭਾਵ ਡਰ ਨਾਲ ਮਿਲਾਇਆ ਗਿਆ। ਉਹ ਕਹਿੰਦੈ, ''ਜੋ ਬੋਤਲਾਂ ਮੈਂ ਇਕੱਠੀਆਂ ਕਰ ਕੇ ਵੇਚਦਾ ਸੀ ਅਤੇ ਜੋ ਭੀਖ ਮੰਗਦਾ ਸੀ, ਉਸ ਨਾਲ ਮੈਂ ਰੋਜ਼ਾਨਾ 400 ਰੁਪਏ ਕਮਾਉਣੇ ਹੁੰਦੇ ਸਨ। ਜਦੋਂ ਮੈਂ ਸ਼ੁਰੂ ਕੀਤਾ ਸੀ ਤਾਂ ਮੈਨੂੰ ਇਹ ਤੱਕ ਨਹੀਂ ਪਤਾ ਸੀ ਕਿ 400 ਰੁਪਏ ਗਿਣੇ ਕਿਵੇਂ ਜਾਂਦੇ ਹਨ ਪਰ ਸਲਮਾ ਨੇ ਮੈਨੂੰ ਇਹ ਸਿਖਾ ਦਿੱਤਾ। ਜਿਸ ਦਿਨ ਪੈਸੇ ਘੱਟ ਹੁੰਦੇ, ਉਸ ਦਿਨ ਮੈਨੂੰ ਖਾਣਾ ਨਹੀਂ ਮਿਲਦਾ ਸੀ। ਉਹ ਮੈਨੂੰ ਝਾੜੂ ਨਾਲ ਕੁੱਟਦੀ, ਸਟੇਸ਼ਨ ਦੇ ਨੇੜੇ ਹੀ ਇਕ ਫਲਾਈਓਵਰ ਦੇ ਹੇਠਾਂ ਫਰਸ਼ 'ਤੇ ਅਸੀਂ ਸੌਂਦੇ ਸੀ। ਸੁਸਤ ਹੋਣ 'ਤੇ ਮੇਰੀ ਸਜ਼ਾ ਹੁੰਦੀ ਸੀ ਕਿ ਮੈਨੂੰ ਪੱਥਰਾਂ 'ਤੇ ਸੌਣਾ ਪੈਂਦਾ ਸੀ।'' ਇਕ ਹੋਰ ਮੁੰਡਾ ਸੀ, ਜੋ ਉਸ ਦੇ ਨਾਲ ਹੀ ਰਹਿੰਦਾ ਸੀ ਅਤੇ ਕੰਮ ਕਰਦਾ ਸੀ। ਸਲਮਾ ਉਸ ਨੂੰ ਇਸਮਾਈਲ ਕਹਿੰਦੀ ਸੀ। ਮੋਹਿਤ ਨੂੰ ਕਦੇ ਨਹੀਂ ਲੱਗਾ ਕਿ ਇਹ ਉਸ ਦਾ ਅਸਲੀ ਨਾਂ ਹੋਵੇਗਾ। ਉਹ ਕਹਿੰਦਾ ਹੈ, ''ਇਕ ਦਿਨ ਸਲਮਾ ਨੇ ਉਸ ਨੂੰ ਇੰਨੀ ਬੁਰੀ ਤਰ੍ਹਾਂ ਕੁੱੁਟਿਆ ਕਿ ਉਸ ਨੂੰ ਹਸਪਤਾਲ ਲਿਜਾਣਾ ਪਿਆ। ਇਹੀ ਉਹ ਸਮਾਂ ਸੀ, ਜਦੋਂ ਮੈਂ ਦੌੜਨ ਦੀ ਕੋਸ਼ਿਸ਼ ਕੀਤੀ ਅਤੇ ਗਾਜ਼ੀਆਬਾਦ ਆਪਣੇ ਘਰ ਜਾਣਾ ਚਾਹਿਆ ਪਰ ਮੈਨੂੰ ਜੈਪੁਰ ਪਰਤਣਾ ਪਿਆ ਸੀ ਕਿਉਂਕਿ ਮੈਂ ਨਹੀਂ ਜਾਣਦਾ ਸੀ ਕਿ ਮੇਰਾ ਘਰ ਕਿੱਥੇ ਸੀ ਅਤੇ ਕਿਸੇ ਨੇ ਮੇਰੀ ਮਦਦ ਵੀ ਨਹੀਂ ਕੀਤੀ। 3 ਦਿਨਾਂ ਤੱਕ ਮੈਨੂੰ ਖਾਣਾ ਨਹੀਂ ਮਿਲਿਆ, ਨਾ ਹੀ ਪਾਣੀ। ਸਲਮਾ ਨੇ ਮੈਨੂੰ ਕਿਹਾ ਕਿ ਮੈਂ ਹਮੇਸ਼ਾ ਉਸ ਦੇ ਨਾਲ ਰਹਾਂਗਾ।''
