ਪਹਿਲੀ ਨਜ਼ਰ ਵਿਚ ਟੇਲਰ ਆਰਮਸਟ੍ਰਾਂਗ ਨੂੰ ਦੇਖ ਕੇ ਕੋਈ ਵੀ ਇਹ ਨਹੀਂ ਸੋਚ ਸਕਦਾ ਕਿ ਉਹ ਇਕ ਪਰਬਤਾਰੋਹੀ ਹੈ, ਜਿਸ ਨੇ ਦੁਨੀਆ ਦੀਆਂ ਕੁਝ ਸਭ ਤੋਂ ਉੱਚੀਆਂ ਸਿਖਰਾਂ ਨੂੰ ਫਤਿਹ ਕੀਤਾ ਹੈ। ਆਖਿਰ ਉਸ ਦੀ ਉਮਰ ਸਿਰਫ 10 ਸਾਲ ਜੋ ਹੈ।
ਅਮੇਰਿਕੀ ਰਾਜ ਕੈਲੀਫੋਰਨੀਆ ਦੇ ਕਸਬੇ ਯੋਰਬਾ ਲਿੰਡਾ ਦੇ ਇਸ ਪਰਬਤਾਰੋਹੀ ਨੇ ਸਾਰੇ ਸੱਤ ਮਹਾਦੀਪਾਂ ਦੀਆਂ ਸਭ ਤੋਂ ਉੱਚੀਆਂ ਸਿਖਰਾਂ 'ਤੇ ਫਤਿਹ ਹਾਸਲ ਕਰਨ ਦਾ ਟੀਚਾ ਤੈਅ ਕੀਤਾ ਹੈ, ਜਿਨ੍ਹਾਂ ਵਿਚ ਦੋ ਦੀ ਸਿਖਰ ਤੱਕ ਪਹੁੰਚਣ ਵਿਚ ਉਹ ਪਹਿਲਾਂ ਹੀ ਸਫਲਤਾ ਹਾਸਲ ਕਰ ਚੁੱਕਾ ਹੈ।
ਪਿਛਲੇ ਸਾਲ ਦਸੰਬਰ ਵਿਚ 9 ਸਾਲ ਦੀ ਉਮਰ ਵਿਚ ਉਹ ਦੱਖਣ ਅਮੇਰਿਕੀ ਮਹਾਦੀਪ ਦੇ ਦੇਸ਼ ਅਰਜਨਟੀਨਾ ਦੇ ਸਭ ਤੋਂ ਉੱਚੇ ਪਰਬਤ 6962 ਮੀਟਰ ਵਾਲੇ ਓਕੋਂਕਾਗੁਆ ਦੀ ਸਿਖਰ 'ਤੇ ਚੜ੍ਹਨ ਵਾਲਾ ਸਭ ਤੋਂ ਛੋਟੀ ਉਮਰ ਦਾ ਇਨਸਾਨ ਬਣਿਆ।
ਆਪਣੀ ਇਸ ਪ੍ਰਾਪਤੀ 'ਤੇ ਟੇਲਰ ਬੜੇ ਮਾਣ ਨਾਲ ਕਹਿੰਦਾ ਹੈ, ''ਇਹ ਮੇਰਾ ਪਹਿਲਾ ਵਿਸ਼ਵ ਰਿਕਾਰਡ ਸੀ। ਇੰਨੀ ਉਚਾਈ ਤੋਂ ਬੱਦਲ ਵੀ ਤੁਹਾਡੇ ਤੋਂ ਹੇਠਾਂ ਹੁੰਦੇ ਹਨ।
