ਸਾਲ 2009 ਤੋਂ ਹੁਣ ਤੱਕ ਇਸ ਟਾਪੂ 'ਤੇ ਲੱਗਭਗ ਇਕ ਦਰਜਨ ਨਵੀਆਂ ਕਿਸਮਾਂ ਲੱਭੀਆਂ ਜਾ ਚੁੱਕੀਆਂ ਹਨ। ਇਨ੍ਹਾਂ ਵਿਚ ਮੱਛੀ, ਜਾਨਵਰ ਅਤੇ ਕੋਰਲ ਸ਼ਾਮਲ ਹਨ। ਇਕ ਸ਼ਾਨਦਾਰ ਗੁਲਾਬੀ ਰੰਗ ਦੀ ਇਗੂਆਨਾ ਦੀ ਖੋਜ ਵੀ ਇਸੇ ਟਾਪੂ ਸਮੂਹ 'ਤੇ ਹੋਈ ਹੈ।
ਇਹ ਪ੍ਰਸ਼ਾਂਤ ਮਹਾਸਾਗਰ ਵਿਚ ਭੂਮੱਧ ਰੇਖਾ ਦੇ ਆਲੇ-ਦੁਆਲੇ ਫੈਲੇ ਜਵਾਲਾਮੁਖੀ ਟਾਪੂਆਂ ਦਾ ਸਮੂਹ ਹੈ, ਜੋ ਦੱਖਣ ਅਮਰੀਕੀ ਦੇਸ਼ ਇਕਵਾਡੋਰ ਦੇ ਪੱਛਮ ਵਿਚ ਲੱਗਭਗ 1 ਹਜ਼ਾਰ ਕਿਲੋਮੀਟਰ ਦੂਰ ਸਥਿਤ ਹੈ। ਇਨ੍ਹਾਂ ਟਾਪੂਆਂ 'ਤੇ ਇਕਵਾਡੋਰ ਦਾ ਹੀ ਅਧਿਕਾਰ ਹੈ, ਜਿਸ ਨੇ ਇਸ ਟਾਪੂ ਸਮੂਹ ਨੂੰ ਸੈਂਚੁਰੀ ਦੇ ਰੂਪ ਵਿਚ ਸੁਰੱਖਿਅਤ ਕੀਤਾ ਹੈ। ਸੰਯੁਕਤ ਰਾਸ਼ਟਰ ਨੇ ਵੀ ਇਸ ਨੂੰ ਯੂਨੈਸਕੋ ਵਿਸ਼ਵ ਵਿਰਾਸਤ ਸਥਾਨਾਂ ਦੀ ਸੂਚੀ ਵਿਚ ਸਥਾਨ ਦਿੱਤਾ ਹੋਇਆ ਹੈ।
ਇਸੇ ਟਾਪੂ 'ਤੇ ਮਹਾਨ ਵਿਗਿਆਨੀ ਚਾਰਲਸ ਡਾਰਵਿਨ ਨੇ ਖੋਜ ਕੀਤੀ ਸੀ ਅਤੇ ਉਨ੍ਹਾਂ ਦੀ ਪ੍ਰਸਿੱਧ ਥਿਊਰੀ ਆਫ ਇਵੈਲਿਊਸ਼ਨ (ਕੁਦਰਤੀ ਚੋਣ ਰਾਹੀਂ ਕ੍ਰਮਿਕ ਵਿਕਾਸ ਦਾ ਸਿਧਾਂਤ) ਵਿਚ ਉਨ੍ਹਾਂ ਦੀ ਇਸ ਖੋਜ ਦਾ ਖਾਸ ਯੋਗਦਾਨ ਸੀ।
ਸਾਲਾਂ ਤੋਂ ਇਹ ਟਾਪੂ ਸਮੂਹ ਜੈਵ ਵਿਗਿਆਨੀਆਂ ਲਈ ਖੋਜ ਕਰਨ ਦਾ ਇਕ ਮਨਪਸੰਦ ਸਥਾਨ ਬਣ ਚੁੱਕਾ ਹੈ। ਗਾਲਾਪਾਗੋਸ ਨੈਸ਼ਨਲ ਪਾਰਕ ਦੀ ਮਦਦ ਨਾਲ ਦਰਜਨ ਕੁ ਖੋਜਕਾਰ ਅਤੇ ਜੈਵ ਵਿਗਿਆਨੀ ਇਸ ਟਾਪੂ ਦਾ ਡੂੰਘਾਈ ਨਾਲ ਅਧਿਐਨ ਕਰ ਰਹੇ ਹਨ। ਇਹ ਟਾਪੂ ਸਮੂਹ ਸਾਊਥ ਅਮਰੀਕੀ ਦੇਸ਼ ਇਕਵਾਡੋਰ ਦਾ ਇਕ ਹਿੱਸਾ ਹੈ। ਇਨ੍ਹਾਂ 'ਤੇ ਅਜਿਹਾ ਸੰਵੇਦਨਸ਼ੀਲ ਜੀਵ ਮੌਜੂਦ ਹਨ, ਜੋ ਸ਼ਾਇਦ ਧਰਤੀ 'ਤੇ ਹੋਰ ਕਿਤੇ ਪੈਦਾ ਨਹੀਂ ਹੋ ਸਕਦੇ।
ਜੁਲਾਈ ਮਹੀਨੇ ਵਿਚ ਹੀ ਮੈਕਸੀਕੋ ਦੀ ਯੂਨੀਵਰਸਿਟੀ ਆਫ ਸਾਨ ਨਿਕੋਲਾਸ ਦੇ ਹਿਦਾਲਗੋ ਅਤੇ ਇਕਵਾਡੋਰ ਦੇ ਵਾਤਾਵਰਣ ਮੰਤਰਾਲੇ ਦੇ ਖੋਜਕਾਰਾਂ ਨੇ ਇਥੇ ਮੱਛੀਆਂ ਦੀਆਂ ਦੋ ਨਵੀਆਂ ਕਿਸਮਾਂ ਦੀ ਖੋਜ ਦੀ ਪੁਸ਼ਟੀ ਕੀਤੀ ਹੈ। ਦੋਹਾਂ ਦੀ ਲੰਬਾਈ 10 ਤੋਂ 25 ਸੈਂਟੀਮੀਟਰ ਦਰਮਿਆਨ ਹੈ। ਇਹ ਮੱਛੀਆਂ ਸਾਨ ਕ੍ਰਿਸਤੋਬਾਲ ਅਤੇ ਸਾਂਤਾਕਰੂਜ਼, ਸਾਂਤਾਫੇ, ਐਸਪਾਨੋਲਾ ਅਤੇ ਇਸਾਬੇਲਾ ਵਰਗੇ ਟਾਪੂਆਂ ਦੇ ਨੇੜੇ-ਤੇੜੇ ਸਾਗਰ ਵਿਚ ਪੱਥਰਾਂ ਅਤੇ ਪ੍ਰਵਾਲ ਦੇ ਵਿਚਾਲੇ ਰਹਿੰਦੀਆਂ ਹਨ।
ਇਨ੍ਹਾਂ ਦੋ ਨਵੀਆਂ ਕਿਸਮਾਂ ਦੀ ਖੋਜ ਨੇ ਸਿੱਧ ਕਰ ਦਿੱਤਾ ਕਿ ਗਾਲਾਪਾਗੋਸ ਟਾਪੂ ਸਮੂਹ ਇਕ 'ਜੀਵਤ ਲੈਬੋਰੇਟਰੀ' ਹੈ ਅਤੇ ਵਿਗਿਆਨੀ ਅੱਜ ਵੀ ਨਹੀਂ ਜਾਣਦੇ ਕਿ ਪਤਾ ਨਹੀਂ ਕਿੰਨੀਆਂ ਕਿਸਮਾਂ ਇਕ-ਦੂਜੇ ਦੇ ਆਪਸੀ ਸਹਿਯੋਗ ਨਾਲ ਅੱਜ ਵੀ ਜੀਵਤ ਹਨ।
ਇਨ੍ਹਾਂ ਦੋ ਨਵੀਆਂ ਕਿਸਮਾਂ ਨੇ ਇਸ ਟਾਪੂ ਸਮੂਹ ਦੇ ਨਾਲ ਲੱਗਦੇ ਮੈਰੀਨ ਰਿਜ਼ਰਵ ਵਿਚ ਲੱਭੀਆਂ ਜਾ ਚੁੱਕੀਆਂ 2900 ਕਿਸਮਾਂ ਦੀ ਗਿਣਤੀ ਵਿਚ ਵਾਧਾ ਕੀਤਾ ਹੈ। ਇਨ੍ਹਾਂ 'ਚੋਂ ਸਿਰਫ 25 ਫੀਸਦੀ ਇਥੇ ਪਾਈਆਂ ਜਾਂਦੀਆਂ ਹਨ।
ਸਾਲ 2009 ਵਿਚ ਵਿਗਿਆਨੀਆਂ ਨੇ ਐਲਬੇਮਾਰਲੇ ਟਾਪੂ 'ਤੇ ਵੋਲਫ ਜਵਾਲਾਮੁਖੀ ਦੀ ਖੋਜ ਨਾਲ ਦੁਨੀਆ ਨੂੰ ਹੈਰਾਨ ਕਰ ਦਿੱਤਾ। 'ਯੂਨੀਵਰਸਿਟੀ ਆਫ ਰੋਮ ਟੋਰ ਵੇਰਗਾਟਾ' ਦੇ ਖੋਜਕਾਰਾਂ ਨੇ ਇਕ ਗੁਲਾਬੀ ਰੰਗ ਦੇ ਇਗੂਆਨਾ ਦਾ ਪਤਾ ਲਗਾਇਆ, ਜੋ ਆਮ ਤੌਰ 'ਤੇ ਪਾਏ ਜਾਣ ਵਾਲੇ ਕਾਲੇ ਰੰਗ ਦੇ ਸਮੁੰਦਰੀ ਅਤੇ ਜ਼ਮੀਨੀ ਇਗੂਆਨਾ ਤੋਂ ਕਾਫੀ ਵੱਖਰਾ ਹਨ। ਇਸ ਦੀ ਖੋਜ ਨੂੰ ਖੋਜਕਾਰਾਂ ਨੇ 'ਜੀਵਤ ਜੀਵਾਸ਼ਮ' ਦੀ ਖੋਜ ਐਲਾਨਿਆ ਹੈ।
ਸਾਲ 2012 ਵਿਚ ਵਿਗਿਆਨੀਆਂ ਨੇ ਸ਼ਾਰਕ ਕੈਟਫਿਸ਼ ਦੀਆਂ ਨਵੀਆਂ ਕਿਸਮਾਂ ਦੀ ਖੋਜ ਦੀ ਪੁਸ਼ਟੀ ਕੀਤੀ, ਜੋ ਇਸ ਟਾਪੂ ਦੇ ਨੇੜੇ ਸਮੁੰਦਰ ਵਿਚ 400 ਤੋਂ 600 ਮੀਟਰ ਦੀ ਡੂੰਘਾਈ ਵਿਚ ਰਹਿੰਦੀਆਂ ਹਨ। ਇਨ੍ਹਾਂ ਦੀ ਲੰਬਾਈ 30 ਸੈਂ. ਮੀ. ਤੱਕ ਹੁੰਦੀ ਹੈ।
ਹੁਣੇ ਜਿਹੇ ਇਥੇ ਸਮੁੰਦਰ ਵਿਚ ਪ੍ਰਵਾਲ ਦੀਆਂ ਨਵੀਆਂ ਕਿਸਮਾਂ ਦਾ ਪਤਾ ਲੱਗਾ ਹੈ। ਅਮਰੀਕੀ ਅਤੇ ਬ੍ਰਿਟਿਸ਼ ਯੂਨੀਵਰਸਿਟੀਆਂ ਦੇ ਖੋਜਕਾਰਾਂ ਨੇ ਤਿੰਨ ਪ੍ਰਵਾਲ ਜੀਵਾਂ ਦਾ ਪਤਾ ਲਗਾਇਆ ਹੈ, ਜੋ ਡਾਰਵਿਨ ਅਤੇ ਗੋਲਫ ਟਾਪੂ ਦੇ ਨੇੜੇ ਪਾਏ ਜਾਂਦੇ ਹਨ। ਇਨ੍ਹਾਂ ਵਿਚੋਂ ਇਕ ਨੂੰ ਤਾਂ ਪਹਿਲਾਂ ਅਲੋਪ ਮੰਨਿਆ ਜਾਂਦਾ ਸੀ ਪਰ ਉਹ ਐਲਨੀਨੋ ਮੌਸਮੀ ਜਲਵਾਯੂ ਦਾ ਸਾਹਮਣਾ ਕਰ ਕੇ ਆਪਣੀ ਹੋਂਦ ਬਚਾਈ ਰੱਖਣ ਵਿਚ ਸਫਲ ਰਿਹਾ ਸੀ। ਇਸ ਤੋਂ ਵਿਗਿਆਨੀਆਂ ਨੂੰ ਪਤਾ ਲੱਗਾ ਹੈ ਕਿ ਕੁਝ ਪ੍ਰਵਾਲ ਕਿਸਮਾਂ ਉਨ੍ਹਾਂ ਦੀ ਸੋਚ ਤੋਂ ਵਧੇਰੇ ਮਜ਼ਬੂਤ ਹਨ।
