ਮਹਾਲਕਸ਼ਮੀ ਸਟੇਸ਼ਨ ਦੇ ਉਰਲੇ ਪਾਸੇ ਮਹਾਲਕਸ਼ਮੀ ਜੀ ਦਾ ਮੰਦਰ ਹੈ, ਉਸ ਨੂੰ ਲੋਕ 'ਰੇਸ ਕੋਰਸ' ਵੀ ਕਹਿੰਦੇ ਹਨ। ਮਹਾਲਕਸ਼ਮੀ ਸਟੇਸ਼ਨ ਦੇ ਪਰਲੇ ਪਾਸੇ ਇਕ ਬਹੁਤ ਵੱਡੀ ਗੰਦੀ ਨਾਲੀ ਹੈ, ਜੋ ਮਨੁੱਖੀ ਸਰੀਰਾਂ ਦੇ ਮਲ ਨੂੰ ਢੱਕੀ ਪਾਣੀ ਵਿਚ ਘੋਲਦੀ ਹੋਈ ਸ਼ਹਿਰੋਂ ਬਾਹਰ ਚਲੀ ਜਾਂਦੀ ਹੈ। ਮੰਦਰ ਵਿਚ ਮਨੁੱਖ ਦੇ ਮਨ ਦੀ ਮੈਲ ਸਾਫ ਹੁੰਦੀ ਹੈ ਅਤੇ ਗੰਦੇ ਨਾਲੇ ਵਿਚ ਮਨੁੱਖ ਦੇ ਸਰੀਰ ਦਾ ਮਲ ਅਤੇ ਇਨ੍ਹਾਂ ਦੋਹਾਂ ਵਿਚਾਲੇ ਮਹਾਲਕਸ਼ਮੀ ਦਾ ਪੁਲ ਹੈ।
ਮਹਾਲਕਸ਼ਮੀ ਦੇ ਪੁਲ ਦੇ ਉੱਪਰ ਖੱਬੇ ਪਾਸੇ ਲੋਹੇ ਦੇ ਜੰਗਲੇ 'ਤੇ ਛੇ ਸਾੜ੍ਹੀਆਂ ਲਹਿਰਾ ਰਹੀਆਂ ਹਨ। ਪੁਲ ਦੇ ਇਸ ਪਾਸੇ ਹਮੇਸ਼ਾ ਇਸ ਸਥਾਨ 'ਤੇ ਕੁਝ ਸਾੜ੍ਹੀਆਂ ਲਹਿਰਾਉਂਦੀਆਂ ਰਹਿੰਦੀਆਂ ਹਨ। ਇਹ ਸਾੜ੍ਹੀਆਂ ਬਹੁਤੀਆਂ ਕੀਮਤੀ ਨਹੀਂ ਹਨ, ਇਨ੍ਹਾਂ ਨੂੰ ਪਹਿਨਣ ਵਾਲੀਆਂ ਵੀ ਕੋਈ ਬਹੁਤੀਆਂ ਕੀਮਤੀ ਨਹੀਂ ਹੋਣਗੀਆਂ। ਇਹ ਲੋਕ ਰੋਜ਼ ਇਨ੍ਹਾਂ ਸਾੜ੍ਹੀਆਂ ਨੂੰ ਧੋ ਕੇ ਸੁੱਕਣ ਲਈ ਇੱਥੇ ਪਾ ਦਿੰਦੇ ਹਨ ਅਤੇ ਰੇਲਵੇ ਲਾਈਨ ਦੇ ਆਰ-ਪਾਰ ਜਾਂਦੇ ਲੋਕ, ਮਹਾਲਕਸ਼ਮੀ ਸਟੇਸ਼ਨ 'ਤੇ ਗੱਡੀ ਦੀ ਉਡੀਕ ਕਰਦੇ ਲੋਕ, ਗੱਡੀ ਦੀ ਖਿੜਕੀ ਅਤੇ ਦਰਵਾਜ਼ਿਆਂ ਤੋਂ ਬਾਹਰ ਦੇਖਣ ਵਾਲੇ ਲੋਕ ਆਮ ਤੌਰ 'ਤੇ ਇਨ੍ਹਾਂ ਸਾੜ੍ਹੀਆਂ ਨੂੰ ਹਵਾ ਵਿਚ ਝੂਲਦਿਆਂ ਦੇਖਦੇ ਹਨ।