ਆਪਣੀ ਛੋਟੀ ਉਮਰ ਕਾਰਨ ਇਸ ਸਿਖਰ 'ਤੇ ਚੜ੍ਹਾਈ ਲਈ ਉਸ ਨੂੰ ਵਿਸ਼ੇਸ਼ ਮਨਜ਼ੂਰੀ ਪ੍ਰਾਪਤ ਕਰਨੀ ਪੈਂਦੀ ਸੀ। ਇਸ ਸਿਖਰ 'ਤੇ ਪਹੁੰਚਣ ਵਿਚ 12 ਦਿਨ ਲੱਗੇ ਅਤੇ 41 ਸਾਲਾ ਉਸ ਦੇ ਪਿਤਾ ਕੇਵਿਨ ਅਤੇ ਇਕ ਸ਼ੇਰਪਾ ਉਸ ਦੇ ਨਾਲ ਸਨ। ਉਂਝ ਇਸ ਤੋਂ ਪਹਿਲਾਂ ਹੀ 8 ਸਾਲ ਦੀ ਉਮਰ ਵਿਚ ਉਹ ਅਫਰੀਕਾ ਮਹਾਦੀਪ ਦੇ ਸਭ ਤੋਂ ਉੱਚੇ ਪਰਬਤ ਤਨਜਾਨੀਆ 'ਚ ਸਥਿਤ 5895 ਮੀਟਰ ਉੱਚੇ ਕਿਲੀਮੰਜਾਰੋ ਪਰਬਤ ਦੀ ਸਿਖਰ 'ਤੇ ਫਤਿਹ ਹਾਸਲ ਕਰ ਚੁੱਕਾ ਹੈ।
ਇੰਨਾ ਹੀ ਨਹੀਂ, ਇਸ ਤੋਂ ਇਕ ਸਾਲ ਪਹਿਲਾਂ ਉਸ ਨੇ ਅਲਾਸਕਾ ਦੇ ਬਾਹਰ ਅਮੇਰਿਕਾ ਦੀ 4421 ਮੀਟਰ ਸਭ ਤੋਂ ਉੱਚੀ ਸਿਖਰ ਮਾਊਂਟ ਵ੍ਹਾਈਟਨੀ ਦੀ ਸਿਖਰ 'ਤੇ ਫਤਿਹ ਹਾਸਲ ਕੀਤੀ ਸੀ।
ਚੜ੍ਹਾਈ ਚੜ੍ਹਨ ਦਾ ਟੇਲਰ ਦਾ ਇਹ ਸ਼ੌਕ 6 ਸਾਲ ਦੀ ਉਮਰ ਵਿਚ ਹੀ ਸ਼ੁਰੂ ਹੋ ਗਿਆ ਸੀ, ਜਦੋਂ ਉਸ ਨੇ ਮੈਕਸੀਕੋ ਤੋਂ ਕੈਨੇਡਾ ਤੱਕ ਫੈਲੀ ਪਰਬਤ ਲੜੀ 'ਤੇ ਚੜ੍ਹਾਈ ਚੜ੍ਹਨ 'ਤੇ ਆਧਾਰਿਤ ਇਕ ਟੈਲੀਵਿਜ਼ਨ ਫ਼ਿਲਮ ਦੇਖੀ। ਉਦੋਂ ਤੋਂ ਉਸ ਲਈ ਚੜ੍ਹਾਈ ਚੜ੍ਹਨਾ ਇਕ ਜਨੂੰਨ ਬਣ ਗਿਆ ਅਤੇ ਉਸ ਨੇ ਇਸ ਨੂੰ ਇੰਨੀ ਤੇਜ਼ੀ ਨਾਲ ਸਿੱਖਿਆ ਕਿ ਉਸ ਨੂੰ ਸਿਖਾਉਣ ਵਾਲੇ ਹੀ ਉਸ ਤੋਂ ਪਿੱਛੇ ਰਹਿ ਗਏ।
