ਹਰ ਪਤਨੀ ਚਾਹੁੰਦੀ ਹੈ ਕਿ ਉਸਦਾ ਪਤੀ ਵੱਧ ਤੋਂ ਵੱਧ ਸਮਾਂ ਉਸਦੇ ਨਾਲ ਰਹੇ, ਉਸਨੂੰ ਰੱਜਵਾਂ ਪਿਆਰ ਕਰੇ ਅਤੇ ਉਸਦਾ ਪੂਰਾ ਖਿਆਲ ਰੱਖੇ ਪਰ ਜਦੋਂ ਪਤੀ ਘਰ ਤੋਂ ਸਵੇਰੇ ਨਿਕਲ ਕੇ ਦੇਰ ਰਾਤ ਘਰ ਪਰਤਦਾ ਹੈ ਅਤੇ ਥੱਕਿਆ ਹੋਣ ਕਰਕੇ ਪਤਨੀ ਦਾ ਹਾਲ-ਚਾਲ ਪੁੱਛੇ ਬਿਨਾਂ ਸੌਂ ਜਾਂਦਾ ਹੈ ਤਾਂ ਪਤਨੀ ਦਾ ਗੁੱਸਾ ਹੋਣਾ ਵੀ ਸੁਭਾਵਿਕ ਹੈ। ਸੁਨੀਤਾ ਦੀ ਆਪਣੇ ਪਤੀ ਨਾਲ ਰੋਜ਼ਾਨਾ ਤਣਾ-ਤਣੀ ਹੁੰਦੀ ਰਹਿੰਦੀ ਹੈ। ਇਸਦਾ ਕਾਰਨ ਕੁਝ ਹੋਰ ਨਹੀਂ ਸਿਰਫ ਪਤੀ ਦੁਆਰਾ ਪਤਨੀ ਨੂੰ ਸਮਾਂ ਨਾ ਦੇਣਾ ਹੀ ਹੈ। ਸੁਨੀਤਾ ਚਾਹੁੰਦੀ ਹੈ ਕਿ ਉਸਦਾ ਪਤੀ ਜਿੰਨਾ ਵੱਧ ਤੋਂ ਵੱਧ ਹੋ ਸਕੇ, ਉਸ ਨਾਲ ਸਮਾਂ ਬਿਤਾਏ। ਦੋਵੇਂ ਸਮੇਂ ਸਿਰ ਘੁੰਮਣ ਨਿਕਲਣ ਅਤੇ ਉਸਨੂੰ ਪੇਕੇ ਘਰ ਜਾਣ ਦੀ ਵੀ ਖੁੱਲ੍ਹੀ ਛੋਟ ਮਿਲੇ।
ਦੂਸਰੇ ਪਾਸੇ ਪਤੀ ਵਿਚਾਰਾ ਬੇਵੱਸ ਹੈ। ਉਸਨੂੰ ਰੋਜ਼ੀ-ਰੋਟੀ ਦੇ ਕੰਮ ਲਈ ਬਾਹਰ ਜਾਣਾ ਪੈਂਦਾ ਹੈ ਅਤੇ ਚਾਹੁੰਦਾ ਹੋਇਆ ਵੀ ਪਤਨੀ ਨੂੰ ਓਨਾ ਸਮਾਂ ਨਹੀਂ ਦੇ ਸਕਦਾ ਜਿੰਨਾ ਕਿ ਉਹ ਉਮੀਦ ਰੱਖਦੀ ਹੈ। ਘਰ 'ਚ ਬੁੱਢੇ ਮਾਂ-ਬਾਪ ਤੇ ਬੱਚਿਆਂ ਦੀ ਪੜ੍ਹਾਈ-ਲਿਖਾਈ ਕਾਰਨ ਤੇ ਆਪਣੀ ਪਤਨੀ ਨੂੰ ਪੇਕੇ ਘਰ ਥੋੜ੍ਹੇ ਦਿਨ ਰਹਿਣ ਲਈ ਵੀ ਨਹੀਂ ਛੱਡ ਸਕਦਾ। ਬਸ ਇਸੇ ਕਾਰਨ ਆਪਣੇ ਪਤੀ ਤੋਂ ਉਹ ਨਾਰਾਜ਼ ਰਹਿੰਦੀ ਹੈ ਤੇ ਇਸ ਨਾਰਾਜ਼ਗੀ ਕਾਰਨ ਚਿੜਚਿੜਾ ਸੁਭਾਅ ਬਣਾ ਕੇ ਗੱਲ-ਗੱਲ 'ਤੇ ਗੁੱਸੇ ਹੋਣ ਲੱਗਦੀ ਹੈ, ਜਿਸ ਕਰਕੇ ਘਰ ਦੀ ਸ਼ਾਂਤੀ ਭੰਗ ਹੋ ਗਈ ਹੈ।