ਉਹ ਇਨ੍ਹਾਂ ਦੇ ਵੱਖ-ਵੱਖ ਰੰਗਾਂ ਨੂੰ ਦੇਖਦੇ ਹਨ-ਭੂਰਾ, ਗੂੜ੍ਹਾ ਭੂਰਾ, ਮੈਲਖੋਰਾ, ਨੀਲਾ, ਕਿਰਮਜੀ ਭੂਰਾ, ਗੰਦਾ ਲਾਲ, ਗੂੜ੍ਹਾ ਨੀਲਾ ਕਿਨਾਰਾ ਅਤੇ ਲਾਲ। ਉਹ ਲੋਕ ਆਮ ਤੌਰ 'ਤੇ ਇਨ੍ਹਾਂ ਹੀ ਰੰਗਾਂ ਨੂੰ ਵਾਤਾਵਰਣ ਵਿਚ ਫੈਲੇ ਹੋਏ ਦੇਖਦੇ ਹਨ ਇਕ ਪਲ ਲਈ। ਦੂਜੇ ਪਲ ਗੱਡੀ ਪੁਲ ਦੇ ਹੇਠੋਂ ਲੰਘ ਜਾਂਦੀ ਹੈ।
ਇਨ੍ਹਾਂ ਸਾੜ੍ਹੀਆਂ ਦੇ ਰੰਗ ਹੁਣ ਅੱਖਾਂ ਨੂੰ ਚੰਗੇ ਨਹੀਂ ਲੱਗਦੇ। ਕਿਸੇ ਵੇਲੇ ਹੋ ਸਕਦਾ ਹੈ ਕਿ ਜਦੋਂ ਇਹ ਨਵੀਆਂ-ਨਵੀਆਂ ਖਰੀਦੀਆਂ ਗਈਆਂ ਹੋਣ ਅਤੇ ਇਨ੍ਹਾਂ ਦੇ ਰੰਗ ਸੁੰਦਰ ਅਤੇ ਚਮਕਦਾਰ ਹੋਣ ਪਰ ਹੁਣ ਨਹੀਂ। ਲਗਾਤਾਰ ਧੋਤੀਆਂ ਜਾਣ ਕਾਰਨ ਇਨ੍ਹਾਂ ਰੰਗਾਂ ਦੀ ਚਮਕ ਮਰ ਚੁੱਕੀ ਹੈ। ਹੁਣ ਇਹ ਸਾੜ੍ਹੀਆਂ ਆਪਣੇ ਝੂਠੇ.... ਨਾਲ ਬੜੀ ਬੇਦਿਲੀ ਨਾਲ ਜੰਗਲਿਆਂ 'ਤੇ ਪਈਆਂ ਨਜ਼ਰ ਆਉਂਦੀਆਂ ਹਨ। ਤੁਸੀਂ ਦਿਨ ਵਿਚ ਇਨ੍ਹਾਂ ਨੂੰ ਸੌ ਵਾਰ ਦੇਖੋ, ਇਹ ਤੁਹਾਨੂੰ ਕਦੇ ਸੁੰਦਰ ਨਹੀਂ ਲੱਗਣਗੀਆਂ। ਨਾ ਇਨ੍ਹਾਂ ਦਾ ਰੰਗ-ਰੂਪ ਚੰਗਾ ਹੈ, ਨਾ ਇਨ੍ਹਾਂ ਦਾ ਕੱਪੜਾ। ਇਹ ਬੜੀ ਘਟੀਆ ਕਿਸਮ ਦੀਆਂ ਸਾੜ੍ਹੀਆਂ ਹਨ। ਰੋਜ਼ ਧੁਪਦੀਆਂ ਰਹਿਣ ਨਾਲ ਇਨ੍ਹਾਂ ਦਾ ਕੱਪੜਾ ਕਾਫੀ ਘੱਸ ਰਿਹਾ ਹੈ ਅਤੇ ਕਿਤੋਂ-ਕਿਤੋਂ ਫੱਟ ਵੀ ਗਿਆ ਹੈ। ਕਿਤੇ ਉਧੜੇ ਹੋਏ ਟਾਂਕੇ ਹਨ। ਕਿਤੇ ਭੈੜੇ-ਭੈੜੇ ਧੱਬੇ, ਜੋ ਇੰਨੇ ਪੱਕੇ ਹੋ ਗਏ ਹਨ ਕਿ ਧੋਣ 'ਤੇ ਵੀ ਸਾਫ ਨਹੀਂ ਹੁੰਦੇ, ਸਗੋਂ ਹੋਰ ਗੂੜ੍ਹੇ ਹੋ ਜਾਂਦੇ ਹਨ।