ਹੌਲੀ-ਹੌਲੀ ਮੋਹਿਤ ਜਾਵੇਦ ਬਣ ਰਿਹਾ ਸੀ। ਇਕ ਦਿਨ ਅਚਾਨਕ ਉਸ ਨੇ ਖਾਕੀ ਵਰਦੀ ਵਾਲੇ ਇਕ ਵਿਅਕਤੀ ਨੂੰ ਗਾਜ਼ੀਆਬਾਦ ਦਾ ਜ਼ਿਕਰ ਕਰਦਿਆਂ ਸੁਣਿਆ। ਉਹ ਲੋਕ ਕਿਸੇ ਹੋਰ ਬੱਚੇ ਨੂੰ ਲੱਭ ਰਹੇ ਸਨ। ਮੋਹਿਤ ਨੇ ਉਨ੍ਹਾਂ ਕੋਲ ਜਾਣ ਦੀ ਕੋਸ਼ਿਸ਼ ਕੀਤੀ ਪਰ ਇਹ ਦੇਖ ਕੇ ਸਲਮਾ ਬਿਲਕੁਲ ਪਾਗਲ ਹੋ ਗਈ ਅਤੇ ਉਸ ਨੇ ਉਸ ਨੂੰ ਕੁੱਟਿਆ। ਉਨ੍ਹਾਂ ਲੋਕਾਂ ਨੇ ਇਹ ਦ੍ਰਿਸ਼ ਦੇਖਿਆ ਅਤੇ ਸਲਮਾ ਨੂੰ ਪੁੱਛਿਆ ਕਿ ਸਮੱਸਿਆ ਕੀ ਹੈ। ਉਸ ਨੇ ਦੱਸਿਆ ਕਿ ਮੇਰਾ ਨਾਂ ਜਾਵੇਦ ਹੈ ਅਤੇ ਮੈਂ ਉਸ ਦਾ ਛੋਟਾ ਭਰਾ ਸੀ। ਉਸ ਨੇ ਇਹ ਵੀ ਕਿਹਾ ਕਿ ਮੈਂ ਬੁਰਾ ਵਤੀਰਾ ਕਰ ਰਿਹਾ ਸੀ। ਉਹ ਚਲੇ ਗਏ ਅਤੇ ਮੈਂ ਸੋਚਿਆ ਕਿ ਮੈਂ ਉਨ੍ਹਾਂ ਨੂੰ ਕਦੇ ਦੁਬਾਰਾ ਨਹੀਂ ਮਿਲ ਸਕਾਂਗਾ ਪਰ ਸਬ-ਇੰਸਪੈਕਟਰ ਮਾਣਿਕ ਚੰਦ ਨੂੰ ਇਸ ਵਿਚ ਕੁਝ ਅਜੀਬ ਨਜ਼ਰ ਆਇਆ। ਉਹ ਕਹਿੰਦੇ ਹਨ, ''ਜਦੋਂ ਉਸ ਨੇ ਗਾਜ਼ੀਆਬਾਦ ਦਾ ਨਾਂ ਸੁਣਿਆ ਤਾਂ ਉਹ ਉਛਲਿਆ ਸੀ, ਇਸ ਲਈ ਅਗਲੇ ਦਿਨ ਮੈਂ ਸਾਦੇ ਕੱਪੜਿਆਂ ਵਿਚ ਉਥੇ ਗਿਆ। ਮੈਂ ਉਸ ਨੂੰ ਇਕ ਪਾਸੇ ਖਿੱਚ ਲਿਆ ਅਤੇ ਉਸ ਤੋਂ ਪੁੱਛਿਆ ਕਿ ਉਹ ਕਿੱਥੋਂ ਦਾ ਰਹਿਣ ਵਾਲਾ ਹੈ। ਉਸ ਸਮੇਂ ਸਲਮਾ ਨੂੰ ਅਹਿਸਾਸ ਹੋ ਗਿਆ ਕਿ ਮੈਂ ਇਕ ਪੁਲਸ ਵਾਲਾ ਹਾਂ। ਉਹ ਪਹਿਲਾਂ ਹੀ ਮੈਨੂੰ ਆਪਣੀ ਕਹਾਣੀ ਸੁਣਾ ਚੁੱਕਾ ਸੀ ਅਤੇ ਅਸੀਂ ਉਸ ਨੂੰ ਘਰ ਲੈ ਆਏ ਸੀ।''