ਹੁਣ ਤੱਕ ਪਰਬਤਾਂ 'ਤੇ ਚੜ੍ਹਾਈ ਸੰਬੰਧੀ ਉਸ ਦੀ ਹਰ ਮੁਹਿੰਮ 'ਤੇ ਉਸ ਦੇ ਨਾਲ ਗਏ ਉਸ ਦੇ ਪਿਤਾ ਕੇਵਿਨ ਕਹਿੰਦੇ ਹਨ ਕਿ ਉਨ੍ਹਾਂ ਨੂੰ ਆਪਣੇ ਬੇਟੇ ਦੀ ਬਰਾਬਰੀ ਕਰਨ ਵਿਚ ਬੜੀ ਮੁਸ਼ਕਿਲ ਹੁੰਦੀ ਹੈ। ਘਰ ਵਿਚ ਉਸ ਨੂੰ ਇਕ ਆਮ ਬੱਚੇ ਵਾਂਗ ਮਾਤਾ-ਪਿਤਾ ਦਾ ਪੂਰਾ ਪਿਆਰ ਮਿਲਦਾ ਹੈ ਪਰ ਜਿਵੇਂ ਹੀ ਉਹ ਪਹਾੜਾਂ 'ਤੇ ਕਦਮ ਰੱਖਦਾ ਹੈ ਤਾਂ ਉਸ ਦਾ ਵਤੀਰਾ ਪਰਪੱਕ ਪ੍ਰੋਫੈਸ਼ਨਲ ਪਰਬਤਾਰੋਹੀ ਵਰਗਾ ਹੋ ਜਾਂਦਾ ਹੈ।
ਇਸੇ ਸਾਲ ਅਗਸਤ ਵਿਚ ਇਨ੍ਹਾਂ ਪਿਤਾ-ਪੁੱਤਰ ਨੇ ਵਾਸ਼ਿੰਗਟਨ ਰਾਜ ਵਿਚ 3743 ਮੀਟਰ ਉੱਚੇ ਐਡਮਸ ਪਰਬਤ ਦੀ ਹਿਮ ਨਦੀ 'ਤੇ ਅਭਿਆਸ ਕੀਤਾ। ਇਸ ਦੌਰਾਨ ਉਨ੍ਹਾਂ ਨੇ ਬਰਫੀਲੇ ਪਹਾੜਾਂ 'ਤੇ ਚੜ੍ਹਨ ਦੀਆਂ ਵਿਸ਼ੇਸ਼ ਤਕਨੀਕਾਂ ਸਿੱਖੀਆਂ। ਅਜਿਹਾ ਅਗਲੇ ਸਾਲ ਅਲਾਸਕਾ ਸਥਿਤ ਉੱਤਰੀ ਅਮੇਰਿਕੀ ਮਹਾਦੀਪ ਦੇ ਸਭ ਤੋਂ ਉੱਚੇ ਪਰਬਤ ਮੈਕਿਨਲੇ 'ਤੇ ਚੜ੍ਹਾਈ ਦੀ ਤਿਆਰੀ ਦੇ ਤਹਿਤ ਕੀਤਾ ਗਿਆ।
ਇਸ ਪਰਬਤ ਦੀ ਸਿਖਰ 'ਤੇ ਪਹੁੰਚ ਕੇ ਟੇਲਰ ਦੇ ਟੀਚੇ ਵਿਚ ਸ਼ਾਮਲ ਸੱਤ ਮਹਾਦੀਪਾਂ ਵਿਚੋਂ ਤੀਜੀ ਸਿਖਰ ਵੀ ਫਤਿਹ ਹੋ ਗਈ।
ਸੰਨ 2016 ਵਿਚ 12 ਸਾਲ ਦੀ ਉਮਰ ਵਿਚ ਟੇਲਰ ਦੀ ਯੋਜਨਾ 8848 ਮੀਟਰ ਉੱਚੀ ਦੁਨੀਆ ਦੀ ਸਭ ਤੋਂ ਉੱਚੀ ਸਿਖਰ 'ਤੇ ਪਹੁੰਚ ਕੇ ਸਭ ਤੋਂ ਛੋਟੀ ਉਮਰ ਵਿਚ ਇਸ ਨੂੰ ਫਤਿਹ ਕਰਨ ਦਾ ਰਿਕਾਰਡ ਤੋੜਨ ਦੀ ਹੈ। ਖੈਰ, ਇਸ ਵੇਲੇ ਇਹ ਰਿਕਾਰਡ ਕੈਲੀਫੋਰਨੀਆ ਦੇ ਹੀ ਜਾਰਡਨ ਰੋਮੇਰੇ ਦੇ ਨਾਂ ਹੈ, ਜਿਸ ਨੇ ਸਾਲ 2012 ਵਿਚ 13 ਸਾਲ ਦੀ ਉਮਰ ਵਿਚ ਐਵਰੈਸਟ 'ਤੇ ਚੜ੍ਹਾਈ ਚੜ੍ਹੀ ਸੀ।