ਮੈਂ ਇਨ੍ਹਾਂ ਸਾੜ੍ਹੀਆਂ ਦੀ ਕਹਾਣੀ ਜਾਣਦਾ ਹਾਂ ਕਿਉਂਕਿ ਮੈਂ ਉਨ੍ਹਾਂ ਨੂੰ ਜਾਣਦਾ ਹਾਂ, ਜੋ ਇਨ੍ਹਾਂ ਸਾੜ੍ਹੀਆਂ ਨੂੰ ਪਹਿਨਦੀਆਂ ਹਨ। ਇਹ ਸਭ ਮਹਾਲਕਸ਼ਮੀ ਦੇ ਪੁਲ ਦੇ ਕੋਲ ਹੀ ਖੱਬੇ ਪਾਸੇ 8 ਨੰਬਰ ਦੀ ਚਾਲ ਵਿਚ ਰਹਿੰਦੀਆਂ ਹਨ। ਇਹ ਚਾਲ ਮਤਵਾਲੀ ਨਹੀਂ ਹੈ, ਬੜੀ ਗਰੀਬ ਜਿਹੀ ਚਾਲ ਹੈ। ਮੈਂ ਵੀ ਤਾਂ ਇਸੇ ਚਾਲ ਵਿਚ ਰਹਿੰਦਾ ਹਾਂ। ਇਸ ਲਈ ਤੁਹਾਨੂੰ ਇਨ੍ਹਾਂ ਸਾੜ੍ਹੀਆਂ ਅਤੇ ਇਨ੍ਹਾਂ ਨੂੰ ਪਹਿਨਣ ਵਾਲੀਆਂ ਬਾਰੇ ਸਭ ਕੁਝ ਦੱਸ ਸਕਦਾ ਹਾਂ।
ਅਜੇ ਪ੍ਰਧਾਨ ਮੰਤਰੀ ਦੀ ਗੱਡੀ ਆਉਣ 'ਚ ਸਮਾਂ ਹੈ। ਤੁਸੀਂ ਉਡੀਕ ਕਰਦੇ-ਕਰਦੇ ਅੱਕ ਜਾਓਗੇ। ਇਸ ਲਈ ਜੇਕਰ ਤੁਸੀਂ ਇਨ੍ਹਾਂ ਛੇ ਸਾੜ੍ਹੀਆਂ ਦੀ ਕਹਾਣੀ ਬਾਰੀ ਮੈਥੋਂ ਸੁਣ ਲਓ ਤਾਂ ਸਮਾਂ ਆਸਾਨੀ ਨਾਲ ਬੀਤ ਜਾਏਗਾ।
ਇਧਰ ਜੋ ਭੂਰੇ ਰੰਗ ਦੀ ਸਾੜ੍ਹੀ ਲਟਕ ਰਹੀ ਹੈ, ਇਹ ਸ਼ਾਂਤਾਬਾਈ ਦੀ ਸਾੜ੍ਹੀ ਹੈ। ਇਸ ਦੇ ਨੇੜੇ ਹੀ ਜੋ ਸਾੜ੍ਹੀ ਲਟਕ ਰਹੀ ਹੈ, ਉਹ ਵੀ ਤੁਹਾਨੂੰ ਭੂਰੇ ਰੰਗ ਦੀ ਨਜ਼ਰ ਆਉਂਦੀ ਹੋਵੇਗੀ ਪਰ ਉਹ ਤਾਂ ਗੂੜ੍ਹੇ ਭੂਰੇ ਰੰਗ ਦੀ ਹੈ। ਤੁਸੀਂ ਨਹੀਂ, ਮੈਂ ਇਸ ਦਾ ਭੂਰਾ-ਭੂਰਾ ਰੰਗ ਦੇਖ ਸਕਦਾ ਹਾਂ ਕਿਉਂਕਿ ਮੈਂ ਇਸ ਨੂੰ ਉਦੋਂ ਤੋਂ ਜਾਣਦਾ ਹਾਂ, ਜਦੋਂ ਇਸ ਦਾ ਰੰਗ ਚਮਕਦਾਰ ਭੂਰਾ ਹੁੰਦਾ ਸੀ। ਹੁਣ ਇਸ ਦੂਜੀ ਸਾੜ੍ਹੀ ਦਾ ਰੰਗ ਵੀ ਉਸ ਵਰਗਾ ਭੂਰਾ ਹੀ ਹੈ, ਜਿਵੇਂ ਸ਼ਾਂਤਾਬਾਈ ਦੀ ਸਾੜ੍ਹੀ ਦਾ ਅਤੇ ਯਕੀਨਨ, ਤੁਸੀਂ ਇਨ੍ਹਾਂ ਦੋਹਾਂ ਸਾੜ੍ਹੀਆਂ ਵਿਚ ਬੜੀ ਮੁਸ਼ਕਿਲ ਨਾਲ ਕੋਈ ਫਰਕ ਦੇਖ ਸਕਦੇ ਹੋ। ਮੈਂ ਵੀ ਜਦੋਂ ਇਨ੍ਹਾਂ ਨੂੰ ਪਹਿਨਣ ਵਾਲੀਆਂ ਦੇ ਜੀਵਨ ਨੂੰ ਦੇਖਦਾ ਹਾਂ ਤਾਂ ਬਹੁਤ ਘੱਟ ਫਰਕ ਮਹਿਸੂਸ ਕਰਦਾ ਹਾਂ ਪਰ ਇਹ ਪਹਿਲੀ ਸਾੜ੍ਹੀ, ਜੋ ਭੂਰੇ ਰੰਗ ਦੀ ਹੈ, ਉਹ ਸ਼ਾਂਤਾਬਾਈ ਦੀ ਸਾੜ੍ਹੀ ਹੈ ਅਤੇ ਜੋ ਦੂਜੇ ਭੂਰੇ ਰੰਗ ਦੀ ਸਾੜ੍ਹੀ ਹੈ ਅਤੇ ਜਿਸ ਦਾ ਗੂੜ੍ਹਾ ਭੂਰਾ ਰੰਗ ਸਿਰਫ ਮੇਰੀਆਂ ਅੱਖਾਂ ਹੀ ਦੇਖ ਸਕਦੀਆਂ ਹਨ, ਉਹ ਜੀਵਨਾਬਾਈ ਦੀ ਸਾੜ੍ਹੀ ਹੈ।
ਸ਼ਾਂਤਾਬਾਈ ਦਾ ਜੀਵਨ ਵੀ ਉਸ ਦੀ ਸਾੜ੍ਹੀ ਦੇ ਰੰਗ ਵਾਂਗ ਹੀ ਭੂਰਾ ਹੈ। ਸ਼ਾਂਤਾਬਾਈ ਬਰਤਨ ਮਾਂਜਣ ਦਾ ਕੰਮ ਕਰਦੀ ਹੈ। ਉਸ ਦੇ 3 ਬੱਚੇ ਹਨ- ਇਕ ਕੁੜੀ, ਦੋ ਛੋਟੇ ਮੁੰਡੇ ਹਨ। ਵੱਡੀ ਕੁੜੀ ਦੀ ਉਮਰ 6-7 ਸਾਲ ਦੀ ਹੋਵੇਗੀ ਅਤੇ ਸਭ ਤੋਂ ਛੋਟਾ ਮੁੰਡਾ ਦੋ ਸਾਲ ਦਾ ਹੈ। ਉਸ ਦਾ ਪਤੀ ਸੈਲੂਨ ਮਿੱਲ ਵਿਚ ਕੰਮ ਕਰਦਾ ਹੈ। ਉਸ ਨੂੰ ਬਹੁਤ ਤੜਕੇ ਜਾਣਾ ਪੈਂਦਾ ਹੈ, ਇਸ ਲਈ ਸ਼ਾਂਤਾਬਾਈ ਆਪਣੇ ਪਤੀ ਲਈ ਅਗਲੇ ਦਿਨ ਦਾ ਖਾਣਾ ਰਾਤ ਨੂੰ ਹੀ ਬਣਾ ਕੇ ਰੱਖ ਲੈਂਦੀ ਹੈ ਕਿਉਂਕਿ ਸਵੇਰੇ ਉਸ ਨੂੰ ਆਪ ਬਰਤਨ ਮਾਂਜਣ ਲਈ ਅਤੇ ਪਾਣੀ ਢੋਹਣ ਲਈ ਦੂਜਿਆਂ ਦੇ ਘਰਾਂ ਵਿਚ ਜਾਣਾ ਪੈਂਦਾ ਹੈ।
ਹੁਣ ਉਹ ਆਪਣੇ ਨਾਲ ਆਪਣੀ ਛੇ ਸਾਲ ਦੀ ਬੱਚੀ ਨੂੰ ਵੀ ਲੈ ਜਾਂਦੀ ਹੈ ਅਤੇ ਦੁਪਹਿਰ ਦੇ ਲਗਭਗ ਚਾਲ ਵਿਚ ਮੁੜ ਆਉਂਦੀ ਹੈ। ਵਾਪਸ ਆ ਕੇ ਉਹ ਨਹਾਉਂਦੀ ਹੈ ਅਤੇ ਆਪਣੀ ਸਾੜ੍ਹੀ ਧੋਂਦੀ ਹੈ ਅਤੇ ਸੁਕਾਉਣ ਲਈ ਪੁਲ ਦੇ ਜੰਗਲੇ 'ਤੇ ਪਾ ਦਿੰਦੀ ਹੈ। ਫਿਰ ਇਕ ਬੇਹੱਦ ਮੈਲੀ ਅਤੇ ਪੁਰਾਣੀ ਧੋਤੀ ਪਹਿਨ ਕੇ ਖਾਣਾ ਬਣਾਉਣ ਲੱਗਦੀ ਹੈ। ਸ਼ਾਂਤਾਬਾਈ ਦੇ ਘਰ ਚੁੱਲ੍ਹਾ ਉਸ ਸਮੇਂ ਸੁਲਗ ਸਕਦਾ ਹੈ, ਜਦੋਂ ਦੂਜਿਆਂ ਦੇ ਚੁੱਲ੍ਹੇ ਠੰਡੇ ਪੈ ਜਾਣ ਭਾਵ ਦੁਪਹਿਰ ਦੇ ਦੋ ਵਜੇ ਅਤੇ ਰਾਤ ਦੇ ਨੌਂ ਵਜੇ।
ਇਨ੍ਹਾਂ ਦੋਹਾਂ ਵੇਲਿਆਂ ਦੇ ਇਧਰ ਅਤੇ ਉਧਰ ਉਸ ਨੂੰ ਦੋਵੇਂ ਸਮੇਂ ਘਰੋਂ ਬਾਹਰ ਬਰਤਨ ਮਾਂਜਣ ਅਤੇ ਪਾਣੀ ਢੋਹਣ ਦਾ ਕੰਮ ਹੁੰਦਾ ਹੈ। ਹੁਣ ਤਾਂ ਛੋਟੀ ਕੁੜੀ ਵੀ ਉਸ ਦਾ ਹੱਥ ਵੰਡਾਉਂਦੀ ਹੈ। ਸ਼ਾਂਤਾਬਾਈ ਬਰਤਨ ਸਾਫ ਕਰਦੀ ਹੈ, ਛੋਟੀ ਕੁੜੀ ਬਰਤਨ ਧੋਂਦੀ ਜਾਂਦੀ ਹੈ। ਦੋ-ਤਿੰਨ ਵਾਰ ਇੰਝ ਵੀ ਹੋਇਆ ਕਿ ਛੋਟੀ ਕੁੜੀ ਦੇ ਹੱਥੋਂ ਚੀਨੀ ਦੇ ਬਰਤਨ ਡਿੱਗ ਕੇ ਟੁੱਟ ਗਏ। ਜਦੋਂ ਮੈਂ ਛੋਟੀ ਕੁੜੀ ਦੀਆਂ ਅੱਖਾਂ ਸੁੱਜੀਆਂ ਅਤੇ ਗੱਲ੍ਹਾਂ ਲਾਲ ਦੇਖਦਾ ਤਾਂ ਸਮਝ ਜਾਂਦਾ ਹਾਂ ਕਿ ਕਿਸੇ ਵੱਡੇ ਘਰ ਵਿਚ ਚੀਨੀ ਦੇ ਬਰਤਨ ਟੁੱਟੇ ਹਨ। ਉਸ ਦਿਨ ਸ਼ਾਂਤਾਬਾਈ ਵੀ ਮੇਰੀ ਨਮਸਤੇ ਦਾ ਜਵਾਬ ਨਹੀਂ ਦਿੰਦੀ। ਸੜਦੀ-ਭੁਜਦੀ, ਬੁੜਬੁੜ ਕਰਦੀ ਚੁੱਲ੍ਹਾ ਬਾਲਣ ਲੱਗ ਜਾਂਦੀ ਹੈ ਅਤੇ ਚੁੱਲ੍ਹੇ ਵਿਚ ਅੱਗ ਘੱਟ ਅਤੇ ਧੂੰਆਂ ਵਧੇਰੇ ਕੱਢਣ ਵਿਚ ਸਫਲ ਹੋ ਜਾਂਦੀ ਹੈ। ਛੋਟਾ ਮੁੰਡਾ ਜੋ ਦੋ ਸਾਲ ਦਾ ਹੈ, ਧੂੰਏਂ ਨਾਲ ਆਪਣਾ ਸਾਹ ਘੁਟਦਾ ਦੇਖ ਕੇ ਚੀਕਦਾ ਹੈ ਤਾਂ ਸ਼ਾਂਤਾਬਾਈ ਉਸ ਦੀਆਂ ਕੋਮਲ ਗੱਲ੍ਹਾਂ 'ਤੇ ਜ਼ੋਰ-ਜ਼ੋਰ ਨਾਲ ਚਪੇੜਾਂ ਲਗਾਉਣ ਤੋਂ ਵੀ ਨਹੀਂ ਝਿਜਕਦੀ। ਇਸ ਨਾਲ ਬੱਚਾ ਹੋਰ ਜ਼ਿਆਦਾ ਚੀਕਦਾ ਹੈ।