ਸਾਲ 1959 ਤੋਂ ਟਾਪੂ 'ਤੇ ਕੰਮ ਕਰ ਰਹੇ ਚਾਰਲਸ ਡਾਰਵਿਨ ਫਾਊਂਡੇਸ਼ਨ ਨੇ 2010 ਵਿਚ 10 ਨਵੀਆਂ ਲਿਚੇਨ ਕਿਸਮਾਂ ਦੀ ਖੋਜ ਦਾ ਐਲਾਨ ਕੀਤਾ ਸੀ। ਸਾਲ 2013 ਵਿਚ ਇਕ ਸਥਾਨਕ ਮਛੇਰੇ ਨੇ ਅਧਿਕਾਰੀਆਂ ਨੂੰ ਇਕ ਦੁਰਲੱਭ ਮੱਛੀ ਸੌਂਪੀ, ਜੋ ਯੂਰਾਨੋਸਕੋਪਿਦਾਈ ਪਰਿਵਾਰ ਨਾਲ ਸੰਬੰਧਤ ਸੀ। ਇਸ ਦਾ ਮੂੰਹ ਗੋਲ ਅਤੇ ਇਕ ਅਜੀਬ ਆਕਾਰ ਦਾ ਸਰੀਰ ਹੁੰਦਾ ਹੈ, ਜੋ ਦੁਨੀਆ ਦੇ ਬਾਕੀ ਸਥਾਨਾਂ 'ਤੇ ਪਾਈਆਂ ਜਾਣ ਵਾਲੀਆਂ ਅਜਿਹੀਆਂ ਕਿਸਮਾਂ ਦੀਆਂ ਮੱਛੀਆਂ ਤੋਂ ਪੂਰੀ ਤਰ੍ਹਾਂ ਵੱਖ ਹੈ।
ਅੱਜ ਇਥੇ ਖੋਜ ਵਿਚ ਕੰਪਿਊਟਰ ਤਕਨੀਕ ਅਤੇ ਰੋਬੋਟ ਵਿਗਿਆਨੀਆਂ ਦੀ ਕਾਫੀ ਮਦਦ ਕਰ ਰਹੇ ਹਨ। ਲੱਗਦੈ ਕਿ ਟਾਪੂ 'ਤੇ ਲੱਭਣ ਲਈ ਵਿਗਿਆਨੀਆਂ ਕੋਲ ਬਹੁਤ ਕੁਝ ਹੈ। ਉਦਾਹਰਣ ਲਈ ਹੁਣੇ ਜਿਹੇ ਵਿਗਿਆਨੀਆਂ ਨੇ ਹਾਈਡ੍ਰੋ ਥਰਮਲ ਛੇਕਾਂ ਦੀ ਖੋਜ ਕਰਨ ਦਾ ਪ੍ਰੋਜੈਕਟ ਸ਼ੁਰੂ ਕੀਤਾ ਹੈ, ਜੋ ਇਸ ਟਾਪੂ ਦੇ ਨੇੜੇ ਸਮੁੰਦਰ ਦੇ ਹੇਠਾਂ ਉਗਲ ਰਹੇ ਮੈਗਮਾ ਦੇ ਸਮੁੰਦਰ ਦੇ ਸੰਪਰਕ ਵਿਚ ਆਉਣ ਨਾਲ ਪੈਦਾ ਹੁੰਦੇ ਹਨ।
ਇਸ ਕਾਰਨ ਸਮੁੰਦਰ ਵਿਚ ਤਿਆਰ ਹੋਈ ਘੱਟ ਆਕਸੀਜਨ, ਸੂਰਜ ਦੀ ਰੋਸ਼ਨੀ ਤੋਂ ਵਾਂਝਾ, ਗੈਸਾਂ ਵਾਲਾ ਅਤੇ 400 ਡਿਗਰੀ ਸੈਲਸੀਅਸ ਤੱਕ ਗਰਮ ਸਮੁੰਦਰੀ ਪਾਣੀ ਕੁਝ ਕਿਸਮਾਂ ਲਈ ਬੇਹੱਦ ਅਨੁਕੂਲ ਹੈ, ਜੋ ਦੁਨੀਆ ਵਿਚ ਹੋਰ ਕਿਤੇ ਨਹੀਂ ਪਾਈਆਂ ਜਾਂਦੀਆਂ।
ਕਿਸਮਾਂ ਦੀ ਇੰਨੀ ਵੰਨਗੀ ਦੇ ਬਾਵਜੂਦ ਇਨਸਾਨੀ ਸਰਗਰਮੀਆਂ ਅਤੇ ਬੱਕਰੀ, ਚੂਹੇ ਤੇ ਨਦੀਨ ਦੀ ਗਿਣਤੀ ਵਧਣ ਕਾਰਨ ਟਾਪੂਆਂ ਦੇ ਵਾਤਾਵਰਣ ਨੂੰ ਨੁਕਸਾਨ ਵੀ ਹੋ ਰਿਹਾ ਹੈ।
ਸਿਖਰਾਂ ਨੂੰ ਫਤਿਹ ਕਰਨ ਵਾਲਾ ਬਾਲਕ ਟੇਲਰ ਆਰਮਸਟ੍ਰਾਂਗ
NEXT STORY