ਇਸ ਵਾਰ ਗਾਜ਼ੀਆਬਾਦ ਸਟੇਸ਼ਨ 'ਤੇ ਮੋਹਿਤ ਨਜ਼ਰ ਆਇਆ ਤਾਂ ਉਹ 14 ਸਾਲ ਦਾ ਸੀ ਅਤੇ ਉਸ ਨਾਲ 3 ਪੁਲਸ ਵਾਲੇ ਸਨ। ਇਸ ਵਾਰ ਘਰ ਦੀ ਭਾਲ ਬਹੁਤ ਜ਼ਿਆਦਾ ਡਰਾਉਣੀ ਨਹੀਂ ਸੀ। ਉਸ ਨੇ ਉਨ੍ਹਾਂ ਨੂੰ ਦੱਸਿਆ ਕਿ ਉਸ ਦੀ ਦਾਦੀ ਝਾੜ-ਫੂਕ ਕਰ ਕੇ ਪੈਸਾ ਕਮਾਉਂਦੀ ਹੈ। ਅਗਲੇ 6 ਘੰਟਿਆਂ ਦੇ ਅੰਦਰ-ਅੰਦਰ ਨੈਸ਼ਨਲ ਹਾਈਵੇਅ-24 ਦੇ ਹਰ ਬਾਈਪਾਸ 'ਤੇ ਉਸ ਨੂੰ ਲਿਜਾਇਆ ਗਿਆ, ਜਦੋਂ ਤੱਕ ਕਿ ਉਨ੍ਹਾਂ ਨੇ ਝਾੜ-ਫੂਕ ਵਾਲੀ ਅਸਮਾ ਨੂੰ ਲੱਭ ਨਾ ਲਿਆ।
5 ਸਾਲ ਜੋ ਉਸ ਨੇ ਘਰੋਂ ਦੂਰ ਬਿਤਾਏ ਸਨ, ਉਨ੍ਹਾਂ ਦੌਰਾਨ ਉਸ ਦਾ ਪਿਤਾ ਰਾਜ ਕਿਸ਼ੋਰ, ਜੋ ਕਿ ਬਹੁਤ ਘੱਟ ਕਮਾਈ ਕਰਦਾ ਸੀ, ਹੁਣ ਇਕ ਸ਼ਰਾਬੀ ਬਣ ਚੁੱਕਾ ਸੀ। ਉਸ ਦੀ ਮਾਂ ਰੀਨਾ ਦੇਵੀ ਆਪਣਾ ਮਾਨਸਿਕ ਸੰਤੁਲਨ ਗੁਆ ਚੁੱਕੀ ਸੀ ਅਤੇ ਮੁਸਕਰਾਉਣਾ ਤੱਕ ਭੁੱਲ ਗਈ ਸੀ। ਉਸ ਦੀ ਦਾਦੀ ਸੰਧਿਆ ਦੇਵੀ ਆਪਣੀ ਸਾਰੀ ਕਮਾਈ ਉਸ ਦੀ ਦੇਖਭਾਲ ਵਿਚ ਲਗਾ ਚੁੱਕੀ ਸੀ। ਈਦ ਵਾਲੇ ਦਿਨ ਜਦੋਂ ਉਹ ਆਪਣੇ ਘਰ ਪਹੁੰਚਿਆ ਤਾਂ ਉਸ ਦੇ ਘਰ ਵਾਲੇ ਚੁੱਪ-ਚਾਪ ਬੈਠੇ ਸਨ। ਉਹ ਉਸ ਨੂੰ ਪਛਾਣਨ ਵਿਚ ਡਰ ਰਹੇ ਸਨ। ਉਸ ਦਾ ਕੱਦ 5 ਇੰਚ ਵੱਧ ਚੁੱਕਾ ਸੀ ਅਤੇ ਜ਼ਿੰਦਗੀ ਨੇ ਉਸ ਨੂੰ ਕਾਫੀ ਮਜ਼ਬੂਤ ਬਣਾ ਦਿੱਤਾ ਸੀ। ਉਹ ਰੋ ਵੀ ਰਹੇ ਸਨ ਅਤੇ ਹੱਸ ਵੀ ਰਹੇ ਸਨ। ਉਸ ਦੀ ਮਾਂ ਖੁਸ਼ੀ ਨਾਲ ਖੀਵੀ ਹੋਈ ਜਾ ਰਹੀ ਸੀ। ਉਸ ਦੇ ਪਿਤਾ ਨੂੰ ਹੁਣ ਸ਼ਰਾਬ ਦੀ ਲੋੜ ਨਹੀਂ ਸੀ ਅਤੇ ਉਸ ਦੀ ਦਾਦੀ ਅਰਦਾਸ ਕਰ ਰਹੀ ਸੀ। ਉਦੋਂ ਤੋਂ ਉਸ ਨੇ ਆਪਣਾ ਘਰ ਨਹੀਂ ਛੱਡਿਆ। ਜੇਕਰ ਕਦੇ ਉਹ ਘਰੋਂ ਬਾਹਰ ਵੀ ਨਿਕਲਦਾ ਹੈ ਤਾਂ ਉਹ ਉਸ ਨੂੰ ਆਵਾਜ਼ ਦਿੰਦੇ ਹਨ, ''ਮੋਹਿਤ ਵਾਪਸ ਆ ਜਾ।'' ਉਹ ਆਪਣਾ ਨਾਂ ਸੁਣ ਕੇ ਮੁਸਕਰਾਉਂਦਾ। ਜਾਵੇਦ ਹੁਣ ਅਤੀਤ ਦੀ ਗੱਲ ਬਣ ਚੁੱਕਾ ਸੀ।
ਮਹਾਲਕਸ਼ਮੀ ਦਾ ਪੁਲ
NEXT STORY