ਉਂਝ ਤਾਂ ਉਹ ਸਾਰਾ ਦਿਨ ਰੋਂਦਾ ਹੈ ਕਿਉਂਕਿ ਉਸ ਨੂੰ ਦੁੱਧ ਨਹੀਂ ਮਿਲਦਾ ਅਤੇ ਆਮ ਤੌਰ 'ਤੇ ਉਸ ਨੂੰ ਭੁੱਖ ਲੱਗੀ ਹੀ ਰਹਿੰਦੀ ਹੈ ਅਤੇ ਦੋ ਸਾਲ ਦੀ ਉਮਰ ਵਿਚ ਹੀ ਉਸ ਨੂੰ ਬਾਜਰੇ ਦੀ ਰੋਟੀ ਖਾਣੀ ਪੈਂਦੀ ਹੈ। ਉਸ ਨੂੰ ਆਪਣੀ ਮਾਂ ਦਾ ਦੁੱਧ ਆਪਣੇ ਭੈਣ-ਭਰਾਵਾਂ ਵਾਂਗ ਸਿਰਫ ਪਿਛਲੇ ਛੇ-ਸੱਤ ਮਹੀਨੇ ਹੀ ਮਿਲ ਸਕਿਆ ਸੀ, ਉਹ ਵੀ ਬੜੀ ਮੁਸ਼ਕਿਲ ਨਾਲ। ਫਿਰ ਉਹ ਖੁਸ਼ਕ ਬਾਜਰੇ ਦੀ ਰੋਟੀ ਅਤੇ ਠੰਡੇ ਪਾਣੀ 'ਤੇ ਪਲਣ ਲੱਗਾ।
ਸਾਡੀ ਚਾਲ ਦੇ ਸਾਰੇ ਬੱਚੇ ਇਸੇ ਭੋਜਨ 'ਤੇ ਪਲਦੇ ਹਨ। ਉਹ ਸਾਰਾ ਦਿਨ ਨੰਗੇ ਰਹਿੰਦੇ ਹਨ ਅਤੇ ਰਾਤ ਨੂੰ ਜੁੱਲ੍ਹੀ ਲੈ ਕੇ ਸੌਂ ਜਾਂਦੇ ਹਨ। ਸੌਣ ਸਮੇਂ ਵੀ ਉਹ ਭੁੱਖੇ ਰਹਿੰਦੇ ਹਨ ਅਤੇ ਜਾਗਦਿਆਂ ਵੀ ਭੁੱਖੇ ਹੀ ਰਹਿੰਦੇ ਹਨ ਅਤੇ ਜਦੋਂ ਸ਼ਾਂਤਾਬਾਈ ਦੇ ਪਤੀ ਵਾਂਗ ਵੱਡੇ ਹੋ ਜਾਂਦੇ ਹਨ ਤਾਂ ਸਾਰਾ ਦਿਨ ਖੁਸ਼ਕ ਬਾਜਰਾ ਅਤੇ ਠੰਡਾ ਪਾਣੀ ਪੀ ਕੇ ਕੰਮ ਕਰਦੇ ਰਹਿੰਦੇ ਹਨ ਅਤੇ ਉਨ੍ਹਾਂ ਦੀ ਭੁੱਖ ਵਧਦੀ ਜਾਂਦੀ ਹੈ। ਹਰ ਸਮੇਂ ਮਿਹਦੇ ਅੰਦਰ, ਦਿਲ ਅੰਦਰ ਅਤੇ ਦਿਮਾਗ ਅੰਦਰ ਇਕ ਬੋਝ ਭਰੀ ਧਮਕ ਮਹਿਸੂਸ ਕਰਦੇ ਹਨ।