ਆਪਣੇ ਟੀਚੇ ਲਈ ਉਹ ਪੂਰੀ ਮਿਹਨਤ ਕਰ ਰਿਹਾ ਹੈ। ਰੋਜ਼ ਸਵੇਰੇ ਛੇਤੀ ਉੱਠ ਕੇ ਟੇਲਰ ਕਸਰਤ ਸ਼ੁਰੂ ਕਰ ਦਿੰਦਾ ਹੈ। ਸਕੂਲ ਤੋਂ ਬਾਅਦ ਵੀ ਉਹ ਜਿਮ ਵਿਚ ਖਾਸ ਵਰਜਿਸ਼ ਕਰਦਾ ਹੈ। ਇਸ ਛੋਟੇ ਪਰਬਤਾਰੋਹੀ ਦੀ ਵੈੱਬਸਾਈਟ 'ਤੇ ਕੁਝ ਕਾਰਪੋਰੇਟ ਸਪਾਂਸਰ ਦਰਜ ਹਨ ਪਰ ਉਹ ਹੋਰ ਸਰੋਤਾਂ ਤੋਂ ਵੀ ਆਪਣੀਆਂ ਮੁਹਿੰਮਾਂ ਦੀ ਫੰਡਿੰਗ ਲਈ ਦਾਨ ਸਵੀਕਾਰ ਕਰਦਾ ਹੈ। ਉਹ ਆਪਣੀਆਂ ਮੁਹਿੰਮਾਂ ਰਾਹੀਂ ਮੈਸਕਿਊਲਰ ਡਿਸਟ੍ਰੋਫੀ ਵਰਗੇ ਰੋਗਾਂ ਪ੍ਰਤੀ ਜਾਗਰੂਕਤਾ ਫੈਲਾਉਣ ਦਾ ਵੀ ਯਤਨ ਕਰਦਾ ਹੈ।
ਚੜ੍ਹਾਈ ਚੜ੍ਹਨ ਦੌਰਾਨ ਅੱਜ ਤੱਕ ਉਸ ਨਾਲ ਇਕੋ ਹਾਦਸਾ ਵਾਪਰਿਆ ਹੈ, ਜਿਸ ਵਿਚ ਉਸ ਦਾ ਇਕ ਦੰਦ ਥੋੜ੍ਹਾ ਜਿਹਾ ਟੁੱਟ ਗਿਆ ਸੀ ਭਾਵ ਹੁਣ ਤੱਕ ਦੁਨੀਆ ਦੀਆਂ ਸਭ ਤੋਂ ਉੱਚੀਆਂ ਅਤੇ ਖਤਰਨਾਕ ਸਿਖਰਾਂ ਫਤਿਹ ਕਰਨ ਦੌਰਾਨ ਉਸ ਨੂੰ ਕਿਸੇ ਵੱਡੇ ਹਾਦਸੇ ਦਾ ਸਾਹਮਣਾ ਨਹੀਂ ਕਰਨਾ ਪਿਆ। ਉਂਝ ਉਸ ਦੀ ਦਲੇਰੀ ਉਸ ਦੀਆਂ ਗੱਲਾਂ ਵਿਚ ਵੀ ਸਾਫ ਝਲਕਦੀ ਹੈ, ਜੋ ਕਹਿੰਦਾ ਹੈ ਕਿ ਉਸ ਨੂੰ ਨਹੀਂ ਪਤਾ ਕਿ ਡਰ ਕੀ ਹੁੰਦਾ ਹੈ।
ਮੋਹਿਤ! ਵਾਪਸ ਆ ਜਾ
NEXT STORY