ਇਹੀ ਹਾਲ ਪੂਨਮ ਦਾ ਵੀ ਹੈ। ਉਹ ਚਾਹੁੰਦੀ ਹੈ ਕਿ ਉਸਦਾ ਪਤੀ ਉਸਨੂੰ ਆਪਣੇ ਮਾਂ-ਪਿਓ ਨਾਲ ਪਿੰਡ ਵਿਚ ਨਾ ਰੱਖੇ ਸਗੋਂ ਸ਼ਹਿਰ ਲਿਜਾ ਕੇ ਰੱਖੇ ਤਾਂ ਕਿ ਉਹ ਆਪਣੀਆਂ ਇੱਛਾਵਾਂ ਦੀ ਪੂਰਤੀ ਘਰ ਸਕੇ, ਘੁੰਮ-ਫਿਰ ਕੇ ਸ਼ਾਪਿੰਗ ਆਦਿ ਕਰ ਸਕੇ ਤੇ ਮਨਚਾਹਿਆ ਖਾ-ਪੀ ਸਕੇ ਕਿਉਂਕਿ ਪਿੰਡ ਵਿਚ ਰਹਿ ਕੇ ਉਸ ਨੂੰ ਸੱਸ-ਸਹੁਰੇ ਦੀ ਸੇਵਾ ਕਰਨੀ ਪੈਂਦੀ ਹੈ ਤੇ ਇਸਦੇ ਨਾਲ ਹੀ ਪਿੰਡ ਦੇ ਰੀਤੀ-ਰਿਵਾਜ ਵੀ ਨਿਭਾਉਣੇ ਪੈਂਦੇ ਹਨ।
ਉਸਦਾ ਪਤੀ ਰਮੇਸ਼ ਮਜਬੂਰ ਹੈ ਕਿਉਂਕਿ ਪਿੰਡ ਵਿਚ ਖੇਤੀਬਾੜੀ ਉਸਨੂੰ ਹੀ ਸੰਭਾਲਣੀ ਪੈਂਦੀ ਹੈ। ਕੋਈ ਨੌਕਰੀ ਹੁੰਦੀ ਤਾਂ ਬਹਾਨੇ ਨਾਲ ਉਸਨੂੰ ਸ਼ਹਿਰ ਲੈ ਆਉਂਦਾ। ਇਸੇ ਕਰਕੇ ਰਮੇਸ਼ ਨੇ ਆਪਣੀ ਪਤਨੀ ਦੀ ਗੱਲ ਨਹੀਂ ਮੰਨੀ। ਨਤੀਜਾ ਇਹ ਹੋਇਆ ਕਿ ਪੂਨਮ ਆਪਣੇ ਪਤੀ ਤੋਂ ਗੁੱਸੇ ਰਹਿਣ ਲੱਗੀ।
ਅਜਿਹੀਆਂ ਸਮੱਸਿਆਵਾਂ ਸਿਰਫ ਸੁਨੀਤਾ ਜਾਂ ਪੂਨਮ ਦੇ ਪਰਿਵਾਰਾਂ ਵਿਚ ਹੀ ਨਹੀਂ ਸਗੋਂ ਕਈ ਉਨ੍ਹਾਂ ਪਰਿਵਾਰਾਂ ਵਿਚ ਹਨ ਜਿਥੇ ਪਤੀ ਤੇ ਪਤਨੀ ਦੋਵੇਂ ਆਪਣੀ-ਆਪਣੀ ਮਰਜ਼ੀ ਦਾ ਜੀਵਨ ਜਿਉੂਣਾ ਚਾਹੁੰਦੇ ਹਨ, ਜਦਕਿ ਜ਼ਰੂਰੀ ਇਹ ਹੈ ਕਿ ਦੋਵੇਂ ਇਕ-ਦੂਜੇ ਦੀ ਇੱਛਾ ਨਾਲ ਹਾਲਾਤ ਦੇ ਅਨੁਸਾਰ ਤਾਲਮੇਲ ਪੈਦਾ ਕਰਨ।
ਜੇਕਰ ਪਤਨੀ ਦੀ ਗੱਲ ਉਚਿਤ ਹੈ ਕਿ ਉਸਦਾ ਪਤੀ ਬੇਵਜ੍ਹਾ ਦੇਰ ਨਾਲ ਘਰ ਪਰਤਦਾ ਹੈ ਅਤੇ ਜਾਣਬੁੱਝ ਕੇ ਪਰਿਵਾਰ ਨਾਲੋਂ ਦੂਰ ਰਹਿਣ ਦੀ ਕੋਸ਼ਿਸ਼ ਕਰਦਾ ਹੈ ਤਾਂ ਅਜਿਹੇ 'ਚ ਪਤੀ ਨੂੰ ਪਤਨੀ ਤੇ ਪਰਿਵਾਰ ਦੀ ਖਾਤਰ ਆਪਣੇ ਰੁਟੀਨ ਤੇ ਆਚਰਣ ਵਿਚ ਪਤਨੀ ਦੀ ਇੱਛਾ ਦੇ ਅਨੁਸਾਰ ਤਬਦੀਲੀ ਕਰ ਲੈਣੀ ਚਾਹੀਦੀ ਹੈ। ਦੂਜੇ ਪਾਸੇ ਜੇਕਰ ਪਤੀ ਦੀ ਮਜਬੂਰੀ ਹੈ ਕਿ ਜ਼ਿਆਦਾਤਰ ਕੰਮ ਦੇ ਸਿਲਸਿਲੇ 'ਚ ਉਸਨੂੰ ਬਾਹਰ ਰਹਿਣਾ ਪੈਂਦਾ ਹੈ ਤਾਂ ਪਤਨੀ ਨੂੰ ਵੀ ਪਤੀ ਨਾਲ ਅਡਜਸਟ ਕਰ ਲੈਣਾ ਚਾਹੀਦਾ ਹੈ। ਇਸ ਤਰ੍ਹਾਂ ਗੱਲ-ਗੱਲ 'ਤੇ ਗੁੱਸਾ ਹੋਣਾ ਵੀ ਕਿਸੇ ਸਮੱਸਿਆ ਦਾ ਹੱਲ ਨਹੀਂ ਹੈ।
ਨਵੀਆਂ ਕਿਸਮਾਂ ਦਾ ਖਜ਼ਾਨਾ ਗਾਲਾਪਾਗੋਸ
NEXT STORY