ਤਾੜੀ (ਸ਼ਰਾਬ) ਪੀ ਕੇ ਕੁਝ ਘੰਟਿਆਂ ਲਈ ਇਹ ਧਮਕ ਖਤਮ ਹੋ ਜਾਂਦੀ ਹੈ ਪਰ ਮਨੁੱਖ ਹਮੇਸ਼ਾ ਤਾੜੀ ਨਹੀਂ ਪੀ ਸਕਦਾ। ਇਕ ਦਿਨ ਪੀਏਗਾ, ਦੋ ਦਿਨ ਪੀਏਗਾ, ਤੀਜੇ ਦਿਨ ਦੀ ਤਾੜੀ ਲਈ ਪੈਸੇ ਕਿਥੋਂ ਲਿਆਏਗਾ? ਆਖਿਰ ਝੁੱਗੀ ਦਾ ਕਿਰਾਇਆ ਦੇਣਾ ਹੈ, ਰਾਸ਼ਨ ਦਾ ਖਰਚਾ ਹੈ, ਸਬਜ਼ੀ-ਭਾਜੀ, ਤੇਲ ਅਤੇ ਨਮਕ ਹੈ, ਬਿਜਲੀ ਅਤੇ ਪਾਣੀ ਹੈ-ਸ਼ਾਂਤਾਬਾਈ ਦੀ ਭੂਰੀ ਸਾੜ੍ਹੀ ਹੈ : ਉਹ ਛੇਵੇਂ-ਸੱਤਵੇਂ ਮਹੀਨੇ ਹੀ ਲੀਰੋ-ਲੀਰ ਹੋ ਜਾਂਦੀ ਹੈ। ਕਦੇ ਸੱਤ ਮਹੀਨਿਆਂ ਤੋਂ ਵਧੇਰੇ ਨਹੀਂ ਚੱਲਦੀ। ਇਹ ਮਿੱਲ ਵਾਲੇ ਵੀ ਪੰਜ ਰੁਪਏ ਚਾਰ ਆਨੇ ਵਿਚ ਕਿਹੋ ਜਿਹੀ ਰੱਦੀ ਅਤੇ ਨਿਕੰਮੀ ਸਾੜ੍ਹੀ ਦਿੰਦੇ ਹਨ, ਜਿਸ ਦੇ ਕੱਪੜੇ 'ਚ ਜਾਨ ਹੀ ਨਹੀਂ ਹੁੰਦੀ, ਛੇਵੇਂ ਮਹੀਨੇ ਜੋ ਲੀਰੋ-ਲੀਰ ਹੋਣਾ ਸ਼ੁਰੂ ਕਰ ਦਿੰਦੀ ਹੈ, ਤਾਂ ਸੱਤਵੇਂ ਮਹੀਨੇ ਬੜੀ ਮੁਸ਼ਕਿਲ ਨਾਲ ਸਿਉਂ ਕੇ, ਜੋੜ ਕੇ, ਸੀਣਾਂ ਲਗਾ ਕੇ ਕੰਮ ਦਿੰਦੀ ਹੈ ਅਤੇ ਫਿਰ ਉਹੀ ਪੰਜ ਰੁਪਏ ਚਾਰ ਆਨੇ ਖਰਚ ਕਰਨੇ ਪੈਂਦੇ ਹਨ ਅਤੇ ਉਹੀ ਭੂਰੇ ਰੰਗ ਦੀ ਸਾੜ੍ਹੀ ਆ ਜਾਂਦੀ ਹੈ।
ਸ਼ਾਂਤਾ ਨੂੰ ਇਹ ਰੰਗ ਬਹੁਤ ਪਸੰਦ ਹੈ। ਇਸ ਲਈ ਕਿ ਇਹ ਮੈਲਾ ਬੜੀ ਦੇਰ ਬਾਅਦ ਹੁੰਦਾ ਹੈ। ਉਸ ਨੂੰ ਘਰਾਂ ਵਿਚ ਝਾੜੂ ਲਗਾਉਣਾ ਪੈਂਦਾ ਹੈ, ਬਰਤਨ ਸਾਫ ਕਰਨੇ ਪੈਂਦੇ ਹਨ, ਤੀਜੀ-ਚੌਥੀ ਮੰਜ਼ਲ ਤਕ ਪਾਣੀ ਢੋਹਣਾ ਪੈਂਦਾ ਹੈ। ਉਹ ਭੂਰਾ ਰੰਗ ਨਹੀਂ ਚਾਹੇਗੀ ਤਾਂ ਕੀ ਖਿੜਦੇ ਹੋਏ ਗੁਲਾਬੀ ਅਤੇ ਬਸੰਤੀ ਰੰਗ ਪਸੰਦ ਕਰੇਗੀ? ਨਹੀਂ, ਉਹ ਇੰਨੀ ਮੂਰਖ ਨਹੀਂ ਹੈ, ਉਹ ਤਿੰਨ ਬੱਚਿਆਂ ਦੀ ਮਾਂ ਹੈ ਪਰ ਕਦੇ ਉਸ ਨੇ ਵੀ ਸੁਨਹਿਰੇ ਰੰਗ ਦੇਖੇ ਸਨ, ਪਹਿਨੇ ਸਨ... ਇਨ੍ਹਾਂ ਨੂੰ ਆਪਣੇ ਧੜਕਦੇ ਦਿਲ ਨਾਲ ਪਿਆਰ ਕੀਤਾ ਸੀ, ਜਦੋਂ ਉਹ ਧਾਰਵਾੜ ਵਿਚ ਆਪਣੇ ਪਿੰਡ ਵਿਚ ਸੀ, ਜਿੱਥੇ ਉਸ ਨੇ ਬੱਦਲਾਂ ਵਿਚ ਖਿੜੇ ਰੰਗਾਂ ਵਾਲੀ ਚਮਕ ਨੂੰ ਦੇਖਿਆ ਸੀ, ਜਿੱਥੇ ਮੀਲਾਂ ਵਿਚ ਉਸ ਨੇ ਖਿੜੇ ਰੰਗ ਨੱਚਦਿਆਂ ਦੇਖੇ ਸਨ, ਜਿੱਥੇ ਉਸ ਦੇ ਪਿਤਾ ਦੇ ਝੋਨੇ ਦੇ ਖੇਤ ਸਨ, ਅਜਿਹੇ ਸੁਨਹਿਰੀ ਹਰੇ-ਹਰੇ ਰੰਗ ਦੇ ਖੇਤ ਵਿਹੜੇ ਵਿਚ ਪੀਰੂ ਦਾ ਰੁੱਖ, ਜਿਸ ਦੀਆਂ ਟਹਿਣੀਆਂ ਤੋਂ ਉਹ ਪੀਰੂ ਤੋੜ-ਤੋੜ ਕੇ ਖਾਂਦੀ ਹੁੰਦੀ ਸੀ। ਪਤਾ ਨਹੀਂ ਕਿਉਂ ਹੁਣ ਇਨ੍ਹਾਂ ਪੀਰੂਆਂ ਵਿਚ ਉਹ ਮਿਠਾਸ ਅਤੇ ਖੇੜਾ ਨਹੀਂ ਹੈ। ਉਹ ਰੰਗ, ਉਹ ਚਮਕ-ਦਮਕ ਕਿੱਥੇ ਮਰ ਗਈ।
ਉਹ ਸਾਰੇ ਰੰਗ ਕਿਉਂ ਅਚਾਨਕ ਭੂਰੇ ਹੋ ਗਏ? ਸ਼ਾਂਤਾਬਾਈ ਕਦੇ ਬਰਤਨ ਮਾਂਜਦੇ-ਮਾਂਜਦੇ, ਖਾਣਾ ਬਣਾਉਂਦੇ, ਆਪਣੀ ਸਾੜ੍ਹੀ ਧੋਂਦਿਆਂ, ਇਸ ਪੁਲ ਦੇ ਜੰਗਲੇ 'ਤੇ ਲਿਆ ਕੇ ਉਸ ਨੂੰ ਪਾਉਂਦਿਆਂ ਇਹ ਸੋਚਦੀ ਹੈ ਕਿ ਉਸ ਦੀ ਭੂਰੀ ਸਾੜ੍ਹੀ 'ਚੋਂ ਪਾਣੀ ਦੇ ਬਿੰਦੂ ਹੰਝੂਆਂ ਵਾਂਗ ਰੇਲ ਦੀ ਪਟੜੀ 'ਤੇ ਵਹਿ ਜਾਂਦੇ ਹਨ ਅਤੇ ਦੇਖਣ ਵਾਲੇ ਲੋਕ ਇਕ ਭੂਰੇ ਰੰਗ ਦੀ ਬਦਸੂਰਤ ਔਰਤ ਨੂੰ ਪੁਲ ਦੇ ਉੱਪਰ ਜੰਗਲੇ 'ਤੇ ਇਕ ਭੂਰੀ ਸਾੜ੍ਹੀ ਫੋਲਦਿਆਂ ਦੇਖਦੇ ਹਨ ਅਤੇ ਅਗਲੇ ਹੀ ਪਲ ਗੱਡੀ ਪੁਲ ਦੇ ਹੇਠੋਂ ਲੰਘ ਜਾਂਦੀ ਹੈ।
ਪਰਿਵਾਰਕ ਸਾਂਝ, ਨਿਤਨੇਮ ਅਤੇ ਸੈਰ
NEXT STORY